ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਸੂਬੇ ਵਿਚ ਹੋ ਰਹੀਆਂ ਪੰਚਾਇਤ ਚੋਣਾਂ ਵਿਚ ਗੰਭੀਰ ਬੇਨਿਯਮੀਆਂ ਨੂੰ ਬੇਨਕਾਬ ਕੀਤਾ ਅਤੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ (ਆਪ) ਸਰਕਾਰ ਨਹੀਂ ਚਾਹੁੰਦੀ ਕਿ ਸੂਬੇ ਦੇ ਲੋਕ ਚੋਣਾਂ ਵਿਚ ਹਿੱਸਾ ਲੈਣ ਤਾਂ ਜੋ ਉਹ ਬਹੁ ਗਿਣਤੀ ਪਿੰਡਾਂ ’ਚ ਆਪਣੇ ਪ੍ਰਸ਼ਾਸਕ ਲਗਾ ਕੇ ਫੰਡਾਂ ’ਤੇ ਕੰਟਰੋਲ ਰੱਖ ਸਕੇ।
ਅੱਜ ਇਥੇ ਹੋਰ ਸੀਨੀਅਰ ਆਗੂਆਂ ਦੇ ਨਾਲ ਮਿਲ ਕੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਚੋਣ ਜ਼ਾਬਤਾ ਲਾਗੂ ਹੋਏ ਨੂੰ 48 ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਬਲਾਕ ਵਿਕਾਸ ਤੇ ਪੰਚਾਇਤ ਅਫਸਰ ( ਬੀ ਡੀ ਪੀ ਓ) ਦਫਤਰਾਂ ਵਿਚ ਵੱਖ-ਵੱਖ ਵਰਗਾਂ ਲਈ ਰਾਖਵਾਂ ਕੀਤੇ ਪਿੰਡਾਂ ਦੀਆਂ ਸੂਚੀਆਂ ਨਹੀਂ ਮਿਲ ਰਹੀਆਂ। ਉਹਨਾਂ ਕਿਹਾ ਕਿ ਬੀ ਡੀ ਪੀ ਓ ਦਫਤਰਾਂ ਨੂੰ ਭਾਰੀ ਸੁਰੱਖਿਆ ਫੋਰਸ ਲਗਾ ਕੇ ਕਿਲ੍ਹਿਆਂ ਵਿਚ ਬਦਲ ਦਿੱਤਾ ਗਿਆ ਹੈ ਤਾਂ ਜੋ ਵਿਰੋਧੀ ਪਾਰਟੀਆਂ ਦੇ ਲੋਕ ਬੀ ਡੀ ਪੀ ਓ ਕੋਲ ਪਹੁੰਚ ਹੀ ਨਾ ਸਕਣ।
ਪੰਚਾਇਤਾਂ ਦੇ ਰਾਖਵੇਂਕਰਨ ਵਿਚ ਗੰਭੀਰ ਬੇਨਿਯਮੀਆਂ ਸਾਂਝੀਆਂ ਕਰਦਿਆਂ ਅਕਾਲੀ ਆਗੂ ਨੇ ਦੱਸਿਆ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਬਲਾਕ ਤਰਸਿੱਕਾ ਦੇ ਪਿੰਡ ਬਾਲੋਵਾਲੀ ਨੂੰ ਐਸ ਸੀ ਵਰਗ ਲਈ ਰਾਖਵਾਂ ਕਰ ਦਿੱਤਾ ਗਿਆ ਹੈ ਜਦੋਂ ਕਿ ਪਿੰਡ ਵਿਚ ਇਕ ਵੀ ਘਰ ਐਸ ਸੀ ਵਰਗ ਦਾ ਨਹੀਂ ਹੈ। ਉਹਨਾਂ ਕਿਹਾ ਕਿ ਪਹਿਲਾਂ ਰਾਖਵਾਂਕਰਨ ਰੋਟੇਸ਼ਨਲ ਆਧਾਰ ’ਤੇ ਹੁੰਦਾ ਸੀ ਪਰ ਇਸ ਵਾਰ ਪਿੰਡਾਂ ਦੀਆਂ ਸੂਚੀਆਂ ਆਪ ਦੇ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਨੂੰ ਸੌਂਪ ਦਿੱਤੀਆਂ ਗਈਆਂ ਤਾਂ ਜੋ ਉਹ ਆਪਣੀ ਮਨਮਰਜ਼ੀ ਮੁਤਾਬਕ ਰਾਖਵਾਂਕਰਨ ਕਰ ਸਕਣ। ਉਹਨਾਂਕਿਹਾ ਕਿ ਵੋਟਰ ਸੂਚੀਆਂ ਦੇ ਮਾਮਲੇ ਵਿਚ ਜਿਹਨਾਂ ਲੋਕਾਂ ਨੇ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਵਿਚ ਵੋਟਾਂ ਪਾਈਆਂ ਸਨ, ਉਹਨਾਂ ਵਿਚੋਂ ਅਨੇਕਾਂ ਦੇ ਨਾਂ ਵੋਟਰ ਸੂਚੀਆਂ ਵਿਚੋਂ ਕੱਟ ਦਿੱਤੇ ਗਏ ਹਨ।
ਸਰਦਾਰ ਮਜੀਠੀਆ ਨੇ ਕਿਹਾ ਕਿ ਬੇਨਿਯਮੀਆਂ ਤੋਂ ਇਲਾਵਾ ਚ ਚੋਣਾਂ ਵਾਸਤੇ ਜਾਣ ਬੁੱਝ ਕੇ ਝੋਨੇ ਦੇ ਸੀਜ਼ਨ ਦਾ ਸਮਾਂ ਚੁਣਿਆ ਗਿਆ ਹੈ ਜਦੋਂ ਸਰਕਾਰ ਜਾਣਦੀ ਸੀ ਕਿ ਕਿਸਾਨ ਤਾਂ ਵਾਢੀ ਵਿਚ ਰੁੱਝੇ ਹੋਣਗੇ ਤੇ ਲੇਬਰ ਮੰਡੀ ਵਿਚ ਰੁੱਝੀ ਹੋਵੇਗੀ। ਉਹਨਾਂ ਕਿਹਾ ਕਿ ਆਪ ਸਰਕਾਰ ਨਹੀਂ ਚਾਹੁੰਦੀ ਕਿ ਲੋਕ ਵੋਟਾਂ ਪਾਉਣ ਲਈ ਆਉਣ ਤੇ ਇਹ ਸਭ ਕੁਝ ਇਸ ਵਾਸਤੇ ਕੀਤਾ ਜਾ ਰਿਹਾ ਹੈ ਤਾਂ ਜੋ ਪਿੰਡਾਂ ਵਿਚ ਪ੍ਰਸ਼ਾਸਕ ਲਗਾਏ ਜਾ ਸਕਣ ਅਤੇ ਪੰਚਾਇਤੀ ਫੰਡਾਂ ’ਤੇ ਕੰਟਰੋਲ ਰੱਖਿਆ ਜਾ ਸਕੇ। ਉਹਨਾਂ ਕਿਹਾ ਕਿ ਸਰਪੰਚਾਂ ਨੂੰ ਹਟਾਉਣ ਤੋਂ ਬਾਅਦ ਇਸ ਵੇਲੇ ਵੀ ਇਹੋ ਕੁਝ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜੇਕਰ ਹਾਲ ਹੀ ਦੇ ਦਿਨਾਂ ਵਿਚ ਵਰਤੇ ਮਨਰੇਗਾ ਫੰਡਾਂ ਦੀ ਸੀ ਬੀ ਆਈ ਜਾਂਚ ਕਰਵਾਈ ਗਈ ਤਾਂ ਸਾਰੇ ਜੇ ਈ ਤੇ ਹੋਰ ਅਧਿਕਾਰੀਆਂ ਤੋਂ ਇਲਾਵਾ ਮੰਤਰੀ ਵੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਫਸ ਜਾਣਗੇ।
