India

4 ਮੰਜ਼ਿਲਾ ਇਮਾਰਤ ਨੂੰ ਲੱਗੀ ਭਿਆਨਕ ਅੱਗ ਨਾਲ 9 ਮੌਤਾਂ

ਇਹ ਘਟਨਾ ਵਿਵੇਕ ਵਿਹਾਰ ਦੇ ਬਲਾਕ ਬੀ ਵਿੱਚ ਸਥਿਤ ਇਮਾਰਤ ਵਿੱਚ ਵਾਪਰੀ।

ਨਵੀਂ ਦਿੱਲੀ – ਦਿੱਲੀ ਦੇ ਸ਼ਾਹਦਰਾ ਜ਼ਿਲ੍ਹੇ ਦੇ ਵਿਵੇਕ ਵਿਹਾਰ ਖੇਤਰ ਵਿੱਚ ਐਤਵਾਰ ਸਵੇਰੇ ਇੱਕ 4 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ, ਜਿਸ ਕਾਰਣ ਵਿਆਪਕ ਦਹਿਸ਼ਤ ਫੈਲ ਗਈ। ਇਸ ਘਟਨਾ ਵਿੱਚ 9 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ ਕਿ ਦਰਜਨਾਂ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਦਰਅਸਲ ਫਾਇਰ ਕੰਟਰੋਲ ਰੂਮ ਨੂੰ ਸਵੇਰੇ 3:48 ਵਜੇ ਅੱਗ ਲੱਗਣ ਬਾਰੇ ਇੱਕ ਕਾਲ ਆਈ, ਜਿਸ ਨਾਲ ਤੁਰੰਤ ਬਚਾਅ ਅਤੇ ਰਾਹਤ ਕਾਰਜ ਸ਼ੁਰੂ ਹੋ ਗਏ। ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ 14 ਫਾਇਰ ਬ੍ਰਿਗੇਡ ਗੱਡੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਸਵੇਰੇ 8 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾ ਲਿਆ ਗਿਆ।

ਫਾਇਰ ਬ੍ਰਿਗੇਡ ਅਤੇ ਸਥਾਨਕ ਪੁਲਿਸ ਟੀਮਾਂ ਨੇ ਸਾਂਝੇ ਤੌਰ ‘ਤੇ ਇਮਾਰਤ ਵਿੱਚ ਫਸੇ ਲੋਕਾਂ ਨੂੰ ਬਚਾਉਣ ਲਈ ਮੁਹਿੰਮ ਸ਼ੁਰੂ ਕੀਤੀ। ਇਸ ਘਟਨਾ ਵਿੱਚ ਮਰਨ ਵਾਲਿਆਂ ਵਿੱਚ ਚਾਰ ਆਦਮੀ, ਚਾਰ ਔਰਤਾਂ ਅਤੇ ਡੇਢ ਸਾਲ ਦਾ ਬੱਚਾ ਸ਼ਾਮਲ ਸੀ। ਚਾਰ ਘੰਟਿਆਂ ਦੀ ਮਿਹਨਤ ਤੋਂ ਬਾਅਦ ਸਵੇਰੇ 8 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾਇਆ ਗਿਆ। ਇਮਾਰਤ ਦੇ ਅੰਦਰ ਫਸੇ 10 ਤੋਂ 15 ਲੋਕਾਂ ਨੂੰ ਬਚਾਇਆ ਗਿਆ, ਜਿਨ੍ਹਾਂ ਵਿੱਚੋਂ ਦੋ ਜ਼ਖਮੀ ਹੋ ਗਏ। ਦਿੱਲੀ ਪੁਲਿਸ ਦੇ ਅਨੁਸਾਰ, ਇਮਾਰਤ ਦੀ ਪਹਿਲੀ ਮੰਜ਼ਿਲ ਤੋਂ ਇੱਕ ਲਾਸ਼, ਦੂਜੀ ਮੰਜ਼ਿਲ ਤੋਂ ਪੰਜ ਅਤੇ ਪੌੜੀਆਂ ਤੋਂ ਤਿੰਨ ਲਾਸ਼ਾਂ ਬਰਾਮਦ ਕੀਤੀਆਂ ਗਈਆਂ, ਜਿੱਥੇ ਦਰਵਾਜ਼ਾ ਬੰਦ ਸੀ। ਇਹ ਸ਼ੱਕ ਹੈ ਕਿ ਲੋਕ ਆਪਣੀ ਜਾਨ ਬਚਾਉਣ ਲਈ ਛੱਤ ‘ਤੇ ਭੱਜ ਗਏ ਸਨ। ਦੂਜੀ ਮੰਜ਼ਿਲ ‘ਤੇ ਮ੍ਰਿਤਕਾਂ ਦੀ ਪਛਾਣ ਅਰਵਿੰਦ ਜੈਨ (60), ਉਸਦੀ ਪਤਨੀ ਅਨੀਤਾ ਜੈਨ (58), ਪੁੱਤਰ ਨਿਸ਼ਾਂਤ ਜੈਨ (35), ਨੂੰਹ ਆਂਚਲ ਜੈਨ (33), ਅਤੇ ਡੇਢ ਸਾਲ ਦਾ ਪੋਤਾ ਆਕਾਸ਼ ਜੈਨ ਵਜੋਂ ਹੋਈ ਹੈ। ਤੀਜੀ ਮੰਜ਼ਿਲ ‘ਤੇ ਨਿਤਿਨ ਜੈਨ (50), ਉਸਦੀ ਪਤਨੀ ਸ਼ੈਲੀ ਜੈਨ (48), ਅਤੇ ਪੁੱਤਰ ਸਮਯਕ ਜੈਨ (25) ਮ੍ਰਿਤਕ ਪਾਏ ਗਏ। ਸ਼ਿਖਾ ਜੈਨ (45) ਪਹਿਲੀ ਮੰਜ਼ਿਲ ‘ਤੇ ਮ੍ਰਿਤਕ ਪਾਈ ਗਈ, ਜਦੋਂ ਕਿ ਉਸ ਦੇ ਪਤੀ ਨਵੀਨ ਜੈਨ (48) ਜ਼ਖਮੀ ਹੋ ਗਏ। ਸਥਾਨਕ ਕੌਂਸਲਰ ਪੰਕਜ ਲੂਥਰਾ ਨੇ ਕਿਹਾ ਕਿ ਉਨ੍ਹਾਂ ਨੇ ਲਾਸ਼ਾਂ ਦੇਖੀਆਂ ਹਨ। ਇਨ੍ਹਾਂ ਲਾਸ਼ਾਂ ਵਿੱਚੋਂ ਕਿਹੜੀਆਂ ਮਰਦਾਂ ਦੀਆਂ ਹਨ ਅਤੇ ਕਿਹੜੀਆਂ ਔਰਤਾਂ ਦੀਆਂ, ਇਹ ਪਛਾਣਨਾ ਮੁਸ਼ਕਲ ਹੈ। ਮ੍ਰਿਤਕਾਂ ਦੇ ਪਰਿਵਾਰਾਂ ਲਈ ਪ੍ਰਧਾਨ ਮੰਤਰੀ ਰਾਹਤ ਫੰਡ ਤੋਂ 2 ਲੱਖ ਰੁਪਏ ਅਤੇ ਜ਼ਖਮੀਆਂ ਲਈ 50,000 ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।

