ਨਵੀਂ ਦਿੱਲੀ – ਮੋਦੀ ਸਰਕਾਰ ਅੱਜ ਸ਼ਸਤਰ ਬਲਾਂ ਦੀ ਭਰਤੀ ਦੇ ਤਰੀਕੇ ‘ਚ ਇਕ ਵੱਡੇ ਬਦਲਾਅ ਦਾ ਐਲਾਨ ਕਰ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟੂਰ ਆਫ ਡਿਊਟੀ ਸਿਸਟਮ ਤਹਿਤ ਫ਼ੌਜੀਆਂ ਨੂੰ 4 ਸਾਲ ਲਈ ਫ਼ੌਜ ‘ਚ ਭਰਤੀ ਕੀਤਾ ਜਾ ਸਕਦਾ ਹੈ ਤੇ ਫ਼ੌਜੀ ਸੇਵਾਵਾਂ ਖ਼ਤਮ ਹੋਣ ‘ਤੇ ਜਵਾਨਾਂ ਨੂੰ ਟੈਕਸ ਫ੍ਰੀ ਤਰੀਕੇ ਨਾਲ 10 ਲੱਖ ਰੁਪਏ ਦੀ ਰਕਮ ਦੇਣ ਦਾ ਵੀ ਐਲਾਨ ਕੀਤਾ ਜਾ ਸਕਦਾ ਹੈ ਤੇ ਉਨ੍ਹਾਂ ਦੀਆਂ ਸੇਵਾਵਾਂ ਲਈ ਸਰਟੀਫਿਕੇਟ ਜਾਂ ਡਿਪਲੋਮਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਸੂਤਰਾਂ ਮੁਤਾਬਕ ਟੂਰ ਆਫ ਡਿਊਟੀ ਨੂੰ ‘ਅਗਨੀਪਥ’ ਦਾ ਨਾਂ ਦਿੱਤੇ ਜਾਣ ਦੀ ਸੰਭਾਵਨਾ ਹੈ, ਹਾਲਾਂਕਿ ਫਿਲਹਾਲ ਅਧਿਕਾਰਤ ਤੌਰ ‘ਤੇ ਇਸ ਦਾ ਐਲਾਨ ਨਹੀਂ ਕੀਤਾ ਗਿਆ ਹੈ, ਉੱਥੇ ਹੀ ਸ਼ਸਤਰ ਬਲਾਂ ਨੂੰ ‘ਅਗਨੀਵੀਰ’ ਕਿਹਾ ਜਾਵੇਗਾ। New Tour of Duty ਤਹਿਤ ਸਰਕਾਰ ਦਾ ਮਕਸਦ ਹਰ ਸਾਲ ਤਿੰਨ ਸੇਵਾਵਾਂ ‘ਚ ਅਧਿਕਾਰੀ ਰੈਂਕ ਤੋਂ ਹੇਠਾਂ ਲਈ ਲਗਪਗ 45,000-50,000 ਅਗਨੀਵੀਰਾਂ ਦੀ ਭਰਤੀ ਕਰਨਾ ਹੈ।
ਨਵੇਂ ਨਿਯਮਾਂ ਤਹਿਤ ਫ਼ੌਜੀਆੰ ਦੀ ਭਰਤੀ ਹਰ ਸਾਲ 2 ਵਾਰ 6 ਮਹੀਨੇ ਦੇ ਗੈਪ ‘ਤੇ ਕੀਤੀ ਜਾਵੇਗੀ। ਦਫ਼ਤਰ ਦੇ ਖ਼ਤਮ ਹੋਣ ‘ਤੇ 25 ਫ਼ੀਸਦ ਫ਼ੌਜੀਆਂ ਨੂੰ ਵਾਪਸ ਫ਼ੌਜ ‘ਚ ਸ਼ਾਮਲ ਕੀਤਾ ਜਾਵੇਗਾ। ਨਵੇਂ ਨਿਯਮਾਂ ਮੁਤਾਬਕ 17.5 ਸਾਲ ਤੋਂ 21 ਸਾਲ ਦੇ ਵਿਚਕਾਰ ਉਮੀਦਵਾਰ ਟੂਰ ਆਫ ਡਿਊਟੀ ਲਈ ਅਪਲਾਈ ਕਰ ਸਕਣਗੇ। ਭਰਤੀ ਹੋਣ ਵਾਲੇ ਫ਼ੌਜੀਆਂ ਨੂੰ 6 ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਤੇ ਉਹ ਬਾਕੀ ਦੇ ਬਚੇ ਹੋਏ ਕਾਰਜਕਾਲ ‘ਚ ਆਪਣੀਆਂ ਸੇਵਾਵਾਂ ਦੇਣਗੇ। ਮੌਜੂਦਾ ਸਮੇਂ ਇਕ ਫ਼ੌਜੀ ਲਗਪਗ 17 ਤੋਂ 20 ਸਾਲ ਦੀ ਸੇਵਾ ਕਰਦਾ ਹੈ। ਨਵੀਂ ਯੋਜਨਾ ਤਹਿਤ ਸ਼ੁਰੂਆਤੀ ਤਨਖ਼ਾਹ 30,000 ਰੁਪਏ ਦਿੱਤੀ ਜਾਵੇਗੀ। ਚੌਥੇ ਸਾਲ ਦੇ ਅਖੀਰ ਤਕ ਵਧਾ ਕੇ 40,000 ਰੁਪਏ ਹੋ ਜਾਵੇਗੀ।
