International

ਸ੍ਰੀਲੰਕਾ ’ਚ 63 ਲੱਖ ਲੋਕ ਖ਼ੁਰਾਕੀ ਅਸੁਰੱਖਿਆ ਦੇ ਸ਼ਿਕਾਰ, 60 ਫ਼ੀਸਦੀ ਪਰਿਵਾਰ ਪੌਸ਼ਟਿਕ ਖਾਣੇ ਤੋਂ ਵਾਂਝੇ

ਰੋਮ – ਸ੍ਰੀਲੰਕਾ ’ਚ ਆਰਥਿਕ ਸੰਕਟ ਵਿਚਾਲੇ ਕਰੀਬ 63 ਲੱਖ ਲੋਕ ਖ਼ੁਰਾਕੀ ਅਸੁਰੱਖਿਆ ਦੇ ਸ਼ਿਕਾਰ ਹਨ। ਖੁਰਾਕ ਤੇ ਖੇਤੀ ਸੰਗਠਨ (ਐੱਫਏਓ) ਤੇ ਵਿਸ਼ਵ ਖੁਰਾਕ ਪ੍ਰੋਗਰਾਮ (ਡਬਲਯੂਐੱਫਪੀ) ਦੀ ਸੋਮਵਾਰ ਨੂੰ ਜਾਰੀ ਰਿਪੋਰਟ ’ਚ ਇਸ ’ਤੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਗਿਆ ਹੈ ਕਿ ਇਨ੍ਹਾਂ ਨੂੰ ਸਮੇਂ ਸਿਰ ਮਦਦ ਮੁਹੱਈਆ ਨਾ ਕਰਾਈ ਗਈ ਤਾਂ ਇਨ੍ਹਾਂ ਦੀ ਜ਼ਿੰਦਗੀ ਖਤਰੇ ’ਚ ਪੈ ਸਕਦੀ ਹੈ। ਰਿਪੋਰਟ ਦੇ ਮੁਤਾਬਕ, ਸ੍ਰੀਲੰਕਾ ’ਚ 60 ਫੀਸਦੀ ਪਰਿਵਾਰ ਘੱਟ ਤੇ ਸਸਤੇ ਖਾਣੇ ਦੇ ਨਾਲ ਹੀ ਪੌਸ਼ਟਿਕ ਖਾਣੇ ਤੋਂ ਵੀ ਵਾਂਝੇ ਹਨ।

