Punjab

ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਪੰਜਾਬ ਦੇ ਮੁੱਖ ਮੰਤਰੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵਲੋਂ ਨਿੰਦਾ

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ (ਫੋਟੋ: ਏ ਐਨ ਆਈ)

ਚੰਡੀਗੜ੍ਹ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਧਾਰਮਿਕ ਸਜਾ ਨਿਭਾਅ ਰਹੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸੇਵਾ ਨਿਭਾਉਂਦੇ ਹੋਏ ਅੱਜ ਸੁਖਬੀਰ ਸਿੰਘ ਬਾਦਲ ’ਤੇ ਇਕ ਹਮਲਾਵਰ ਵੱਲੋਂ ਗੋਲੀ ਚਲਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਹਮਲੇ ਦੌਰਾਨ ਸੁਖਬੀਰ ਬਾਦਲ ਵਾਲ਼-ਵਾਲ਼ ਬਚ ਗਏ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ। ਗਿਆਨੀ ਰਘਬੀਰ ਸਿੰਘ ਨੇ ਅੱਗੇ ਕਿਹਾ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ ’ਤੇ ਨਹੀਂ ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਲਗਾਈ ਗਈ ਸੇਵਾ ਨਿਭਾਅ ਰਹੇ ਇਕ ਸੇਵਾਦਾਰ ’ਤੇ ਹੋਇਆ ਹੈ, ਜੋ ਕਿ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਕਿਹਾ, “ਅੱਜ ਜਦੋਂ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਵੱਲੋਂ ਲੱਗੀ ਤਨਖ਼ਾਹ ਤਹਿਤ ਘੰਟਾ ਘਰ ਡਿਓੜੀ ਦੇ ਬਾਹਰ ਸੇਵਾ ਨਿਭਾ ਰਹੇ ਸਨ। ਇਸ ਸੇਵਾ ਦੌਰਾਨ ਉਨ੍ਹਾਂ ਉੱਤੇ ਜਾਨਲੇਵਾ ਹਮਲਾ ਹੋਇਆ। ਮੌਕੇ ਉੱਤੇ ਸੇਵਾਦਾਰਾਂ ਅਤੇ ਸਕਿਊਰਿਟੀ ਵੱਲੋਂ ਮੁਸ਼ਤੈਦੀ ਦਿਖਾਈ ਗਈ ਅਤੇ ਹਮਲੇ ਨੂੰ ਨਾਕਾਮ ਕਰ ਦਿੱਤਾ ਗਿਆ। ਪਰ ਉਹ ਗੋਲੀ ਜਿਸ ਚਰਨਕੁੰਡ ਵਿੱਚ ਚਰਨ ਧੋ ਕੇ ਦਰਬਾਰ ਸਾਹਿਬ ਅੰਦਰ ਦਾਖ਼ਲ ਹੁੰਦੀ ਹੈ ਉਸ ਚਰਨਕੁੰਡ ’ਚ ਲੱਗੀ ਹੈ। ਇਹ ਹਮਲਾ ਸੁਖਬੀਰ ਸਿੰਘ ਬਾਦਲ ਉੱਤੇ ਨਹੀਂ ਹੈ। ਇਹ ਹਮਲਾ ਅਕਾਲ ਤਖ਼ਤ ਦੇ ਹੁਕਮਾਂ ਉੱਤੇ ਸੇਵਾਦਾਰ ਦਾ ਚੋਲਾ ਪਾ ਕੇ ਅਕਾਲ ਤਖ਼ਤ ਦੀ ਡਿਓੜੀ ਦੇ ਬਾਹਰ ਸੇਵਾ ਨਿਭਾ ਰਹੇ ਅਕਾਲ ਤਖ਼ਤ ਦੇ ਸੇਵਾਦਾਰ ਉੱਤੇ ਹੋਇਆ ਹੈ, ਜੋ ਹੱਥ ਵਿੱਚ ਬਰਛਾ ਫ਼ੜ੍ਹ ਕੇ ਅਕਾਲ ਤਖ਼ਤ ਦੀ ਸੇਵਾ ਕਰ ਰਿਹਾ ਸੀ। ਇਸ ਦੀ ਅਸੀਂ ਘੋਰ ਨਿੰਦਾ ਕਰਦੇ ਹਾਂ। ਜਿੰਨੀ ਵੀ ਨਿੰਦਾ ਕੀਤੀ ਜਾਵੇ ਉਨੀ ਹੀ ਘੱਟ ਹੈ। ਸਰਕਾਰ ਨੂੰ ਤਾੜਨਾ ਕਰਦੇ ਹਾਂ ਕਿ ਇਸ ਹਮਲੇ ਪਿੱਛੇ ਕੌਣ ਹੈ, ਇਹ ਸਾਰਾ ਵਰਤਾਰਾ ਕਿਉਂ ਵਾਪਰਿਆ ਉਸ ਦੀ ਮੁਸ਼ਤੈਦੀ ਅਤੇ ਬਾਰੀਕੀ ਨਾਲ ਜਾਂਚ ਜ਼ਰੂਰ ਕੀਤੀ ਜਾਵੇ।”

