ਕੋਈ ਸਮਾਂ ਸੀ ਸਉਣ ਮਹੀਨੇ, ਪੀਂਘਾਂ ਝੂਟਣ ਕੁੜੀਆਂ।
ਹੱਸਣ, ਖੇਡਣ, ਦਿਲ ਦੀਆਂ ਗੱਲਾਂ ਬੈਠ ਸੁਣਾਵਣ ਜੁੜੀਆਂ।
ਛਾਈ ਘਟਾ ਘਨਘੋਰ ਅਕਾਸ਼ੀਂ, ਪੀਂਘਾਂ ਲੈਣ ਹੁਲਾਰੇ।
ਨਣਦਾਂ, ਭਾਬੀਆਂ ‘ਕੱਠੀਆਂ ਹੋ ਕੇ, ਲੈਂਦੀਆਂ ਖੂਬ ਨਜ਼ਾਰੇ।
ਆਇਆ ਯੁਗ ਤਕਨਾਲੋਜੀ ਦਾ ਤੇ, ਪੀਂਘ ਮਨਾਂ ‘ਚੋਂ ਭੁੱਲੀ।
ਵਿਰਸਾ ਵਿੱਸਰਿਆ ਹੁਣ ਫ਼ਿਕਰਾਂ ਵਿੱਚ, ਕੁੱਲੀ-ਗੁੱਲੀ-ਜੁੱਲੀ।
ਚਰਖੇ, ਤ੍ਰਿੰਞਣ ਗੁੰਮ ਹੋ ਗਏ, ਨਾ ਹੁਣ ਪੀਂਘਾਂ ਪਿੱਪਲੀੰ।
ਬਾਂਦਰ ਕਿੱਲਾ, ਗੁੱਲੀ ਡੰਡਾ, ਕਿਤੇ ਨਾ ਪੈਂਦੀ ਕਿੱਕਲੀ।
ਹੁਣ ਤਾਂ ਡੀਜੇ ਉੱਤੇ ਨਾਰੀ, ਤੇਜ਼-ਤੱਰਾਰੀਂ ਨੱਚੇ।
ਲੱਗਦੈ ਪੱਪਾ ਪੀਂਘ ਪੜ੍ਹਨਗੇ, ਵਿੱਚ ਸਕੂਲੀਂ ਬੱਚੇ।
ਆਓ ਸਾਰੇ ਮਿਲਜੁਲ ਆਪਣਾ, ਵਿਰਸਾ ਮੋੜ ਲਿਆਈਏ।
ਰੁੱਖਾਂ ਦੀ ਰਖਵਾਲੀ ਕਰੀਏ, ਪਿੱਪਲੀਂ ਪੀਂਘਾਂ ਪਾਈਏ।
———————00000———————
ਇੱਕੋ ਮਾਲਕ ਹੈ ਸਭਨਾਂ ਦਾ, ਉਹ ਖ਼ਲਕਤ ਦਾ ਵਾਲੀ।
ਫਿਰਨ ਬੂਬਨੇ ਥਾਂ ਥਾਂ ਉੱਤੇ, ਸਭ ਅਕਲਾਂ ਤੋਂ ਖਾਲੀ।
ਓਸ ਖ਼ੁਦਾ ਨੇ ਜੀਵਨ ਦਿੱਤਾ, ਕਦੇ ਨਾ ਮਨੋਂ ਭੁਲਾਉਣਾ।
ਓਹੀ ਲਿਖਦਾ ਹੈ ਕਰਮਾਂ ਵਿੱਚ, ਕਿੱਥੇ ਜਾਣਾ-ਆਉਣਾ।
ਗੁਰਬਾਣੀ ਵਿੱਚ ਓਸ ਪ੍ਰਭੂ ਦੇ, ਕਿੰਨੇ ਨਾਮ ਨੇ ਆਏ।
ਝੋਲੀ ਭਰਦਾ ਸਭਨਾਂ ਦੀ ਜੋ, ਸੱਚੇ ਮਨੋਂ ਧਿਆਏ।
ਰਾਮ, ਖ਼ੁਦਾ, ਅੱਲਾ ਦੇ ਵਾਂਗਰ, ਕੋਈ ਕਹੇ ਗੋਸਾਈਂ।
ਪੂਰਾ ਜੇ ਵਿਸ਼ਵਾਸ ਕਰੋ, ਉਹ ਮਿਲਦਾ ਚਾਈਂ-ਚਾਈਂ।
