ਚੰਡੀਗੜ – ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ਨਸ਼ਿਆਂ ਵਿਰੁੱਧ ਜੰਗ ਦੌਰਾਨ, ਪੰਜਾਬ ਪੁਲਿਸ ਨੇ ਪਿਛਲੇ ਇੱਕ ਹਫਤੇ ਵਿੱਚ ਨਾਰਕੋਟਿਕ ਡਰੱਗਜ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐੱਨ.ਡੀ.ਪੀ.ਐੱਸ.) ਐਕਟ ਤਹਿਤ 31 ਵਪਾਰਕ ਮਾਮਲਿਆਂ ਸਮੇਤ 230 ਐੱਫ.ਆਈ.ਆਰ. ਦਰਜ ਕਰਕੇ 327 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗਿ੍ਰਫਤਾਰ ਕੀਤਾ ਹੈ। ਪੁਲਿਸ ਨੇ ਪਿਛਲੇ ਹਫਤੇ ਵਿੱਚ 43 ਭਗੌੜਿਆਂ ਅਤੇ ਐਨਡੀਪੀਐਸ ਕੇਸਾਂ ਵਿੱਚ ਲੋੜੀਂਦੇ ਅਪਰਾਧੀਆਂ ਨੂੰ ਵੀ ਗਿ੍ਰਫਤਾਰ ਕੀਤਾ ਹੈ।
ਇੰਸਪੈਕਟਰ ਜਨਰਲ ਆਫ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਅੱਜ ਇੱਥੇ ਆਪਣੀ ਹਫਤਾਵਾਰੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸੂਬੇ ਭਰ ਦੇ ਸੰਵੇਦਨਸ਼ੀਲ ਰਸਤਿਆਂ ‘ਤੇ ਨਾਕੇ ਲਗਾਉਣ ਦੇ ਨਾਲ-ਨਾਲ ਨਸਾ ਪ੍ਰਭਾਵਿਤ ਇਲਾਕਿਆਂ ‘ਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾ ਕੇ ਪੁਲਿਸ ਨੇ ਇੱਕ ਹਫ਼ਤੇ ਵਿੱਚ 11.73 ਕਿਲੋ ਹੈਰੋਇਨ, 20 ਕਿਲੋ ਅਫੀਮ, 9 ਕਿਲੋ ਗਾਂਜਾ, 5.76 ਕੁਇੰਟਲ ਭੁੱਕੀ, ਫਾਰਮਾ ਓਪੀਓਡਜ ਦੀਆਂ 28 ਹਜ਼ਾਰ ਗੋਲੀਆਂ/ਕੈਪਸੂਲ/ਟੀਕੇ/ ਸੀਸੀਆਂ ਤੋਂ ਇਲਾਵਾ 20.07 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਨਸ਼ਿਆਂ ਦੀ ਤਸਕਰੀ ਦੇ ਨਵੇਂ ਰੁਝਾਨਾਂ ਬਾਰੇ ਗੱਲ ਕਰਦਿਆਂ ਉਨਾਂ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੀ ਤਸਕਰੀ ‘ਤੇ ਨਕੇਲ ਕਸਣ ਤੋਂ ਬਾਅਦ ਹੁਣ ਨਸ਼ਾ ਤਸਕਰ/ਸਪਲਾਇਰ ਬਹੁਤ ਘੱਟ ਮਾਤਰਾ ‘ਚ ਭਾਵ ਮਿਲੀਗ੍ਰਾਮ ਅਤੇ ਗ੍ਰਾਮ ‘ਚ ਨਸ਼ਾ ਵੇਚ ਕੇ ਗਿ੍ਰਫਤਾਰੀਆਂ ਤੋਂ ਬਚਣ ਲਈ ਨਵੇਂ ਤਰੀਕੇ ਅਪਣਾ ਰਹੇ ਹਨ। ਉਹਨਾਂ ਅੱਗੇ ਕਿਹਾ ਤਾਜਾ ਰੁਝਾਨ ਸਾਹਮਣੇ ਆਇਆ ਹੈ ਜਿਸ ਵਿੱਚ ਨਸ਼ਾ ਤਸਕਰ ਪਿਆਜ ਨਾਲ ਭਰੇ ਟਰੱਕਾਂ ਵਿੱਚ ਛੁਪਾ ਕੇ ਨਸ਼ਿਆਂ ਦੀ ਤਸਕਰੀ ਕਰ ਰਹੇ ਹਨ।
ਆਈਜੀਪੀ ਨੇ ਕਿਹਾ ਕਿ ਅਬੋਹਰ ਅਤੇ ਫਿਰੋਜਪੁਰ ਖੇਤਰ ਤੋਂ ਨਸ਼ਿਆਂ ਦੀ ਸਪਲਾਈ ਵੱਧ ਰਹੀ ਹੈ ਅਤੇ ਡਰੱਗ ਸਪਲਾਇਰ ਹੁਣ ਚੈਕਿੰਗ ਤੋਂ ਬਚਣ ਲਈ ਨਸ਼ਿਆਂ ਦੀ ਤਸਕਰੀ ਕਰਨ ਲਈ ਜਨਤਕ ਆਵਾਜਾਈ ਨੂੰ ਤਰਜੀਹ ਦੇ ਰਹੇ ਹਨ। ਉਹਨਾਂ ਅੱਗੇ ਕਿਹਾ ਕਿ ਨਸ਼ੀਲੀਆਂ ਗੋਲੀਆਂ ਮੁੱਖ ਤੌਰ ‘ਤੇ ਯੂਪੀ-ਦਿੱਲੀ ਦੇ ਸਹਾਰਨਪੁਰ, ਗਾਜੀਆਬਾਦ, ਬਹਾਦੁਰਗੜ ਖੇਤਰਾਂ ਤੋਂ ਹਰਿਆਣਾ ਜ਼ਰੀਏ ਜਦਕਿ ਅਫੀਮ ਅਤੇ ਭੁੱਕੀ ਮੱਧ ਪ੍ਰਦੇਸ਼-ਰਾਜਸਥਾਨ ਖੇਤਰ ਤੋਂ ਆ ਰਹੀ ਹੈ।
ਆਈਜੀਪੀ ਸੁਖਚੈਨ ਸਿੰਘ ਗਿੱਲ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ/ਸਪਲਾਇਰਾਂ ‘ਤੇ ਸ਼ਿਕੰਜਾ ਕੱਸਣ ਦੇ ਨਾਲ-ਨਾਲ ਸਮਾਜ ਵਿਰੋਧੀ ਅਨਸਰਾਂ ਅਤੇ ਗੈਂਗਸਟਰਾਂ ਵਿਰੁੱਧ ਵੀ ਜੰਗ ਵਿੱਢੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸੱਤਾ ਸੰਭਾਲਣ ਉਪਰੰਤ ਪੰਜਾਬ ਪੁਲਿਸ ਦੀਆਂ ਟੀਮਾਂ ਨੇ ਸਫਲਤਾਪੂਰਵਕ 67 ਅਪਰਾਧਿਕ ਮਾਡਿਊਲਾਂ ਦਾ ਪਰਦਾਫਾਸ਼ ਕਰਕੇ 301 ਗੈਂਗਸਟਰਾਂ ਨੂੰ ਗਿ੍ਰਫਤਾਰ ਕਰਨ ਤੋਂ ਇਲਾਵਾ ਮੁਕਾਬਲੇ ਵਿੱਚ ਦੋ ਖਤਰਨਾਕ ਗੈਂਗਸਟਰਾਂ ਨੂੰ ਮਾਰ ਮੁਕਾਇਆ ਹੈ ਅਤੇ ਉਨਾਂ ਦੇ ਕਬਜੇ ਵਿੱਚੋਂ 640 ਹਥਿਆਰਾਂ ਸਮੇਤ 174 ਮੈਗਜੀਨਾਂ ਅਤੇ 3364 ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਪੁਲਿਸ ਟੀਮਾਂ ਨੇ 7 ਹੱਥ ਗੋਲੇ ਅਤੇ ਪੰਜ ਆਈਈਡੀਜ਼ ਵੀ ਬਰਾਮਦ ਕੀਤੇ ਹਨ।
ਜ਼ਿਕਰਯੋਗ ਹੈ ਕਿ ਡੀਜੀਪੀ ਵੱਲੋਂ ਸਾਰੇ ਸੀਪੀਜ/ਐਸਐਸਪੀਜ ਨੂੰ ਸਾਰੇ ਨਾਮੀ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਅਤੇ ਆਪਣੇ ਅਧਿਕਾਰ ਖੇਤਰਾਂ ਵਿੱਚ ਨਸ਼ਾ ਤਸਕਰੀ ਵਾਲੇ ਸੰਵੇਦਨਸ਼ੀਲ ਸਥਾਨਾਂ ਦੀ ਸ਼ਨਾਖਤ ਕਰਕੇ ਨਸ਼ਾ ਤਸਕਰਾਂ ‘ਤੇ ਨਕੇਲ ਕੱਸਣ ਅਤੇ ਨਸ਼ਾ ਵੇਚਣ/ਤਸਕਰੀ ਕਰਨ ਵਾਲੇ ਸਾਰੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਤਲਾਸੀ ਮੁਹਿੰਮ ਸ਼ੁਰੂ ਕਰਨ ਦੇ ਸਖਤ ਹੁਕਮ ਦਿੱਤੇ ਗਏ ਹਨ। ਉਹਨਾਂ ਪੁਲਿਸ ਮੁਖੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਫੜੇ ਗਏ ਸਾਰੇ ਨਸ਼ਾ ਤਸਕਰਾਂ ਦੀ ਜਾਇਦਾਦ ਜ਼ਬਤ ਕੀਤੀ ਜਾਵੇ ਤਾਂ ਜੋ ਉਹਨਾਂ ਤੋਂ ਨਜਾਇਜ ਰਾਸ਼ੀ ਬਰਾਮਦ ਕੀਤੀ ਜਾ ਸਕੇ।