ਉਧਰ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਸੇਵਾ ਨੂੰ ਨਿਭਾਉਂਦੇ ਹੋਏ ਸੁਖਬੀਰ ਬਾਦਲ ਨੂੰ ਨਿਸ਼ਾਨੇ ’ਤੇ ਲੈਣਾ ਬੇਹੱਦ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਘਟੀਆ ਮਾਨਸਿਕਤਾ ਨਾਲ ਕੀਤੇ ਗਏ ਇਸ ਹਮਲੇ ਨੂੰ ਸ੍ਰੀ ਦਰਬਾਰ ਸਾਹਿਬ ਦੀ ਧਾਰਮਿਕ ਆਭਾ ’ਤੇ ਵੀ ਹਮਲਾ ਕਿਹਾ ਜਾ ਸਕਦਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹਮਲਾ 9 ਐੱਮਐੱਮ ਦੇ ਰਿਵਾਲਵਰ ਨਾਲ ਬਹੁਤ ਨਜ਼ਦੀਕ ਤੋਂ ਕੀਤਾ ਗਿਆ ਸੀ। ਉਨ੍ਹਾਂ ਇਸ ਨੂੰ ਸਰਕਾਰ ਤੇ ਇਟੈਲੀਜੈਂਸ ਦੀ ਨਾਕਾਮੀ ਕਰਾਰ ਦਿੱਤਾ। ਇਸ ਦੌਰਾਨ ਉਨ੍ਹਾਂ ਨੇ ਮੁਲਜ਼ਮ ਨਰਾਇਣ ਸਿੰਘ ਚੌੜਾ ਦੀ ਸਿਆਸਤਦਾਨਾਂ ਨਾਲ ਨਜ਼ਦੀਕੀ ਦੇ ਵੀ ਇਲਜ਼ਾਮ ਲਾਏ। ਮਜੀਠੀਆ ਨੇ ਪੁਲਿਸ ਮੁਲਾਜ਼ਮ ਜਸਬੀਰ ਸਿੰਘ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਜਸਬੀਰ ਸਿੰਘ ਦੀ ਮੁਸ਼ਤੈਦੀ ਹੀ ਸੀ ਜਿਸ ਨਾਲ ਸੁਖਬੀਰ ਸਿੰਘ ਬਾਦਲ ਅਤੇ ਮੌਕੇ ‘ਤੇ ਮੌਜੂਦ ਹੋਰ ਲੋਕਾਂ ਨੂੰ ਬਚਾਇਆ ਜਾ ਸਕਿਆ ਹੈ। ਉਨ੍ਹਾਂ ਇਸ ਨੂੰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਝੀ ਕੋਸ਼ਿਸ ਦੱਸਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਪੰਜਾਬ ਸਰਕਾਰ ’ਤੇ ਵੀ ਸਵਾਲ ਚੁੱਕੇ ਹਨ। ਉਨ੍ਹਾਂ ਨੇ ਇਸ ਦੌਰਾਨ ਸੀਸੀਟੀਵੀ ਫੁਟੇਜ ਦਿਖਾਉਂਦਿਆਂ ਪੰਜਾਬ ਪੁਲਿਸ ’ਤੇ ਸਵਾਲ ਚੁੱਕਦਿਆਂ ਕਿਹਾ, ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੇ ਜਦੋਂ ਮੁਲਜ਼ਮ ਨੂੰ ਦੇਖ ਲਿਆ ਸੀ ਤਾਂ ਉਨ੍ਹਾਂ ਫੜਿਆ ਕਿਉਂ ਨਹੀਂ। ਪੁਲਿਸ ਉਸ ਨੂੰ ਵੀਆਈਪੀ ਵਾਂਗ ਲਈ ਫਿਰਦੀ ਸੀ।

ਬਿਕਰਮ ਮਜੀਠੀਆ ਨੇ ਕਿਹਾ, “ਇਹ ਹਾਲਾਤ ਬਣਾਏ ਜਾ ਰਹੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਖਤਮ ਕਰ ਦਿੱਤਾ ਜਾਵੇ। ਹਾਲੇ ਇੱਕ ਚਿਹਰਾ ਬੇਨਕਾਬ ਹੋਇਆ, ਹੋਰ ਪਤਾ ਨਹੀਂ ਕਿੰਨੇ ਲੋਕ ਬੈਠੇ ਹਨ ਸਾਨੂੰ ਟਾਰਗੇਟ ਕਰਨ ਲਈ। ਨਰਾਇਣ ਸਿੰਘ ਚੌੜ ਦੇ ਖਾਲਿਸਤਾਨੀ ਲਿੰਕ ਬਾਰੇ ਪੁੱਛੇ ਸਵਾਲ ’ਤੇ ਬਿਕਰਮ ਮਜੀਠੀਆ ਨੇ ਕਿਹਾ, “ਇਹ ਖਾਲਿਸਤਾਨੀ ਨਹੀਂ ਪਾਕਿਸਤਾਨ ਦੇ ਏਜੰਟ ਹਨ, ਜੋ ਸਿੱਖਾਂ ਦੇ ਪਹਿਰਾਵੇ ਵਿੱਚ ਲੁਕੀ ਬੈਠੇ ਹਨ। ਜਿਸ ਵਿਅਕਤੀ ਦੀ ਇੰਨੇ ਅਪਰਾਧਿਕ ਕੇਸਾਂ ਵਿੱਚ ਸ਼ਮੂਲੀਅਤ ਹੋਵੇ, ਉਸ ਨੂੰ ਪੁਲਿਸ ਨੇ ਦੋ ਦਿਨ ਘੁੰਮਣ ਦਿੱਤਾ, ਪੁਲਿਸ ਇੰਨੀ ਹੀ ਮੁਸਤੈਦ ਸੀ ਤਾਂ ਉਸ ਨੂੰ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਬਿਕਰਮ ਮਜੀਠੀਆ ਨੇ ਕਿਹਾ, ਇਸ ਸਭ ਦੇ ਬਾਵਜੂਦ ਸਾਡੀ ਸੇਵਾ ਜਾਰੀ ਰਹੇਗੀ।”