ਮਾਨਵ-ਜੀਵਨ ਮਿਲਦਾ ਹੈ, ਬਸ ਕੇਵਲ ਇੱਕੋ ਵਾਰੀ।
ਭਗਤਾਂ ਦੀ ਪ੍ਰਤਿਪਾਲ ਕਰੇਂਦਾ, ਆਪੇ ਕ੍ਰਿਸ਼ਨ ਮੁਰਾਰੀ।
ਦੁਨੀਆਂ ਵਿੱਚ ਜੇ ਆਏ ਹਾਂ, ਤਾਂ ਮਿਲਜੁਲ ਸਾਰੇ ਰਹੀਏ।
ਛੱਡੀਏ ਵੈਰ-ਵਿਰੋਧ ਤੇ ਝਗੜੇ, ਕਿਛ ਸੁਣੀੇਏ ਕਿਛ ਕਹੀਏ।
———————00000———————
ਕੀਹਦੇ ਉੱਤੇ ਭਰੋਸਾ ਕਰੀਏ, ਸਭ ਮਤਲਬ ਦੇ ਬੰਦੇ।
ਬਗਲੇ ਵਰਗੇ ਵੇਸ ਜਿਨ੍ਹਾਂ ਦੇ, ਕਰਦੇ ਗੋਰਖਧੰਦੇ।
ਖ਼ੁਦਾ ਤੇ ਜੇਕਰ ਕਰੋ ਭਰੋਸਾ, ਕਰੀਏ ਸੱਚੀ ਕਾਰ।
ਫੇਰ ਹਮੇਸ਼ਾ ਜਿੱਤ ਹੀ ਹੋਣੀ, ਕਦੇ ਨਾ ਹੋਸੀ ਹਾਰ।
ਇੱਕੋ ‘ਓਹੀ’ ਭਰੋਸੇ ਵਾਲ਼ਾ, ਕਦੇ ਨਾ ਪਿੱਠ ਵਿਖਾਵੇ।
ਰਮਿਆ ਵਿੱਚ ਹੈ ਜ਼ੱਰੇ-ਜ਼ੱਰੇ, ਨਜ਼ਰ ਕਦੇ ਨਾ ਆਵੇ।
ਜੀਹਨੇ ‘ਉਸ’ ਤੇ ਕੀਤਾ ਭਰੋਸਾ, ਉਹ ਭਵਸਾਗਰ ਤਰਦਾ।
ਦੁਖ ਸੁਖ ਨੂੰ ਉਹ ਇੱਕ ਸਮਝਦਾ, ਕਦੇ ਨਾ ਹਉਕੇ ਭਰਦਾ।
ਦੁਨੀਆਂ ਵਿੱਚ ਜਿੰਨੇ ਵੀ ਰਿਸ਼ਤੇ, ਨਹੀਂ ਭਰੋਸੇ ਵਾਲ਼ੇ।
ਅੰਦਰੋਂ ਦਿਲ ਦੇ ਕਾਲ਼ੇ ਨੇ ਸਭ, ਬਾਹਰੋਂ ਭੋਲੇ-ਭਾਲੇ।
ਰੱਖੀਏ ਜੇ ਵਿਸ਼ਵਾਸ ਅੱਲਾ ਤੇ, ਹੋਰਾਂ ਦੀ ਬਾਂਹ ਛੱਡੀਏ।
ਦੁਨੀਆਂਦਾਰ ਤਾਂ ਆਉਂਦੇ-ਜਾਂਦੇ, ਮਨੋਂ ਉਨ੍ਹਾਂ ਨੂੰ ਕੱਢੀਏ।
ਮਹਾਂਪੁਰਖਾਂ ਨੇ ਸਾਨੂੰ ਦੱਸਿਆ, ਰਸਤਾ ਬੜਾ ਸੁਖਾਲਾ।
ਕਿਹਾ ਕਿ ਟੇਕ ‘ਇੱਕੋ’ ਤੇ ਰੱਖੀਏ, ਉਹ ਸਾਡਾ ਰਖਵਾਲਾ।
———————00000———————
ਪੈ ਗਈਆਂ ਨੇ ਪਿੱਪਲੀਂ ਪੀਂਘਾਂ, ਭੈਣੇ ਸਾਵਣ ਆਇਆ।
ਬਾਗੀਂ ਕੋਇਲਾਂ ਬੋਲਦੀਆਂ ਤੇ, ਮੋਰੀਂ ਰੁਣਝੁਣ ਲਾਇਆ।
