Breaking NewsLatest NewsPunjab

‘ਸਿੰਗਲ-ਯੂਜ਼ ਪਲਾਸਟਿਕ ਦੇ ਬਦਲ: ਨਵੀਨਤਾਵਾਂ, ਚੁਣੌਤੀਆਂ ਅਤੇ ਮੌਕੇ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ

ਖ਼ਾਲਸਾ ਯੂਨੀਵਰਸਿਟੀ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੌਰਾਨ ਡਾ. ਜਸਪਾਲ ਸਿੰਘ ਫੁੱਲਾਂ ਦਾ ਗੁਲਦਸਤਾ ਪ੍ਰੋ. (ਡਾ.) ਆਦਰਸ਼ ਪਾਲ ਵਿਗ ਨੂੰ ਭੇਂਟ ਕਰਕੇ ਸਵਾਗਤ ਕਰਦੇ ਹੋਏ ਨਾਲ ਹੋਰ ਸਟਾਫ਼।

ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਪਰਿਆਵਰਨ ਸੰਰਕਸ਼ਣ ਗਤੀਵਿਧੀ ਦੇ ਸਹਿਯੋਗ ਨਾਲ ‘ਸਿੰਗਲ-ਯੂਜ਼ ਪਲਾਸਟਿਕ ਦੇ ਬਦਲ: ਨਵੀਨਤਾਵਾਂ, ਚੁਣੌਤੀਆਂ ਅਤੇ ਮੌਕੇ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ। ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਉਕਤ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿੰਗਲ-ਯੂਜ਼ ਪਲਾਸਟਿਕ ਕਾਰਨ ਪੈਦਾ ਹੋ ਰਹੇ ਵਾਤਾਵਰਣ ਖ਼ਤਰੇ, ਇਸ ਦੀ ਵਿਆਪਕ ਵਰਤੋਂ, ਨਿਪਟਾਰੇ ਅਤੇ ਰੀਸਾਈਕਲਿੰਗ ਨਾਲ ਜੁੜੀਆਂ ਮੁਸ਼ਕਿਲਾਂ ਅਤੇ ਟਿਕਾਊ ਬਦਲਾਂ ਦੀ ਤੁਰੰਤ ਲੋੜ ਸਬੰਧੀ ਜਾਗਰੂਕਤਾ ਪੈਦਾ ਕਰਨਾ ਸੀ।

ਖ਼ਾਲਸਾ ’ਵਰਸਿਟੀ ਦੇ ਫੈਕਲਟੀ ਆਫ਼ ਲੀਗਲ ਸਾਇੰਸਿਜ਼, ਡੀਨ ਪ੍ਰੋ. (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਉਕਤ ਪ੍ਰੋਗਰਾਮ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਸਾਬਕਾ ਚੇਅਰਮੈਨ ਪ੍ਰੋ. (ਡਾ.) ਆਦਰਸ਼ ਪਾਲ ਵਿਗ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਸ੍ਰੀ ਵਿਗ ਨੇ ਸੰਬੋਧਨ ਕਰਦਿਆਂ ਸਿੰਗਲ-ਯੂਜ਼ ਪਲਾਸਟਿਕ ਨਾਲ ਸਬੰਧਤ ਵਾਤਾਵਰਣਕ, ਵਿਗਿਆਨਕ, ਨਿਯਮਕ ਅਤੇ ਨੀਤੀਗਤ ਚੁਣੌਤੀਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਨੇ ਪਲਾਸਟਿਕ ਦੀ ਖਪਤ ਘਟਾਉਣ ਅਤੇ ਵਿਹਾਰਕ ਤੇ ਟਿਕਾਊ ਬਦਲਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਦੌਰਾਨ ਪਰਿਆਵਰਨ ਸੰਰਕਸ਼ਣ ਗਤੀਵਿਧੀ ਦੇ ਮੈਂਬਰ ਸ੍ਰੀ ਸੰਦੀਪ ਸਨਹੋਤਰਾ ਨੇ ਵੀ ਵਾਤਾਵਰਣ ਦੀ ਸੁਰੱਖਿਆ ਅਤੇ ਟਿਕਾਊ ਜੀਵਨ-ਸ਼ੈਲੀ ਨਾਲ ਸਬੰਧਿਤ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਡਾ. ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰੋਗਰਾਮ ਦੌਰਾਨ ਉਕਤ ਬੁਲਾਰਿਆਂ ਨੇ ਸਾਂਝੇ ਤੌਰ ’ਤੇ ਸਿੰਗਲ-ਯੂਜ਼ ਪਲਾਸਟਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਵਾਤਾਵਰਣ ਸਬੰਧੀ ਕਾਨੂੰਨਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ, ਜ਼ਿੰਮੇਵਾਰ ਉਤਪਾਦਨ ਤੇ ਖਪਤ, ਤਕਨੀਕੀ ਨਵੀਨਤਾ, ਲੋਕਾਂ ਦੀ ਸਰਗਰਮ ਭਾਗੀਦਾਰੀ ਅਤੇ ਵਾਤਾਵਰਣ-ਪੱਖੀ ਬਦਲਾਂ ਨੂੰ ਵੱਧ ਤੋਂ ਵੱਧ ਅਪਣਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਾਨੂੰਨ ਦੇ ਵਿਦਿਆਰਥੀਆਂ ਨੂੰ ਪਲਾਸਟਿਕ ਪ੍ਰਦੂਸ਼ਣ ਨਾਲ ਸਬੰਧਿਤ ਕਾਨੂੰਨੀ ਅਤੇ ਨਿਯਮਕ ਪ੍ਰਬੰਧਾਂ ਬਾਰੇ ਵੀ ਜਾਣਕਾਰੀ ਪ੍ਰਦਾਨ ਕੀਤੀ ਗਈ, ਜਿਸ ’ਚ ਵਾਤਾਵਰਣ ਕਾਨੂੰਨਾਂ ਦਾ ਲਾਗੂਕਰਨ ਅਤੇ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦੀ ਮਹੱਤਤਾ ਸ਼ਾਮਿਲ ਸੀ।

ਇਸ ਦੌਰਾਨ ਡਾ. ਜਸਪਾਲ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਉਪਰੰਤ ਸਕੂਲ ਆਫ਼ ਲਾਅ ਦੀ ਮੁਖੀ ਡਾ. ਗੁਨੀਸ਼ਾ ਸਲੂਜਾ ਨੇ ਵਿਸ਼ੇਸ਼ ਮਹਿਮਾਨਾਂ, ਯੂਨੀਵਰਸਿਟੀ ਪ੍ਰਬੰਧਕਾਂ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਪਰਿਆਵਰਨ ਸੰਰਕਸ਼ਣ ਗਤੀਵਿਧੀ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਦਿੱਤੇ ਸਹਿਯੋਗ ਸਬੰਧੀ ਧੰਨਵਾਦ ਕੀਤਾ। ਜਦਕਿ ਇਸ ਦਾ ਤਾਲਮੇਲ ਡਾ. ਪਵਨਦੀਪ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਡਾ. ਪੂਰਨਿਮਾ ਖੰਨਾ, ਡਾ. ਗੁਰਜਿੰਦਰ ਕੌਰ, ਡਾ. ਰੇਨੂ ਸੈਣੀ, ਡਾ. ਉਤਕਰਸ਼ ਸੇਠ, ਡਾ. ਅਨੀਤਾ ਸ਼ਰਮਾ ਅਤੇ ਸ੍ਰੀ ਪੀ.ਐਨ. ਸ਼ਰਮਾ ਸਮੇਤ ਹੋਰ ਮੈਂਬਰ ਹਾਜ਼ਰ ਸਨ।

Related posts

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਜਿਸਟਰੀ ਲਈ ਐਨ.ਓ.ਸੀ ਦੀ ਸ਼ਰਤ ਖਤਮ ਕਰਨਾ ਇਕ ਮਿਸਾਲੀ ਕਦਮ: ਜਿੰਪਾ

Bunty

ਬਹੁਜਨ ਸਮਾਜ ਪਾਰਟੀ ਨੇ ਐਲਾਨ ਕੀਤੇ 14 ਉਮੀਦਵਾਰ

Bunty

ਪੰਜਾਬ ਨੇ ਮਾਈਨਿੰਗ ਤੋਂ 472.50 ਕਰੋੜ ਰੁਪਏ ਦੀ ਰਿਕਾਰਡ ਕਮਾਈ ਕੀਤੀ: ਚੇਤਨ ਸਿੰਘ ਜੌੜਾਮਾਜਰਾ

Bunty