
ਗੁਰਸਿੱਖੀ ਖੰਡੇ ਦੀ ਧਾਰ ਤੋਂ ਵੀ ਤਿੱਖੀ ਤੇ ਵਾਲ ਤੋਂ ਵੀਂ ਬਾਰੀਕ ਹੈ। ਗੁਰਸਿੱਖ ਅਖਵਾਉਣ ਦਾ ਹੱਕ ਖੰਡੇ ਦੀ ਧਾਰ ਤੇ ਚੱਲਣ ਦਾ ਜਜਬਾ ਰੱਖਣ ਵਾਲੇ ਨੂੰ ਹੀ ਹੈ ਜਿਸ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਰਨਣ ਕੀਤੇ ਧਰਮ ਦੇ ਗੂੜ੍ਹ ਰਹੱਸ ਨੂੰ ਸਮਝ ਕੇ ਧਾਰਨ ਕਰ ਲਿਆ ਹੋਵੇ। ਅਜਿਹਾ ਸਿੱਖ ਲੱਭਣਾ ਔਖਾ ਹੋ ਰਿਹਾ ਹੈ। ਕਿਉਂਕਿ ਗੁਰਸਿੱਖੀ ਦੀ ਪਰਿਭਾਸ਼ਾ ਨੂੰ ਆਪਣੀ ਸੁਵਿਧਾ ਅਨੁਸਾਰ ਲਗਾਤਾਰ ਸੀਮਤ ਕੀਤਾ ਜਾ ਰਿਹਾ ਹੈ। ਡਰ ਹੈ ਆਪ ਇੱਕ ਵਿਸਤ੍ਰਿਤ ਤੇ ਵਿਵਹਾਰਕ ਜੀਵਨ ਫਲਸਫੇ ਨੂੰ ਸੌੜਾ ਕਰਮਕਾਂਡ ਬਣਾਉਣ ਵੱਲ ਵਧਿਆ ਜਾ ਰਿਹਾ ਹੈ। ਗੁਰਸਿੱਖੀ ਨੂੰ ਅੰਮ੍ਰਿਤ ਵੇਲਾ ਸਾਂਭਣਾ , ਨਾਮ ਜਪਣਾ , ਨਿਤਨੇਮ ਕਰਨਾ , ਅੰਮ੍ਰਿਤ ਪਾਨ ਕਰ ਪੰਜ ਕਕਾਰ ਧਾਰਨ ਕਰਨਾ ਮੰਨ ਲਿਆ ਗਿਆ ਹੈ। ਇਹ ਗੁਰਸਿੱਖੀ ਦੇ ਅਹਿਮ ਪੜਾਅ ਹਨ ਪਰ ਗੁਰਸਿੱਖੀ ਇਸ ਤੋਂ ਵੀ ਅੱਗੇ ਦਾ ਪੈਂਡਾ ਹੈ। ਸਿੱਖ ਪੰਥ ਦੀ ਪ੍ਰਵਾਨ ਕੀਤੀ ਗਈ ਰਹਿਤ ਮਰਯਾਦਾ ਵਿੱਚ ਗੁਰਸਿੱਖ ਦੀ ਰਹਿਤ ਨੂੰ ਤਿੰਨ ਹਿੱਸਿਆਂ ਸਖਸੀ ਰਹਿਣੀ , ਗੁਰਮਤਿ ਦੀ ਰਹਿਣੀ ਤੇ ਪੰਥਕ ਰਹਿਣੀ ਵਿੱਚ ਵੰਡਿਆ ਗਿਆ ਹੈ । ਜਾਪਦਾ ਹੈ ਕਿ ਇਨ੍ਹਾਂ ‘ ਚੋਂ “ ਗੁਰਮਤਿ ਦੀ ਰਹਿਣੀ “ ਇੱਕ ਦਸਤਾਵੇਜ ਹੀ ਬਣ ਕੇ ਰਹਿ ਗਈ ਹੈ।ਗੁਰਸਿੱਖ ਦੇ ਵਿਅਕਤੀਗਤ ਜੀਵਨ ਨਾਲ ਸਬੰਧਤ ਇਸ “ ਗੁਰਮਤਿ ਦੀ ਰਹਿਣੀ “ ਖੰਡ ਦੀ ਲੱਗਭੱਗ ਹਰ ਮਰਿਆਦਾ ਨੂੰ ਵਿਸਾਰ ਦਿੱਤਾ ਗਿਆ ਹੈ। ਜਦੋਂ ਤੱਕ ਨਿਜੀ ਪ੍ਰਤੀਬੱਧਤਾ ਨਹੀਂ ਹੋਵੇਗੀ ਗੁਰਸਿੱਖ ਦੀ ਖੰਡੇ ਦੀ ਧਾਰ ਤੇ ਚੱਲਣ ਦੀ ਸਮਰੱਥਾ ਕਿਵੇਂ ਵਿਕਸਿਤ ਹੋਵੇਗੀ। ਗੁਰਸਿੱਖੀ ਵਿਸ਼ਵਾਸ ਤੇ ਵਿਵਹਾਰ ਦੀ ਧਾਰਾ ਨਾਲ ਨਾਲ ਪ੍ਰਵਾਹਮਾਨ ਹੋਣਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ , ਗੁਰੂ ਘਰ ਅੰਦਰ ਦੀਆਂ ਘਟਨਾਵਾਂ , ਗੁਰਬਾਣੀ ਦੀ ਬੇਅਦਬੀ ਰੋਸ਼ ਪੈਦਾ ਕਰਦੀ ਹੈ ਪਰ ਆਪਣੇ ਅੰਦਰ ਦੀ ਗੁਰਮਤਿ ਵਿਰੁੱਧ ਸੋਚ ਚਿੰਤਾ ਦਾ ਵਿਸ਼ਾ ਵੀ ਨਹੀਂ ਬਣਦੀ।
ਗੁਰਮਤਿ ਦੀ ਰਹਿਣੀ ਵਿੱਚ ਮਰਿਆਦਾ ਬੰਨੀ ਗਈ ਹੈ ਕਿ “ ਜਾਤ – ਪਾਤ , ਛੂਤ -ਛਾਤ , ਜੰਤ੍ਰ – ਮੰਤ੍ਰ – ਤੰਤ੍ਰ , ਸਗਨ , ਤਿੱਥ , ਮਹੂਰਤ , ਗ੍ਰਹਿ , ਰਾਸ , ਸਰਾਧ , ਪਿੱਤਰ , ਖਿਆਹ , ਪਿੰਡ , ਪੱਤਲ , ਦੀਵਾ , ਕਿਰਿਆ ਕਰਮ , ਹੋਮ , ਜੱਗ , ਤਰਪਣ , ਸਿਖਾ ਸੂਤ , ਭੱਦਣ , ਇਕਾਦਸ਼ੀ , ਪੂਰਨਮਾਸ਼ੀ ਆਦਿ ਦੇ ਵਰਤ , ਤਿਲਕ , ਜੰਝੂ , ਤੁਲਸੀ , ਮਾਲਾ , ਗੋਰ , ਮੱਠ , ਮੜ੍ਹੀ , ਮੂਰਤੀ ਪੂਜਾ ਆਦਿ ਭਰਮ ਰੂਪ ਕਰਮਾਂ ਉਤੇ ਨਿਸ਼ਚਾ ਨਹੀਂ ਕਰਨਾ। ਗੁਰੂ ਅਸਥਾਨ ਤੋਂ ਛੁੱਟ ਕਿਸੇ ਅਨ ਧਰਮ ਤੇ ਤੀਰਥ ਜਾਂ ਧਾਮ ਨੂੰ ਆਪਣਾ ਅਸਥਾਨ ਨਹੀਂ ਮੰਨਣਾ। ਸਿੱਖ ਜਗਤ ਦਾ ਵਰਤਮਾਨ ਪਰਿਦ੍ਰਿਸ਼ ਦੱਸਦਾ ਹੈ ਕਿ ਇਸ ਪੂਰੀ ਮਰਿਆਦਾ ਨੂੰ ਨਕਾਰ ਦਿੱਤਾ ਗਿਆ ਹੈ , ਸਗੋਂ ਇਸ ਦੇ ਉਲਟ ਵਿਵਹਾਰ ਹੋ ਰਿਹਾ ਹੈ। ਇਸ ਨੇ ਅਤਿ ਖਾਮੋਸ਼ੀ ਨਾਲ ਗੁਰਸਿੱਖੀ ਦਾ ਸਵਰੂਪ ਹੀ ਬਦਲ ਦਿੱਤਾ ਹੈ ਤੇ ਅਹਿਸਾਸ ਤੱਕ ਨਹੀਂ ਹੋਣ ਦਿੱਤਾ। ਜਿਵੇਂ ਮੰਨ ਲਿਆ ਗਿਆ ਹੋਵੇ ਕਿ ਇਸ ਮਰਿਆਦਾ ਦੇ ਉਲੰਘਣ ਦਾ ਗੁਰਸਿੱਖੀ ਤੇ ਕੋਈ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਅੰਮ੍ਰਿਤ ਸੰਚਾਰ ਹੋ ਰਿਹਾ ਹੈ , ਸਿੱਖੀ ਵੇਸ਼ ਕਾਇਮ ਹੈ , ਗੁਰੂ ਘਰ ਵਿੱਚ ਸੰਗਤਾਂ ਦੀ ਹਾਜਰੀ ਹੈ ਆਦਿਕ ਆਦਿਕ। ਮਰਿਆਦਾ ਦੀ ਉਲੰਘਣਾ ਇੱਕ ਗੱਲ ਹੈ ਤੇ ਉਸ ਨੂੰ ਨਾ ਮੰਨਣਾ ਦੂਜੀ ਗੱਲ ਹੈ। ਦੋਹਾਂ ਗੱਲਾਂ ਦੇ ਆਪਣੇ ਪ੍ਰਭਾਵ ਹਨ। ਮਰਿਆਦਾ ਦੀ ਉਲੰਘਣਾ ਨਾਲ ਵਿਵਹਾਰ ਬਦਲ ਜਾਂਦਾ ਹੈ ਤੇ ਮਰਿਆਦਾ ਨਾ ਮੰਨਣ ਨਾਲ ਸੋਚ ਪ੍ਰਭਾਵਿਤ ਹੁੰਦੀ ਹੈ। ਵੇਖਣ ਵਿੱਚ ਸਧਾਰਨ ਲੱਗਣ ਵਾਲਿਆਂ ਗੱਲਾਂ ਹੀ ਮੂਲ ਨੂੰ ਕਮਜ਼ੋਰ ਕਰਦਿਆਂ ਹਨ।