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਸੁਖਬੀਰ ਸਿੰਘ ਬਾਦਲ ‘ਤੇ ਹੋਏ ਜਾਨਲੇਵਾ ਹਮਲੇ ਦੀ ਨਿਖੇਧੀ ਕਰਦੇ ਹੋਏ ਕਿਹਾ, ” ਮੇਰੇ ਬਿਆਨਾਂ ਦੀ ਆਲੋਚਨਾ ਕੀਤੀ ਜਾਂਦੀ ਹੈ ਜਦੋ ਮੈਂ ਕਹਿਣਾ ਹਾਂ ਕਿ ਅਜਿਹੇ ਅੱਤਵਾਦੀ ਜੇਲ੍ਹ ਤੋਂ ਬਾਹਰ ਨਹੀਂ ਆਉਣੇ ਚਾਹੀਦੇ। ਮੈਂ ਰੱਬ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਦੀ ਜਾਨ ਬਚ ਗਈ ਪਰ ਅੱਜ ਪਤਾ ਲੱਗਿਆ ਹੋਵੇਗਾ ਬਾਦਲ ਪਰਿਵਾਰ ਨੂੰ, ਅਕਾਲੀ ਦਲ ਨੂੰ ਅਤੇ ਐੱਜੀਪੀਸੀ ਨੂੰ ਜੋ ਅੱਤਵਾਦੀਆਂ ਨੂੰ ਜੇਲ੍ਹ ‘ਤੋਂ ਬਾਹਰ ਕੱਡਣ ਲਈ ਤਰਲੋ-ਮੱਛੀ ਰਹਿੰਦੇ ਹਨ ਕਿ ਇਨ੍ਹਾਂ ਅੱਤਵਾਦੀਆਂ ਵੱਲੋਂ ਜਦੋ ਆਪਣਿਆਂ ‘ਤੇ ਹਮਲਾ ਕੀਤਾ ਜਾਂਦਾ ਹੈ ਤਾਂ ਕਿਹੋ ਜਿਹੋ ਮਹਿਸੂਸ ਹੁੰਦਾ ਹੈ।”

ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਖਬੀਰ ਬਾਦਲ ’ਤੇ ਹੋਏ ਹਮਲੇ ਨਿੰਦਾ ਕਰਦੇ ਹੋਏ ਪੰਜਾਬ ਦੀ ਕਾਨੂੰਨ ਵਿਵਸਥਾ ’ਤੇ ਸਵਾਲ ਚੁੱਕੇ ਅਤੇ ਇਸ ਹਮਲੇ ਲਈ ਉਨ੍ਹਾਂ ਪੰਜਾਬ ਸਰਕਾਰ ਜ਼ਿੰਮੇਵਾਰ ਦੱਸਿਆ। ਰਾਜਾ ਵੜਿੰਗ ਨੇ ਕਿਹਾ ਕਿ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਇਸੇ ਤਰ੍ਹਾਂ ਭਾਜਪਾ ਆਗੂ ਵਿਜੇ ਸਾਂਪਲਾ, ਮਨਜਿੰਦਰ ਸਿਰਸਾ, ਕਾਂਗਰਸੀ ਸੰਸਦ ਮੈਂਬਰ ਮੁਨੀਸ਼ ਤਿਵਾੜੀ, ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਸਿੰਘ ਚੀਮਾ ਸਮੇਤ ਵੱਖ-ਵੱਖ ਰਾਜਨੀਤਿਕ ਆਗੂਆਂ ਵੱਲੋਂ ਵੀ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ ਹੈ।

Related posts

ਮੇਰੇ ਸਵਾਲਾਂ ਦੇ ਜਵਾਬ ਦਿਓ ਨਹੀਂ ਤਾਂ ਮੈਂ ਸੰਗਤ ਨੂੰ ਸਭ ਕੁੱਝ ਦੱਸਾਂਗਾ – ਗਿਆਨੀ ਰਘੁਬੀਰ ਸਿੰਘ

admin

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

admin

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ

admin