ਬਠਿੰਡਾ – ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਵੱਲੋਂ ਜਿਲ੍ਹੇ ਦੇ ਪਿੰਡ ਕੋਟਸ਼ਮੀਰ ਵਿੱਚ ਰੱਖੀ ਗਈ ਰੈਲੀ ਦੌਰਾਨ ਤੇਜ ਤਰਾਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਖੂਬ ਰਗੜੇ ਲਗਾਏ। ਉਹਨਾਂ ਕਿਹਾ ਕਿ ਪੰਜਾਬ ਉਦੋਂ ਤੱਕ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਜਦੋਂ ਤੱਕ ਉਸ ਦੀ ਆਰਥਿਕਤਾ ਮਜਬੂਤ ਨਹੀਂ ਹੁੰਦੀ। ਉਹਨਾਂ ਦਾ ਮਕਸਦ ਸਿਰਫ ਸਿਸਟਮ ਦੇ ਖਿਲਾਫ ਲੜਨਾ ਹੈ ਅਤੇ ਇਹ ਦੇਖਣਾ ਹੈ ਕਿ ਪੰਜਾਬ ਮੁੜ ਕਿਸ ਤਰ੍ਹਾਂ ਖੜਾ ਹੋ ਸਕਦਾ ਹੈ। ਉਹਨਾਂ ਆਮ ਆਦਮੀ ਪਾਰਟੀ ਤੇ ਵਰਦਿਆਂ ਕਿਹਾ ਕਿ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ ਹਰ ਰੋਜ਼ ਚਾਰ ਤੋਂ ਪੰਜ ਕਤਲ ਹੋ ਰਹੇ ਹਨ, ਚਿੱਟਾ ਵੇਚ ਕੇ ਸ਼ਰੇਆਮ ਨੌਜਵਾਨਾਂ ਨੂੰ ਮੌਤ ਦੇ ਮੂੰਹ ਵਿੱਚ ਧਕੇਲਿਆ ਜਾ ਰਿਹਾ ਹੈ, ਪਰ ਸੂਬੇ ਚੋਂ ਨਸ਼ਾ ਖਤਮ ਕਰਨ ਵਾਲੇ ਕੇਜਰੀਵਾਲ ਤੇ ਭਗਵੰਤ ਮਾਨ ਚੁੱਪ ਹਨ। ਨਵਜੋਤ ਸਿੱਧੂ ਨੇ ਕਿਹਾ ਕਿ ਪੰਥਕ ਸਰਕਾਰ ਕੌਮ ਦੇ ਜਥੇਦਾਰ ਕਿਉਂਕਿ ਨੂੰ ਵੀ ਇਨਸਾਫ ਨਹੀਂ ਦਵਾ ਸਕੇ। ਉਹਨਾਂ ਸ਼੍ਰੋਮਣੀ ਅਕਾਲੀ ਦਲ ਉੱਪਰ ਮੁੜ ਬੇਅਦਬੀਆਂ ਕਰਵਾਉਣ ਦੇ ਦੋਸ਼ ਲਾਏ। ਉਹਨਾਂ ਕਿਹਾ ਕਿ ਜੇਕਰ ਉੱਤਰ ਭਾਰਤ ਦਾ ਭਲਾ ਕਰਨਾ ਹੈ ਤਾਂ ਤੁਰੰਤ ਬਾਰਡਰ ਖੋਲੇ ਜਾਣ ਤਾਂ ਜੋ ਸੂਬੇ ਦੇ ਕਿਸਾਨ ਦੂਜੇ ਦੇਸ਼ਾਂ ਨਾਲ ਵਪਾਰ ਕਰ ਸਕਣ। ਉਹਨਾਂ ਕਿਹਾ ਕਿ ਜਦੋਂ ਅਨਾਜ ਦੀ ਲੋੜ ਸੀ ਹਰੀ ਕ੍ਰਾਂਤੀ ਅਤੇ ਚਿੱਟੀ ਕ੍ਰਾਂਤੀ ਦੇ ਨਾਂ ਤੇ ਪੰਜਾਬ ਨੂੰ ਖੂਬ ਵਰਤਿਆ ਗਿਆ ਪਰ ਹੁਣ ਲੋੜ ਨਾ ਹੋਣ ਤੇ ਪੰਜਾਬ ਨੂੰ ਵਿਸਾਰ ਦਿੱਤਾ ਗਿਆ। ਉਹਨਾਂ ਕਿਹਾ ਕਿ ਰੇਤੇ ਵਿੱਚੋਂ 20 ਹਜਾਰ ਕਰੋੜ ਰੁਪਏ ਦਾ ਮੁਨਾਫਾ ਕੱਢਣ ਵਾਲਿਆਂ ਦੇ ਰਾਜ ਵਿੱਚ ਰੇਤੀ ਦੀ ਟਰਾਲੀ ਹੀ 21000 ਦੀ ਮਿਲ ਰਹੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਦੀ ਵਿਚਾਰਧਾਰਾ ਸਾਰੇ ਧਰਮਾਂ ਦਾ ਸਨਮਾਨ ਆਪਸੀ ਭਾਈਚਾਰਕ ਸਾਂਝ ਅਤੇ ਅਮਨ ਅਮਾਨ ਹੈ। ਉਹਨਾਂ ਕਿਹਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਰੈਲੀ ਦੇ ਮੁੱਖ ਪ੍ਰਬੰਧਕ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਇਮਾਨਦਾਰ ਆਗੂ ਨੂੰ ਅੱਗੇ ਲਿਆਉਣਾ ਪਵੇਗਾ ਤਾਂ ਹੀ ਪੰਜਾਬ ਦਾ ਭਲਾ ਹੋ ਸਕੇਗਾ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੀ ਅਜਿਹੇ ਇੱਕ ਲੀਡਰ ਦਿਖਾਈ ਦੇ ਰਹੇ ਹਨ। ਜਿਨਾਂ ਤੋਂ ਪੰਜਾਬ ਦੇ ਲੋਕਾਂ ਨੂੰ ਵੱਡੀਆਂ ਆਸਾਂ ਤੇ ਉਮੀਦਾਂ ਹਨ। ਉਹਨਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਅਹੁਦਿਆਂ ਦੇ ਮਗਰ ਭੱਜਣ ਦੀ ਬਜਾਏ ਪੰਜਾਬ ਲਈ ਵਜੀਰੀਆਂ ਛੱਡ ਦਿੱਤੀਆਂ ਹਨ ਜਦੋਂ ਕਿ ਕੋਈ ਵਿਅਕਤੀ ਸਰਪੰਚ ਦੀ ਕੁਰਸੀ ਛੱਡਣ ਲਈ ਤਿਆਰ ਨਹੀਂ ਹੁੰਦਾ। ਉਹਨਾਂ ਕਿਹਾ ਕਿ ਭਾਵੇਂ ਕੁਝ ਸਿਆਸੀ ਲੀਡਰਾਂ ਨੇ ਰੈਲੀ ਨੂੰ ਸਫਲ ਕਰਨ ਲਈ ਪੂਰਾ ਜ਼ੋਰ ਲਗਾਇਆ ਪਰ ਇਸ ਦੇ ਬਾਵਜੂਦ ਲੋਕਾਂ ਨੇ ਵੱਡਾ ਇਕੱਠ ਕਰਕੇ ਦਿਖਾ ਦਿੱਤਾ ਹੈ ਕਿ ਉਹ ਪਾਰਟੀ ਵਿੱਚ ਫੁੱਟ ਪਾਉਣ ਵਾਲਿਆਂ ਦੇ ਆਖੇ ਨਹੀਂ ਲੱਗਣਗੇ। ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਨਤਮਸਤਕ ਹੋ ਕੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ। ਇਸ ਮੌਕੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਮਨਜੀਤ ਸਿੰਘ ਕੋਟਫੱਤਾ ਵੀ ਹਾਜ਼ਰ ਰਹੇ।
previous post
