Articles

ਅਰਵਿੰਦਰ ਸਿੰਘ ‘ਰੇਬਲ ਜੈਮ’ : ਆਸਟ੍ਰੇਲੀਆ ਦੇ ਸੰਗੀਤਕਾਰ ਗਾਇਕ ਅਤੇ ਪ੍ਰੋਡਿਊਸਰ !

ਅਰਵਿੰਦਰ ਸਿੰਘ ‘ਰੇਬਲ ਜੈਮ’, ਸੰਗੀਤਕਾਰ ਗਾਇਕ ਅਤੇ ਪ੍ਰੋਡਿਊਸਰ।
ਲੇਖਕ: ਕਰਨਪ੍ਰੀਤ ਕਰਨ, ਬਰਨਾਲਾ।

ਅੱਜ ਦੇ ਡਿਜ਼ੀਟਲ ਯੁੱਗ ਵਿੱਚ ਜਿੱਥੇ ਸੰਗੀਤ ਦੁਨੀਆ ਭਰ ਦੇ ਲੋਕਾਂ ਨੂੰ ਜੋੜਨ ਦਾ ਇੱਕ ਮਜ਼ਬੂਤ ਸਾਧਨ ਬਣ ਚੁੱਕਾ ਹੈ, ਉੱਥੇ ਮੈਲਬੌਰਨ ਵਸਦੇ ਪੰਜਾਬੀ ਮੂਲ ਦੇ ਨੌਜਵਾਨ ਸੰਗੀਤਕਾਰ, ਗਾਇਕ ਅਤੇ ਪ੍ਰੋਡਿਊਸਰ ਅਰਵਿੰਦਰ ਸਿੰਘ ਆਪਣੇ ਕਲਾਤਮਕ ਨਾਮ “ਰੇਬਲ ਜੈਮ” (Rebel Gem) ਹੇਠ ਮੈਲਬੌਰਨ ਆਸਟ੍ਰੇਲੀਆ ਦੀ ਸੁਤੰਤਰ ਸੰਗੀਤ ਦੁਨੀਆ ਵਿੱਚ ਆਪਣੀ ਵਿਲੱਖਣ ਪਛਾਣ ਕਾਇਮ ਕਰ ਰਹੇ ਹਨ। ਪੰਜਾਬੀ ਸੰਗੀਤ ਜਗਤ ਵਿਚ ਆਪਣੀ ਕਲਾ ਦੇ ਦਮ ਤੇ ਵੱਖਰੀ ਪਛਾਣ ਬਣਾ ਚੁੱਕੇ ਅਰਵਿੰਦਰ ਸਿੰਘ ਕਈ ਕਲਾਵਾਂ ਦਾ ਸੁਮੇਲ ਹੋ ਨਿਬੜਿਆ ਹੈ।

