ਪਟਿਆਲਾ – ‘‘ਜੇਕਰ ਪਾਰਟੀ ਦੀ ਮਜਬੂਤੀ ਲਈ, ਤਕੜਾ ਕਰਨ ਲਈ ਚਾਰ ਪੰਜ ਲੋਕ ਸਲਾਹ ਕਰਦੇ ਹਨ ਤੇ ਸੋਚਦੇ ਹਨ ਕਿ ਆਪਣਾ ਸਰਵੇਖਣ ਕਰਕੇ ਪਾਰਟੀ ਪ੍ਰਧਾਨ ਨੂੰ ਦੱਸਣ ਦੀ ਗੱਲ ਕਰਦੇ ਹਨ ਤਾਂ ਇਹ ਬਾਗੀਪੁਣਾ ਨਹੀਂ ਹੈ। ਉਹ ਕਿਸੇ ਗੈਰ ਅਕਾਲੀ ਦੇ ਘਰ ਨਹੀਂ ਬੈਠੇ ਸਨ, ਮੰਨੇ ਪ੍ਰਮੰਨੇ ਅਕਾਲੀ ਪਰਿਵਾਰ ਦੇ ਘਰ ਹੀ ਬੈਠਕ ਹੋਈ ਸੀ। ਸਲਾਹ ਮਸ਼ਵਰਾ ਕਰਨਾ ਜਾਂ ਪ੍ਰਧਾਨ ਨੂੰ ਪਾਰਟੀ ਹਿੱਤ ਲਈ ਕਹਿਣਾ ਬਾਗੀ ਹੋਣ ਨਹੀਂ ਹੁੰਦਾ, ਇਸ ਲਈ ਅਜਿਹੇ ਸ਼ਬਦ ਵਰਤਣ ਤੋਂ ਗੁਰੇਜ ਹੋਣੀ ਚਾਹੀਦੀ ਹੈ।’’ ਇਹ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਪੱਤਰਕਾਰ ਵਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਕਹੀ ਹੈ।
ਬੀਤੇ ਦਿਨੀਂ ਕੁੱਝ ਅਕਾਲੀ ਨੇਤਾਵਾਂ ਵਲੋਂ ਅੰਮ੍ਰਿਤਸਰ ਵਿਖੇ ਮੀਟਿੰਗ ਕੀਤੇ ਜਾਣ ’ਤੇ ਬਾਗੀ ਵਜੋਂ ਪ੍ਰਚਾਰੇ ਜਾਣ ’ਤੇ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਸਖ਼ਤ ਨੋਟਿਸ ਲਿਆ। ਉਨ੍ਹਾਂ ਕਿਹਾ ਕਿ ਸਾਰੇ ਅਕਾਲੀ ਇਕ ਅਕਾਲੀ ਦਲ ਦੇ ਹੀ ਨੇਤਾ ਦੇ ਘਰ ਇਕੱਠੇ ਹੋ ਕੇ ਅਕਾਲੀ ਦਲ ਦੀ ਬਿਹਤਰੀ ਲਈ ਹੀ ਗੱਲਬਾਤ ਕਰ ਰਹੇ ਸਨ । ਉਨ੍ਹਾਂ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਭਵਿੱਖ ਵਿਚ ਅਜਿਹੀਆਂ ਖਬਰਾਂ ਤੋਂ ਉਹ ਗੁਰੇਜ਼ ਕਰਨ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅਨੁਸ਼ਾਸਨੀ ਕਮੇਟੀ ਬਣਾਏ ਜਾਣ ਤੇ ਟਿੱਪਣੀ ਕਰਦਿਆਂ ਉਨਾਂ ਨੇ ਕਿਹਾ ਕਿ ਇਹ ਕਮੇਟੀ ਉਨ੍ਹਾਂ ਦੀ ਮੀਟਿੰਗ ਤੋਂ ਪਹਿਲਾਂ ਹੀ ਪ੍ਰੀਕ੍ਰਿਆ ਵਿਚ ਸੀ।
ਸੀਨੀਅਰ ਮੀਤ ਪ੍ਰਧਾਨ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉਸ ਬਿਆਨ ਦਾ ਸਵਾਗਤ ਕੀਤਾ ਹੈ ਜਿਸ ਵਿਚ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਨਸੀਹਤ ਕੀਤੀ ਹੈ ਕਿ ਉਹ ਜਥੇਬੰਦੀ ਦਾ ਵਜੂਦ ਬਚਾਉਣ ਦੇ ਲਈ ਸੱਤਾ ਪ੍ਰਾਪਤੀ ਨੂੰ ਛੱਡ ਕੇ ਪੰਥ ਦੇ ਭਲੇ ਅਤੇ ਸਿੱਖੀ ਦੇ ਪ੍ਰਚਾਰ ਦਾ ਝੰਡਾ ਬੁਲੰਦ ਕਰਨ। ਜ਼ਿਕਰਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਬੀਤੇ ਦਿਨੀਂ 1922 ਦੌਰਾਨ ਗੁਰਦੁਆਰਾ ਸੁਧਾਰ ਲਹਿਰ ਦੇ ਤਹਿਤ ਲਗਾਏ ਗਏ ਮੋਰਚਾ ਗੁਰੂ ਕਾ ਬਾਗ ਦੀ ਪਹਿਲੀ ਸ਼ਤਾਬਦੀ ਸਬੰਧੀ ਸਮਾਰੋਹ ਦੌਰਾਨ ਅਕਾਲੀ ਨੇਤਾਵਾਂ ਨੂੰ ਇਹ ਨਸੀਹਤ ਦਿੱਤੀ ਸੀ।
