Punjab

‘ਪੰਜਾਬ ਦਾ ਭਵਿੱਖ: ਤੌਖਲੇ, ਆਸਾਂ ਅਤੇ ਯੋਜਨਾਵਾਂ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ !

ਖਾਲਸਾ ਕਾਲਜ ਵਿਖੇ ਸੈਮੀਨਾਰ ਦੌਰਾਨ ਡਾ. ਮਹਿਲ ਸਿੰਘ ਤੇ ਹੋਰ ਸਖਸ਼ੀਅਤਾਂ ਨੂੰ ਸਨਮਾਨਿਤ ਕਰਦੇ ਹੋਏ ਡਾ. ਆਤਮ ਸਿੰਘ ਰੰਧਾਵਾ।

ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ, ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਅਤੇ ਪੰਜਾਬ ਸਾਹਿਤ ਅਕਾਦਮੀ ਚੰਗੀਗੜ੍ਹ ਦੇ ਸਹਿਯੋਗ ਨਾਲ ‘ਪੰਜਾਬ ਦਾ ਭਵਿੱਖ: ਤੌਖਲੇ, ਆਸਾਂ ਅਤੇ ਯੋਜਨਾਵਾਂ’ ਵਿਸ਼ੇ ’ਤੇ ਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ। ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਡਾ. ਅਰਵਿੰਦਰ ਕੌਰ ਕਾਹਲੋਂ ਦੀ ਯੋਗ ਅਗਵਾਈ ਅਧੀਨ ਕਰਵਾਏ ਗਏ ਇਸ ਸਮਾਗਮ ਦਾ ਆਰੰਭ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਸ਼ਬਦ ਗਾਇਨ ਰਾਹੀਂ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਹੋਇਆ। ਇਸ ਉਪਰੰਤ ਵਿਭਾਗ ਮੁਖੀ ਡਾ. ਆਤਮ ਸਿੰਘ ਰੰਧਾਵਾ ਅਤੇ ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ ਵੱਲੋਂ ਆਈਆਂ ਸ਼ਖ਼ਸੀਅਤਾਂ ਨੂੰ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ।

ਉਦਘਾਟਨੀ ਸਮਾਰੋਹ ’ਚ ਪ੍ਰਸਿੱਧ ਚਿੰਤਕ ਸ. ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਅਜੋਕੇ ਸਮੇਂ ’ਚ ਨੌਜਵਾਨ ਪੀੜ੍ਹੀ ਤਨਾਅ ਦੇ ਕਈ ਪੜਾਵਾਂ ’ਚੋਂ ਗੁਜਰ ਰਹੀ ਹੈ। ਅਜਿਹੀਆਂ ਸਮੱਸਿਆਵਾਂ ਦੇ ਕਈ ਰਾਜਨੀਤਿਕ, ਆਰਥਿਕ ਅਤੇ ਸਮਾਜਿਕ ਕਾਰਨ ਹਨ। ਤਕਨੀਕੀ ਵਿਕਾਸ ਦਾ ਪ੍ਰਭਾਵ ਵੀ ਬੇਰੁਜ਼ਗਾਰੀ ਦੀਆਂ ਸਮੱਸਿਆਵਾਂ ਦੇ ਕਾਰਨ ਪੈਦਾ ਕਰ ਸਕਦਾ ਹੈ। ਅਜਿਹੇ ਦਤੌਖਲਿਆਂ ਤੋਂ ਬਚਣ ਲਈ ਸਮੇਂ ਦੇ ਹਾਣ ਦੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸਮੇਂ ਦੇ ਹਾਣ ਦਾ ਹੋਣ ਲਈ ਸਮੱਸਿਆਵਾਂ ਪ੍ਰਤੀ ਚੇਤਨਤਾ ’ਚੋਂ ਇਨ੍ਹਾਂ ਦਾ ਹੱਲ ਲੱਭਿਆ ਜਾ ਸਕਦਾ ਹੈ।

