ਫ਼ਤਹਿਗੜ੍ਹ ਸਾਹਿਬ – ਲੋਕ ਸਭਾ ਹਲਕਾ ਸ੍ਰੀ ਫਤਹਿਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਅੱਜ ਪਿੰਡ ਰਹੋਣ ਦੀ ਅਨਾਜ਼ ਮੰਡੀਂ ‘ਚ ਪ੍ਰਿਯੰਕਾਂ ਗਾਂਧੀ ਵਾਡਰਾ ਨੇ ਇੱਕ ਪ੍ਰਭਾਵਸ਼ਾਲੀ ਚੋਣ ਰੈਲੀ ਨੂੰ ਸੰਬੋਧਨ ਕੀਤਾ ਜਿਸ ਵਿਚ ਕਾਂਗਰਸ ਦੇ ਹਜ਼ਾਰਾਂ ਵਰਕਰ ਸਾਮਲ ਹੋਏ। ਇਸ ਭਰਵੇਂ ਇਕੱਠ ਉੱਤੇ ਪ੍ਰਿਯੰਕਾਂ ਗਾਂਧੀ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਚੋਣਾਂ ਤੋਂ ਪਹਿਲਾਂ ਹੀ ਡਾ. ਅਮਰ ਸਿੰਘ ਦੀ ਪੱਕੀ ਜਿੱਤ ਦੀ ਮੋਹਰ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਕਿਸਾਨਾਂ ਦਾ ਦੇਸ਼ ਹੈ ਜਿੰਨ੍ਹਾਂ ਦੀ ਮਿਹਨਤ ਨਾਲ ਇਹ ਦੇਸ਼ ਆਤਮ-ਨਿਰਭਰ ਬਣਿਆ ਹੈ। ਲੰਘੇਂ 10 ਸਾਲਾਂ ਦੌਰਾਨ ਸ੍ਰੀ ਨਰਿੰਦਰ ਮੋਦੀ ਦੀ ਭਾਜਪਾ ਵਿੱਚ ਡੀਜ਼ਲ ਅਤੇ ਖਾਂਦਾ ਦੀ ਕੀਮਤ ‘ਚ ਭਾਰੀ ਵਾਧਾ ਹੋਇਆ ਅਤੇ ਕਾਲੇ ਕਾਨੂੰਨਾਂ ਨਾਲ ਕਿਸਾਨਾਂ ਨੂੰ ਖ਼ਤਮ ਕਰਨ ਦੀ ਕੋਸਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵਲੋਂ ਦਿੱਲੀ ‘ਚ ਕੀਤਾ ਸੰਘਰਸ਼ ਕਿਸੇ ਤੋਂ ਨਹੀਂ ਭੁੱਲਿਆ ਜਿਸਨੂੰ ਤੋੜਨ ਲਈ ਕਦੇ ਬਿਜਲੀ ਕੱਟ ਕੀਤੀ ਅਤੇ ਕਦੇ ਪਾਣੀ ਬੰਦ ਕਰਨ ਦੀ ਕੋਸਿਸ਼ ਕੀਤੀ ਗਈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਯੂ.ਪੀ ਦੀਆਂ ਚੋਣਾਂ ‘ਚ ਕਿਸਾਨਾਂ ਨੂੰ ਆਤੰਕਵਾਦੀ ਅਤੇ ਦੇਸ਼ਧ੍ਰੋਹੀ ਕਹਿਣ ਤੋਂ ਵੀ ਗੁਰੇਜ਼ ਨਹੀਂ ਕੀਤਾ। ਭਾਜਪਾ ਦੇ ਨੇਤਾਵਾਂ ਨੂੰ ਪੰਜਾਬ ਦਾ ਜਜਬਾ ਸਮਝ ਨਹੀਂ ਆਉਂਦਾ। ਪੰਜਾਬ ਨੇ ਦੇਸ਼ ਨੂੰ ਕੇਵਲ ਅੰਨ ਹੀ ਨਹੀਂ ਦਿੱਤਾ ਸਗੋਂ ਦੇਸ਼ ਦੀ ਆਜਾਦੀ ਤੋਂ ਲੈ ਕੇ ਹੁਣ ਤੱਕ ਸਹਾਦਤਾਂ ਦੇ ਨਾਲ ਵੱਡਾ ਯੋਗਦਾਨ ਪਾਇਆ ਜਿਸ ਨੂੰ ਭਾਜਪਾ ਅਣਗੌਲਿਆ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਦੀਆਂ ਸਾਰੀਆਂ ਨੀਤੀਆਂ ਖ਼ਰਬਪਤੀਆਂ ਲਈ ਬਣ ਰਹੀਆਂ ਹਨ ਜਦੋਂ ਕਿ ਕਿਸਾਨ ਅਤੇ ਆਮ ਲੋਕ ਸੰਕਟ ਵਿੱਚ ਹਨ। ਦੇਸ਼ ਅੱਜ ਸਭ ਤੋਂ ਜਿਆਦਾ ਮਹਿੰਗਾਈ, ਭੁੱਖਮਰੀ ਅਤੇ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਲੋਂ ਦੇਸ਼ ਦੀ ਵਧ ਰਹੀ ਅਰਥ ਵਿਵਸਥਾ ਦਾ ਢਿੰਡੋਰਾ ਪਿੱਟਿਆ ਜਾ ਰਿਹਾ ਹੈ ਜਦੋਂ ਕਿ ਦੂਜੇ ਪਾਸੇ ਦੇਸ਼ ਦੇ ਨਾਗਰਿਕਾਂ ਦੇ ਜੀਵਨ ‘ਚ ਕੋਈ ਬਦਲਾਵ ਨਜ਼ਰ ਨਹੀਂ ਆ ਰਿਹਾ ਜੋ ਕਿ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਬਹੁਗਿਣਤੀ ਮੀਡੀਆ ਵੀ ਹੁਣ ਭਾਜਪਾ ਨਾਲ ਰਲ ਚੁੱਕਿਆ ਹੈ। ਪੰਜਾਬ ਅੰਦਰ ਵਧ ਰਹੇ ਗੈਂਗਵਾਰ, ਔਰਤਾਂ ਦੇ ਸੁਰੱਖਿਆ, ਡਰੱਗ ਉੱਤੇ ਚਿੰਤਾਂ ਜਾਹਿਰ ਕਰਦਿਆਂ ਕਿਹਾ ਕਿ ਇਸ ਪਾਸੇ ਭਾਜਪਾ ਦਾ ਕੋਈ ਧਿਆਨ ਨਾ ਦੇ ਕੇ ਇਸ ਖਿੱਤੇ ਨੂੰ ਖਤਮ ਕਰਨ ਉੱਤੇ ਤੁਲੀ ਹੋਈ ਹੈ। ਉਨ੍ਹਾਂ ਕਾਂਗਰਸ ਸਰਕਾਰ ਵੇਲੇ ਕਿਸਾਨਾਂ ਲਈ ਲਿਆਂਦੀ ਹਰੀ ਕ੍ਰਾਂਤੀ ਦਾ ਜ਼ਿਕਰ ਕਰਦਿਆਂ ਨਰਿੰਦਰ ਮੋਦੀ ਨੂੰ ਘੇਰਦਿਆਂ ਕਿਹਾ ਕਿ ਅੱਜ ਹਰੀ ਕ੍ਰਾਂਤੀ ਭਾਜਪਾ ਨੇ ਆਪਣੇ ਖ਼ਰਬਪਤੀ ਦੋਸਤਾਂ ਲਈ ਲਿਆਂਦੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਕੋਲ ਆਪਣੇ ਖ਼ਰਬਪਤੀ ਮਿੱਤਰਾਂ ਦੇ ਕਰਜ਼ੇ ਮੁਆਫ ਕਰਨ ਲਈ ਪੈਸੇ ਹਨ ਤਾਂ ਕਿਸਾਨਾਂ ਦੇ ਕਰਜ਼ੇ ਕਿਉਂ ਮੁਆਫ਼ ਨਹੀਂ ਕੀਤੇ ਜਾ ਸਕਦੇ। ਉਨ੍ਹਾਂ ਕਾਂਗਰਸ ਵਲੋਂ ਜਾਰੀ ਚੋਣ ਮੈਨੀਫੈਸਟੋ ‘ਚ ਗਰੰਟੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵਲੋਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣਗੇ, ਪਰਿਵਾਰ ਦੀ ਵੱਡੀ ਮਹਿਲਾ ਦੇ ਖਾਤੇ ‘ਚ ਸਲਾਨਾ ਇੱਕ ਲੱਖ ਰੁਪਏ ਪਾਏ ਜਾਣਗੇ, ਔਰਤਾਂ ਨੂੰ 50 ਫੀਸਦੀ ਸੀਟਾਂ ਉੱਤੇ ਰੁਜ਼ਗਾਰ ਦਿੱਤਾ ਜਾਵੇਗਾ, ਕਿਸਾਨਾਂ ਲਈ ਐਮਐਸਪੀ ਲਾਗੂ ਕੀਤਾ ਜਾਵੇਗਾ, ਕਿਸਾਨਾਂ ਦੇ ਖੇਤੀ ‘ਚ ਹੋਣ ਵਾਲੇ ਨੁਕਸਾਨ ਦੀ ਭਰਪਾਈ ਇੱਕ ਮਹੀਨੇ ਅੰਦਰ ਹਰ ਹੀਲੇ ਕੀਤੀ ਜਾਵੇਗੀ, ਜੀ.ਐਸ.ਟੀ ਹਟਾਈ ਜਾਵੇਗੀ, ਮਜ਼ਦੂਰਾਂ ਨੂੰ ਦਿਹਾੜੀ 400 ਰੁਪਏ ਪੂਰੇ ਦੇਸ਼ ‘ਚ ਕੀਤੀ ਜਾਵੇਗੀ, ਮਗਨਰੇਗਾ ਤਹਿਤ ਕੰਮ ਸ਼ਹਿਰਾਂ ‘ਚ ਵੀ ਸ਼ੁਰੂ ਕੀਤਾ ਜਾਵੇਗਾ, ਹਰ ਪਰਿਵਾਰ ਲਈ 25 ਲੱਖ ਰੁਪਏ ਦਾ ਸਿਹਤ ਬੀਮਾਂ ਹੋਵੇਗਾ ਜੋ ਕਿ ਰਾਜਸਥਾਨ ਵਿੱਚ ਮੌਜੂਦਾ ਸਮੇਂ ਚੱਲ ਰਿਹਾ ਹੈ, ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ, 5 ਹਜ਼ਾਰ ਕਰੋੜ ਰੁਪਏ ਦਾ ਫੰਡ ਨੌਜਵਾਨਾਂ ਨੂੰ ਕੋਈ ਰੁਜ਼ਗਾਰ ਤੋਰਨ ਲਈ ਦਿੱਤੇ ਜਾਣਗੇ। ਉਨ੍ਹਾਂ ਭਾਜਪਾ ਉੱਤੇ 100-100 ਕਰੋੜ ਰੁਪਏ ‘ਚ ਵਿਧਾਇਕ ਖਰੀਦਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕਰੋਨਾ ਵੈਕਸ਼ੀਨ ਬਣਾਉਣ ਵਾਲੀ ਕੰਪਨੀ ਜਿਸਤੋਂ ਪੂਰੇ ਮੁਲਖ਼ ਦੀ ਜਾਨ ਨੂੰ ਖ਼ਤਰਾ ਹੈ ਤੋਂ ਭਾਜਪਾ ਨੇ ਮੋਟਾ ਚੰਦਾਂ ਵਸੂਲਿਆ ਜਿਸ ਕਾਰਨ ਉਸ ਕੰਪਨੀਂ ਖਿਲਾਫ਼ ਨਹੀਂ ਬੋਲ ਰਹੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਸਾਵਧਾਨ ਹੋਣ ਅਤੇ ਕਾਂਗਰਸ ਲਈ ਇਕਜੁੱਟ ਹੋਣ ਦੀ ਲੋੜ ਹੈ। ਉਨ੍ਹਾਂ ਆਪਣੀ ਵੋਟ ਪੂਰੀ ਸੋਚ ਸਮਝ ਕੇ ਪਾਉਣ ‘ਤੇ ਜੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾ ਖੁੱਲੇਆਮ ਸੰਵਿਧਾਨ ਬਦਲਣ ਅਤੇ ਰਾਖਵਾਕਰਨ ਖੋਹਣ ਦੀਆਂ ਧਮਕੀਆਂ ਦੇ ਰਹੇ ਹਨ ਜੋ ਕਿ ਦੇਸ਼ ਲਈ ਖ਼ਤਰਨਾਕ ਹੈ। ਉਨ੍ਹਾਂ ਭਾਜਪਾ ਉੱਤੇ ਮੁਲਖ਼ ਦੀਆਂ ਬੰਦਰਗਾਹਾਂ, ਬਿਜਲੀ, ਕੋਲਾ ਸਮੇਤ ਹਰੇਕ ਚੀਜ਼ ਨੂੰ ਨਿੱਜੀ ਹੱਥਾਂ ‘ਚ ਵੇਚਣ ਦਾ ਵੀ ਦੋਸ਼ ਲਾਇਆ ਜੋ ਹੁਣ ਕਾਲੇ ਕਾਨੂੰਨਾਂ ਰਾਹੀਂ ਦੇਸ਼ ਦੀ ਕਿਸਾਨੀਂ ਵੀ ਵੇਚਣਾ ਚਾਹੁੰਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਡਾ. ਅਮਰ ਸਿੰਘ ਨੂੰ ਭਾਰੀ ਬਹੁੱਮਤ ਨਾਲ ਕਾਮਯਾਬ ਕੀਤਾ ਜਾਵੇ ਤਾਂ ਜੋਂ ਉਹ ਮੁੜ ਆਪਣੇ ਲੋਕਾਂ ਦੀ ਆਵਾਜ਼ ਬੁਲੰਦ ਕਰ ਸਕਣ। ਡਾ.ਅਮਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਦਾਅਵਾ ਕੀਤਾ ਕਿ ਅੱਜ ਹਜ਼ਾਰਾਂ ਦੀ ਤਦਾਦ ‘ਚ ਜੁੜੇ ਇਕੱਠ ਨੇ ਮੋਦੀ ਅਤੇ ਆਪ ਸਰਕਾਰ ਨੂੰ ਜੜ੍ਹੋ ਪੁੱਟ ਦੇਣ ਦੇ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਅੱਗੇ ਵੀ ਝੁਕਣ ਵਾਲੇ ਨਹੀਂ, ਸਗੋਂ ਇਨ੍ਹਾਂ ਨੇ ਮੋਦੀ ਅਰਗਿਆਂ ਨੂੰ ਕਾਲੇ ਕਾਨੂੰਨਾਂ ਵਕਤ ਝੁਕਣ ਲਈ ਮਜ਼ਬੂਰ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੀ ਨਰਿੰਦਰ ਮੋਦੀ ਅਤੇ ਆਪ ਦੇ ਮੁੱਖ ਮੰਤਰੀਂ ਭਗਵੰਤ ਸਿੰਘ ਮਾਨ ਨੇ ਪੰਜਾਬ ਨਾਲ ਵੱਡੀ ਜਿਆਦਤੀ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਹਲਕੇ ਤੋਂ 1 ਲੱਖ ਤੋਂ ਵੱਧ ਵੋਟਾਂ ਨਾਲ ਕਾਂਗਰਸ ਜਿਤ ਹਾਸਲ ਕਰੇਗੀ। ਉਨ੍ਹਾਂ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਵਲੋ ਮਿਲੇ ਪਿਆਰ ਨਾਲ ਕਿਸੇ ਰੈਲੀ ‘ਚ ਪਹਿਲੀ ਵਾਰ ਥਾਂ ਘਟਿਆ ਹੈ ਜਦੋਂ ਕਿ ਲੋਕ ਵਧੇ ਹਨ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਰਣਦੀਪ ਸਿੰਘ ਨਾਭਾ, ਲਖਵੀਰ ਸਿੰਘ ਲੱਖਾ, ਰੁਪਿੰਦਰ ਸਿੰਘ ਰਾਜਾ ਗਿੱਲ, ਸਾਬਕਾ ਮੰਤਰੀਂ ਗੁਰਕੀਰਤ ਸਿੰਘ ਕੋਟਲੀ, ਰਾਏਕੋਟ ਤੋਂ ਹਲਕਾ ਇੰਚਾਰਜ ਕਾਮਿਲ ਅਮਰ ਸਿੰਘ ਆਦਿ ਹਾਜ਼ਰ ਸਨ।
previous post
