ਲਹਿਰਾਗਾਗਾ – ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਵਿੱਚ ਚੱਲਿਆ ਦਲਿਤ ਮੁਕਤੀ ਮਾਰਚ ਝਲੂਰ, ਭੂਟਾਲ ਕਲਾਂ, ਕਾਲਬਨਜਾਰਾ ਤੋਂ ਘੋੜੇਨਾਬ ਪਹੁੰਚਿਆ। ਮਾਰਚ ਦੌਰਾਨ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਮੀਤ ਪ੍ਰਧਾਨ ਧਰਮਵੀਰ ਹਰੀਗੜ੍ਹ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨਾਲ ਜੁੜਕੇ ਪੰਚਾਇਤੀ ਜ਼ਮੀਨ ‘ਚੋਂ ਤੀਜਾ ਹਿੱਸਾ ਜ਼ਮੀਨ ਲੈਣ ਨਾਲ ਹਜਾਰਾਂ ਪਰਿਵਾਰਾਂ ਦੀਆਂ ਔਰਤਾਂ ਦੀ ਜਿੰਦਗੀ ਜਾਤੀ ਗੁਰਬਰਤ ‘ਚੋ ਅਜਾਦ ਹੋਈ ਹੈ। ਉਨ੍ਹਾਂ ਕਿਹਾ ਕਿ ਤੇ ਲੋਕਾਂ ਦਾ ਆਪਣਾ ਮਾਨ ਸਨਮਾਨ ਬਹਾਲ ਹੋਇਆ ਹੈ, ਪਰ ਹੁਣ ਮਾਨ ਸਨਮਾਨ ਦੀ ਜਿੰਦਗੀ ਦੇ ਨਾਲ ਆਰਥਿਕ, ਸਮਾਜਿਕ ਤੇ ਰਾਜਨੀਤਿਕ ਬਰਾਬਰੀ ਲਈ ਜਮੀਨ ਦੀ ਕਾਣੀ ਵੰਡ ਦੇ ਖਿਲਾਫ ਵਿਸ਼ਾਲ ਲੋਕ ਲਹਿਰ ਦਾ ਹੋਣਾ, ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਜਿਸ ਲਈ ਲੈਂਡ ਸੀਲਿੰਗ ਐਕਟ ਲਾਗੂ ਕਰਵਾ ਕੇ ਇਸ ਤੋਂ ਉਪਰਲੀਆਂ ਜਮੀਨਾਂ ਮਜਦੂਰਾਂ ਤੇ ਛੋਟੇ ਕਿਸਾਨਾ ਚ ਵੰਡਣ ਦੀ ਮੁੱਖ ਮੰਗ ਹੈ ਤੇ ਇਸ ਦੇ ਨਾਲ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੰਗ ਕਰਦੀ ਹੈ ਕਿ ਇਹ ਪੰਚਾਇਤੀ ਰਿਜ਼ਰਵ ਜ਼ਮੀਨਾਂ ਪੱਕੇ ਤੌਰ ਤੇ ਦਲਿਤ ਮਜ਼ਦੂਰਾਂ ਨੂੰ ਦਿਤੀਆਂ ਜਾਣ।
ਇਸ ਮੌਕੇ ਵਿੱਤ ਸਕੱਤਰ ਬਿੱਕਰ ਹਥੋਆ ਅਤੇ ਜਨਰਲ ਸਕੱਤਰ ਗੁਰਵਿੰਦਰ ਬੌੜਾਂ ਨੇ ਦਲਿਤਾਂ ਨੂੰ ਆਪਣੀ ਮੁਕਤੀ ਲਈ ਆਪਣੇ ਹਿੱਸੇ ਦੀ ਬਰਾਬਰ ਜਮੀਨ, ਪੱਕੇ ਰੁਜਗਾਰ, ਪੱਕਾ ਘਰ, ਸਸਤਾ ਕਰਜ਼ਾ ਮੁਹਈਆ ਕਰਵਾਉਣ ਤੇ ਕਰਜ਼ਾ ਮਾਫ ਕਰਵਾਉਣ ਅਤੇ ਜਾਤੀ ਦਾਬਾ ਖਤਮ ਕਰਵਾਉਣ ਲਈ ਸੰਘਰਸ਼ਾਂ ਦੇ ਪਿੜ ਮੱਲਣ ਦਾ ਸੱਦਾ ਦਿੱਤਾ।
ਇਸ ਮੌਕੇ ਜਗਤਾਰ ਸਿੰਘ ਤੋਲੇ ਵਾਲ, ਸ਼ਿੰਗਾਰਾ ਸਿੰਘ ਹੇੜੀਕੇ ਨੇ ਵੀ ਸੰਬੋਧਨ ਕੀਤਾ। ਕਾਫ਼ਲੇ ਵਿਚ ਗੁਰਵਿੰਦਰ ਸਾਦੀਹਰੀ, ਗੁਰਦਾਸ ਸਿੰਘ ਝਲੂਰ, ਮੱਖਣ ਸਿੰਘ, ਬਬਲਾ ਸਿੰਘ ਝਲੂਰ, ਨਿੱਕਾ ਸਿੰਘ ਸਾਦੀਹਰੀ, ਜਗਸੀਰ ਸਿੰਘ ਸਮੂਰਾਂ, ਅਮਰੀਕ ਸਿੰਘ ਸਮੂਰਾ, ਸਤਨਾਮ ਸਿੰਘ ਢੰਢੋਲੀ, ਰਮਨਦੀਪ ਸਿੰਘ ਸਿੰਘ ਤੋਲੇਵਾਲ, ਵੀਰਪਾਲ ਦੁੱਲੜ, ਜਸਵਿੰਦਰ ਸਿੰਘ ਹੇੜੀਕੇ ਆਦਿ ਹਾਜਰ ਸਨ।