ਵੇਖ ਕੇ ਛਾਈ ਕਾਲੀ ਘਟਾ ਨੂੰ, ਰੋਮ-ਰੋਮ ਥੱਰਾਇਆ।
ਬੱਦਲ ਗਰਜੇ, ਬਿਜਲੀ ਲਿਸ਼ਕੇ, ਜਿਸਮ ਸਾਰਾ ਲਰਜ਼ਾਇਆ।
ਲੱਗੀ ਝੜੀ ਸਉਣ ਦੀ ਵੇਖਾਂ, ਦਿਲ ਮੇਰਾ ਘਬਰਾਇਆ।
ਰਿੱਝਣ ਖੀਰਾਂ, ਪੱਕਣ ਪੂੜੇ, ਵਿਰਸੇ ਦਾ ਸਰਮਾਇਆ।
ਵੀਰਾ ਲੈ ਕੇ ਆਇਆ ਸੰਧਾਰਾ, ਬੂਹਾ ਹੈ ਖੜਕਾਇਆ।
ਵਾਰੀ ਜਾਵਾਂ ਵੀਰੇ ਤੋਂ, ਜਿਸ ਭੈਣ ਦਾ ਮਾਣ ਵਧਾਇਆ।
ਤੀਆਂ ਲੱਗੀਆਂ ਆਲ-ਦੁਆਲੇ, ਮੇਰਾ ਮਨ ਮਹਿਕਾਇਆ।
ਨਣਦਾਂ ਤੇ ਭਰਜਾਈਆਂ ਰਲ਼ ਕੇ, ਕੈਸਾ ਝੁਰਮਟ ਪਾਇਆ।
ਸਉਣ ਮਹੀਨੇ ਵਿੱਚ ਕਾਦਰ ਦਾ, ਦਿੱਸੇ ਰੂਪ ਸਵਾਇਆ।
ਗੁਰਬਾਣੀ ਵਿੱਚ ਗੁਰੂਆਂ ਨੇ, ਇਸ ਮਾਹ ਦਾ ਜੱਸ ਹੈ ਗਾਇਆ।
ਕਿਸੇ ਦੇ ਅੱਗੇ ਹੱਥ ਨਾ ਅੱਡਦੇ।
ਬਸ ਇੱਕ ਸੱਚੇ ਰੱਬ ਤੋਂ ਡਰਦੇ।
ਰਹਿੰਦੇ ਸਭ ਤੋਂ ਬੇਪ੍ਰਵਾਹ।
ਅਸਲ ਹੁੰਦੇ ਓਹੀ ਬਾਦਸ਼ਾਹ।
ਤਨ-ਮਨ ਲਾ ਕੇ ਕੰਮ ਕਰਨ ਜੋ।
ਦੁੱਕੀ-ਤਿੱਕੀ ਤੋਂ ਨਾ ਡਰਨ ਜੋ।
ਚੰਗੇ ਬੰਦੇ ਤੋਂ ਲੈਣ ਸਲਾਹ।
ਅਸਲ ਹੁੰਦੇ ਓਹੀ ਬਾਦਸ਼ਾਹ।
ਚੋਰੀ-ਯਾਰੀ ਤੋਂ ਰਹਿੰਦੇ ਦੂਰ।
ਕੰਮ ਦੇ ਵਿੱਚ ਰਹਿੰਦੇ ਮਗ਼ਰੂਰ।
ਸਾਫ਼-ਸਪਸ਼ਟ ਉਹ ਰੱਖਣ ਨਿਗਾਹ।
ਅਸਲ ਹੁੰਦੇ ਓਹੀ ਬਾਦਸ਼ਾਹ।
ਝੂਠ-ਫ਼ਰੇਬ ਤੋਂ ਪਰੇ ਜੋ ਰਹਿੰਦੇ।
ਨਸ਼ੇਖੋਰਾਂ ਦੇ ਕੋਲ ਨਾ ਬਹਿੰਦੇ।
ਕਦੇ ਨਾ ਝੂਠੇ ਬਣਨ ਗਵਾਹ।
ਅਸਲ ਹੁੰਦੇ ਓਹੀ ਬਾਦਸ਼ਾਹ।
ਕਰਨੀ ਕਿਰਤ ਤੇ ਵੰਡ ਕੇ ਛਕਣਾ।
ਸੱਚੇ ਬੰਦੇ ਦੇ ਹੱਕ ‘ਚ ਡਟਣਾ।
ਝੂਠੇ ਦੇ ਸਿਰ ਪਾਉਣ ਸੁਆਹ।
ਅਸਲ ਹੁੰਦੇ ਓਹੀ ਬਾਦਸ਼ਾਹ।