ਜਾਤ – ਪਾਤ : ਅੱਜ ਦਾ ਸਿੱਖ ਸਮਾਜ ਜਾਤ ਪਾਤ ਵਿੱਚ ਬੁਰੀ ਤਰਹ ਵੰਡਿਆ ਹੋਇਆ ਹੈ। ਜੱਟ , ਖਤਰੀ , ਅਰੋੜੇ , ਰਾਮਗੜ੍ਹੀਏ , ਰਾਮਦਾਸੀਏ ਆਦਿਕ ਵਰਗ ਸਿੱਖ ਦਾ ਬਦਲ ਬਣ ਚੁਕੇ ਹਨ। ਸਿੱਖ ਹੋਣ ਤੋਂ ਜਿਆਦਾ ਮਾਇਨੇ ਰੱਖ ਰਿਹਾ ਹੈ ਕਿ ਕਿਹੜਾ ਸਿੱਖ ਹੈ। ਸਮਾਜਕ ਮਿਲਵਰਤਨ , ਵਿਆਹ ਸਬੰਧਾਂ ਵਿੱਚ ਹੀ ਨਹੀਂ , ਸਮਾਜਕ ਭਰੋਸੇ ਵਿੱਚ ਵੀ ਜਾਤ – ਵਰਗ ਮਹੱਤਵਪੂਰਨ ਹੋ ਗਿਆ ਹੈ। ਇਸ ਵੰਡ ਤੇ ਰਹਿੰਦੀ ਕਸਰ ਸਿਆਸਤ ਨੇ ਪੂਰੀ ਕਰ ਦਿੱਤੀ ਹੈ। ਧਰਮ ਤੇ ਵੀ ਇਸ ਦਾ ਅਸਰ ਜਾਤੀਆਂ ਤੇ ਆਪੋ ਆਪਣੇ ਗੁਰਦੁਆਰਿਆਂ ਵਿੱਚ ਵੇਖਿਆ ਜਾ ਸਕਦਾ ਹੈ।ਦਸਮ ਪਿਤਾ ਨੇ ਅੰਮ੍ਰਿਤ ਪਾਨ ਕਰਾ ਕੇ ਹਰ ਵੰਡ , ਵਿਤਕਰੇ ਨੂੰ ਅੰਤਮ ਵਿਰਾਮ ਦੇ ਦਿੱਤਾ ਸੀ ਅਤੇ ਸਿੰਘ – ਕੌਰ ਸਿਰਜੇ ਸਨ। ਅੱਜ ਜਾਤ , ਵਿਸ਼ੇਸ਼ਣ ਲਗਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਖਸ਼ੇ ਸਿੰਘ ਤੇ ਕੌਰ ਨੂੰ ਹੀਣ ਦਰਜਾ ਦੇ ਦਿੱਤਾ ਗਿਆ ਹੈ। ਆਪਣੀ ਜਾਤ ਦਾ ਸਿੱਖ ਜਿਆਦਾ ਭਰੋਸੇਮੰਦ ਹੋ ਗਿਆ ਹੈ। ਇਹ ਸਮਾਜਕ ਤਰੇੜ ਸਪਸ਼ਟ ਵਿਖਾਈ ਦੇ ਰਹੀ ਹੈ। ਇਸ ਨੇ “ ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ “ ਦੀ ਭਾਵਨਾ ਨੂੰ ਭੰਗ ਕੀਤਾ ਹੈ।
ਜੰਤ੍ਰ – ਮੰਤ੍ਰ – ਤੰਤ੍ਰ : ਗੁਰੂ ਸਾਹਿਬਾਨ ਨੇ ਗੁਰਬਾਣੀ ਨਾਲ ਜੋੜਿਆ ਕਿ ਸਿੱਖ ਦੀ ਅੰਤਰ ਅਵਸਥਾ ਨਿਰਮਲ ਹੋ ਸਕੇ। ਗੁਰਬਾਣੀ ਜੀਵਨ ਸੁਧਾਰ ਦੀ ਇੱਕ ਪੂਰਨ ਪ੍ਰਕ੍ਰਿਆ ਹੈ “ ਗਾਵੀਐ ਸੁਣੀਐ ਮਨਿ ਰਖੀਐ ਭਾਉ” । ਗੁਰਬਾਣੀ ਪੜ੍ਹਨਾ , ਗਾਵਣਾ ਭੌਤਿਕ ਨਿਰਮਲਤਾ ਦਾ ਮਾਰਗ ਹੈ। ਗੁਰਬਾਣੀ ਸੁਣਨਾ , ਧਾਰਨ ਕਰ ਕੇ ਮਨ ਅੰਦਰ ਭਾਵਨਾ ਦ੍ਰਿੜ੍ਹ ਕਰਨਾ ਆਤਮਿਕ ਨਿਰਮਲਤਾ ਦੀ ਜੁਗਤ ਹੈ। ਗੁਰਬਾਣੀ ਤਨ ਤੇ ਮਨ ਦੋਹਾਂ ਨੂੰ ਨਿਹਾਲ ਕਰਨ ਵਾਲੀ ਹੈ। ਤਨ ਤੇ ਮਨ ਦੀ ਨਿਰਮਲਤਾ ਹੀ ਗੁਰਸਿੱਖ ਦੇ ਕਰਮਾਂ ਵਿੱਚ ਪ੍ਰਗਟ ਹੁੰਦੀ ਹੈ। ਗੁਰਬਾਣੀ ਆਚਾਰ – ਵਿਵਹਾਰ ਦੀ ਰਹਿਤ ਹੈ “ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ” । ਕੀ ਅੱਜ ਗੁਰਬਾਣੀ ਨੂੰ ਇਸ ਰੂਪ ਵਿੱਚ ਧਾਰਨ ਕੀਤਾ ਜਾ ਰਿਹਾ ਹੈ। ਗੁਰਬਾਣੀ ਦੀ ਚਿਤਾਵਨੀ ਨੂੰ ਵੀ ਵਿਸਾਰ ਦਿੱਤਾ ਗਿਆ ਹੈ “ ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ” । ਗੁਰਬਾਣੀ ਨੂੰ ਗੀਤ ਜਾਨ ਜੰਤ੍ਰ , ਮੰਤ੍ਰ , ਤੰਤ੍ਰ ਵਾਂਗੂੰ ਹੀ ਲਿਆ ਜਾ ਰਿਹਾ ਹੈ। ਇਹ ਦੁੱਖ ਹੈ ਤਾਂ ਇਹ ਬਾਣੀ ਪੜ੍ਹਨੀ ਹੈ , ਇਸ ਸੰਕਟ ਵਿੱਚ ਇਹ ਬਾਣੀ ਸਹਾਇਕ ਹੈ। ਕਿਸ ਬਾਣੀ ਤੋਂ ਕੀ ਪ੍ਰਾਪਤੀ ਹੁੰਦੀ ਹੈ ਇਹ ਵੀ ਤੈ ਕਰ ਲਿਆ ਗਿਆ ਹੈ ਅਤੇ ਬ੍ਰਹਮ ਵਿਚਾਰ ਦੇ ਤੱਤ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਹੈ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਤੇ ਚਾਲੀਸ ਦਿਨ ਦੇ ਸੁਖਮਨੀ ਸਾਹਿਬ ਦੇ ਪਾਠ ਦੀ ਲੜੀ ਇੱਕ ਪਰੰਪਰਾ ਹੀ ਬਣਾ ਦਿੱਤੀ ਗਈ ਹੈ। ਇਹ ਬਾਣੀ ਪ੍ਰਤੀ ਸ਼ਰਧਾ ਨਹੀਂ ਬਾਣੀ ਦੀ ਭਾਵਨਾ ਦਾ ਨਿਰਾਦਰ ਹੈ। ਗੁਰੂ ਸਾਹਿਬਾਨ ਤੰਤ੍ਰ ਮੰਤ੍ਰ ਦੇ ਕਰਮਕਾਂਡ ਤੋਂ ਚਿੰਤਤ ਸਨ ਤੇ ਬਾਣੀ ਰਾਹੀਂ ਕਰਮਕਾਂਡ ਤੋਂ ਉਬਾਰ ਕੇ ਗੁਣਾਂ ਨਾਲ ਜੋੜਨਾ ਚਾਹੁੰਦੇ ਸਨ। ਪਰ ਗੁਰਬਾਣੀ ਨੂੰ ਹੀ ਕਰਮਕਾਂਡ ਬਣਾਉਣ ਵੱਲ ਜ਼ੋਰ ਹੈ।
