
ਆਸਟ੍ਰੇਲੀਆ ਨੇ ਵਿਸ਼ਵ ਕੱਪ ਫੁੱਟਬਾਲ ਦੇ ਇਤਿਹਾਸ ਵਿੱਚ ਹੁਣ ਤੱਕ ਤਿੰਨ ਨਾਕਆਊਟ ਮੈਚ ਖੇਡੇ ਹਨ ਅਤੇ ਤਿੰਨਾਂ ਦੇ ਵਿੱਚ ਹੀ ਹਾਰ ਦਾ ਸ੍ਹਾਮਣਾ ਕਰਨਾ ਪਿਆ ਹੈ। ਆਸਟ੍ਰੇਲੀਆ ਨੂੰ ਫੀਫਾ ਵਿਸ਼ਵ ਕੱਪ 2026 ਦੇ ਵਿੱਚ ਵੀ ਅੱਜ ਇੱਕ ਵਾਰ ਫਿਰ ਨਿਰਾਸ਼ਾ ਦਾ ਸ੍ਹਾਮਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਫੀਫਾ ਵਿਸ਼ਵ ਕੱਪ 2006 ਦੇ ਵਿੱਚ ਇਟਲੀ ਤੋਂ ਅਤੇ ਫੀਫਾ ਵਿਸ਼ਵ ਕੱਪ 2022 ਵਿੱਚ ਅਰਜਨਟੀਨਾ ਦੇ ਕੋਲੋਂ ਹਾਰ ਗਿਆ ਸੀ। ਆਸਟ੍ਰੇਲੀਆ ਦਾ ਫੀਫਾ ਵਿਸ਼ਵ ਕੱਪ ਨੂੰ ਜਿੱਤਣ ਦਾ ਸੁਪਨਾ ਇੱਕ ਵਾਰ ਫਿਰ ਚਕਨਾਚੂਰ ਹੋ ਗਿਆ ਹੈ।
ਅਮਰੀਕਾ ਦੇ ਡਾਲਾਸ ਸਟੇਡੀਅਮ ਦੇ ਵਿੱਚ ਅੱਜ ਸਵੇਰੇ 4 ਵਜੇ ਫੀਫਾ ਵਿਸ਼ਵ ਕੱਪ 2026 ਲਈ ਆਸਟ੍ਰੇਲੀਆ ਦਾ ਮਿਸਰ ਨਾਲ ਮੁਕਾਬਲਾ ਹੋਇਆ। ਮਿਸਰ, ਆਸਟ੍ਰੇਲੀਆ ਨੂੰ ਇੱਕ ਰੋਮਾਂਚਕ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ 2026 ਦੇ ਰਾਊਂਡ ਆਫ਼ 16 ਵਿੱਚ ਹੋਰ ਅੱਗੇ ਵੱਧ ਗਿਆ। ਫੀਫਾ ਵਿਸ਼ਵ ਕੱਪ 2026 ਦੇ 32ਵੇਂ ਦੌਰ ਵਿੱਚ ਮਿਸਰ ਨੇ ਪੈਨਲਟੀ ਸ਼ੂਟਆਊਟ ਵਿੱਚ ਆਸਟ੍ਰੇਲੀਆ ਨੂੰ 4-2 ਨਾਲ ਹਰਾ ਕੇ ਇਤਿਹਾਸ ਰਚਿਆ ਅਤੇ ਮਿਸਰ ਦੀ ਇਹ ਪਹਿਲੀ ਵਿਸ਼ਵ ਕੱਪ ਨਾਕਆਊਟ ਜਿੱਤ ਹੈ। ਇਸ ਮੈਚ ਦੇ ਸਮੇਂ ਦੇ ਅਖੀਰ ਤੱਕ ਦੋਹਾਂ ਦਾ ਸਕੋਰ 1-1 ਰਿਹਾ ਪਰ ਮਿਸਰ ਨੇ ਪੈਨਲਟੀਆਂ ਦੇ ਵਿੱਚ ਬਿਹਤਰ ਪ੍ਰਦਰਸ਼ਨ ਕਰਕੇ ਜਿੱਤ ਪ੍ਰਾਪਤ ਕਰ ਲਈ। ਮੈਚ ਨਿਯਮਤ ਸਮੇਂ ਅਤੇ ਵਾਧੂ ਸਮੇਂ ਤੱਕ ਵੀ 1-1 ਨਾਲ ਬਰਾਬਰ ਰਿਹਾ, ਜਿਸ ਤੋਂ ਬਾਅਦ ਮੈਚ ਦਾ ਫੈਸਲਾ ਪੈਨਲਟੀਆਂ ਦੁਆਰਾ ਕੀਤਾ ਗਿਆ। ਮਿਸਰ ਨੇ ਆਪਣੇ ਚਾਰੇ ਪੈਨਲਟੀਆਂ ਨੂੰ ਗੋਲਾਂ ਵਿੱਚ ਬਦਲਿਆ, ਪਰ ਆਸਟ੍ਰੇਲੀਆ ਦੇ ਹੈਰੀ ਸਾਊਟਰ ਅਤੇ ਲੂਕਾਸ ਹੈਰਿੰਗਟਨ ਆਪਣੀਆਂ ਕੋਸ਼ਿਸ਼ਾਂ ਤੋਂ ਖੁੰਝ ਗਏ।
ਆਸਟ੍ਰੇਲੀਆ ਨੇ ਮੈਚ ਦੀ ਸ਼ੁਰੂਆਤ ਹਮਲਾਵਰ ਢੰਗ ਨਾਲ ਕੀਤੀ ਅਤੇ ਕ੍ਰਿਸਟੀਅਨ ਵੋਲਪਾਟੋ ਦਾ ਲੰਬੀ ਦੂਰੀ ਦਾ ਸ਼ਾਟ ਕਰਾਸਬਾਰ ਨਾਲ ਟਕਰਾ ਗਿਆ। ਕੁੱਝ ਮਿੰਟਾਂ ਬਾਅਦ ਮਿਸਰ ਨੇ 13ਵੇਂ ਮਿੰਟ ਵਿੱਚ ਲੀਡ ਲੈ ਲਈ। ਇਮਾਮ ਅਸ਼ੂਰ ਨੇ ਕਰੀਮ ਹਾਫੇਜ਼ ਦੇ ਕਰਾਸ ਨੂੰ ਸੈੱਟ-ਪੀਸ ਤੋਂ ਇੱਕ ਸ਼ਾਨਦਾਰ ਹੈਡਰ ਨਾਲ ਬਦਲਿਆ। ਇਹ ਵਿਸ਼ਵ ਕੱਪ ਵਿੱਚ ਅਸ਼ੂਰ ਦਾ ਲਗਾਤਾਰ ਦੂਜਾ ਗੋਲ ਸੀ।
ਆਸਟ੍ਰੇਲੀਆ ਨੇ ਦੂਜੇ ਹਾਫ ਵਿੱਚ ਬਰਾਬਰੀ ਕੀਤੀ। 55ਵੇਂ ਮਿੰਟ ਵਿੱਚ ਮਿਸਰੀ ਡਿਫੈਂਡਰ ਮੁਹੰਮਦ ਹਾਨੀ, ਐਡਨ ਓ’ਨੀਲ ਦੇ ਫ੍ਰੀ-ਕਿੱਕ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗੇਂਦ ਨੂੰ ਆਪਣੇ ਹੀ ਜਾਲ ਵਿੱਚ ਹੈੱਡ ਕੀਤਾ। ਮਿਸਰ ਦੇ ਆਪਣੇ ਗੋਲ ਨੇ ਸਕੋਰ 1-1 ਕਰ ਦਿੱਤਾ ਅਤੇ ਬਹੁਤ ਹੀ ਦਿਲਚਸਪ ਹੋ ਗਿਆ। ਮਿਸਰ ਕੋਲ ਵਾਧੂ ਸਮੇਂ ਵਿੱਚ ਮੈਚ ਜਿੱਤਣ ਦਾ ਸੁਨਹਿਰੀ ਮੌਕਾ ਸੀ, ਪਰ ਆਸਟ੍ਰੇਲੀਆ ਦੇ ਗੋਲਕੀਪਰ ਪੈਟ੍ਰਿਕ ਬੀਚ ਨੇ ਰਾਮੀ ਰਾਬੀਆ ਦੇ ਸ਼ਕਤੀਸ਼ਾਲੀ ਹੈਡਰ ਤੋਂ ਇੱਕ ਹੱਥ ਨਾਲ ਬਹੁਤ ਸ਼ਾਨਦਾਰ ਬਚਾਅ ਕੀਤਾ। ਮੁਹੰਮਦ ਸਲਾਹ ਨੇ ਫਿਰ ਹੈਸਮ ਹਸਨ ਲਈ ਇੱਕ ਮੌਕਾ ਬਣਾਇਆ, ਪਰ ਹੈਰੀ ਸਾਊਟਰ ਨੇ ਇੱਕ ਸ਼ਾਨਦਾਰ ਬਲਾਕ ਨਾਲ ਆਸਟ੍ਰੇਲੀਆ ਨੂੰ ਬਚਾ ਲਿਆ।
ਇਸ ਮੈਚ ਦੇ ਪੂਰੇ ਸਮੇਂ ਅਤੇ ਵਾਧੂ ਸਮੇਂ ਵਿੱਚ ਮੈਚ ਬਰਾਬਰ ਰਹਿਣ ਤੋਂ ਬਾਅਦ ਮਿਸਰ ਨੇ ਪੈਨਲਟੀਆਂ ਦੇ ਵਿੱਚ ਚਾਰ ਗੋਲ ਕੀਤੇ। ਸਟਾਰ ਖਿਡਾਰੀ ਮੁਹੰਮਦ ਸਲਾਹ ਨੇ ਵੀ ਇੱਕ ਸ਼ਾਨਦਾਰ “ਪਨੇਂਕਾ” ਸ਼ੈਲੀ ਵਿੱਚ ਪੈਨਲਟੀ ਨੂੰ ਬਦਲਿਆ। ਇਸ ਦੌਰਾਨ ਆਸਟ੍ਰੇਲੀਆ ਦੇ ਹੈਰੀ ਸਾਊਟਰ ਤੇ ਲੂਕਾਸ ਹੈਰਿੰਗਟਨ ਆਪਣੀਆਂ ਪੈਨਲਟੀਆਂ ਨੂੰ ਗੋਲਾਂ ਦੇ ਵਿੱਚ ਬਦਲਣ ਵਿੱਚ ਨਾਕਾਮਯਾਬ ਰਹੇ। ਮਿਸਰ 4-2 ਨਾਲ ਜਿੱਤ ਹਾਸਕ ਕਰਕੇ ਪਹਿਲੀ ਵਾਰ ਵਿਸ਼ਵ ਕੱਪ ਦੇ ਨਾਕਆਊਟ ਪੜਾਅ ਪਾਰ ਕਰਕੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਮਿਸਰ ਹੁਣ 7 ਜੁਲਾਈ ਨੂੰ ਅਟਲਾਂਟਾ ਵਿੱਚ ਅਰਜਨਟੀਨਾ ਅਤੇ ਕੇਪ ਵਰਡੇ ਵਿਚਕਾਰ ਹੋਣ ਵਾਲੇ ਮੈਚ ਦੇ ਜੇਤੂ ਨਾਲ ਮੁਕਾਬਲਾ ਕਰੇਗਾ।
