ਚੰਡੀਗੜ੍ਹ – ਪੰਜਾਬ ਕਾਂਗਰਸ ਦੇ ਵੱਡੇ-ਵੱਡੇ ਦਿੱਗਜਾਂ ਦੀ ਅੱਜ ਭਾਰਤੀ ਜਨਤਾ ਪਾਰਟੀ ‘ਚ ਸ਼ਾਮਲ ਹੋਣ ਦੀ ਹੋੜ ਲੱਗੀ ਹੋਈ ਹੈ ਤੇ ਪਾਰਟੀ ਦਾ ਕੁਨਬਾ ਜਿਵੇਂ ਬਿਖਰ ਰਿਹਾ ਹੈ, ਉਸ ਦਾ ਸਿਹਰਾ ਜੇਕਰ ਕਿਸੇ ਇਕ ਆਦਮੀ ਸਿਰ ਬੰਨ੍ਹਣਾ ਹੋਵੇ ਤਾਂ ਸਭ ਤੋਂ ਪਹਿਲਾ ਨਾਂ ਨਵਜੋਤ ਸਿੰਘ ਸਿੱਧੂ ਦਾ ਹੀ ਉੱਭਰ ਕੇ ਆਵੇਗਾ। ਮਾਰਚ 2021 ‘ਚ ਪੰਜਾਬ ਦੇ ਅੱਧੇ ਤੋਂ ਵੱਧ ਸ਼ਹਿਰਾਂ ‘ਚ ਨਗਰ ਪਾਲਿਕਾਵਾਂ ਤੇ ਨਿਗਮਾਂ ਦੀਆਂ ਚੋਣਾਂ ‘ਚ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ ਇਕਪਾਸੜ ਜਿੱਤ ਪ੍ਰਾਪਤ ਕੀਤੀ, ਉਸ ਤੋਂ ਲੋਕਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੈਪਟਨ ਅਮਰਿੰਦਰ ਸਿੰਘ ਅਗਲੀ ਪਾਰੀ ਵੀ ਖੇਡ ਸਕਦੇ ਹਨ, ਕਿਉਂਕਿ ਉਨ੍ਹਾਂ ਦੇ ਸਾਹਮਣੇ ਕੋਈ ਵਿਰੋਧੀ ਨਜ਼ਰ ਨਹੀਂ ਆ ਰਿਹਾ ਹੈ।
ਆਮ ਆਦਮੀ ਪਾਰਟੀ, ਅਕਾਲੀ ਦਲ ਆਦਿ ਖਿੰਡੇ ਨਜ਼ਰ ਆ ਰਹੇ ਸਨ ਤੇ ਭਾਜਪਾ ਨੂੰ ਵੀ ਸਿਆਸੀ ਜ਼ਮੀਨ ਹਾਸਲ ਨਹੀਂ ਕਰ ਰਹੀ ਸੀ, ਪਰ ਜਿਵੇਂ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੂੰ ਲੈ ਕੇ ਕੋਟਕਪੂਰਾ ਗੋਲੀ ਕਾਂਡ ‘ਚ ਹਾਈ ਕੋਰਟ ਦਾ ਫੈਸਲਾ ਆਇਆ, ਸਭ ਕੁਝ ਉਲਟ-ਪੁਲਟ ਹੋ ਗਿਆ। 2019 ਦੀਆਂ ਸੰਸਦੀ ਚੋਣਾਂ ਤੋਂ ਬਾਅਦ ਕੈਬਨਿਟ ਛੱਡਣ ਤੋਂ ਬਾਅਦ ਹਾਸ਼ੀਏ ‘ਤੇ ਬੈਠੇ ਨਵਜੋਤ ਸਿੰਘ ਸਿੱਧੂ ‘ਚ ਜਿਵੇਂ ਅਚਾਨਕ ਜਾਨ ਆ ਗਈ। ਉਨ੍ਹਾਂ ਇਸ ਫੈਸਲੇ ਲਈ ਆਪਣੀ ਹੀ ਸਰਕਾਰ ਦੀ ਅਜਿਹੀ ਘੇਰਾਬੰਦੀ ਕੀਤੀ ਕਿ ਪਾਰਟੀ ਨੇ ਸੁਨੀਲ ਜਾਖੜ ਵਰਗੇ ਮਜ਼ਬੂਤ ਕਾਂਗਰਸੀ ਦਿੱਗਜ ਨੂੰ ਹਟਾ ਕੇ ਸੂਬੇ ਦੀ ਕਮਾਨ ਸਿੱਧੂ ਨੂੰ ਸੌਂਪ ਦਿੱਤੀ।
ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਪਰ ਕੈਪਟਨ ਦੇ ਵਿਰੋਧ ਦੇ ਬਾਵਜੂਦ ਹਾਈਕਮਾਂਡ ਨੇ ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਨੂੰ ਸੌਂਪ ਦਿੱਤੀ। ਨਵਜੋਤ ਸਿੰਘ ਸਿੱਧੂ ਨੇ ਸੂਬਾ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਲਈ ਮੁਸ਼ਕਲਾਂ ਖੜ੍ਹੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਦੀ ਹਾਲਤ ਇਸ ਤਰ੍ਹਾਂ ਕਰ ਦਿੱਤੀ ਕਿ ਪਾਰਟੀ ਹਾਈਕਮਾਂਡ ਨੂੰ ਕੈਪਟਨ ਅਮਰਿੰਦਰ ਸਿੰਘ ‘ਤੇ ਭਰੋਸਾ ਹੀ ਨਹੀਂ ਰਿਹਾ। ਕੈਪਟਨ ਦੇ ਕਰੀਬੀ ਮੰਤਰੀ ਵੀ ਉਸ ਦਾ ਸਾਥ ਛੱਡ ਗਏ। ਉਨ੍ਹਾਂ ਨੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਪਾਰਟੀ ਛੱਡ ਦਿੱਤੀ।
ਇਸ ਤੋਂ ਬਾਅਦ ਚੋਣਾਂ ਤੋਂ ਮਹਿਜ਼ ਤਿੰਨ ਮਹੀਨੇ ਪਹਿਲਾਂ ਪਾਰਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਪਰ ਨਵਜੋਤ ਸਿੰਘ ਸਿੱਧੂ ਦੀ ਗੱਲ ਚੰਨੀ ਨਾਲ ਵੀ ਨਹੀਂ ਬਣੀ। ਸਿੱਧੂ ਚੰਨੀ ਦੇ ਫੈਸਲਿਆਂ ਦਾ ਵੀ ਵਿਰੋਧ ਕਰਦੇ ਰਹੇ। ਹਾਲਾਂਕਿ ਇਨ੍ਹਾਂ ‘ਚ ਕਈ ਅਜਿਹੇ ਫੈਸਲੇ ਸਨ, ਜਿਸ ਕਾਰਨ ਕਾਂਗਰਸ ਇਕ ਵਾਰ ਫਿਰ ਸੱਤਾ ‘ਚ ਆਉਣ ਦੇ ਸੁਪਨੇ ਦੇਖਣ ਲੱਗ ਪਈ ਸੀ ਪਰ ਨਵਜੋਤ ਸਿੱਧੂ ਆਪਣੀ ਹੀ ਪਾਰਟੀ ਦੇ ਨੇਤਾਵਾਂ ਦੇ ਫੈਸਲਿਆਂ ‘ਤੇ ਸਵਾਲ ਖੜ੍ਹੇ ਕਰਦੇ ਰਹੇ।
ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਚਿਹਰਾ ਐਲਾਨ ਦਿੱਤਾ। ਇਸ ਤੋਂ ਨਵਜੋਤ ਸਿੰਘ ਸਿੱਧੂ ਨਾਖੁਸ਼ ਸਨ। ਚੋਣਾਂ ਦੌਰਾਨ ਵੀ ਉਨ੍ਹਾਂ ਨੇ ਪਾਰਟੀ ਨੂੰ ਕਈ ਵਾਰ ਮੁਸੀਬਤ ‘ਚ ਪਾਇਆ। ਨਤੀਜਾ ਇਹ ਨਿਕਲਿਆ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ 18 ਸੀਟਾਂ ‘ਤੇ ਸਿਮਟ ਗਈ। ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਬਹੁਮਤ ਮਿਲਿਆ ਹੈ। ‘ਆਪ’ ਨੇ 117 ਵਿਧਾਨ ਸਭਾ ਸੀਟਾਂ ‘ਚੋਂ 92 ‘ਤੇ ਜਿੱਤ ਹਾਸਲ ਕੀਤੀ ਹੈ।
ਨਵਜੋਤ ਸਿੰਘ ਸਿੱਧੂ ਦੀ ਗਲਤ ਰਣਨੀਤੀ ਦਾ ਖਾਮਿਆਜ਼ਾ ਕਾਂਗਰਸ ਨੂੰ ਭੁਗਤਣਾ ਪਿਆ, ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪਾਰਟੀ ਛੱਡੀ, ਉਸ ਤੋਂ ਬਾਅਦ ਸੁਨੀਲ ਜਾਖੜ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ। ਅੱਜ ਪਾਰਟੀ ਦੇ ਕਈ ਹੋਰ ਵੱਡੇ ਆਗੂ ਭਾਜਪਾ ‘ਚ ਸ਼ਾਮਲ ਹੋ ਗਏ ਹਨ।