ਸਗਨ – ਤਿੱਥ – ਮਹੂਰਤ : ਗੁਰੂ ਅਰਜਨ ਸਾਹਿਬ ਦੀ ਸੇਧ ਸੀ “ ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ” । ਅਕਾਲ ਪੁਰਖ ਦੀ ਕਿਰਪਾ ਹੋਵੇ ਤਾਂ ਹਰ ਦਿਨ , ਹਰ ਪਲ ਸੁੱਖਦਾਈ ਹੋ ਜਾਂਦਾ ਹੈ “ ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ” । ਸਿੱਖ ਜਗਤ ਵਿੱਚ ਅਜਿਹੇ ਭਰਮ ਗਹਿਰੇ ਤੱਕ ਜੜ ਪਕੜ ਚੁਕੇ ਹਨ। ਕਿਸ ਦਿਨ ਕੀ ਕਰਨਾ ਹੈ , ਕੀ ਨਹੀਂ ਕਰਨਾ ਹੈ , ਇਸ ਦੀ ਵਿਚਾਰ ਬਹੁਤ ਸਾਰੇ ਲੋਗ ਕਰ ਰਹੇ ਹਨ , ਖਾਸ ਤੌਰ ਤੇ ਵਿਆਹ ਕਾਰਜਾਂ ਵਿੱਚ ਕੁੱਝ ਮਹੀਨਿਆਂ , ਦਿਨਾਂ ਦਾ ਧਿਆਨ ਰੱਖਿਆ ਜਾਂਦਾ ਹੈ ਤਾਂ ਜੋ ਕੋਈ ਵਿਘਨ ਨਾ ਪਵੇ , ਕਾਰਜ ਸਫਲ ਹੋਵੇ , ਭਵਿੱਖ ਅਚਿੰਤ ਹੋਵੇ। ਕੁੱਝ ਖਰੀਦਣ ਵਿੱਚ ਵੀ ਦਿਨਾਂ ਦਾ ਧਿਆਨ ਰੱਖਿਆ ਜਾਂਦਾ ਹੈ। ਇਹ ਭਰਮ ਕਿਸੇ ਨ ਕਿਸੇ ਰੂਪ ਵਿੱਚ ਬੇੜੀਆਂ ਬਣੇ ਹੋਏ ਹਨ।
ਸਰਾਧ, ਪਿਤਰ : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ “ ਸਦ “ ਵਿੱਚ ਸੰਸਾਰ ਤੋਂ ਵਿਦਾ ਹੋ ਗਏ ਪ੍ਰਾਣੀ ਦਾ ਸ਼ੋਕ ਕਰਨ ਦੀ ਥਾਂ ਪਰਮਾਤਮਾ ਦਾ ਭਾਣਾ ਮੰਨਣ ਦਾ ਉਪਦੇਸ਼ ਦਿੱਤਾ ਗਿਆ ਹੈ।ਜਿਸ ਦਾ ਜਨਮ ਹੋਇਆ ਹੈ ਉਸ ਦਾ ਮਰਣ ਪੱਕਾ ਹੈ। ਜਿਸ ਤਨ ਦਾ ਨਾਸ਼ ਹੁੰਦਾ ਹੈ ਉਹ ਜੀਵਾਤਮਾ ਦਾ ਘਰ ਜਿਹਾ ਹੁੰਦਾ ਹੈ। ਅਜਿਹੇ ਘਰ ਬਣਦੇ , ਢਹਿੰਦੇ ਰਹਿੰਦੇ ਹਨ।ਹਰ ਜਨਮ ਵਿੱਚ ਨਵੇਂ ਸਬੰਧ ਬਣਦੇ ਰਹਿੰਦੇ ਹਨ। ਇਹ ਸੱਚ ਪਿਤਰਾਂ ਦੇ ਸ਼ਰਾਧ ਜਿਹੇ ਕਰਮਾਂ ਨੂੰ ਆਪ ਹੀ ਭਰਮ ਸਾਬਿਤ ਕਰਦਾ ਹੈ। ਪਰ ਸਿੱਖ ਵੀ ਮਿੱਠੀ ਯਾਦ ਦੇ ਨਾਮ ਤੇ ਕਿਸੇ ਨ ਕਿਸੇ ਤਰਹ ਇਸ ਭਰਮ ਦਾ ਸ਼ਿਕਾਰ ਹੋ ਰਹੇ ਹਨ। ਆਪਣੇ ਪੁਰਖਿਆਂ ਨੂੰ ਯਾਦ ਕਰਨ ਲਈ ਕੀ ਕਿਸੇ ਦਿਨ ਦਾ ਇੰਤਜਾਰ ਕਰਨਾ ਹੁੰਦਾ ਹੈ।
