ਮਹਿਸਾਣਾ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਦੋ ਦਿਨਾਂ ਗੁਜਰਾਤ ਦੌਰੇ ਦੇ ਪਹਿਲੇ ਦਿਨ ਸੋਮਵਾਰ ਨੂੰ ਰਾਜ ਦੇ ਮਹਿਸਾਣਾ ਜ਼ਿਲ੍ਹੇ ਵਿੱਚ 5,950 ਕਰੋੜ ਰੁਪਏ ਦੇ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਕਿਸਾਨਾਂ ਨੂੰ ਮਜ਼ਬੂਤ ਕਰਨਗੇ ਅਤੇ ਜ਼ਿਲ੍ਹੇ ਵਿੱਚ ਸੰਪਰਕ ਨੂੰ ਉਤਸ਼ਾਹਿਤ ਕਰਨਗੇ। ਪੀਐਮ ਮੋਦੀ ਨੇ ਇਹ ਵੀ ਕਿਹਾ ਕਿ ਉਹ ਜੋ ਵੀ ਵਾਅਦਾ ਕਰਦੇ ਹਨ, ਉਹ ਉਸ ਨੂੰ ਪੂਰਾ ਕਰਦੇ ਹਨ ਅਤੇ ‘ਲੋਕ ਇਸ ਬਾਰੇ ਜਾਣਦੇ ਹਨ।’ ਪੀਐਮ ਮੋਦੀ ਨੇ ਕਿਹਾ ਕਿ “ਲੋਕ ਜਾਣਦੇ ਹਨ ਕਿ ਜਦੋਂ ਮੈਂ ਕੋਈ ਵਾਅਦਾ ਕਰਦਾ ਹਾਂ, ਮੈਂ ਉਸ ਨੂੰ ਪੂਰਾ ਕਰਦਾ ਹਾਂ, ਦੇਸ਼ ਦਾ ਤੇਜ਼ੀ ਨਾਲ ਵਿਕਾਸ ਸਥਿਰ ਸਰਕਾਰ ਕਾਰਨ ਹੁੰਦਾ ਹੈ।” ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਨਾਸਕਾਂਠਾ ਜ਼ਿਲ੍ਹੇ ਦੇ ਅੰਬਾਜੀ ਮੰਦਰ ’ਚ ਪੂਜਾ ਅਰਚਨਾ ਕਰਕੇ ਆਪਣੇ ਦੌਰੇ ਦੀ ਸ਼ੁਰੂਆਤ ਕੀਤੀ। ਮਹਿਸਾਣਾ ਰੈਲੀ ਵਿੱਚ ਮੋਦੀ ਨੇ ਕਿਹਾ ਕਿ ਅੱਜ 30 ਅਕਤੂਬਰ ਹੈ ਅਤੇ ਕੱਲ੍ਹ 31 ਅਕਤੂਬਰ ਹੈ, ਇਹ ਦੋਵੇਂ ਦਿਨ ਸਾਡੇ ਲਈ ਬਹੁਤ ਪ੍ਰੇਰਨਾਦਾਇਕ ਹਨ। ਅੱਜ ਗੋਵਿੰਦ ਗੁਰੂ ਜੀ ਦੀ ਬਰਸੀ ਹੈ। ਕੱਲ੍ਹ ਸਰਦਾਰ ਵੱਲਭ ਭਾਈ ਪਟੇਲ ਦਾ ਜਨਮ ਦਿਨ ਹੈ। ਜਿਨ੍ਹਾਂ ਨੇ ਆਜ਼ਾਦੀ ਲਈ ਲੜਾਈ ਲੜੀ ਅਤੇ ਅੰਗਰੇਜ਼ਾਂ ਨੂੰ ਸਖ਼ਤ ਟੱਕਰ ਦਿੱਤੀ। ਸਾਡੀ ਪੀੜ੍ਹੀ ਨੇ ਦੁਨੀਆਂ ਦੀ ਸਭ ਤੋਂ ਉੱਚੀ ਮੂਰਤੀ ਦੇਖੀ। ਅਸੀਂ ਸਰਦਾਰ ਪਟੇਲ ਪ੍ਰਤੀ ਆਪਣਾ ਉੱਚਤਮ ਸਨਮਾਨ ਪ੍ਰਗਟ ਕੀਤਾ ਹੈ। ਆਉਣ ਵਾਲੀਆਂ ਪੀੜ੍ਹੀਆਂ ਸਰਦਾਰ ਪਟੇਲ ਦੇ ਬੁੱਤ ਵੱਲ ਦੇਖਣਗੀਆਂ ਪਰ ਮੱਥਾ ਨਹੀਂ ਟੇਕਣਗੀਆਂ, ਉਨ੍ਹਾਂ ਦਾ ਸਿਰ ਉੱਚਾ ਰਹੇਗਾ। ਪੀ.ਐਮ. ਨਰਿੰਦਰ ਮੋਦੀ ਨੇ ਮਹਿਸਾਣਾ ਵਿੱਚ ਕਿਹਾ ਕਿ ਉੱਤਰੀ ਗੁਜਰਾਤ ਵਿੱਚ ਪਾਣੀ ਦੀ ਸਮੱਸਿਆ ਹੁਣ ਬੀਤੇ ਦੀ ਗੱਲ ਬਣ ਗਈ ਹੈ। ਸੁਜਲਾਮ ਸੁਫਲਾਮ ਯੋਜਨਾ ਨੂੰ ਉੱਤਰੀ ਗੁਜਰਾਤ ਨੇ ਸਫਲ ਬਣਾਇਆ। ਨਵੀਂ ਸਿੰਚਾਈ ਤਕਨੀਕ ਕਾਰਨ ਕਿਸਾਨ ਖੁਸ਼ਹਾਲ ਹੋ ਗਏ ਹਨ। ਮਾਂ ਨਰਮਦਾ ਦਾ ਪਾਣੀ ਹਰ ਘਰ ਪਹੁੰਚ ਗਿਆ ਹੈ। ਉੱਤਰੀ ਗੁਜਰਾਤ ਦੇ ਆਲੂ ਦੁਨੀਆਂ ਭਰ ਵਿੱਚ ਮਸ਼ਹੂਰ ਹਨ। ਫਰੈਂਚ ਫਰਾਈਜ਼ ਲਈ ਉੱਤਰੀ ਗੁਜਰਾਤ ਦੇ ਆਲੂਆਂ ਦੀ ਮੰਗ ਹੈ। ਬਨਾਸਕਾਂਠਾ ਵਿੱਚ ਇੱਕ ਮੈਗਾ ਫੂਡ ਪਾਰਕ ਬਣਾਉਣ ਦਾ ਕੰਮ ਚੱਲ ਰਿਹਾ ਹੈ। ਦੁਨੀਆਂ ਭਰ ਤੋਂ ਲੋਕ ਇੱਥੇ ਡੇਅਰੀ ਮਾਡਲ ਦੇਖਣ ਆਉਂਦੇ ਹਨ। ਮੋਦੀ ਨੇ ਮਹਿਸਾਣਾ ਰੈਲੀ ਵਿੱਚ ਚੰਦਰਯਾਨ-3 ਅਤੇ ਜੀ-20 ਦੀ ਸਫ਼ਲਤਾ ਬਾਰੇ ਚਰਚਾ ਕੀਤੀ। ਪੀ.ਐਮ. ਨੇ ਕਿਹਾ ਕਿ ਭਾਰਤ ਸਫਲਤਾਪੂਰਵਕ ਚੰਦਰਮਾ ਦੇ ਉਸ ਖੇਤਰ ਵਿੱਚ ਪਹੁੰਚ ਗਿਆ ਹੈ ਜਿੱਥੇ ਹੁਣ ਤੱਕ ਦੁਨੀਆਂ ਦਾ ਕੋਈ ਵੀ ਦੇਸ਼ ਆਪਣਾ ਪੁਲਾੜ ਯਾਨ ਨਹੀਂ ਉਤਾਰ ਸਕਿਆ ਹੈ। ਮੋਦੀ ਨੇ ਕਿਹਾ ਕਿ ਭਾਰਤ ਦੇ ਵਿਕਾਸ ਨੂੰ ਦੇਖ ਕੇ ਦੁਨੀਆਂ ਦੇ ਲੋਕਾਂ ਅਤੇ ਨੇਤਾਵਾਂ ਨੇ ਹੈਰਾਨੀ ਪ੍ਰਗਟਾਈ ਹੈ।
previous post
