India

ਸੰਸਦ ਕੁਤਾਹੀ ਮਾਮਲਾ: ਮੁਲਜ਼ਮਾਂ ਦੇ ਪੋਲੀਗ੍ਰਾਫ਼ ਟੈਸਟ ਦੀ ਇਜਾਜ਼ਤ ਲੈਣ ਲਈ ਦਿੱਲੀ ਪੁਲਸ ਅਦਾਲਤ ਪੁੱਜੀ

ਨਵੀਂ ਦਿੱਲੀ – ਦਿੱਲੀ ਪੁਲਸ ਨੇ ਵੀਰਵਾਰ ਨੂੰ ਇੱਥੋਂ ਦੀ ਇਕ ਅਦਾਲਤ ’ਚ ਪਟੀਸ਼ਨ ਦਾਇਰ ਕਰ ਕੇ ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ ’ਚ ਗ੍ਰਿਫਤਾਰ ਕੀਤੇ ਗਏ ਸਾਰੇ 6 ਲੋਕਾਂ ਦਾ ਪੋਲੀਗ੍ਰਾਫ ਟੈਸਟ ਕਰਵਾਉਣ ਦੀ ਇਜਾਜ਼ਤ ਮੰਗੀ ਹੈ। ਇਹ ਪਟੀਸ਼ਨ ਵਧੀਕ ਸੈਸ਼ਨ ਜੱਜ ਹਰਦੀਪ ਕੌਰ ਦੇ ਸਾਹਮਣੇ ਦਾਇਰ ਕੀਤੀ ਗਈ ਸੀ।
ਪਰ ਕੁਝ ਮੁਲਜ਼ਮਾਂ ਦੀ ਨੁਮਾਇੰਦਗੀ ਕਰਨ ਵਾਲੇ ਵਕੀਲ ਦੇ ਨਾ ਹੋਣ ਕਾਰਨ ਵਧੀਕ ਸੈਸ਼ਨ ਜੱਜ ਨੇ ਕੇਸ ਦੀ ਸੁਣਵਾਈ 2 ਜਨਵਰੀ ਲਈ ਸੂਚੀਬੱਧ ਕਰ ਦਿੱਤੀ। ਪਟੀਸ਼ਨ ਦੀ ਸੁਣਵਾਈ ਦੌਰਾਨ ਪੁਲਸ ਨੇ 6 ਮੁਲਜ਼ਮਾਂ ਨੂੰ ਵੀ ਅਦਾਲਤ ’ਚ ਪੇਸ਼ ਕੀਤਾ। ਦੋਸ਼ੀ ਮਨੋਰੰਜਨ ਡੀ., ਸਾਗਰ ਸ਼ਰਮਾ, ਅਮੋਲ ਧਨਰਾਜ ਸ਼ਿੰਦੇ, ਨੀਲਮ ਦੇਵੀ, ਲਲਿਤ ਝਾਅ ਅਤੇ ਮਹੇਸ਼ ਕੁਮਾਵਤ ਫਿਲਹਾਲ 5 ਜਨਵਰੀ ਤੱਕ ਪੁਲਸ ਹਿਰਾਸਤ ’ਚ ਹਨ। ਸਰਕਾਰੀ ਵਕੀਲ ਅਖੰਡ ਪ੍ਰਤਾਪ ਸਿੰਘ ਨੇ ਦਿੱਲੀ ਪੁਲਸ ਦੀ ਨੁਮਾਇੰਦਗੀ ਕੀਤੀ। ਦਿੱਲੀ ਪੁਲਸ ਨੇ ਪਹਿਲਾਂ ਅਦਾਲਤ ਨੂੰ ਕਿਹਾ ਸੀ ਕਿ “ਹਮਲਾ ਯੋਜਨਾਬੱਧ ਸੀ।” ਸਰਕਾਰੀ ਵਕੀਲ ਨੇ ਅਦਾਲਤ ’ਚ ਅੱਗੇ ਕਿਹਾ ਸੀ ਕਿ ‘ਹਮਲੇ ਦੇ ਪਿੱਛੇ ਅਸਲ ਉਦੇਸ਼’ ਦਾ ਪਤਾ ਲਗਾਉਣ ਲਈ ਮੁਲਜ਼ਮਾਂ ਤੋਂ ਹਿਰਾਸਤ ਵਿੱਚ ਪੁੱਛਗਿੱਛ ਦੀ ਲੋੜ ਹੈ ਅਤੇ ਇਹ ਵੀ ਜਾਣਨ ਲਈ ਕਿ ਕੀ ਉਨ੍ਹਾਂ ਦੇ ਕਿਸੇ ਹੋਰ ਦੁਸ਼ਮਣ ਦੇਸ਼ ਜਾਂ ਅੱਤਵਾਦੀ ਸੰਗਠਨਾਂ ਨਾਲ ਕੋਈ ਸਬੰਧ ਸਨ ਜਾਂ ਨਹੀਂ।