ਇਸ ਉਪਰੰਤ ਡਾ. ਰਣਜੀਤ ਸਿੰਘ ਘੁੰਮਣ, ਪ੍ਰੋਫ਼ੈਸਰ ਆਫ਼ ਏਮੀਨੈਂਸ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪੰਜਾਬ ਦੇ ਨਿਘਾਰ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬ ਦੀਆਂ ਸੱਭਿਆਚਾਰਕ ਅਤੇ ਨੈਤਿਕ ਕਦਰਾਂ-ਕੀਮਤਾਂ ਨੂੰ ਲੱਗੇ ਖੋਰੇ ਦੇ ਪ੍ਰਭਾਵ ਕਾਰਨ ਅੱਜ ਦਾ ਮਨੁੱਖ ਨਕਾਰਾ ਅਤੇ ਬੇਰੁਜ਼ਗਾਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕਿਰਤ ਕਰਨ ਦਾ ਰੁਝਾਨ ਘੱਟ ਰਿਹਾ ਹੈ ਅਤੇ ਬਾਹਰੀ ਦੁਨੀਆਂ ਦੀ ਚਮਕ-ਦਮਕ ਭਰੀ ਦਿਖਾਵਟ ਨੇ ਨੌਜੁਆਨ ਪੀੜ੍ਹੀ ਨੂੰ ਆਪਣੇ ਵੱਲ ਅਕਰਸ਼ਿਤ ਕੀਤਾ ਹੈ। ਮੌਜੂਦਾ ਸਮੇਂ ਦੀਆਂ ਸਮੱਸਿਅਵਾਂ ’ਚੋਂ ਬਾਹਰ ਨਿਕਲਣ ਲਈ ਉਨ੍ਹਾਂ ਪ੍ਰਤੀ ਸਮਝ ਪ੍ਰਾਪਤ ਕਰਕੇ ਉਨ੍ਹਾਂ ਦੇ ਹੱਲ ਨਾਲ ਜੁੜਣ ਦੀ ਲੋੜ ਹੈ। ਪੰਜਾਬ ਦੇ ਆਰਥਿਕ ਖੋਰੇ ਬਾਰੇ ਤੱਥ ਪੇਸ਼ ਕਰਦਿਆਂ ਉਨ੍ਹਾਂ ਨੇ ਰਿਸ਼ਵਤਖੋਰੀ ਵਰਗੀ ਅਲਾਮਤ ਪ੍ਰਤੀ ਵੀ ਚਿੰਤਾ ਪ੍ਰਗਟ ਕੀਤੀ।

ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਵਿਕਸਿਤ ਦੇਸ਼ਾਂ ਦੀ ਪ੍ਰਣਾਲੀ ਦੀ ਤਰਜ਼ ’ਤੇ ਚੱਲਦਿਆਂ ਸਾਨੂੰ ਆਪਣੀ ਅਮੀਰ ਵਿਰਸਾਤ ਨੂੰ ਭੁੱਲਣਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਅਜੋਕਾ ਮਨੁੱਖ ਮਾਨਸਿਕ ਅਤੇ ਆਰਥਿਕ ਪੱਖੋਂ ਨਕਾਰਾ ਹੋ ਰਿਹਾ ਹੈ। ਸੱਤਾਧਾਰੀ ਧਿਰ ਨੇ ਅਜੋਕੇ ਮਨੁੱਖ ਨੂੰ ਕਈ ਤਰ੍ਹਾਂ ਦੀ ਮੁਖ਼ਤਖੋਰੀ ਦੇ ਘੇਰੇ ’ਚ ਫਸਾ ਲਿਆ ਹੈ। ਜਿਸ ਨਾਲ ਉਹ ਨਿਕੰਮਾ ਅਤੇ ਬੇਕਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਨੁੱਖ ਨੂੰ ਆਪਣੀ ਹੋਂਦ ਦੀ ਸੰਵੇਦਨਾ ਨੂੰ ਬਰਕਰਾਰ ਰੱਖਣ ਅਤੇ ਆਪਣੇ ਸਵੈਮਾਣ ਨੂੰ ਬਣਾਈ ਰੱਖਣ ਲਈ ਕਿਰਤ ਨਾਲ ਜੁੜਣਾ ਚਾਹੀਦਾ ਹੈ। ਉਨ੍ਹਾਂ ਨੇ ਸੈਮੀਨਾਰ ਦੇ ਸਫ਼ਲ ਸੰਚਾਲਨ ਲਈ ਡਾ. ਰੰਧਾਵਾ ਨੂੰ ਵਧਾਈ ਦਿੱਤੀ।