ਸਰਦਾਰ ਮਜੀਠੀਆ ਨੇ ਦੱਸਿਆ ਕਿ ਵਿਰੋਧੀਆਂ ਨੂੰ ਚੋਣਾਂ ਲੜਨ ਤੋਂ ਰੋਕਣ ਲਈ ਧੱਕੇਸ਼ਾਹੀ ਵੀ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਅਜਨਾਲਾ ਹਲਕੇ ਦੇ ਇਕ ਪਿੰਡ ਵਿਚ ਸਰਪੰਚ ਬ੍ਰਹਮ ਸਿੰਘ ਝੰਡੇਰ, ਜੋ 2022 ਦੀਆਂ ਚੋਣਾਂ ਵਿਚ ਵਿਧਾਨ ਸਭਾ ਟਿਕਟ ਦਾ ਦਾਅਵੇਦਾਰ ਸੀ ਅਤੇ ਹੁਣ ਪੰਚਾਇਤ ਚੋਣਾਂ ਲੜਨ ਵਾਲਾ ਸੀ, ਨੂੰ ਝੂਠਾ ਕੇਸ ਪਾ ਕੇ ਜੇਲ੍ਹ ਭੇਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਨਾ ਤਾਂ ਲੋਕਾਂ ਨੂੰ ਇਤਰਾਜ਼ ਨਹੀਂ ਸਰਟੀਫਿਕੇਟ (ਐਨ ਓ ਸੀ) ਮਿਲ ਰਹੀ ਹੈ ਤੇ ਨਾ ਹੀ ਚੁੱਲ੍ਹਾ ਟੈਕਸ ਭਰਿਆ ਜਾ ਰਿਹਾ ਹੈ ਜੋ ਕਿ ਚੋਣਾਂ ਲੜਨ ਲਈ ਲਾਜ਼ਮੀ ਹੈ। ਉਹਨਾਂ ਕਿਹਾ ਕਿ ਹੈਰਾਨੀ ਤਾਂ ਇਹ ਹੈ ਕਿ ਬੀ ਡੀ ਪੀ ਓ ਵੋਟਰ ਸੂਚੀਆਂ ਹੀ ਨਹੀਂ ਦੇ ਰਹੇ ਜਦੋਂ ਕਿ ਨਾਮਜ਼ਦਗੀਆਂ ਸ਼ੁਰੂ ਵੀ ਹੋ ਚੁੱਕੀਆਂ ਹਨ।
ਉਹਨਾਂ ਕਿਹਾ ਕਿ ਆਪ ਸਰਕਾਰ ਜੋ ਪਾਰਦਰਸ਼ਤਾ ਦੇ ਦਾਅਵੇ ਦੇ ਆਧਾਰ ’ਤੇ ਸੱਤਾ ਵਿਚ ਆਈ ਸੀ, ਹੁਣ ਤੱਕ ਦੀ ਸਭ ਤੋਂ ਭ੍ਰਿਸ਼ਟ ਸਰਕਾਰ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਪੰਚਾਇਤ ਚੋਣਾਂ ਜੋ ਪਹਿਲਾਂ ਹੀ ਇਕ ਸਾਲ ਦੀ ਦੇਰੀ ਨਾਲ ਹੋ ਰਹੀਆਂ ਹਨ, ਸਾਰੇ ਲੋਕਤੰਤਰੀ ਨਿਯਮ ਕਾਨੂੰਨ ਛਿੱਕੇ ਟੰਗ ਕੇ ਕਰਵਾਈਆਂ ਜਾ ਰਹੀਆਂ ਹਨ ਤੇ ਸਿਰਫ ਇਕ ਦਿਖਾਵਾ ਹੀ ਹਨ।
ਇਸ ਮੌਕੇ ਜੋਧ ਸਿੰਘ ਸਮਰਾ, ਬਲਜੀਤ ਸਿੰਘ ਜਲਾਲਉਸਮਾ, ਰਣਬੀਰ ਸਿੰਘ ਰਾਣਾ ਲੋਪੋਕੇ, ਰਣਜੀਤ ਸਿੰਘ ਛੱਜਲਵੱਡੀ ਅਤੇ ਰਾਜਵਿੰਦਰ ਰਾਜਾ ਲਧੇ ਜ਼ਿਲ੍ਹਾ ਪ੍ਰਧਾਨ ਦਿਹਾਤੀ ਵੀ ਹਾਜ਼ਰ ਸਨ।
previous post
