ਅੰਮ੍ਰਿਤਸਰ – ਅਸਾਮ ਦੀ ਡਿਬਰੂਗੜ੍ਹ ਜ਼ੇਲ ਵਿਚ ਨਜਰਬੰਦ ਭਾਈ ਅੰਮ੍ਰਿਤਪਾਲ ਸਿੰਘ ਦੀ ਹਮਾਇਤੀ ਬੀਬੀ ਬਲਜਿੰਦਰ ਕੌਰ ਤੇ ਬੀਬੀ ਮਨਧੀਰ ਕੌਰ ਨੇ ਅੱਜ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪੱਤਰਕਾਰਾਂ ਨਾਲ ਗਲ ਕਰਦਿਆਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜ ਤਖਤ ਸਾਹਿਬਾਨਾਂ ਤੇ ਸੰਗਤੀ ਰੂਪ ਵਿੱਚ ਅਰਦਾਸ ਬੇਨਤੀ 5 ਨਵੰਬਰ ਤੋਂ ਅਰੰਭ ਕੀਤੀ ਜਾਵੇਗੀ।ਇਨਾਂ ਬੀਬੀਆਂ ਨੇ ਕਿਹਾ ਕਿ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਸਿੰਘਾਂ ਅਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅੱਜ ਇੱਥੇ ਸ੍ਰੀ ਦਰਬਾਰ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਆਰੰਭ ਹੋਇਆ ਹੈ। ਉਹਨਾਂ ਕਿਹਾ ਕਿ ਕਲਗੀਧਰ ਪਾਤਸ਼ਾਹ ਦੀ ਬਖਸ਼ੀ ਜੋ ਖੰਡੇ ਬਾਟੇ ਦੀ ਪਾਹੁਲ ਨੌਜਵਾਨ ਖਾਲਸਾ ਵਹੀਰ ਸ਼ੁਰੂ ਹੋਣ ਤੇ ਛੱਕ ਰਹੇ ਸਨ ਅਤੇ ਨਸ਼ਿਆਂ ਦਾ ਤਿਆਗ ਕਰਕੇ ਆਪਣੇ ਕੌਮੀ ਨਿਸ਼ਾਨੇ ਪ੍ਤੀ ਜੋ ਨੌਜਵਾਨੀ ਜਾਗਰੂਕ ਹੋ ਰਹੀ ਸੀ, ਉਸ ਨੂੰ ਰੋਕਣ ਲਈ ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਸਿੰਘਾਂ ਵਿਰੁੱਧ ਇਹ ਝੂਠ ਦਾ ਜਾਲ ਹਕੂਮਤਾਂ ਵੱਲੋਂ ਬੁਣਿਆ ਤੇ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਨਜ਼ਰਬੰਦ ਕੀਤਾ ਹੋਇਆ ਹੈ।ਬੀਬੀਆਂ ਨੇ ਕਿਹਾ ਕਿ ਜ਼ਾਲਮ ਹਕੂਮਤ ਦੀ ਹਾਰ ਏਸੇ ਵਿੱਚ ਹੈ ਕਿ ਨੌਜਵਾਨ ਨਸ਼ੇ ਛੱਡ ਕੇ ਖੰਡੇ ਬਾਟੇ ਦੀ ਪਾਹੁਲ ਛਕਣ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਸਮੂਹ ਬੰਦੀ ਸਿੰਘਾਂ ਦੀ ਬੰਦ ਖਲਾਸੀ ਹੋਵੇ ਤੇ ਖਾਲਸਾ ਵਹੀਰ ਪੰਜਾਬ ਦੀ ਧਰਤੀ ਤੇ ਦੁਬਾਰਾ ਅਰੰਭ ਹੋਵੇ।ਉਹਨਾਂ ਕਿਹਾ ਕਿ ਸਰਕਾਰਾਂ ਵੱਲੋਂ ਅੰਮ੍ਰਿਤ ਸੰਚਾਰ ਦੀ ਲਹਿਰ ਤਹਿਤ ਸ਼ੁਰੂ ਹੋਈ ਖਾਲਸਾ ਵਹੀਰ ਨੂੰ ਰੋਕਣ ਲਈ ਜੋ ਹਕੂਮਤਾਂ ਵੱਲੋਂ ਝੂਠ ਦਾ ਜਾਲ ਬੁਣਿਆ, ਉਹ ਸੰਗਤ ਦੀ ਅਰਦਾਸ ਨਾਲ ਹੀ ਕੱਟਿਆ ਜਾ ਸਕਦਾ ਹੈ। ਇਸ ਲਈ ਝੂਠੀਆਂ ਹਕੂਮਤਾਂ ਅਤੇ ਸਿਆਸੀ ਲੀਡਰਾਂ ਕੋਲੋਂ ਮੰਗ ਕਰਨ ਦੀ ਬਜਾਏ ਅਸੀਂ ਪੰਜ ਤਖਤ ਸਾਹਿਬਾਨਾਂ ਤੇ ਜਾ ਕੇ ਸੰਗਤੀ ਰੂਪ ਵਿੱਚ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕ ਰਹੇ ਹਾਂ। ਸਾਰੇ ਅਰਦਾਸ ਸਮਾਗਮਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਅਤੇ ਹੋਰ ਸਾਥੀ ਬੰਦੀ ਸਿੰਘਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਅਤੇ ਇਸ ਤੋਂ ਇਲਾਵਾ ਜਿਨ੍ਹਾਂ ਪਰਿਵਾਰਾਂ ਦੇ ਨੌਜਵਾਨ ਨਸ਼ਿਆਂ ਦੀ ਭੇਂਟ ਚੜ ਚੁੱਕੇ ਉਨ੍ਹਾਂ ਪਰਿਵਾਰਾਂ ਦੀਆਂ ਬੀਬੀਆਂ ਵੀ ਸ਼ਾਮਿਲ ਹੋਣਗੀਆਂ ਜੋ ਚਾਹੁੰਦੀਆਂ ਹਨ ਕਿ ਭਾਈ ਅੰਮ੍ਰਿਤਪਾਲ ਸਿੰਘ ਦੀ ਸਾਥੀਆਂ ਸਮੇਤ ਬੰਦ ਖਲਾਸੀ ਹੋਵੇ ਤੇ ਖਾਲਸਾ ਵਹੀਰ ਅਰੋਡ ਹੋਵੇ ਤੇ ਹੋਰ ਪਰਿਵਾਰਾਂ ਦੇ ਚਿਰਾਗ ਜੋ ਨਸ਼ਿਆਂ ਵਿੱਚ ਗਲਤਾਨ ਹਨ, ਘੱਟੋ-ਘੱਟ ਉਹ ਇਸ ਦਲਦਲ ਵਿੱਚੋਂ
ਨਿਕਲ ਕੇ ਖੰਡੇ ਬਾਟੇ ਦੀ ਪਾਹੁਲ ਛਕ ਕੇ ਖਾਲਸਾ ਵਹੀਰ ਦੇ ਕੌਮੀ ਨਿਸ਼ਾਨੇ ਦੀ ਪ੍ਰਾਪਤੀ ਦੇ ਪਵਿੱਤਰ ਕਾਰਜ ਵਿੱਚ ਰੁੱਝ ਕੇ ਨਸ਼ਿਆਂ ਨੂੰ ਸਦੀਵੀ ਤੌਰ ਤੇ ਭੁੱਲ ਜਾਣ।