ਆਸਟ੍ਰੇਲੀਅਨ ਇੰਸਟੀਚਿਊਟ ਆਫ ਮਿਊਜ਼ਿਕ ਤੋਂ ਮਿਊਜ਼ਿਕ ਪ੍ਰੋਡਕਸ਼ਨ ਅਤੇ ਕੰਪੋਜ਼ੀਸ਼ਨ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਅਰਵਿੰਦਰ ਸਿੰਘ ਸੰਗੀਤ ਰਚਨਾ ਦੇ ਹਰ ਪੜਾਅ ਵਿੱਚ ਖੁਦ ਸਰਗਰਮ ਰਹਿੰਦੇ ਹਨ। ਗੀਤ ਲਿਖਣ ਤੋਂ ਲੈ ਕੇ ਰਿਕਾਰਡਿੰਗ, ਮਿਕਸਿੰਗ, ਮਾਸਟਰਿੰਗ ਅਤੇ ਡਿਜ਼ੀਟਲ ਰਿਲੀਜ਼ ਤੱਕ ਦਾ ਸਾਰਾ ਕੰਮ ਉਹ ਆਪਣੀ ਨਿੱਜੀ ਦੇਖ-ਰੇਖ ਹੇਠ ਕਰਦੇ ਹਨ, ਜੋ ਉਨ੍ਹਾਂ ਨੂੰ ਇੱਕ ਸੰਪੂਰਨ ਅਤੇ ਸੁਤੰਤਰ ਸੰਗੀਤਕਾਰ ਵਜੋਂ ਸਥਾਪਿਤ ਕਰਦਾ ਹੈ। ਦੁਨੀਆ ਭਰ ਚ ਉਸਦੇ ਸੰਗੀਤ ਨੂੰ ਪਿਆਰ ਕਰਨ ਵਾਲੇ ਦਰਸ਼ਕ ਸਰੋਤੇ ਉਸਦੇ ਪ੍ਰੋਜੈਕਟਾਂ ਦੀ ਉਡੀਕ ਚ ਰਹਿੰਦੇ ਹਨ। ਸਾਲ 2019 ਵਿੱਚ “ਰੇਬਲ ਜੈਮ” ਦੀ ਸ਼ੁਰੂਆਤ ਤੋਂ ਬਾਅਦ ਉਹ ਪੌਪ, ਰੌਕ,ਇੰਡੀ ਅਤੇ ਸਮਕਾਲੀ ਸੰਗੀਤ ਸ਼ੈਲੀਆਂ ਵਿੱਚ ਸੱਤ ਮੂਲ ਗੀਤ ਰਿਲੀਜ਼ ਕਰ ਚੁੱਕੇ ਹਨ। ਸਾਲ 2024 ਦੌਰਾਨ ਜਾਰੀ ਹੋਏ “ਸਰਬਾ ਕਿਲਾ ਰਾਏਪੁਰ ਹਿਟਸ” ਅਤੇ “ਆਨਲਾਈਨ ਹੀਰ” ਵਰਗੇ ਗੀਤਾਂ ਨੇ ਖਾਸ ਧਿਆਨ ਖਿੱਚਿਆ ਅਤੇ ਸਰੋਤਿਆਂ ਵੱਲੋਂ ਭਰਪੂਰ ਸਰਾਹਨਾ ਹਾਸਲ ਕੀਤੀ।

ਅਰਵਿੰਦਰ ਸਿੰਘ ਦਾ ਸੰਗੀਤ ਅੱਜ ਐੱਪਲ ਮਿਊਜ਼ਿਕ,ਐਮਾਜ਼ੋਨ ਮਿਊਜ਼ਿਕ,ਹਾਰਟ ਰੇਡੀਓ,ਆਡੀਓਮੈਕ ਅਤੇ ਟ੍ਰਿਪਲ ਜੇ ਅਨ-ਅਰਥਡ ਸਮੇਤ ਕਈ ਪ੍ਰਮੁੱਖ ਅੰਤਰਰਾਸ਼ਟਰੀ ਪਲੇਟਫਾਰਮਾਂ ‘ਤੇ ਉਪਲਬਧ ਹੈ। ਟ੍ਰਿਪਲ ਜੇ ਅਨ ਅਰਥਡ ਵੱਲੋਂ ਉਨ੍ਹਾਂ ਨੂੰ ਸਥਾਨਕ ਕਲਾਕਾਰ ਵਜੋਂ ਮਿਲੀ ਮਾਨਤਾ ਉਨ੍ਹਾਂ ਦੀ ਵਧ ਰਹੀ ਲੋਕਪ੍ਰਿਯਤਾ ਅਤੇ ਕਲਾਤਮਕ ਯੋਗਤਾ ਦਾ ਪ੍ਰਮਾਣ ਹੈ। ਉਨ੍ਹਾਂ ਦੀ ਸੰਗੀਤਕ ਸ਼ੈਲੀ ਦੀ ਸਭ ਤੋਂ ਵੱਡੀ ਖ਼ਾਸੀਅਤ ਪੰਜਾਬੀ ਅਤੇ ਪੱਛਮੀ ਸੰਗੀਤਕ ਤੱਤਾਂ ਦਾ ਸੁੰਦਰ ਮੇਲ ਹੈ। ਉਹ ਆਪਣੀਆਂ ਰਚਨਾਵਾਂ ਵਿੱਚ ਪੰਜਾਬੀ ਸਭਿਆਚਾਰ ਦੀ ਮਹਿਕ ਨੂੰ ਆਧੁਨਿਕ ਅੰਤਰਰਾਸ਼ਟਰੀ ਸੰਗੀਤਕ ਧੁਨਾਂ ਨਾਲ ਜੋੜਦੇ ਹਨ, ਜਿਸ ਕਾਰਨ ਉਨ੍ਹਾਂ ਦਾ ਸੰਗੀਤ ਵੱਖ-ਵੱਖ ਸੱਭਿਆਚਾਰਾਂ ਦੇ ਲੋਕਾਂ ਨੂੰ ਇੱਕੋ ਜਿਹਾ ਪਸੰਦ ਆਉਂਦਾ ਹੈ। ਸਾਲ 2023 ਦੇ ਹਾਕੀ ਵਰਲਡ ਕੱਪ ਨਾਲ ਜੁੜੇ ‘ਇੰਡੀਆ ਜੀਤ ਕਰ ਆਏਗਾ’ ਇੱਕ ਵਿਸ਼ੇਸ਼ ਕਮਿਊਨਿਟੀ ਪ੍ਰੋਜੈਕਟ ਵਿੱਚ ਉਨ੍ਹਾਂ ਦੇ ਰਚਨਾਤਮਕ ਯੋਗਦਾਨ ਨੂੰ ਵੀ ਕਾਫ਼ੀ ਪ੍ਰਸ਼ੰਸਾ ਮਿਲੀ। “ਇੰਡੀਆ ਜੀਤ ਕਰ ਆਏਗਾ”, ਰੇਬਲ ਜੇਮ (ਉਰਫ਼ ਅਰਵਿੰਦਰ ਸਿੰਘ) ਦਾ ਇੱਕ ਗੀਤ ਹੈ। ਇਹ 2023 ਵਿੱਚ ਇੱਕ ਸਿੰਗਲ ਦੇ ਰੂਪ ਵਿੱਚ ਰਿਲੀਜ਼ ਹੋਇਆ ਸੀ। ਜੋ ਕਿ ਭਾਰਤੀ ਖੇਡਾਂ ਅਤੇ ਰਾਸ਼ਟਰੀ ਸਵੈਮਾਣ ਦੀ ਭਾਵਨਾ ਤੋਂ ਪ੍ਰੇਰਿਤ ਇੱਕ ਪ੍ਰੇਰਣਾਦਾਇਕ ਗੀਤ ਹੈ। ਇਹ ਗੀਤ ਸੰਗੀਤ ਨੂੰ ਜਸ਼ਨ ਅਤੇ ਏਕਤਾ ਦੇ ਪਲਾਂ ਨਾਲ ਮਿਲਾਉਣ ਦੇ ਉਸਦੇ ਜਨੂੰਨ ਨੂੰ ਦਰਸਾਉਂਦਾ ਹੈ।”

