Punjab

ਪਟਿਆਲਾ ਤੋਂ ਭਾਜਪਾ ਉਮੀਦਵਾਰ ਪਰਨੀਤ ਕੌਰ ਨੂੰ ਕਿਸਾਨਾਂ ਵੱਲੋਂ ਜ਼ੋਰਦਾਰ ਵਿਰੋਧ ਦਾ ਸਾਹਮਣਾ ਮੋਦੀ ਸਰਕਾਰ ਕਿਸਾਨਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਯਤਨਸ਼ੀਲ: ਪਰਨੀਤ ਕੌਰ

ਪਾਤੜਾਂ, ਹਰਮਿੰਦਰ ਕਰਤਾਰਪੁਰਲੋਕ ਸਭਾ ਹਲਕਾ ਪਟਿਆਲਾ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਈ ਉਮੀਦਵਾਰ ਪਰਨੀਤ ਕੌਰ ਵਲੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰਦਿਆਂ ਪਾਤੜਾ ਦੇ ਮਹਾਰਾਜਾ ਪੈਲਸ ਵਿਖੇ ਬੂਥ ਪੱਧਰੀ ਪ੍ਰੋਗਰਾਮ ਕੀਤਾ ਗਿਆ। ਇਸ ਦੌਰਾਨ ਪ੍ਰੋਗਰਾਮ ਵਿੱਚ ਪਹੁੰਚੀ ਪਰਨੀਤ ਕੌਰ ਸਮੇਤ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਧਿਰਾਂ ਵੱਲੋਂ ਦਿੱਤੇ ਸੱਦੇ ਤਹਿਤ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ‌ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਕੁਲ ਹਿੰਦ ਕਿਸਾਨ ਸਭਾ , ਕਿਰਤੀ ਕਿਸਾਨ ਯੂਨੀਅਨ ਅਤੇ ਜਮਹੂਰੀ ਕਿਸਾਨ ਸਭਾ ਦੇ ਸੈਂਕੜੇ ਵਰਕਰਾਂ ਵੱਲੋਂ ਪਰਨੀਤ ਕੌਰ ਦੀ ਆਮਦ ਉੱਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ‌ ਕਿਸਾਨਾਂ ਦਾ ਦੋਸ਼ ਸੀ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪੂਰੀਆਂ ਕਰਨ ਦੀ ਬਜਾਏ ਕਿਸਾਨਾਂ ਦੇ ਜਖਮਾਂ ਉੱਤੇ ਲੂਣ ਛਿੜਕਣਾ ਸ਼ੁਰੂ ਕੀਤਾ ਹੈ ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਆਪਣੀ ਗੱਡੀ ਹੇਠ ਕੁਚਲਣ ਵਾਲੇ ਅਜੇ ਮਿਸ਼ਰਾ ਟੈਨੀ ਨੂੰ ਸਜਾਵਾਂ ਦੇਣ ਦੀ ਬਜਾਏ ਟਿਕਟਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ। ਇਸ ਦੌਰਾਨ ਕਿਸਾਨ ਆਗੂ ਸੁਖਦੇਵ ਸਿੰਘ ਹਰਿਆਊ ਅਮਰੀਕ ਸਿੰਘ ਘੱਗਾ,ਸਾਹਿਬ ਸਿੰਘ ਦੁਤਾਲ, ਗੁਰਵਿੰਦਰ ਸਿੰਘ ਦੇਧਨਾ, ਕੁਲਵੰਤ ਸਿੰਘ ਮੌਲਵੀਵਾਲਾ ਅਤੇ ਮਲਕੀਤ ਸਿੰਘ ਨਿਆਲ ਨੇ ਐਲਾਨ ਕੀਤਾ ਕਿ ਲੋਕ ਸਭਾ ਚੋਣਾਂ ਤੱਕ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਭਾਜਪਾ ਉਮੀਦਵਾਰਾਂ ਦਾ ਡਟਵਾਂ ਵਿਰੋਧ ਜਾਰੀ ਰਹੇਗਾ। ਕਿਸਾਨ ਉਸ ਸਮੇਂ ਪੂਰੇ ਜੋਸ਼ ਵਿੱਚ ਆ ਗਿਆ ਜਦੋਂ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉੱਤੇ ਤਿੱਖੇ ਵਾਰ ਕਰਨ ਵਾਲੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਸਮਾਗਮ ਵਾਲੀ ਥਾਂ ਉੱਤੇ ਪਹੁੰਚੇ। ‌ ਪਰਨੀਤ ਕੌਰ ਪੁਲਿਸ ਵੱਲੋਂ ਕੀਤੀ ਗਈ ਬੈਰੀਕੇਟਿੰਗ ਤੋਂ ਅੱਗੇ ਕਿਸਾਨਾਂ ਦੇ ਵਿਰੋਧ ਦੇ ਬਾਵਜੂਦ ਪੈਦਲ ਚੱਲ ਕੇ ਪੈਲਸ ਵਿੱਚ ਪਹੁੰਚੇ ਜਦੋਂ ਕਿ ਹਰਜੀਤ ਸਿੰਘ ਗਰੇਵਾਲ ਕਾਲੇ ਸ਼ੀਸ਼ਿਆਂ ਵਾਲੀ ਗੱਡੀ ਨੂੰ ਬਿਨਾਂ ਰੋਕੇ ਪੰਡਾਲ ਵਿੱਚ ਪੁੱਜੇ।