ਇਸ ਤੋਂ ਪਹਿਲਾਂ ਡਾ. ਰੰਧਾਵਾ ਨੇ ਕਿਹਾ ਕਿ ਪੰਜਾਬ ਨਵ ਸਿਰਜਣਾ ਪ੍ਰੋਗਰਾਮਾਂ ਦੀ ਲੜੀ ਅਧੀਨ 1 ਤੋਂ 31 ਮਾਰਚ ਤੱਕ ਪੂਰੇ ਪੰਜਾਬ ’ਚ ਵੱਖ-ਵੱਖ ਸੰਸਥਾਵਾਂ ’ਚ ਸਾਹਿਤਕ ਪ੍ਰੋਗਰਾਮ ਅਤੇ ਵਿਚਾਰ-ਚਰਚਾ ਕਰਵਾਈ ਜਾ ਰਹੀ ਹੈ। ਇਸੇ ਲੜੀ ਅਧੀਨ ਪੰਜਾਬ ਦੇ ਭਵਿੱਖ ਬਾਰੇ ਵਿਚਾਰ-ਚਰਚਾ ਕਰਨ ਲਈ ਅੱਜ ਦਾ ਇਹ ਸਮਾਗਮ ਰਚਾਇਆ ਗਿਆ ਹੈ ਜਿਸ ’ਚ ਪੰਜਾਬ ਦੇ ਉੱਘੇ ਵਿਦਵਾਨ ਆਪਣੇ ਵਿਚਾਰ ਪੇਸ਼ ਕੀਤੇ।

ਸਮਾਗਮ ਦੇ ਪਹਿਲੇ ਅਕਾਦਮਿਕ ਸੈਸ਼ਨ ’ਚ ਡਾ. ਮਨਜਿੰਦਰ ਸਿੰਘ, ਮੁਖੀ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮਨੁੱਖੀ ਚਰਿੱਤਰ ਨਿਰਮਾਣ ਲਈ ਗੁਰਬਾਣੀ ਦੇ ਮਾਡਲ ਦੀ ਭੂਮਿਕਾ ਬਾਰੇ ਵਿਚਾਰ ਪੇਸ਼ ਕੀਤੇ। ਡਾ. ਪ੍ਰਵੀਨ ਕੁਮਾਰ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਸਬਲਟਰਨ ਸਮੂਹਾਂ ਦੀ ਸਾਹਿਤ ਵਿਚਲੀ ਸਥਿਤੀ ਨੂੰ ਆਧਾਰ ਬਣਾ ਕੇ ਆਪਣੇ ਵਿਚਾਰ ਸਾਂਝੇ ਕੀਤੇ। ਡਾ. ਗੁਰਮੁਖ ਸਿੰਘ, ਮੁਖੀ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਕਿਹਾ ਕਿ ਅਜੋਕਾ ਮਨੁੱਖ ਆਪਣੀ ਬਿਹਤਰੀ ਅਤੇ ਵਿਕਾਸ ਨੂੰ ਜਾਣੇ ਬਿਨਾਂ ਕਈ ਤਰ੍ਹਾਂ ਦੇ ਭਰਮਾਂ ਵਿਚੋਂ ਗੁਜ਼ਰ ਰਿਹਾ ਹੈ। ਸਮੁੱਚੇ ਵਿਕਾਸ ਲਈ ਉਸ ਨੂੰ ਆਪਣੇ ਆਲੇ-ਦੁਆਲੇ  ਪ੍ਰਤੀ ਚੇਤੰਨ ਹੋਣ ਦੀ ਲੋੜ ਹੈ। ਡਾ. ਮਨਮੋਹਨ, ਸਾਬਕਾ ਆਈ. ਪੀ. ਐੱਸ. ਅਧਿਕਾਰੀ ਨੇ ਗੁਰਬਾਣੀ, ਇਤਿਹਾਸ ਅਤੇ ਵਿਸ਼ਵ ਪ੍ਰਸਿੱਧ ਚਿੰਤਕਾਂ ਦੇ ਹਵਾਲੇ ਨਾਲ ਮਨੁੱਖ ਨੂੰ ਹਿੰਸਕ ਸੁਭਾਅ ਨੂੰ ਤਿਆਗ ਕੇ ਨਿਮਰਤਾ ਦੇ ਗੁਣ ਆਪਣਾਉਣ ਦਾ ਸੁਝਾਅ ਦਿੱਤਾ। ਸੈਸ਼ਨ ਦੇ ਅੰਤ ’ਚ ਸਰੋਤਿਆਂ ਨੇ ਆਪਣੇ ਸੁਵਾਲਾਂ ਰਾਹੀਂ ਆਏ ਹੋਏ ਵਿਦਵਾਨਾਂ ਨਾਲ ਸੰਵਾਦ ਰਚਾਇਆ।