ਆਪਣੇ ਸੰਗੀਤਕ ਸਫ਼ਰ ਬਾਰੇ ਗੱਲ ਕਰਦਿਆਂ ਅਰਵਿੰਦਰ ਸਿੰਘ ਕਹਿੰਦੇ ਹਨ ਕਿ, “ਸੰਗੀਤ ਦੀ ਕੋਈ ਭਾਸ਼ਾ ਜਾਂ ਸਰਹੱਦ ਨਹੀਂ ਹੁੰਦੀ। ਵੱਖ-ਵੱਖ ਸਭਿਆਚਾਰਾਂ ਵਿਚਕਾਰ ਰਹਿੰਦਿਆਂ ਮੈਂ ਮਹਿਸੂਸ ਕੀਤਾ ਕਿ ਸੰਗੀਤ ਲੋਕਾਂ ਨੂੰ ਇੱਕ-ਦੂਜੇ ਦੇ ਨੇੜੇ ਲਿਆਉਣ ਦੀ ਅਦਭੁੱਤ ਤਾਕਤ ਰੱਖਦਾ ਹੈ। ‘ਰੇਬਲ ਜੈਮ’ ਰਾਹੀਂ ਮੇਰੀ ਕੋਸ਼ਿਸ਼ ਹੈ ਕਿ ਪੰਜਾਬੀ ਵਿਰਾਸਤ ਅਤੇ ਮੈਲਬੋਰਨ ਦੀ ਆਧੁਨਿਕ ਊਰਜਾ ਨੂੰ ਇੱਕ ਮੰਚ ‘ਤੇ ਲਿਆ ਕੇ ਅਜਿਹੀਆਂ ਕਹਾਣੀਆਂ ਪੇਸ਼ ਕੀਤੀਆਂ ਜਾਣ ਜੋ ਸਥਾਨਕ ਵੀ ਹੋਣ ਅਤੇ ਵਿਸ਼ਵ ਪੱਧਰ ‘ਤੇ ਵੀ ਆਪਣੀ ਛਾਪ ਛੱਡ ਸਕਣ।”

