Punjab

ਨਕਲੀ ਖਾਦਾਂ ਦੀ ਵਿਕਰੀ ਅਤੇ ਡੀ. ਏ. ਪੀ. ਦੀ ਘਾਟ ਵਿਰੁੱਧ ਪੰਜਾਬ ਭਰ ‘ਚ ਡੀ ਸੀ ਦਫ਼ਤਰਾਂ ਅੱਗੇ ਰੋਸ ਪ੍ਰਦਰਸ਼ਨ ਅੱਜ

ਚੰਡੀਗੜ੍ਹ – ਨਕਲੀ ਖਾਦਾਂ ਦੀ ਸ਼ਰੇਆਮ ਵਿਕਰੀ ਅਤੇ ਡੀ. ਏ. ਪੀ. ਦੀ ਘਾਟ ਸਮੇਤ ਖਾਦਾਂ ਖ੍ਰੀਦਣ ਸਮੇਂ ਨੈਨੋ ਖਾਦਾਂ ਅਤੇ ਕੀਟਨਾਸ਼ਕ ਮੱਲੋਜ਼ੋਰੀ ਕਿਸਾਨਾਂ ਦੇ ਗਲ਼ ਮੜ੍ਹਨ ਵਿਰੁੱਧ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ ਭਲਕੇ 25 ਸਤੰਬਰ ਨੂੰ ਪੰਜਾਬ ਭਰ ਵਿੱਚ ਡੀ ਸੀ ਦਫ਼ਤਰਾਂ ਅੱਗੇ ਤਿੰਨ ਘੰਟੇ ਰੋਸ ਪ੍ਰਦਰਸ਼ਨ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਇਸ ਤਰ੍ਹਾਂ ਦੀ ਲੁੱਟ ਖਸੁੱਟ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਕਾਇਦਾ ਲਿਖਤੀ ਮੰਗ ਪੱਤਰ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਭੇਜੇ ਜਾਣਗੇ। ਉਨ੍ਹਾਂ ਨੇ ਦੋਸ਼ ਲਾਇਆ ਹੈ ਕਿ ਖਾਦਾਂ ਦਾ ਬਣਾਉਟੀ ਸੰਕਟ ਖੜ੍ਹਾ ਕਰ ਕੇ ਨਕਲੀ ਖਾਦਾਂ ਦੇ ਉਤਪਾਦਕ ਅਤੇ ਬਲੈਕੀਏ ਆਪ ਦੀ ਮਾਨ ਸਰਕਾਰ ਦੀ ਛਤਰਛਾਇਆ ਹੇਠ ਕਿਸਾਨਾਂ ਦੀ ਅੰਨ੍ਹੀ ਲੁੱਟ ਕਰ ਰਹੇ ਹਨ। ਛਤਰ ਛਾਇਆ ਦਾ ਸਬੂਤ ਇਹ ਹੈ ਕਿ ਕਈ ਮਹੀਨੇ ਪਹਿਲਾਂ ਮੋਹਾਲੀ ਤਰਨਤਾਰਨ ਆਦਿ ਕਈ ਜ਼ਿਲ੍ਹਿਆਂ ਵਿੱਚ ਡੀ ਏ ਪੀ ਦੇ ਅੱਧਿਓਂ ਵੱਧ ਨਮੂਨੇ ਫੇਲ੍ਹ ਹੋਣ ਦੇ ਬਾਵਜੂਦ ਕਿਸੇ ਵੀ ਜ਼ਿੰਮੇਵਾਰ ਅਧਿਕਾਰੀ ਜਾਂ ਨਿਰਮਾਤਾ/ਡੀਲਰ ਦੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਅੱਜ ਤੱਕ ਨਹੀਂ ਕੀਤੀ ਗਈ। ਇਸ ਕਾਲੇ ਧੰਦੇ ਦਾ ਤਾਜ਼ਾ ਪਰਦਾਫਾਸ਼ ਉਦੋਂ ਹੋਇਆ ਜਦੋਂ ਪਿੰਡ ਦੌਧਰ (ਮੋਗਾ) ਵਿੱਚ ਗਣੇਸ਼ ਬਾਇਓਖਾਦ ਏਜੰਸੀ ਸੰਗਰੂਰ ਤੋਂ ਲਿਆ ਕੇ ਵਿਸ਼ਾਲ ਕੁਮਾਰ ਫਿਰੋਜ਼ਪੁਰ ਅਤੇ ਜਸਵਿੰਦਰ ਸਿੰਘ ਦੁਸਾਂਝ (ਮੋਗਾ) ਰਾਹੀਂ ਕਿਸਾਨ ਨੂੰ ਵੇਚੀ ਗਈ ਡੀ ਏ ਪੀ ਖਾਦ ਦੇ ਨਮੂਨੇ ਮੋਗਾ ਦੇ ਖੇਤੀਬਾੜੀ ਅਫ਼ਸਰ ਰਾਹੀਂ ਟੈਸਟ ਕਰਵਾਉਣ ‘ਤੇ ਇਸ ਵਿੱਚ ਨਾਈਟ੍ਰੋਜਨ ਤੇ ਫਾਸਫੋਰਸ ਦੋਨੋਂ ਤੱਤ ਸਿਫਰ ਪਾਏ ਗਏ। ਇਸ ਤੋਂ ਇਲਾਵਾ ਸਹਿਕਾਰੀ ਸਭਾਵਾਂ ਅਤੇ ਨਿੱਜੀ ਡੀਲਰਾਂ ਵੱਲੋਂ ਖਾਦ ਵਿਕਰੀ ਸਮੇਂ ਨੈਨੋ ਖਾਦਾਂ ਅਤੇ ਕੀਟਨਾਸ਼ਕ ਸ਼ਰੇਆਮ ਮੱਲੋਜ਼ੋਰੀ ਕਿਸਾਨਾਂ ਦੇ ਗਲ਼ ਮੜ੍ਹੇ ਜਾ ਰਹੇ ਹਨ। ਰਹਿੰਦੀ ਕਸਰ ਡੀ ਏ ਪੀ ਦੀ ਬਣਾਉਟੀ ਕਿੱਲਤ ਪੈਦਾ ਕਰਨ ਰਾਹੀਂ ਕਾਲੇ ਧੰਦੇ ਨੂੰ ਉਤਸ਼ਾਹਿਤ ਕਰਕੇ ਕੱਢੀ ਜਾ ਰਹੀ ਹੈ। ਇਹੀ ਵਜ੍ਹਾ ਹੈ ਕਿ ਜਥੇਬੰਦੀ ਨੂੰ ਤੁਰਤਪੈਰੇ ਰੋਸ ਪ੍ਰਦਰਸ਼ਨ ਕਰਨੇ ਪੈ ਰਹੇ ਹਨ।
ਕਿਸਾਨ ਆਗੂਆਂ ਨੇ ਦੱਸਿਆ ਕਿ ਇਨ੍ਹਾਂ ਪ੍ਰਦਰਸ਼ਨਾਂ ਦੀ ਤਿਆਰੀ ਵਜੋਂ ਜਥੇਬੰਦਕ ਆਗੂਆਂ/ਕਾਰਕੁਨਾਂ ਵੱਲੋਂ ਪਿੰਡ ਪਿੰਡ ਹੋਕਾ ਮਾਰਚ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਇਹ ਲੁੱਟ ਖਸੁੱਟ ਰੋਕਣ ਲਈ ਭਲਕੇ ਪ੍ਰਵਾਰਾਂ ਸਮੇਤ ਰੋਸ ਪ੍ਰਦਰਸ਼ਨਾਂ ਵਿੱਚ ਵਹੀਰਾਂ ਘੱਤ ਕੇ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

Related posts

ਡਾ. ਰਵਜੋਤ ਸਿੰਘ ਨੇ ਸਫਾਈ ਸੇਵਕਾਂ ਅਤੇ ਸੀਵਰਮੈਨ ਯੂਨੀਅਨ ਨਾਲ ਕੀਤੀ ਮੀਟਿੰਗ

editor

ਪੰਜਾਬ ਰਾਜ ਸਹਿਕਾਰੀ ਬੈਂਕ ਦੀ ਮਹਿਲਾ ਸਸ਼ਕਤੀਕਰਨ ਵੱਲ ਨਿਵੇਕਲੀ ਪੁਲਾਂਘ

editor

ਮੋਹਿੰਦਰ ਭਗਤ ਵੱਲੋਂ ਸੂਬੇ ਦੀਆਂ ਫਲ ਅਤੇ ਸਬਜ਼ੀਆਂ ਦੀ ਦੂਸਰੇ ਦੇਸ਼ਾਂ ਨੂੰ ਬਰਾਮਦ ਕਰਨ ਦੀ ਦਿਸ਼ਾ ਵਿਚ ਤੇਜ਼ੀ ਨਾਲ ਕੰਮ ਕਰਨ ਦੇ ਹੁਕਮ

editor