ArticlesPunjab

ਕੀ ਪੰਜਾਬ ਵਿੱਚ ਹੁਣ ‘ਆਮ ਸਰਕਾਰ’ ਦੀ ਥਾਂ ਕਿਸੇ ‘ਖਾਸ’ ਦੀ ਬਣ ਜਾਵੇਗੀ ?

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ 10 ਵਿੱਚੋਂ 7 ਵਿਧਾਇਕਾਂ ਦੇ ਦੁਆਰਾ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ਦਾ ਪੱਲਾ ਫੜ ਲੈਣ ਨੂੰ ਸਿਆਸੀ ਹਲਕਿਆਂ ਦੇ ਅੰਦਰ ਇੱਕ ਵੱਡੀ ਅਤੇ ਇਤਿਹਾਸਕ ਘਟਨਾ ਮੰਨਿਆ ਜਾ ਰਿਹਾ ਹੈ। ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾਵਾਂ ਦੇ ਵਲੋਂ ਇਹ ਵੀ ਦਾਅਵੇ ਕੀਤੇ ਜਾ ਰਹੇ ਹਨ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਉਹਨਾਂ ਦੇ ਸੰਪਰਕ ਦੇ ਵਿੱਚ ਹਨ ਜੋ ਕਿ ਕਿਸੇ ਵੀ ਵੇਲੇ ਆਮ ਆਦਮੀ ਪਾਰਟੀ ਨੂੰ ਬਾਏ-ਬਾਏ ਕਹਿ ਸਕਦੇ ਹਨ। ਅਗਲੇ ਦਿਨਾਂ ਦੇ ਅੰਦਰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਜੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੁੱਧ ਅਵਿਸ਼ਵਾਸ ਮਤਾ ਲਿਆਂਦਾ ਜਾਂਦਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਵਲੋਂ ਭਾਰਤ ਦੀ ਰਾਸ਼ਟਰਪਤੀ ਦਰੋਪਦੀ ਮੁਰਮੂ ਤੋਂ ਮੁਲਾਕਾਤ ਲਈ ਸਮਾਂ ਮੰਗੇ ਜਾਣ ਨੂੰ, ਸ਼ਾਇਦ ਕੇਂਦਰ ਦੀ ਭਾਜਪਾ ਸਰਕਾਰ ਦੁਆਰਾ ਕੀਤੇ ਜਾਣ ਵਾਲੇ ਅਜਿਹੇ ਕਿਸੇ ਵੀ ਸੰਭਾਵੀ ਯਤਨ ਨਾਲ ਨਜਿੱਠੇ ਜਾਣ ਸਬੰਧੀ, ਕੋਈ ਅਗਲੀ ਰਣਨੀਤੀ ਘੜੇ ਜਾਣ ਵਜੋਂ ਦੇਖਿਆ ਜਾ ਰਿਹਾ ਹੈ।

ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਵੀਰਵਾਰ 30 ਅਪ੍ਰੈਲ ਨੂੰ ਦੱਸਿਆ ਕਿ, “ਰਾਸ਼ਟਰਪਤੀ ਨੇ ਉਨ੍ਹਾਂ ਨੂੰ 5 ਮਈ ਨੂੰ ਦੁਪਹਿਰ 12 ਵਜੇ ਮੁਲਾਕਾਤ ਦੀ ਮਨਜ਼ੂਰੀ ਦਿੱਤੀ ਗਈ ਹੈ। ਪੰਜਾਬ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੈਨੂੰ 5 ਮਈ ਨੂੰ ਦੁਪਹਿਰ 12 ਵਜੇ ਦਾ ਸਮਾਂ ਦਿੱਤਾ ਹੈ। ਹਾਲਾਂਕਿ ਅਸੀਂ ਸਾਰੇ ਵਿਧਾਇਕਾਂ ਨਾਲ ਮੁਲਾਕਾਤ ਦੀ ਬੇਨਤੀ ਕੀਤੀ ਸੀ, ਪਰ ਮੈਨੂੰ ਉਨ੍ਹਾਂ ਨੂੰ ਇਕੱਲੇ ਮਿਲਣ ਲਈ ਸੱਦਾ ਦਿੱਤਾ ਗਿਆ ਹੈ। ਆਪਣੇ ਸਾਥੀ ਵਿਧਾਇਕਾਂ ਨਾਲ ਰਾਸ਼ਟਰਪਤੀ ਭਵਨ ਜਾਵਾਂਗਾ। ਸਾਰੇ ਵਿਧਾਇਕ ਬਾਹਰ ਇੰਤਜ਼ਾਰ ਕਰਨਗੇ, ਜਦੋਂ ਕਿ ਉਹ ਰਾਸ਼ਟਰਪਤੀ ਨੂੰ ਸਿਰਫ਼ ਇਕੱਲੇ ਹੀ ਮਿਲਣ ਲਈ ਅੰਦਰ ਜਾਣਗੇ। ਮੈਂ ਅੰਦਰ ਜਾਵਾਂਗਾ ਅਤੇ ਸਾਰਿਆਂ ਵੱਲੋਂ ਰਾਸ਼ਟਰਪਤੀ ਨੂੰ ਪੰਜਾਬ ਅਤੇ ਲੋਕਾਂ ਦੀ ਆਵਾਜ਼ ਜ਼ੋਰਦਾਰ ਢੰਗ ਨਾਲ ਪੇਸ਼ ਕਰਾਂਗਾ। ਪੰਜਾਬ ਦੇ ਲੋਕਾਂ ਦੇ ਫਤਵੇ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਦੀ ਰੱਖਿਆ ਕਰਨਾ ਸਾਡਾ ਫਰਜ਼ ਹੈ। ਭਵਿੱਖ ਦੀ ਰਣਨੀਤੀ ਰਾਸ਼ਟਰਪਤੀ ਨਾਲ ਮੁਲਾਕਾਤ ਤੋਂ ਬਾਅਦ ਕੀ ਹੁੰਦਾ ਹੈ, ਇਸ ਤੋਂ ਤੈਅ ਹੋਵੇਗੀ। ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਸਾਂਝੀ ਕੀਤੀ ਜਾਵੇਗੀ। ਮੈਂ ਮਾਣਯੋਗ ਰਾਸ਼ਟਰਪਤੀ ਦਾ ਮੈਨੂੰ ਇਹ ਕੀਮਤੀ ਸਮਾਂ ਦੇਣ ਲਈ ਦਿਲੋਂ ਧੰਨਵਾਦ ਕਰਦਾ ਹਾਂ।”

ਇਸ ਤੋਂ ਪਹਿਲਾਂ ਬੁੱਧਵਾਰ ਨੂੰ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਸੀ ਕਿ, “ਜੋ ਲੋਕ ਇਸ ਦਲ ਬਦਲੀ ਨੂੰ ਇੱਕ ਆਮ ਚੀਜ਼ ਜਾਂ ਪਰੰਪਰਾ ਕਹਿ ਰਹੇ ਹਨ, ਉਹ ਲੋਕਾਂ ਦੇ ਫੈਸਲੇ ਦੀ ਘੋਰ ਅਣਦੇਖੀ ਨੂੰ ਜਾਇਜ਼ ਠਹਿਰਾ ਰਹੇ ਹਨ। ਇਹ ਅਸਵੀਕਾਰਨਯੋਗ ਹੈ ਅਤੇ ਇਸ ਤਰ੍ਹਾਂ ਬੋਲਣ ਵਾਲੇ ਆਪਣੀ ਵਫ਼ਾਦਾਰੀ ਬਦਲਣ ਦੀ ਤਿਆਰੀ ਕਰਦੇ ਜਾਪਦੇ ਹਨ। ਜਨਤਕ ਫਤਵੇ ਦਾ ਅਪਮਾਨ ਕਰਨ ਵਾਲੇ ਇਨ੍ਹਾਂ ਸੰਸਦ ਮੈਂਬਰਾਂ ਨੂੰ ਕਿਸੇ ਵੀ ਰਹਿਮ ਦੀ ਲੋੜ ਨਹੀਂ ਹੈ ਕਿਉਂਕਿ ਇਹ ਪੰਜਾਬ ਅਤੇ ਪੰਜਾਬੀਆਂ ਦੇ ਗੱਦਾਰ ਹਨ।”

ਰਾਘਵ ਚੱਢਾ ਸਮੇਤ ਸੱਤ ਰਾਜ ਸਭਾ ਸੰਸਦ ਮੈਂਬਰਾਂ ਦੇ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਦਲ ਬਦਲੀ ਸਬੰਧੀ ਰਾਸ਼ਟਰਪਤੀ ਨਾਲ ਮੁਲਾਕਾਤ ਦੀ ਮੰਗ ਕੀਤੀ ਸੀ। ਪੰਜਾਬ ਦੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਸਾਰੇ ਵਿਧਾਇਕਾਂ ਸਮੇਤ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦੀ ਮੰਗ ਕੀਤੀ ਸੀ, ਪਰ ਰਾਸ਼ਟਰਪਤੀ ਨੇ ਉਨ੍ਹਾਂ ਨੂੰ ਇਕੱਲੇ ਮੁਲਾਕਾਤ ਦੀ ਮਨਜ਼ੂਰੀ ਦੇ ਦਿੱਤੀ। ਮੁੱਖ-ਮੰਤਰੀ ਭਗਵੰਤ ਮਾਨ ਆਪਣੇ ਸਾਰੇ ਵਿਧਾਇਕਾਂ ਨਾਲ ਦਿੱਲੀ ਦੇ ਰਾਸ਼ਟਰਪਤੀ ਭਵਨ ਜਾਣਗੇ ਪਰ ਮੁਲਾਕਾਤ ਸਿਰਫ਼ ਖੁਦ ਇਕੱਲੇ ਹੀ ਕਰਨਗੇ।

1 ਮਈ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਅਵਿਸ਼ਵਾਸ ਮਤਾ ਲਿਆਉਣ ਦੇ ਪੰਜਾਬ ਸਰਕਾਰ ਦੇ ਕਦਮ ਬਾਰੇ ਪੁੱਛੇ ਜਾਣ ‘ਤੇ ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ, “ਪਾਰਟੀ ਕੋਲ ਪਹਿਲਾਂ ਹੀ 94 ਵਿਧਾਇਕ ਹਨ। ਇਸ ਤੋਂ ਵੱਡਾ ਭਰੋਸਾ ਪੰਜਾਬ ਦੇ ਲੋਕਾਂ ਨੂੰ ਕੀ ਹੋ ਸਕਦਾ ਹੈ? ਬਜਟ ਪਾਸ ਹੋਣਾ ਵੀ ਵਿਸ਼ਵਾਸ ਦਰਸਾਉਂਦਾ ਹੈ। ਜੇਕਰ ਬਜਟ ਅਸਫਲ ਹੁੰਦਾ ਹੈ ਤਾਂ ਸਰਕਾਰ ਡਿੱਗ ਸਕਦੀ ਹੈ। ਸਾਡੇ ਸਾਰੇ ਬਿੱਲ ਸਦਨ ਵਿੱਚ ਲਗਭਗ ਸਰਬਸੰਮਤੀ ਨਾਲ ਪਾਸ ਹੋ ਗਏ। ਜੇਕਰ ਕੋਈ ਦਾਅਵਾ ਕਰਦਾ ਹੈ ਕਿ ਇੰਨੇ ਸਾਰੇ ਵਿਧਾਇਕ ਹੋਰ ਪਾਰਟੀਆਂ ਨਾਲ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਦੀ ਸਰਕਾਰ ਡਿੱਗ ਜਾਵੇਗੀ, ਤਾਂ ਅਸੀਂ ਅਵਿਸ਼ਵਾਸ ਮਤਾ ਲਿਆਵਾਂਗੇ। ਕੀ ਕਾਨੂੰਨ ਵਿੱਚ ਕਿਸੇ ਸੰਸਦ ਮੈਂਬਰ ਨੂੰ ਵਾਪਸ ਬੁਲਾਉਣ ਦੀ ਵਿਵਸਥਾ ਹੈ, ਉਹ ਇਸ ਬਾਰੇ ਰਾਸ਼ਟਰਪਤੀ ਨਾਲ ਚਰਚਾ ਕਰਨਗੇ।”

ਆਮ ਆਦਮੀ ਪਾਰਟੀ ਨੂੰ 24 ਅਪ੍ਰੈਲ ਨੂੰ ਵੱਡਾ ਝਟਕਾ ਲੱਗਾ ਸੀ ਜਦੋਂ ਪਾਰਟੀ ‘ਤੇ ਆਪਣੇ ਸਿਧਾਂਤਾਂ, ਕਦਰਾਂ-ਕੀਮਤਾਂ ਅਤੇ ਮੂਲ ਨੈਤਿਕ ਕਦਰਾਂ-ਕੀਮਤਾਂ ਤੋਂ ਭਟਕਣ ਦਾ ਦੋਸ਼ ਲਗਾਉਂਦੇ ਹੋਏ, ਇਸਦੇ 10 ਰਾਜ ਸਭਾ ਮੈਂਬਰਾਂ ਵਿੱਚੋਂ 7 ਰਾਘਵ ਚੱਢਾ, ਅਸ਼ੋਕ ਮਿੱਤਲ, ਸੰਦੀਪ ਪਾਠਕ, ਹਰਭਜਨ ਸਿੰਘ, ਰਾਜੇਂਦਰ ਗੁਪਤਾ, ਵਿਕਰਮਜੀਤ ਸਾਹਨੀ ਅਤੇ ਸਵਾਤੀ ਮਾਲੀਵਾਲ ‘ਆਪ’ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ। ‘ਆਪ’ ਛੱਡਣ ਵਾਲੇ 7 ਰਾਜ ਸਭਾ ਮੈਂਬਰਾਂ ਵਿੱਚੋਂ 6 ਪੰਜਾਬ ਤੋਂ ਚੁਣੇ ਗਏ ਸਨ। ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਨਨ ਨੇ ਸੋਮਵਾਰ 27 ਅਪ੍ਰੈਲ ਨੂੰ ਸੰਸਦ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨੂੰ ਅਧਿਕਾਰਤ ਤੌਰ ‘ਤੇ ਸਵੀਕਾਰ ਕਰ ਲਿਆ, ਜਿਸ ਨਾਲ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਸੰਸਦ ਦੇ ਰਾਜ ਸਭਾ ਵਿੱਚ ਮੈਂਬਰਾਂ ਦੀ ਗਿਣਤੀ ਸਿਰਫ਼ 3 ਰਹਿ ਗਈ।

ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਸੁਨੀਲ ਜਾਖੜ ਨੇ ਮੰਗ ਕੀਤੀ ਹੈ ਕਿ ‘ਆਪ’ ਸਰਕਾਰ ਸੂਬੇ ਦੇ ਕਰਮਚਾਰੀਆਂ ਦੇ ਬਕਾਏ ਦਾ ਭੁਗਤਾਨ ਕਰੇ। ਇਸ ਸਬੰਧ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ, ਮਾਨ ਨੇ ਮੁਸਕਰਾਂਦਿਆਂ ਜਵਾਬ ਦਿੱਤਾ ਕਿ ਭਾਜਪਾ ਆਗੂਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਰੇਕ ਦੇ ਬੈਂਕ ਖਾਤੇ ਵਿੱਚ 15 ਲੱਖ ਰੁਪਏ ਜਮ੍ਹਾਂ ਕਰਵਾਉਣ ਅਤੇ 2 ਕਰੋੜ ਨੌਕਰੀਆਂ ਪੈਦਾ ਕਰਨ ਦੇ ਵਾਅਦੇ ਪੂਰੇ ਕਰਨੇ ਚਾਹੀਦੇ ਹਨ।”

Related posts

ਸਕਿਉਰਿਟੀ ਬਹਾਲ ਕਰਾਉਣ ਲਈ ਹਰਭਜਨ ਸਿੰਘ ਹਾਈਕੋਰਟ ਦੀ ਸ਼ਰਣ ‘ਚ

admin

ਆਸਟ੍ਰੇਲੀਆ ਲਈ ਹੋਰ ਈਂਧਨ ਸੁਰੱਖਿਅਤ ਕਰਨਾ ਪਹਿਲਾ ਕਦਮ – ਵਿਦੇਸ਼ ਮੰਤਰੀ ਵੌਂਗ

admin

ਭਾਰਤ ਦੇ ਚਾਰ ਸੂਬਿਆਂ ਤੇ ਇੱਕ ਕੇਂਦਰ ਸ਼ਾਸਤ ਰਾਜ ‘ਚ ਕਿਸਦੀ ਬਣੇਗੀ ਸਰਕਾਰ ?

admin