ਸੁਤੰਤਰ ਤੌਰ ‘ਤੇ ਕੰਮ ਕਰਦੇ ਹੋਏ ਅਰਵਿੰਦਰ ਸਿੰਘ ਨਾ ਸਿਰਫ਼ ਇੱਕ ਸੰਗੀਤਕਾਰ ਵਜੋਂ, ਸਗੋਂ ਕਲਾਕਾਰ ਵਿਕਾਸ, ਬ੍ਰਾਂਡ ਨਿਰਮਾਣ ਅਤੇ ਰਚਨਾਤਮਕ ਦਿਸ਼ਾ-ਨਿਰਦੇਸ਼ ਦੇ ਖੇਤਰ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹਨ। ਮੈਲਬੌਰਨ ਵਿੱਚ ਰਹਿੰਦਿਆਂ ਉਹ ਲਗਾਤਾਰ ਆਪਣੀ ਅੰਤਰਰਾਸ਼ਟਰੀ ਸਰੋਤਾ ਮੰਡਲੀ ਦਾ ਵਿਸਥਾਰ ਕਰ ਰਹੇ ਹਨ ਅਤੇ ਪੰਜਾਬੀ ਭਾਈਚਾਰੇ ਲਈ ਮਾਣ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਦੀਆਂ ਨਵੀਆਂ ਸੰਗੀਤਕ ਰਿਲੀਜ਼ਾਂ ਦੁਨੀਆ ਭਰ ਦੇ ਪ੍ਰਮੁੱਖ ਸਟ੍ਰੀਮਿੰਗ ਪਲੇਟਫਾਰਮਾਂ ‘ਤੇ ਉਪਲਬਧ ਹਨ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਲਗਾਤਾਰ ਪਸੰਦ ਕੀਤੀਆਂ ਜਾ ਰਹੀਆਂ ਹਨ।
ਸੰਗੀਤ ਪ੍ਰਤੀ ਆਪਣੇ ਰਚਨਾਤਮਕ ਦ੍ਰਿਸ਼ਟੀਕੋਣ ਲਈ ਜਾਣੇ ਜਾਂਦੇ, ਰੇਬਲ ਜੇਮ ਨੇ ਇੱਕ ਅਜਿਹੀ ਆਵਾਜ਼ ਵਿਕਸਤ ਕੀਤੀ ਹੈ ਜੋ ਸੱਭਿਆਚਾਰਕ ਸਬੰਧ, ਕਹਾਣੀ ਸੁਣਾਉਣ ਅਤੇ ਆਧੁਨਿਕ ਪ੍ਰਯੋਗ ਨੂੰ ਦਰਸਾਉਂਦੀ ਹੈ। ਉਸਦੇ ਸਫ਼ਰ ਵਿੱਚ ਪੰਜਾਬੀ ਸੰਗੀਤ ਉਦਯੋਗ ਦੇ ਸਤਿਕਾਰਤ ਨਾਵਾਂ, ਜਿਨ੍ਹਾਂ ਵਿੱਚ ਅੰਤਰਰਾਸ਼ਟਰੀ ਗਾਇਕ ਜਸਬੀਰ ਜੱਸੀ, ਮਾਸਟਰ ਸਲੀਮ ਪੰਜਾਬੀ ਫ਼ਿਲਮਾਂ ਸੁਨਿਧੀ ਚੌਹਾਨ ਅਤੇ ਦੀਪ ਸਿੱਧੂ ਸ਼ਾਮਲ ਹਨ, ਆਦਿ ਨਾਲ ਕੰਮ ਕਰਨਾ ਅਤੇ ਉਨ੍ਹਾਂ ਨਾਲ ਜੁੜਨਾ ਸੋਨੇ ਤੇ ਸੁਹਾਗਾ ਬਣਿਆ।

Related posts

ਦੰਗਾਕਾਰੀਆਂ ਨੇ ਪੁਲਿਸ ਨਾਲ ਮਿਲ ਕੇ ਇੰਝ ਖੇਡੀ ਖੂਨ ਦੀ ਹੋਲੀ

admin

ਕੁੱਝ ਮਕਾਨ ਜੋ ਕਦੇ ਘਰ ਨਹੀਂ ਬਣ ਪਾਉਂਦੇ !

admin

ਹੁਣ ਪੀਣਯੋਗ ਨਹੀਂ ਰਿਹਾ ਭਾਰਤ ‘ਚ ਧਰਤੀ ਹੇਠਲਾ ਪਾਣੀ !

admin