ਇਸ ਮੌਕੇ ਪੈਨਲ ਚਰਚਾ ’ਚ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੇ ਸਕੱਤਰ ਡਾ. ਅਮਰਜੀਤ ਸਿੰਘ ਨੇ ਸਮਾਗਮ ਦੇ ਕਨਵੀਨਰ ਵਜੋਂ ਵਿਸ਼ੇਸ਼ ਭੂਮਿਕਾ ਨਿਭਾਈ ਅਤੇ ਡਾ. ਹਰਪ੍ਰੀਤ ਸਿੰਘ ਹੁੰਦਲ, ਪ੍ਰਿੰਸੀਪਲ ਸਿੰਘ ਨੈਸ਼ਨਲ ਕਾਲਜ ਕਾਦੀਆਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਪੈਨਲ ਚਰਚਾ ਵਿਚ ਵਿਸ਼ੇਸ਼ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਦੇ ਸਾਬਕਾ ਪ੍ਰੋਫ਼ੈਸਰ ਡਾ. ਸੁਹਿੰਦਰਬੀਰ ਸਿੰਘ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ। ਇਸ ਪੈਨਲ ਚਰਚਾ ’ਚ ਡਾ. ਜਸਪ੍ਰੀਤ ਕੌਰ, ਡਾ. ਗਰੇਵਾਲ ਸਿੰਘ ਮੱਲੀ, ਡਾ. ਕੁਲਦੀਪ ਸਿੰਘ, ਡਾ. ਮੇਘਾ ਸਲਵਾਨ, ਡਾ. ਬਲਜੀਤ ਕੌਰ ਰਿਆੜ, ਡਾ. ਰਾਜਵਿੰਦਰ ਕੌਰ, ਡਾ. ਹੀਰਾ ਸਿੰਘ, ਡਾ. ਗੁਰਬੀਰ ਸਿੰਘ ਬਰਾੜ, ਡਾ. ਦਯਾ ਸਿੰਘ, ਪ੍ਰੋ. ਬਲਜਿੰਦਰ ਸਿੰਘ, ਡਾ. ਕਰਮਜੀਤ ਸਿੰਘ, ਡਾ. ਯਾਦਵਿੰਦਰ ਕੌਰ, ਡਾ. ਚਿਰਜੀਵਨ ਕੌਰ ਨੇ ਵਿਸ਼ੇ ਸਬੰਧੀ ਵਿਚਾਰ ਸਾਂਝੇ ਕੀਤੇ। ਸਮਾਗਮ ’ਚ ਆਈਆਂ ਸਖ਼ਸ਼ੀਅਤਾਂ ਨੂੰ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਮੰਚ ਸੰਚਾਲਨ ਸੈਮੀਨਾਰ ਕਨਵੀਨਰ ਡਾ. ਪਰਮਿੰਦਰ ਸਿੰਘ ਦੁਆਰਾ ਬਾਖੂਬੀ ਨਿਭਾਇਆ ਗਿਆ।

Related posts

ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਮ੍ਰਿਤਪਾਲ ਸਿੰਘ ਵੱਲੋ ਤਨਖਾਹਾਂ ਜਾਰੀ ਕਰਵਾਉਣ ਦਾ ਦਿੱਤਾ ਭਰੋਸਾ

admin

ਪਵਿੱਤਰ ਗੁਰੂ ਨਗਰੀ ਨੂੰ ਪੰਜਾਬ ਸਰਕਾਰ ਨੇ ਫਲਾਈਓਵਰ ਕੀਤਾ ਸਮਰਪਿਤ

admin

ਆਪ’ ਉਮੀਦਵਾਰ ਗੁਰਮੇਲ ਸਿੰਘ ਦੇ ਹੱਕ ’ਚ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਰੋਡ ਸ਼ੋਅ ਨੂੰ ਮਿਲਿਆ ਲੋਕਾਂ ਦਾ ਸਮਰਥਨ

Bunty