ਹੋਮ – ਜੱਗ : ਅਜਿਹੇ ਕਰਮਕਾਂਡ ਸਨ ਜਿਨ੍ਹਾਂ ਦਾ ਮਨੁੱਖ ਦੇ ਆਤਮਿਕ ਵਿਕਾਸ , ਪਰਮਾਤਮਾ ਪ੍ਰਤੀ ਸਮਰਪਣ , ਸ਼ਰਧਾ ਨਾਲ ਕੋਈ ਸਿੱਧਾ – ਅਸਿੱਧਾ ਸਬੰਧ ਨਹੀਂ ਸੀ। ਗੁਰੂ ਨਾਨਕ ਸਾਹਿਬ ਦਾ ਪੰਥ ਮਨ ਦੀ ਇਕਾਗਰਤਾ , ਭਾਵਨਾਤਮਕ ਅਤੇ ਆਚਾਰ ਗਤ ਪ੍ਰਤੀਬੱਧਤਾ ਦੇ ਰੂਪ ਵਿੱਚ ਉਭਰਿਆ। ਗੁਰੂ ਨਾਨਕ ਸਾਹਿਬ ਦਾ ਸਿੱਖ ਪਰਮਾਤਮਾ ਦਾ ਸਿਮਰਨ ਕਰਦਿਆਂ ਇਮਾਨਦਾਰ ਕਿਰਤ ਕਰਨ ਵਾਲੇ ਆਦਰਸ਼ ਮਨੁੱਖ ਵੱਜੋਂ ਸਾਹਮਣੇ ਆਇਆ। ਜਿਸ ਗੁਰਬਾਣੀ ਤੋਂ ਪ੍ਰੇਰਣਾ ਲੈ ਕੇ ਜੀਵਨ ਦੀ ਜਾਚ ਪਾਵਨ ਕਰਨੀ ਸੀ , ਉਸ ਗੁਰਬਾਣੀ ਨੂੰ ਜੱਗ ਜਿਹਾ ਬਣਾ ਦਿੱਤਾ ਗਿਆ ਹੈ। ਸ੍ਰੀ ਗੁਰੂ ਗਰੰਥ ਸਾਹਿਬ ਦਾ ਅਖੰਡ ਪਾਠ ਇੱਕ ਜੱਗ ਜਿਹਾ ਹੀ ਹੋ ਗਿਆ ਹੈ ਜਿਸ ਨੂੰ ਧਾਰਮਕ ਲੋਗ ਆਪਣੇ ਜਜਮਾਨ ਲਈ ਕਰਦੇ ਹੁੰਦੇ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਆਪ ਕਰਨ ਦੀ ਥਾਂ ਪਾਠ , ਅਖੰਡ ਪਾਠ ਕਰਾਏ ਜਾ ਰਹੇ ਹਨ। ਗੁਰਸਿੱਖ ਜਜਮਾਨ ਬਣ ਗਏ ਹਨ।
ਇਕਾਦਸ਼ੀ – ਪੂਰਨਮਾਸੀ : ਏਕਾਦਸ਼ੀ ਅਤੇ ਪੂਰਨਮਾਸ਼ੀ ਬਾਰੇ ਭਿੰਨ ਭਿੰਨ ਵਿਚਾਰ ਪ੍ਰਚਲਿਤ ਸਨ। ਲੋਗ ਆਪਣੇ ਹਿੱਤ ਲਈ ਵੱਖ ਵੱਖ ਉਪਾਅ ਕਰਦੇ ਸਨ , ਵਰਤ ਰੱਖਦੇ ਸਨ ਤਾਂ ਜੋ ਇਨ੍ਹਾਂ ਦਿਨਾਂ ਦੇ ਪ੍ਰਭਾਵ ਸਿੱਧ ਹੋ ਸਕਣ। ਗੁਰੂ ਸਾਹਿਬਾਨ ਨੇ ਇਹ ਭਰਮ ਤੋੜੇ ਤੇ ਪਰਮਾਤਮਾ ਤੇ ਭਰੋਸਾ ਰੱਖਣਾ ਸਿਖਾਇਆ ਜੋ ਅਨੰਦ ਦਾ ਮੂਲ ਹੈ। ਗੁਰੂ ਅਰਜਨ ਸਾਹਿਬ ਨੇ ਵਚਨ ਕੀਤਾ ਕਿ “ ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ’ । ਪੂਰਨਮਾਸ਼ੀ ਲਈ ਵਚਨ ਕੀਤਾ “ ਪੂਰਨਮਾ ਪੂਰਨ ਪਰ੍ਭ ਏਕੁ ਕਰਣ ਕਾਰਣ ਸਮਰਥੁ” । ਅੱਜ ਕਈ ਗੁਰਦੁਆਰਿਆਂ ਵਿੱਚ ਇਨ੍ਹਾਂ ਦਿਨਾਂ ਤੇ ਖਾਸ ਸਮਾਗਮ ਕੀਤੇ ਜਾਂਦੇ ਹਨ , ਖਾਸ ਲੰਗਰ ਬਣਾਏ ਤੇ ਵਰਤਾਏ ਜਾਂਦੇ ਹਨ। ਆਮ ਦਿਨਾਂ ਤੋਂ ਵੱਧ ਇਨ੍ਹਾਂ ਮੌਕਿਆਂ ਤੇ ਸੰਗਤ ਜੁੜਦੀ ਹੈ। ਅਜਿਹੇ ਸਮਾਗਮ ਵਰਤ ਦਾ ਹੀ ਇੱਕ ਰੂਪ ਹਨ। ਗੁਰਸਿੱਖ ਦੇ ਉਸ ਵਰਤ ਦਾ ਸਵਰੂਪ ਹੀ ਬਦਲ ਗਿਆ ਹੈ ਜੋ ਗੁਰੂ ਅਰਜਨ ਸਾਹਿਬ ਨੇ ਪ੍ਰਗਟ ਕੀਤਾ ਸੀ ਕਿ “ ਮਨਿ ਸੰਤੋਖੁ ਸਰਬ ਜੀਅ ਦਇਆ। . ਇਨ ਬਿਧਿ ਬਰਤੁ ਸੰਪੂਰਨ ਭਇਆ। . ” । ਗੁਰਸਿੱਖ ਦਾ ਵਰਤ ਸੁਚੱਜੇ ਗੁਣ ਧਾਰਨ ਕਰਨ ਦਾ ਹੈ ਜਿਸ ਨਾਲ ਉਹ ਪਰਮਾਤਮਾ ਦੀ ਮਿਹਰ ਦਾ ਪਾਤਰ ਬਣਦਾ ਹੈ। ਗੁਰਦੁਆਰਿਆਂ ਵਿੱਚ ਅਮਾਵਸਿਆ , ਪੂਰਨਮਾਸ਼ੀ ਤੇ ਹੋਣ ਵਾਲੇ ਸਮਾਗਮ ਗੁਰਬਾਣੀ ਦੀ ਕੇਂਦਰੀ ਭਾਵਨਾ ਤੋਂ ਦੂਰ ਕਰਨ ਵਾਲੇ ਹਨ।
ਤਿਲਕ – ਜੰਝੂ : ਗੁਰੂ ਨਾਨਕ ਸਾਹਿਬ ਨੇ “ ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ “ ਜਿਹੀ ਬਾਣੀ ਉਚਾਰ ਕੇ ਅਤੇ ਆਪਣੇ ਜੀਵਨ ਵਿੱਚ ਢਾਲ ਕੇ ਬਾਹਰਲੇ ਭੇਖ ਤੇ ਧਾਰਮਿਕ ਪ੍ਰਤੀਕਾਂ ਦੇ ਭਰਮ ਤੋਂ ਬਾਹਰ ਕੱਢਿਆ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੰਮ੍ਰਿਤ ਪਾਨ ਕਰਾ ਕੇ ਸਿੱਖ ਨੂੰ ਪੰਜ ਕਕਾਰ ਬਖਸ਼ੇ। ਇਹ ਕਕਾਰ ਵੇਸ਼ ਜਾਂ ਪ੍ਰਤੀਕ ਨਹੀਂ ਗੁਰਸਿੱਖ ਦੇ ਅੰਦਰ ਦਇਆ , ਸੰਤੋਖ , ਜਤ , ਸਤ ਦੀ ਦ੍ਰਿੜ੍ਹਤਾ ਦਾ ਪ੍ਰਗਟੀਕਰਨ ਸਨ। ਅੱਜ ਮਨ ਅੰਦਰ ਦਇਆ , ਸੰਤੋਖ , ਜਤ , ਸਤ ਦਾ ਤਿਲ ਮਾਤਰ ਵੀ ਨਹੀਂ ਪਰ ਕਕਾਰ ਵਿਖਾਈ ਦੇ ਰਹੇ ਹਨ। ਜ਼ੋਰ ਵੀ ਕਕਾਰਾਂ ਤੇ ਹੁੰਦਾ ਹੈ ਗੁਣਾਂ ਤੇ ਨਹੀਂ।
ਮੂਰਤੀ ਪੂਜਾ : ਗੁਰੂ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਜਿਸ ਦਾ ਮੂਲ ਮਨੋਰਥ ਗੁਰਬਾਣੀ ਪੜ੍ਹ , ਸੁਣ ਕੇ ਸੱਚ ਦਾ ਗਿਆਨ ਪ੍ਰਾਪਤ ਕਰਨਾ ਅਤੇ ਪ੍ਰੇਰਿਤ ਹੋ ਕੇ ਆਤਮਿਕ ਨਿਰਮਲਤਾ ਲਈ ਜਤਨ ਕਰਨਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਨਮਾਨ ਤੇ ਸ਼ਰਧਾ ਗੁਰਸਿੱਖ ਦਾ ਮੁੱਢਲਾ ਸੰਕਲਪ ਹੈ ਪਰ ਰਾਹ ਅੱਗੇ ਵੀ ਹੈ ਗੁਰਬਾਣੀ ਦੀ ਸੇਧ ਤੇ ਸਿਖਿਆ ਧਾਰਨ ਕਰ ਪਰਮਾਤਮਾ ਦੀ ਸ਼ਰਣ ਪ੍ਰਾਪਤ ਹੋ ਜਾਏ। ਗੁਰਸਿੱਖ ਦੀ ਜੀਵਨ ਯਾਤਰਾ ਦਾ ਸਨਮਾਨ ਤੇ ਸ਼ਰਧਾ ਤੱਕ ਆ ਕੇ ਰੁੱਕ ਜਾਣਾ ਕਿਸੇ ਨ ਕਿਸੇ ਰੂਪ ਵਿੱਚ ਮੂਰਤੀ ਪੂਜਾ ਮੇਲ ਖਾਂਦਾ ਵਿਖਾਈ ਦਿੰਦਾ ਹੈ। ਇਹ ਵੱਡੀ ਚੁਣੌਤੀ ਹੈ ਜਿਸ ਨਾਲ ਗੁਰਸਿੱਖੀ ਦੀ ਮੌਲਿਕਤਾ ਹੀ ਸਵਾਲਾਂ ਦੇ ਘੇਰੇ ਵਿੱਚ ਆ ਜਾਂਦੀ ਹੈ । ਪਰ ਆਮ ਪਰਿਦ੍ਰਿਸ਼ ਅਜਿਹਾ ਹੀ ਬਣਦਾ ਜਾ ਰਿਹਾ ਹੈ।
ਇਹ ਸਿੱਖ ਰਹਿਤ ਮਰਿਆਦਾ ਅੰਦਰ ਦਿੱਤੀ “ ਗੁਰਮਤਿ ਦੀ ਰਹਿਣੀ “ ਦਾ ਮਾਤਰ ਇੱਕ ਬਿੰਦੂ ਸੀ। ਇਸ ਤੇ ਨਾਂ ਕੋਈ ਚਰਚਾ ਹੈ ਨਾਂ ਹੀ ਕੋਈ ਚਿੰਤਾ ਹੈ। ਕਿਸੇ ਵਿਸ਼ੇ ਨੂੰ ਇਸ ਕਾਰਨ ਨਜਰ ਅੰਦਾਜ ਕਰ ਦਿੱਤਾ ਜਾਂਦਾ ਹੈ ਕਿ ਤਰਜੀਹ ਵੱਡੇ ਵਿਸ਼ੇ ਦੀ ਹੁੰਦੀ ਹੈ। ਪਰ ਇਹ ਸਮਝਣ ਦੀ ਲੋੜ ਹੈ ਕਿ ਅਣਦੇਖੇ ਕੀਤੇ ਛੋਟੇ ਵਿਸ਼ੇ ਹੀ ਭਵਿੱਖ ਦੀਆਂ ਵੱਡਿਆਂ ਚੁਣੌਤੀਆਂ ਬਣ ਜਾਂਦੇ ਹਨ। ਗੁਰਸਿੱਖ ਇੱਕ ਸ਼ਖ਼ਸੀਅਤ ਹੈ ਜਿਸ ਦਾ ਵਿਕਾਸ ਬਹੁ ਮੁਖੀ ਤੱਤਾਂ ਤੋਂ ਹੋਇਆ ਹੈ। ਕੁੱਝ ਤੱਤਾਂ ਪ੍ਰਤੀ ਅਵੇਸਲਾ ਹੋ ਜਾਣਾ ਉਸ ਸ਼ਖ਼ਸੀਅਤ ਦੀ ਨੀਂਹ ਕਮਜ਼ੋਰ ਕਰਨਾ ਹੈ। ਗੁਰੂ ਪੂਰਨ ਹੈ , ਉਸ ਨੇ ਪੂਰਨ ਗੁਰਸਿੱਖ ਸਿਰਜਿਆ ਹੈ। ਪਰਮਾਤਮਾ ਦੀ ਬਖਸ਼ਿਸ਼ ਵੀ ਪੂਰਨ ਪੁਰਖ ਤੇ ਹੀ ਹੁੰਦੀ ਹੈ “ ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪਰ੍ਭ ਆਪਿ ” । ਸਿੱਖ ਰਹਿਤ ਮਰਯਾਦਾ ਦੀਆਂ ਬਹੁਤ ਸਾਰੀਆਂ ਰਹਿਤ ਹਨ ਜਿਨ੍ਹਾਂ ਨੂੰ ਪੰਥ ਨੇ ਵਿਸਾਰ ਦਿੱਤਾ ਹੈ। ਇਨ੍ਹਾਂ ਦੀ ਚਰਚਾ ਜਾਰੀ ਰਹੇਗੀ। ਪਰ ਇਹ ਹਾਲਾਤ ਬਦਲਣੇ ਚਾਹੀਦੇ ਹਨ ਕਿਉਂਕਿ ਰਹਿਤ ਨੂੰ ਵਿਸਾਰ ਕੇ ਅਸੀਂ ਆਤਮਘਾਤ ਵੱਲ ਵੱਧ ਰਹੇ ਹਾਂ।
