ਨਵੀਂ ਦਿੱਲੀ – ਜਾਇਡਸ ਕੈਡਿਲਾ ਦੀ ਕੋਰੋਨਾ ਰੋਕੂ ਵੈਕਸੀਨ ਨੂੰ ਛੇਤੀ ਹੀ ਟੀਕਾਕਰਨ ਮੁਹਿੰਮ ‘ਚ ਸ਼ਾਮਲ ਕੀਤਾ ਜਾਵੇਗਾ। ਟੀਕਾਕਰਨ ‘ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ) ਇਸ ਸਬੰਧ ‘ਚ ਯੋਜਨਾ ਤਿਆਰ ਕਰਨ ਲਈ ਬੈਠਕ ਕਰੇਗਾ। ਤਿੰਨ ਡੋਜ਼ ਦੀ ਇਹ ਵੈਕਸੀਨ 12-18 ਸਾਲ ਉਮਰ ਦੇ ਨਾਬਾਲਿਗਾਂ ਨੂੰ ਵੀ ਦਿੱਤੀ ਜਾਵੇਗੀ।
ਭਾਰਤ ਦੇ ਦਵਾਈ ਕੰਟਰੋਲਰ ਜਨਰਲ (ਡੀਸੀਜੀਆਈ) ਨੇ 20 ਅਗਸਤ ਨੂੰ ਇਸ ਦੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਸੀ। ਜਾਇਕੋਵ-ਡੀ ਨਾਂ ਦੀ ਇਹ ਸਵਦੇਸ਼ੀ ਵੈਕਸੀਨ ਦੁਨੀਆ ਦੀ ਪਹਿਲੀ ਡੀਐੱਨਏ ਅਧਾਰਤ ਵੈਕਸੀਨ ਹੈ। 12-18 ਸਾਲ ਉਮਰ ਵਰਗ ਸਮੂਹ ਲਈ ਵੀ ਦੇਸ਼ ਦੀ ਇਹ ਪਹਿਲੀ ਵੈਕਸੀਨ ਹੈ। ਐੱਨਟੀਏਜੀਆਈ ਦੇ ਚੇਅਰਮੈਨ ਡਾ. ਐੱਨਕੇ ਅਰੋੜਾ ਨੇ ਕਿਹਾ ਕਿ ਇਕ ਅਨੁਮਾਨ ਮੁਤਾਬਕ ਦੇਸ਼ ਵਿਚ 12-18 ਸਾਲ ਉਮਰ ਵਰਗ ਦੇ ਨਾਬਾਲਿਗਾਂ ਦੀ ਗਿਣਤੀ ਲਗਪਗ 12 ਕਰੋੜ ਹੈ ਜਿਨ੍ਹਾਂ ਵਿਚੋਂ ਲਗਪਗ ਇਕ ਕਰੋੜ ਪਹਿਲਾਂ ਤੋਂ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਤੋਂ ਪੀੜਤ ਹਨ।
ਡਾ. ਅਰੋੜਾ ਨੇ ਕਿਹਾ ਕਿ ਐੱਨਟੀਏਜੀਆਈ ਦੀ ਛੇਤੀ ਹੋਣ ਵਾਲੀ ਬੈਠਕ ਵਿਚ ਲਾਭਪਾਤਰੀਆਂ ਦੀ ਤਰਜੀਹ ਵੀ ਤੈਅ ਕੀਤੀ ਜਾਵੇਗੀ, ਕਿਉਂਕਿ ਇਹ ਵੈਕਸੀਨ ਨਾਬਾਲਿਗਾਂ ਦੇ ਨਾਲ ਹੀ ਵੱਡੇ ਲੋਕਾਂ ਨੂੰ ਵੀ ਲਾਈ ਜਾਵੇਗੀ।