13 ਦਸੰਬਰ 2001 ਨੂੰ ਸੰਸਦ ’ਤੇ ਹੋਏ ਅੱਤਵਾਦੀ ਹਮਲੇ ਦੀ ਬਰਸੀ ’ਤੇ ਸੰਸਦ ਦੀ ਸੁਰੱਖਿਆ ’ਚ ਵੱਡੀ ਕੁਤਾਹੀ ਸਾਹਮਣੇ ਆਈ ਸੀ।
ਸਾਗਰ ਸ਼ਰਮਾ ਅਤੇ ਮਨੋਰੰਜਨ ਡੀ. ਨਾਮੀ ਦੋ ਵਿਅਕਤੀਆਂ ਨੇ ਲੋਕ ਸਭਾ ਦੀ ਦਰਸ਼ਕ ਗੈਲਰੀ ’ਚੋਂ ਸਦਨ ਛਾਲ ਮਾਰ ਦਿੱਤੀ ਅਤੇ ਨਾਅਰੇਬਾਜ਼ੀ ਕਰਦੇ ਹੋਏ ‘ਡੱਬੇ’ ’ਚੋਂ ਪੀਲੀ ਗੈਸ ਛੱਡੀ। ਕੁਝ ਸੰਸਦ ਮੈਂਬਰਾਂ ਨੇ ਦੋਵਾਂ ਨੂੰ ਫੜ ਲਿਆ। ਉਸੇ ਸਮੇਂ ’ਤਾਨਾਸ਼ਾਹੀ ਨਹੀਂ ਚੱਲੇਗੀ’ ਦਾ ਨਾਅਰਾ ਲਗਾਉਂਦੇ ਹੋਏ ਅਮੋਲ ਸ਼ਿੰਦੇ ਅਤੇ ਨੀਲਮ ਆਜ਼ਾਦ ਨੇ ਸੰਸਦ ਭਵਨ ਦੇ ਬਾਹਰ ’ਡੱਬੇ’ ਤੋਂ ਰੰਗੀਨ ਗੈਸ ਛੱਡੀ ਸੀ। ਸਾਰੇ 6 ਮੁਲਜ਼ਮਾਂ ਖ਼ਿਲਾਫ਼ ਸਖ਼ਤ ਗ਼ੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਾਰੇ 6ਮੁਲਜ਼ਮ 5 ਜਨਵਰੀ ਤੱਕ ਦਿੱਲੀ ਪੁਲਸ ਦੀ ਹਿਰਾਸਤ ਵਿਚ ਹਨ।

Related posts

ਭਾਰਤ ਅਤੇ ਕੈਨੇਡਾ ਵਲੋਂ 2030 ਤੱਕ 50 ਬਿਲੀਅਨ ਡਾਲਰ ਦੇ ਵਪਾਰ ਦਾ ਟੀਚਾ

admin

ਯਾਤਰੀ ਪਰੇਸ਼ਾਨ : ਹਵਾਈ ਖੇਤਰ ਬੰਦ ਹੋਣ ਨਾਲ ਮਿਡਲ-ਈਸਟ ਬਾਕੀ ਦੁਨੀਆਂ ਨਾਲੋਂ ਕੱਟਿਆ ਗਿਆ

admin

ਅਸੀਂ ਸੁਰੱਖਿਅਤ ਹਾਂ ਤੇ ਹਾਲਾਤ ਠੀਕ ਹੋਣ ਦੀ ਉਡੀਕ ਕਰ ਰਹੇ ਹਾਂ – ਪੀਵੀ ਸਿੰਧੂ

admin