———————00000———————
ਕੀਨੇ ਕੀਤਾ ਐਨਾਂ ਕਹਿਰ ਹੈ।
ਚੜ੍ਹਿਆ ਏਹਨੂੰ ਕੋਈ ਜ਼ਹਿਰ ਹੈ।
ਛਾਈ ਹੈ ਕੈਸੀ ਤਨਹਾਈ
ਬੁਝਿਆ ਦਿੱਸੇ ਕੁੱਲ ਸ਼ਹਿਰ ਹੈ।
ਰੁੱਖ ਰਿਹਾ ਨਾ ਧਰਤੀ ਉੱਤੇ
ਨਾ ਪਾਣੀ ਪਰ ਨਾਮ ਨਹਿਰ ਹੈ।
ਜੀਅ ਨਾ ਕੋਈ ਤੁਰਦਾ ਦੀਂਹਦਾ
ਲੱਗੇ ਸਭ ਕੁਝ ਗਿਆ ਠਹਿਰ ਹੈ।
ਕਿੰਨਾ ਸ਼ਾਂਤ ਹੋ ਗਿਆ ਸਾਗਰ
ਉੱਠ ਰਹੀ ਨਾ ਕੋਈ ਲਹਿਰ ਹੈ।
ਚਾਰੇ ਪਾਸੇ ਘੁੱਪ ਹਨੇਰਾ
ਦਹਿਸ਼ਤਜ਼ਦਾ ਹਰਿਕ ਪਹਿਰ ਹੈ।
ਕੈਸੀ ਉਸਨੇ ਗ਼ਜ਼ਲ ਲਿਖੀ ਹੈ
ਬਿਨਾਂ ਕਾਫ਼ੀਆ ਬਿਨਾਂ ਬਹਿਰ ਹੈ।
———————00000———————
ਨੇਕੀ ਦੀ ਰਾਹ ਚੱਲ ਓ ਬੰਦਿਆ।
ਸੱਚਾ ਪਿੜ ਫਿਰ ਮੱਲ ਓ ਬੰਦਿਆ।
ਇਹ ਰਸਤਾ ਭਾਵੇਂ ਮੁਸ਼ਕਿਲ ਹੈ।
ਇਸਤੇ ਚੱਲਣੋਂ ਡਰਦਾ ਦਿਲ ਹੈ।
ਰਾਹ ਇਹ ਨਹੀਂ ਹੈ ਕੋਈ ਸੁਖਾਵਾਂ।
ਚੱਲਦਾ ਇਸਤੇ ਟਾਵਾਂ ਟਾਵਾਂ।
ਨੇਕੀ ਕਰੀਏ ਤੇ ਭੁੱਲ ਜਾਈਏ।
ਕਦੇ ਵੀ ਇਹਦਾ ਫ਼ਲ ਨਾ ਚਾਹੀਏ।
ਨੇਕੀ ਅਤੇ ਦਿਆਨਤਦਾਰੀ।
ਕਿਵੇਂ ਚੱਲੇਗੀ ਦੁਨੀਆਂਦਾਰੀ।
ਨੇਕੀ ਦਾ ਫ਼ਲ ਹੋਵੇ ਮਿੱਠਾ।
ਕਿਸੇ ਕਿਸੇ ਨੇ ਚਖ਼ ਕੇ ਡਿੱਠਾ।
ਆਪਾਂ ਵੀ ਨੇਕੀ ਅਪਣਾਈਏ।
ਮਨ-ਇੱਛਿਤ ਫ਼ਲ ਰੱਬ ਤੋਂ ਪਾਈਏ।
ਜਿਨ੍ਹਾਂ ਮੱਤ ਪ੍ਰਭੂ ਨੂੰ ਟੇਕੀ।
ਉਹਦੇ ਪੱਲੇ ਆਵੇ ਨੇਕੀ।
———————00000———————
ਗੁਰਦੁਆਰਾ ਲਿਖਣਸਰ ਸਾਹਿਬ, ਦਮਦਮਾ ਸਾਹਿਬ
ਚੌਥਾ ਤਖ਼ਤ ਹੈ ਸਿੱਖ ਧਰਮ ਦਾ,
ਦਮਦਮਾ ਸਾਹਿਬ ਕਹਿੰਦੇ।
ਸਭ ਧਰਮਾਂ-ਵਰਣਾਂ ਦੇ ਲੋਕੀਂ,
ਮਿਲਜੁਲ ਏਥੇ ਰਹਿੰਦੇ।
ਜੋੜਮੇਲਾ ਵਿਸਾਖੀ ਦਾ
ਇਸ ਥਾਂ ਲੱਗਦਾ ਹੈ ਭਾਰੀ,
ਰੱਬ ਦੀ ਕਿਰਪਾ ਹੋਵੇ ਉਨ੍ਹਾਂ ਤੇ,
ਜੋ ਸਿਮਰਨ ਵਿੱਚ ਬਹਿੰਦੇ।
ਦਸਮ ਪਿਤਾ ਨੇ ਗੁਰੂ ਗ੍ਰੰਥ ਦੀ,
ਬੀੜ ਤਿਆਰ ਕਰਾਈ।
ਮੁੱਢ ਤੋਂ ਅੰਤ ਤੱਕ ਉਨ੍ਹਾਂ ਨੇ,
ਕਥਾ ਸੀ ਆਪ ਸੁਣਾਈ।
ਲਿਖਣਸਰ ਦੇ ਜਲ ਵਿੱਚ
ਸਿਆਹੀ-ਕਲਮਾਂ ਰੋੜ੍ਹ ਵਹਾਈਆਂ,
ਸ਼ਰਧਾ ਤੇ ਵਿਸ਼ਵਾਸ ਕਰੇ ਜੋ,
ਉਹਨੂੰ ਮਿਲੇ ਵਡਾਈ।
ਹਰ ਆਯੂ ਦੇ ਲੋਕੀਂ ਏਥੇ,
ਆ ਕੇ ਪੈਂਤੀ ਲਿਖਦੇ।
ਬੱਚੇ-ਬੁੱਢੇ ਤੇ ਨਰ-ਨਾਰੀ,
ਸਾਰੇ ਗੁਰਮੁਖੀ ਸਿਖਦੇ।
ਕੁਝ ਰੇਤੇ ਤੇ ਕਈ ਸਲੇਟ ਤੇ
ਕਰਦੇ ਸੁੰਦਰ ਲਿਖਾਈ,
ਵੱਡੇ ਛੋਟੇ ਦਾ ਫ਼ਰਕ ਨਾ ਕੋਈ,
ਰੱਬ ਦਾ ਰੂਪ ਨੇ ਦਿਖਦੇ।
———————00000———————
ਕਰੀਏ ਜੇਕਰ ਭਲਾ ਕਿਸੇ ਦਾ, ਭਲਾ ਸਾਡਾ ਵੀ ਹੁੰਦਾ।
ਜੋ ਵੀ ਕਿਸੇ ਦਾ ਬੁਰਾ ਚਿਤਵਦਾ, ਪਿੱਛੋਂ ਹੈ ਪਛਤਾਉਂਦਾ।
ਗੁਰੂ ਬਾਬਿਆਂ ਦੱਸਿਆ ਸਾਨੂੰ, ਚੜ੍ਹਦੀ ਕਲਾ ‘ਚ ਰਹਿਣਾ।
ਭਲਾ ਸਰਬੱਤ ਦਾ ਮੰਗਣਾ, ਇਹ ਹੈ ਮਾਨਵਤਾ ਦਾ ਗਹਿਣਾ।
ਪਰਉਪਕਾਰ,ਨਿਮਰਤਾ ਵਰਗੇ, ਗੁਣਾਂ ਨੂੰ ਬੰਨ੍ਹੀਏ ਪੱਲੇ।
ਹਰ ਕੋਈ ਸਤਿਕਾਰ ਬਖ਼ਸ਼ਦਾ, ਹੁੰਦੀ ਹਰ ਥਾਂ ਬੱਲੇ।
ਹਿਰਦੇ ਕਿਸੇ ਦੇ ਚੋਟ ਨਾ ਮਾਰੋ, ਸਮਝੋ ਸਭ ਨੂੰ ਹਾਣੀ।
ਮਾਨਵਤਾ ਦਾ ਧਰਮ ਵੱਡਾ ਹੈ, ਗੱਲ ਇਹ ਸੱਚੀ ਜਾਣੀ।
ਮਾਣ ਨਾ ਕਰੀਏ ਉੱਚ ਜਾਤ ਦਾ, ਦੁਖੀ ਦਾ ਦਰਦ ਵੰਡਾਈਏ।
‘ਨਵ ਸੰਗੀਤ’ ਦੀ ਹੈ ਇਹ ਇੱਛਾ : ਵੰਡ ਕੇ ਰਲਮਿਲ ਖਾਈਏ।
———————00000———————