ਐੱਫਏਓ, ਡਬਲਯੂਐੱਫਪੀ ਤੇ ਕ੍ਰਾਪ ਐਂਡ ਫੂਡ ਸਕਿਓਰਿਟੀ ਅਸੈੱਸਮੈਂਟ (ਸੀਐੱਫਐੱਸਏਐੱਮ) ਦੀ ਸਾਂਝੀ ਰਿਪੋਰਟ ਦੇ ਮੁਤਾਬਕ, ਸ੍ਰੀਲੰਕਾ ’ਚ ਲਗਾਤਾਰ ਦੋ ਸੀਜ਼ਨਾਂ ’ਚ ਖ਼ਰਾਬ ਫਸਲਾਂ ਦੇ ਕਾਰਨ ਅਨਾਜ ਦੀ ਪੈਦਾਵਾਰ 50 ਫ਼ੀਸਦੀ ਘਟਣ ਦੇ ਨਾਲ ਹੀ ਵਿਦੇਸ਼ੀ ਕਰੰਸੀ ਦੇ ਸੰਕਟ ਦੇ ਕਾਰਨ ਦਰਾਮਦ ’ਚ ਵੀ ਕਮੀ ਆਈ। ਰਿਪੋਰਟ ’ਚ ਜ਼ਿੰਦਗੀ ਗੁਜ਼ਾਰਾ ਪ੍ਰੋਗਰਾਮ ਤੇ ਸਮਾਜਿਕ ਸਹਾਇਤਾ ਦੇ ਜ਼ਰੀਏ ਇਨ੍ਹਾਂ ਨੂੰ ਤਤਕਾਲ ਮਦਦ ਦੀ ਲੋੜ ਦੱਸੀ ਗਈ ਹੈ। ਕਿਹਾ ਗਿਆ ਹੈ ਕਿ ਬਿਨਾ ਸਹਾਇਤਾ ਦੇ ਅਕਤੂਬਰ, 2022 ਤੋਂ ਫਰਵਰੀ 2023 ਤਕ ਵਾਲੇ ਸੀਜ਼ਨ ’ਚ ਖੁਰਾਕੀ ਸੁਰੱਖਿਆ ਦੀ ਸਥਿਤੀ ਹੋਰ ਖਰਾਬ ਹੋ ਸਕਦੀ ਹੈ, ਖਾਸ ਤੌਰ ’ਤੇ ਝੋਨੇ ਦੀਆਂ ਫਸਲਾਂ ’ਤੇ ਜ਼ਿਆਦਾ ਅਸਰ ਪਵੇਗਾ। ਸ੍ਰੀਲੰਕਾ ’ਚ ਐੱਫਏਓ ਦੇ ਨੁਮਾਇੰਦੇ ਵਿਮਲੇਂਦਰ ਸ਼ਰਨ ਨੇ ਕਿਹਾ ਕਿ ਅੱਗੇ ਦੀ ਖੁਰਾਕੀ ਸੁਰੱਖਿਆ ਦੀ ਸਥਿਤੀ ਯਕੀਨੀ ਬਣਾਉਣ ਤੇ ਖੇਤੀ ਪੈਦਾਵਾਰ ਵਧਾਉਣ ਲਈ ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਮਦਦ ਕਰਨੀ ਪਵੇਗੀ। ਇੱਥੋਂ ਦੀ 30 ਫ਼ੀਸਦੀ ਆਬਾਦੀ ਖੇਤੀ ’ਤੇ ਨਿਰਭਰ ਹੈ, ਇਸ ਲਈ ਖੇਤੀ ਸੈਕਟਰ ਨੂੰ ਮਜ਼ਬੂਤ ਕਰਨ ਨਾਲ ਸ੍ਰੀਲੰਕਾ ਦੀ ਆਰਥਿਕ ਸਥਿਤੀ ਵੀ ਸੁਧਰੇਗੀ।
ਸ੍ਰੀਲੰਕਾ ’ਚ ਜਲ ਸੈਨਾ ਨੇ ਸਾਗਰ ਦੇ ਪੂਰਬੀ ਰੂਟ ਦੇ ਜ਼ਰੀਏ ਨਾਜਾਇਜ਼ ਤਰੀਕੇ ਨਾਲ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਹੇ 85 ਲੋਕਾਂ ਨੂੰ ਐਤਵਾਰ ਨੂੰ ਹਿਰਾਸਤ ’ਚ ਲੈ ਲਿਆ। ਕੋਲੰਬੋ ਗਜ਼ਟ ਦੇ ਮੁਤਾਬਕ, ਮੱਛੀ ਫ਼ੜਨ ਵਾਲੀ ਬੇੜੀ ਦੇ ਜ਼ਰੀਏ ਵਿਦੇਸ਼ ਭੱਜ ਰਹੇ ਲੋਕਾਂ ’ਤੇ ਪੈਟਰੋਲਿੰਗ ਦੌਰਾਨ ਜਲ ਸੈਨਾ ਦੀ ਬੱਟੀਕੋਲਾ ’ਚ ਨਜ਼ਰ ਪਈ ਤੇ ਉਸਨੇ ਇਨ੍ਹਾਂ ਨੂੰ ਫੜ ਲਿਆ, ਇਨ੍ਹਾਂ ’ਚ 60 ਮਰਦ, 14 ਔਰਤਾਂ ਤੇ 11 ਬੱਚੇ ਸ਼ਾਮਲ ਹਨ। ਇੱਧਰ, ਕੁਝ ਮਹੀਨਿਆਂ ’ਚ ਜਲ ਸੈਨਾ ਨੇ ਨਾਜਾਇਜ਼ ਤਰੀਕੇ ਨਾਲ ਸਮੁੰਦਰ ਦੇ ਰਸਤੇ ਭੱਜਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਵੱਡੀ ਗਿਣਤੀ ’ਚ ਹਿਰਾਸਤ ’ਚ ਲਿਆ ਹੈ।

Related posts

ਈਰਾਨ ਨੇ ਅਮਰੀਕਾ ਉਪਰ ਯੁੱਧ ਨੂੰ ਭੜਕਾਉਣ ਦਾ ਦੋਸ਼ ਲਗਾਇਆ

admin

ਭਾਰਤ-ਆਸਟ੍ਰੀਆ ਵਲੋਂ ਵਪਾਰ, ਨਿਵੇਸ਼ ਅਤੇ ਹਰੀ ਤਕਨਾਲੋਜੀ ‘ਚ ਸਹਿਯੋਗ ਵਧਾਉਣ ‘ਤੇ ਜ਼ੋਰ

admin

ਵਿਸ਼ਵ ਸਿਹਤ ਸੰਗਠਨ ਵਲੋਂ ਲੇਬਨਾਨ ਵਿੱਚ ਹਮਲਿਆਂ ‘ਤੇ ਗੰਭੀਰ ਚਿੰਤਾ ਪ੍ਰਗਟ

admin