ਭਾਜਪਾ ਉਮੀਦਵਾਰ ਪਰਨੀਤ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਕਤੰਤਰ ਵਿੱਚ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ। ਕਿਸਾਨ ਆਪਣੀ ਗੱਲ ਕਹਿ ਰਹੇ ਹਨ ਅਤੇ ਉਹ ਆਪਣੀ ਗੱਲ ਕਹਿਣ ਲਈ ਲੋਕਾਂ ਵਿੱਚ ਆਏ ਹਨ। ‌ ਉਹਨਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕਿਸਾਨਾਂ ਦੀ ਦਸ਼ਾ ਤੇ ਦਿਸ਼ਾ ਸੁਧਾਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜਿਸ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ । ਉਹਨਾਂ ਕਿਹਾ ਕਿ ਉਹ ਸਮੇਂ ਸਮੇਂ ਉੱਤੇ ਕਿਸਾਨਾਂ ਦੀ ਆਵਾਜ਼ ਉਠਾਉਂਦੇ ਰਹੇ ਹਨ ਅਤੇ ਅੱਗੇ ਤੋਂ ਵੀ ਅਜਿਹਾ ਕਰਦੇ ਰਹਿਣਗੇ। ‌ ਉਹਨਾਂ ਦਾਅਵਾ ਕੀਤਾ ਕਿ ਖਨੌਰੀ ਬਾਰਡਰ ਉੱਤੇ ਹਰਿਆਣਾ ਪੁਲਿਸ ਵੱਲੋਂ ਕੀਤੇ ਗਏ ਤਸ਼ੱਦਦ ਦੌਰਾਨ ਜਖਮੀ ਹੋਏ ਇਕੱਲੇ ਇਕੱਲੇ ਕਿਸਾਨ ਦੇ ਘਰ ਜਾ ਕੇ ਉਹਨਾਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਭਾਜਪਾ ਹਾਈ ਕਮਾਂਡ ਤੱਕ ਕਿਸਾਨਾਂ ਦੀ ਗੱਲ ਪਹੁੰਚਾਉਣ ਦੇ ਨਾਲ ਨਾਲ ਦਿੱਲੀ ਜੰਮੂ ਕਟੜਾ ਐਕਸਪ੍ਰੈਸ ਵੇ ਨਾਲ ਸੰਬੰਧਿਤ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੱਕ ਪਹੁੰਚਾ ਕੇ ਹੱਲ ਕਰਵਾਇਆ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਕੇਡਰ ਬੇਸਡ ਪਾਰਟੀ ਹੈ ਅਤੇ ਇਸ ਦੇ ਵਰਕਰ ਵਰਦੀਆਂ ਗੋਲੀਆਂ ਵਿੱਚ ਵੀ ਪਾਰਟੀ ਲਈ ਕੰਮ ਕਰਦੇ ਹਨ। ਉਹਨਾਂ ਦੋਸ਼ ਲਗਾਇਆ ਕਿ ਭਾਜਪਾ ਦਾ ਵਿਰੋਧ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਅਕਾਲੀ ਦਲ ਰਲ ਕੇ ਕਰਵਾ ਰਿਹਾ ਹੈ। ਮੋਗਾ ਦੇ ਵਿਧਾਇਕ ਹਰ ਕਮਲ ਨੇ ਸਮਾਗਮ ਨੂੰ ਸੰਬੋਧਨ ਦੌਰਾਨ ਪਰਨੀਤ ਕੌਰ ਦੀਆਂ ਤਰੀਫਾਂ ਦੇ ਪੁੱਲ ਬੰਨ੍ਹੇ।ਇਸ ਮੌਕੇ ਹਲਕਾ ਸ਼ੁਤਰਾਣਾ ਭਾਜਪਾ ਦੇ ਇੰਚਾਰਜ ਨਰੈਣ ਸਿੰਘ ਨਰਸੋਤ, ਸੋਨੂੰ ਮਿੱਤਲ,ਬਗੀਚਾ ਸਿੰਘ ਦੁਤਾਲ, ਬਾਬੂ ਕੀਮਤ ਰਾਏ,ਬਾਬੂ ਤਰਸੇਮ ਚੰਦ ਬਾਂਸਲ, ਸਤੀਸ਼ ਕੁਮਾਰ ਗਰਗ, ਤਰਲੋਚਨ ਸਿੰਘ ਸ਼ੇਰਗੜ੍ਹ, ਨਿਰੰਕਾਰ ਸਿੰਘ ਸ਼ੁਤਰਾਣਾ,ਲਾਡੀ ਸ਼ੁਤਰਾਣਾਆਦਿ ਪ੍ਰਮੁੱਖ ਤੌਰ ਤੇ ਹਾਜ਼ਰ ਸਨ।

Related posts

ਪੰਜਾਬ ਦੀ ਮੁੜ ਖੁਸ਼ਹਾਲੀ ਲਈ ਭੈੜੀ ਸਿਆਸਤ ਦੀ ਥਾਂ ਸਾਂਝੇ ਯਤਨ ਕਰਨ ਦਾ ਵੇਲਾ !

admin

ਉੱਘੇ ਲਿਖਾਰੀ ਡਾ. ਵਿਜੈ ਗਰਗ ਸਮੇਤ 10 ਪ੍ਰਮੁੱਖ ਸ਼ਖਸੀਅਤਾਂ ਦਾ ‘ਸੁਰਜੀਤ ਪਾਤਰ ਪੁਰਸਕਾਰ’ ਨਾਲ ਸਨਮਾਨ

admin

ਮਿਡਲ-ਈਸਟ ਵਿੱਚ ਫਸੇ ਭਾਰਤੀਆਂ ਨੂੰ ਕੱਢਣ ਵਾਸਤੇ ਫੌਰੀ ਕਦਮ ਚੁੱਕੇ ਜਾਣ – ਸੁਖਬੀਰ ਸਿੰਘ ਬਾਦਲ

admin