ਅੰਮ੍ਰਿਤਸਰ – ਖਾਲਸਾ ਕਾਲਜ ਦੇ ਰਾਜਨੀਤੀ ਅਤੇ ਲੋਕ ਪ੍ਰਸ਼ਾਸਨ ਵਿਭਾਗ ਵੱਲੋਂ ਵਿਦਿਆਰਥੀ ਪ੍ਰਵਾਸ : ਪ੍ਰੇਰਨਾ ਚੁਣੌਤੀਆਂ ਅਤੇ ਨੀਤੀ ਨਿਰਮਾਣ ਵਿਸ਼ੇ ’ਤੇ ਗੈਸਟ ਲੈਕਚਰ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਲੈਕਚਰ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਰਾਜਨੀਤੀ ਸ਼ਾਸਤਰ ਵਿਭਾਗ ਸਾਬਕਾ ਮੁੱਖੀ ਪ੍ਰੋ: ਜਗਰੂਪ ਸਿੰਘ ਸੇਖੋਂ ਨੇ ਮੁੱਖ ਬੁਲਾਰੇ ਸਨ।ਜਿਨ੍ਹਾਂ ਦੀ ਕਾਲਜ ਦੇ ਰਾਜਨੀਤੀ ਸ਼ਾਸਤਰ ਵਿਭਾਗ ਤੋਂ ਮੁੱਖੀ ਪ੍ਰੋ: ਜਸਪ੍ਰੀਤ ਕੌਰ ਨੇ ਜਾਣ-ਪਛਾਣ ਕਰਵਾਈ।
ਇਸ ਮੌਕੇ ਪ੍ਰਿੰ: ਡਾ: ਰੰਧਾਵਾ ਨੇ ਕਿਹਾ ਕਿ ਵਿਦੇਸ਼ਾਂ ’ਚ ਜਾ ਕਿ ਵਿੱਦਿਆ ਪ੍ਰਾਪਤ ਕਰਨ ਜਾਂ ਪੱਕੇ ਤੌਰ ’ਤੇ ਵੱਸਣ ਨਾਲ ਸਬੰਧਿਤ ਫੈਸਲਾ ਬਹੁਤ ਸਾਰੇ ਪੱਖਾਂ ਨੂੰ ਧਿਆਨ ’ਚ ਰੱਖ ਕੇ ਕਰਨਾ ਚਾਹੀਦਾ ਹੈ।
ਇਸ ਮੌਕੇ ਪ੍ਰੋ: ਸੇਖੋਂ ਨੇ ਪ੍ਰਵਾਸ ਨਾਲ ਸੰਬੰਧਤ ਸਮਾਜਿਕ ਅਤੇ ਰਾਜਨੀਤਿਕ ਪਹਿਲੂਆਂ ਨੂੰ ਵਿਸਥਾਰ ਨਾਲ ਉਜਾਗਰ ਕਰਦਿਆਂ ਕਿਹਾ ਕਿ ਵਿਦਿਆਰਥੀ ਪ੍ਰਵਾਸ ਸਿਰਫ ਵਿਕਾਸ਼ਸੀਲ ਦੇਸ਼ਾਂ ਵਿਚਲੇ ਵਰਤਾਰੇ ਦਾ ਸਿੱਟਾ ਹੀ ਨਹੀਂ, ਸਗੋਂ ਵਿਕਸਿਤ ਦੇਸ਼ਾਂ ’ਚ ਆਵਾਸ ਨਾਲ ਸਬੰਧਿਤ ਚੁਣੌਤੀਆਂ ਵੀ ਇਸ ਨੂੰ ਬੜ੍ਹਾਵਾ ਦਿੰਦੀਆਂ ਹਨ। ਉਨ੍ਹਾਂ ਨੇ ਹਿਜਰਤ ਦੇ ਸਕਾਰਾਤਮਿਕ ਪੱਖਾਂ ਨੂੰ ਵੀ ਉਜਾਗਰ ਕਰਦਿਆਂ ਕਿਹਾ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਦੀ ਨੌਜਵਾਨ ਪੀੜੀ ਕੋਲ ਪ੍ਰਵਾਸ ਇਕ ਚੰਗਾ ਵਿਕਲਪ ਹੈ।ਉਨ੍ਹਾਂ ਕਿਹਾ ਕਿ ਪੱਛਮੀ ਦੇਸ਼ਾਂ ’ਚ ਜਾ ਰਹੇ ਵਿਦਿਆਰਥੀਆਂ ਦੀਆਂ ਬਹੁਤ ਸਾਰੀਆਂ ਆਰਥਿਕ ਅਤੇ ਸਿਹਤ ਨਾਲ ਸਬੰਧਿਤ ਮੁਸ਼ਕਿਲਾਂ ਦਾ ਵਿਸਥਾਰ ਨਾਲ ਵਰਨਣ ਕੀਤਾ ਗਿਆ।ਇਸ ਮੌਕੇ ਕਾਲਜ ਰਜਿਸਟਰਾਰ ਡਾ: ਦਵਿੰਦਰ ਸਿੰਘ ਨੇ ਧੰਨਵਾਦ ਦਾ ਮਤਾ ਪੇਸ਼ ਕਰਦਿਆਂ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਨਾਲ ਸਬੰਧਿਤ ਫੈਸਲੇ ਅਜੋਕੀਆਂ ਸਥਿਤੀਆਂ ਅਤੇ ਚੁਣੌਤੀਆਂ ਨੂੰ ਮੱਦੇਨਜ਼ਰ ਰੱਖਦਿਆਂ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਉਕਤ ਵਿਭਾਗ ਦੇ ਸਟਾਫ ਤੋਂ ਇਲਾਵਾ ਵਿਦਿਆਰਥੀ ਮੌਜੂਦ ਸਨ।
