ਕੋਚੀ – ਕੇਂਦਰੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ’ਤੇ ਵੱਖ-ਵੱਖ ਸਮੂਹਾਂ ਵਿਚਾਲੇ ਦੁਸ਼ਮਣੀ ਨੂੰ ਵਧਾਉਣ ਵਾਲੇ ਬਿਆਨ ਦੇਣ ਦੇ ਦੋਸ਼ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਰਲ ਪੁਲਿਸ ਨੇ ਕੋਚੀ ਧਮਾਕਿਆਂ ਦੇ ਸਬੰਧ ਵਿਚ ਸੋਸ਼ਲ ਮੀਡੀਆ ’ਤੇ ਮੰਤਰੀ ਦੇ ਬਿਆਨਾਂ ਅਤੇ ਰਾਜ ਦੇ ਮਲੱਪੁਰਮ ਜ਼ਿਲ੍ਹੇ ਵਿਚ ਇਕ ਇਸਲਾਮਿਕ ਸਮੂਹ ਦੁਆਰਾ ਆਯੋਜਿਤ ਇਕ ਸਮਾਗਮ ਵਿਚ ਹਮਾਸ ਦੇ ਨੇਤਾ ਦੇ ਇਕ ਤਾਜ਼ਾ ਵਰਚੁਅਲ ਸੰਬੋਧਨ ’ਤੇ ਐੱਫ.ਆਈ. ਆਰ. ਦਰਜ
ਕੀਤੀ ਹੈ। ਕੋਚੀ ਸ਼ਹਿਰ ਦੇ ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੰਤਰੀ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 153ਏ (ਧਰਮ, ਨਸਲ, ਜਨਮ ਸਥਾਨ, ਨਿਵਾਸ ਦੇ ਆਧਾਰ ’ਤੇ ਵੱਖ-ਵੱਖ ਸਮੂਹਾਂ ਵਿਚਕਾਰ ਦੁਸ਼ਮਣੀ ਨੂੰ ਵਧਾਉਣ) ਅਤੇ ਕੇਰਲ ਪੁਲਿਸ ਐਕਟ ਦੀ ਧਾਰਾ 120 (ਓ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਆਈ.ਪੀ.ਸੀ. ਦੇ ਤਹਿਤ ਇਕ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਰਾਜ ਮੰਤਰੀ ਚੰਦਰਸ਼ੇਖਰ ਨੇ ਐਤਵਾਰ ਨੂੰ ਕੋਚੀ ਨੇੜੇ ਕਲਾਮਾਸੇਰੀ ਵਿਚ ’ਯਹੋਵਾ ਦੇ ਗਵਾਹ’ ਸੰਪਰਦਾ ਦੇ ਇਕ ਧਾਰਮਿਕ ਸਮਾਗਮ ਵਿਚ ਬੰਬ ਧਮਾਕੇ ਦੀਆਂ ਰਿਪੋਰਟਾਂ ਤੋਂ ਬਾਅਦ ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਆਲੋਚਨਾ ਕਰਦੇ ਹੋਏ ਸੋਸ਼ਲ ਮੀਡੀਆ ਪਲੇਟਫਾਰਮ ’ਐਕਸ’ ’ਤੇ ਕੁਝ ਪੋਸਟਾਂ ਕੀਤੀਆਂ ਸਨ। ਉਨ੍ਹਾਂ ਕਿਹਾ ਸੀ,’’ਭਿ੍ਰਸ਼ਟਾਚਾਰ ਦੇ ਦੋਸ਼ਾਂ ਨਾਲ ਘਿਰੇ ਇਕ ਬਦਨਾਮ ਮੁੱਖ ਮੰਤਰੀ (ਅਤੇ ਰਾਜ ਦੇ ਗ੍ਰਹਿ ਮੰਤਰੀ) ਪਿਨਰਾਈ ਵਿਜਯਨ ਦੀ ਗੰਦੀ ਬੇਸ਼ਰਮ ਤੁਸ਼ਟੀਕਰਨ ਦੀ ਰਾਜਨੀਤੀ। ਦਿੱਲੀ ’ਚ ਬੈਠ ਕੇ ਇਜ਼ਰਾਈਲ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ, ਜਦੋਂ ਕਿ ਕੇਰਲ ’ਚ ਅੱਤਵਾਦੀ ਹਮਾਸ ਵਲੋਂ ਜਿਹਾਦ ਦੇ ਖੁੱਲ੍ਹੇ ਸੱਦੇ ਕਾਰਨ ਨਿਰਦੋਸ਼ ਈਸਾਈਆਂ ’ਤੇ ਹਮਲੇ ਅਤੇ ਬੰਬ ਧਮਾਕੇ ਹੋ ਰਹੇ ਹਨ।’’ ਇਸ ਤੋਂ ਬਾਅਦ ਮੁੱਖ ਮੰਤਰੀ ਅਤੇ ਚੰਦਰਸ਼ੇਖਰ ਵਿਚਾਲੇ ਸੋਮਵਾਰ ਨੂੰ ਜ਼ੁਬਾਨੀ ਜੰਗ ਹੋਈ। ਭਾਰਤੀ ਜਨਤਾ ਪਾਰਟੀ ਦੇ ਨੇਤਾ ਨੇ ਵਿਜਯਨ ਨੂੰ ਝੂਠਾ ਦੱਸਿਆ ਅਤੇ ਇਸ ’ਤੇ ਪਲਟਵਾਰ ਕਰਦੇ ਹੋਏ ਵਿਜਯਨ ਨੇ ਕੇਂਦਰੀ ਰਾਜ ਮੰਤਰੀ ਨੂੰ ਬੇਹੱਦ ਜ਼ਹਿਰੀਲਾ ਕਰਾਰ ਦਿੱਤਾ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਜੇਕਰ ਕੋਈ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਬਿਆਨ ਦਿੰਦਾ ਹੈ, ਭਾਵੇਂ ਹੀ ਉਹ ਕੇਂਦਰੀ ਜਾਂ ਰਾਜ ਮੰਤਰੀ ਹੀ ਕਿਉਂ ਨਾ ਹੋਵੇ ਤਾਂ ਉਸ ਖ਼ਿਲਾਫ਼ ਮਾਮਲੇ ਦਰਜ ਕੀਤੇ ਜਾਣਗੇ।
