Sport

ਸਿਰ ਦੀ ਸੱਟ ਲਈ ਡਾਕਟਰਾਂ ਵੱਲੋਂ ਇਸਤੇਮਾਲ ਕੀਤੀ ਗਈ ਸਖ਼ਤ ਟੇਪ ਤੋਂ ਨਾਰਾਜ਼ ਹਨ ਓਲੰਪਿਕ ਮੈਡਲ ਜੇਤੂ ਭਾਰਤੀ ਭਲਵਾਨ ਬਜਰੰਗ ਪੂਨੀਆ

ਨਵੀਂ ਦਿੱਲੀ – ਓਲੰਪਿਕ ਮੈਡਲ ਜੇਤੂ ਭਾਰਤੀ ਭਲਵਾਨ ਬਜਰੰਗ ਪੂਨੀਆ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਅਮਰੀਕਾ ਦੇ ਜਾਨ ਮਾਈਕਲ ਦਿਆਕੋਮਿਹਾਲਿਸ ਖ਼ਿਲਾਫ਼ ਮੁਕਾਬਲੇ ਦੌਰਾਨ ਸਿਰ ਦੀ ਸੱਟ ਲਈ ਡਾਕਟਰਾਂ ਵੱਲੋਂ ਇਸਤੇਮਾਲ ਕੀਤੀ ਗਈ ਸਖ਼ਤ ਟੇਪ ਤੋਂ ਨਾਰਾਜ਼ ਹਨ।
ਬਜਰੰਗ ਨੇ ਇਸ ਲਈ ਯੂਨਾਈਟਿਡ ਵਿਸ਼ਵ ਕੁਸ਼ਤੀ (ਯੂਡਬਲਯੂਡਬਲਯੂ) ਦੇ ਮੈਟ ਡਾਕਟਰ ਨੂੰ ਦੋਸ਼ ਦਿੱਤਾ। ਬਜਰੰਗ ਨੇ ਕਿਹਾ ਕਿ ਇਸ ਟੇਪ ਦੇ ਇਸਤੇਮਾਲ ਤੋਂ ਬਾਅਦ ਉਨ੍ਹਾਂ ਨੂੰ ਆਪਣੇ ਮੁਕਾਬਲੇ ‘ਤੇ ਧਿਆਨ ਬਣਾਈ ਰੱਖਣ ਵਿਚ ਪਰੇਸ਼ਾਨੀ ਹੋਈ। ਬਜਰੰਗ ਨੂੰ ਬੇਲਗ੍ਰੇਡ ਵਿਚ ਆਪਣੇ ਸ਼ੁਰੂਆਤੀ ਮੁਕਾਬਲੇ ਦੇ ਪਹਿਲੇ ਹੀ ਮਿੰਟ ਵਿਚ ਕਿਊਬਾ ਦੇ ਏਲੇਜਾਂਦਰੋ ਐਨਰਿਕ ਵਲਾਦੇਸ ਟੋਬੀਅਰ ਖ਼ਿਲਾਫ਼ ਸਿਰ ਵਿਚ ਸੱਟ ਲੱਗੀ ਸੀ ਜਿਸ ਕਾਰਨ ਉਨ੍ਹਾਂ ਦੇ ਸਿਰ ‘ਚੋਂ ਖ਼ੂਨ ਨਿਕਲਣ ਲੱਗਾ ਸੀ। ਉਥੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਦੀ ਸੱਟ ‘ਤੇ ਸਖ਼ਤ ਟੇਪ ਲਾ ਦਿੱਤੀ ਸੀ ਜਿਸ ਦਾ ਇਸਤੇਮਾਲ ਗੋਡੇ ਤੇ ਗਿੱਟੇ ਦੀ ਸੱਟ ਦੀ ਸੱਟ ਸਹੀ ਕਰਨ ਲਈ ਕੀਤਾ ਜਾਂਦਾ ਹੈ। ਬਜਰੰਗ ਨੇ ਕਿਹਾ ਕਿ ਪਤਾ ਨਹੀਂ ਅਜਿਹਾ ਕਿਉਂ ਕੀਤਾ? ਮੈਨੂੰ ਇਸ ਨਾਲ ਕਾਫੀ ਪਰੇਸ਼ਾਨੀ ਹੋਈ ਕਿਉਂਕਿ ਟੇਪ ਵਿਚ ਮੇਰੇ ਸਿਰ ਦੇ ਬਾਲ ਫਸ ਗਏ ਸਨ। ਉਨ੍ਹਾਂ ਨੇ ਜ਼ਖ਼ਮ ‘ਤੇ ਰੂੰ ਦਾ ਇਸਤੇਮਾਲ ਕੀਤੇ ਬਿਨਾਂ ਟੇਪ ਲਾ ਦਿੱਤੀ। ਟੇਪ ਹਟਾਉਣ ਲਈ ਮੈਨੂੰ ਇਕ ਥਾਂ ਤੋਂ ਆਪਣੇ ਵਾਲਾਂ ਨੂੰ ਕੱਟਣਾ ਪਿਆ। ਇਸ ਨੂੰ ਹਟਾਉਣ ਵਿਚ 20 ਮਿੰਟ ਤੋਂ ਵੱਧ ਦਾ ਸਮਾਂ ਲੱਗ ਗਿਆ। ਉਨ੍ਹਾਂ ਨੇ ਕਿਹਾ ਕਿ ਅਮਰੀਕੀ ਭਲਵਾਨ ਖ਼ਿਲਾਫ਼ ਰਣਨੀਤੀ ਬਣਾਉਣ ਦੀ ਥਾਂ ਮੈਂ ਤੇ ਮੇਰੀ ਟੀਮ ਟੇਪ ਤੋਂ ਪਿੱਛਾ ਛੁਡਾਉਣ ਵਿਚ ਰੁੱਝੇ ਰਹੇ। ਦੋ ਮੁਕਾਬਲਿਆਂ ਵਿਚਾਲੇ ਮੇਰੇ ਕੋਲ 20-25 ਮਿੰਟ ਦਾ ਸਮਾਂ ਸੀ ਤੇ ਇਹ ਸਾਰਾ ਸਮਾਂ ਟੇਪ ਹਟਾਉਣ ਵਿਚ ਨਿਕਲ ਗਿਆ।
ਬਜਰੰਗ ਅਮਰੀਕਾ ਦੇ ਖਿਡਾਰੀ ਤੋਂ ਤਕਨੀਕੀ ਆਧਾਰ ‘ਤੇ ਹਾਰ ਕੇ ਗੋਲਡ ਮੈਡਲ ਦੀ ਦੌੜ ‘ਚੋਂ ਬਾਹਰ ਹੋ ਗਏ ਸਨ। ਉਨ੍ਹਾਂ ਨੇ ਹਾਲਾਂਕਿ ਬਾਅਦ ਵਿਚ ਰੇਪਚੇਜ ਗੇੜ ਰਾਹੀਂ ਕਾਂਸੇ ਦਾ ਮੈਡਲ ਜਿੱਤਿਆ। ਚਾਰ ਵਿਸ਼ਵ ਮੈਡਲ ਜਿੱਤਣ ਵਾਲੇ ਇੱਕੋ ਇਕ ਭਾਰਤੀ ਭਲਵਾਨ ਬਜਰੰਗ ਨੇ ਕਿਹਾ ਕਿ ਦਿਆਕੋਮਿਹਾਲਿਸ ਹੱਥੋਂ ਤਕਨੀਕੀ ਆਧਾਰ ‘ਤੇ ਹਾਰਨ ਦੀ ਉਨ੍ਹਾਂ ਨੂੰ ਉਮੀਦ ਨਹੀਂ ਸੀ।

Related posts

ਅਮੈਰਿਕਨ ਸਿੱਖ ਸੰਗਤ ਵੱਲੋਂ 7ਵਾਂ ਵਾਲੀਬਾਲ ਸੂਟਿੰਗ ਟੂਰਨਾਮੈਂਟ ਕਰਵਾਇਆ

admin

2020 ‘ਚ ਭਾਰਤ ਨੂੰ ਤਗੜਾ ਝਟਕਾ, ਵਿਨੋਦ ਕੁਮਾਰ ਨੇ ਗਵਾਇਆ ਬ੍ਰੌਨਜ਼ ਮੈਡਲ

Bunty

. . . ਪਰ ਸਚਿਨ ਤੇਂਦੁਲਕਰ ਵਰਗਾ ਕੋਈ ਨਹੀਂ ਹੈ !

admin