ਡੀਐਫਐਸ ਦੇ ਅਧਿਕਾਰੀ ਮੁਕੇਸ਼ ਵਰਮਾ ਨੇ ਕਿਹਾ ਕਿ, “ਇੱਕ ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਦੀ ਖ਼ਬਰ ਮਿਲਣ ‘ਤੇ ਸਾਡੇ ਫਾਇਰ ਟੈਂਡਰ ਮੌਕੇ ‘ਤੇ ਪਹੁੰਚੇ। ਅਸੀਂ ਇੱਕੋ ਸਮੇਂ ਅੱਗ ਬੁਝਾਉਣ ਅਤੇ ਬਚਾਅ ਕਾਰਜਾਂ ਨੂੰ ਚਲਾਉਣ ਲਈ 5 ਪੌੜੀਆਂ, ਕੱਟਣ ਵਾਲੇ ਔਜ਼ਾਰ ਅਤੇ ਆਪਣੀ ਵਿਸ਼ੇਸ਼ ਟਰਨਟੇਬਲ ਪੌੜੀ ਤਾਇਨਾਤ ਕੀਤੀ। ਇਮਾਰਤ ਵਿੱਚ 4 ਮੰਜ਼ਿਲਾਂ ਹਨ ਅਤੇ ਹਰ ਮੰਜ਼ਿਲ ‘ਤੇ 4ਬੀਐਚਕੇ ਫਲੈਟ ਹਨ। ਅੱਗ ਦਾ ਜ਼ਿਆਦਾਤਰ ਹਿੱਸਾ ਇਮਾਰਤ ਦੇ ਪਿਛਲੇ ਪਾਸੇ ਕੇਂਦਰਿਤ ਸੀ ਅਤੇ ਇਹੀ ਉਹ ਥਾਂ ਹੈ ਜਿੱਥੇ ਸਾਨੂੰ ਸਭ ਤੋਂ ਵੱਧ ਮੌਤਾਂ ਦਾ ਸਾਹਮਣਾ ਕਰਨਾ ਪਿਆ। ਖਿੜਕੀਆਂ ‘ਤੇ ਸੁਰੱਖਿਆ ਗਰਿੱਲ ਅਤੇ ਬਾਰ ਲਗਾਏ ਗਏ ਸਨ, ਜਿਸ ਨਾਲ ਬਚਾਅ ਕਾਰਜਾਂ ਦੌਰਾਨ ਮੁਸ਼ਕਿਲਾਂ ਆਈਆਂ। ਅਸੀਂ ਲੱਗਭੱਗ 15 ਲੋਕਾਂ ਨੂੰ ਬਚਾਇਆ। ਉਨ੍ਹਾਂ ਵਿੱਚੋਂ ਇੱਕ ਵਿਅਕਤੀ ਨੂੰ ਉਨ੍ਹਾਂ ਦੇ ਸਰੀਰ ਦਾ ਲੱਗਭੱਗ 30% ਹਿੱਸਾ ਸੜ ਗਿਆ ਅਤੇ ਬਾਅਦ ਵਿੱਚ ਉਸ ਨੂੰ ਜੀਟੀਬੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਅਸੀਂ ਇਮਾਰਤ ਦੇ ਵੱਖ-ਵੱਖ ਪੱਧਰਾਂ ਤੋਂ ਕੁੱਲ ਨੌਂ ਲਾਸ਼ਾਂ ਬਰਾਮਦ ਕੀਤੀਆਂ, ਜਿਨ੍ਹਾਂ ਨੂੰ ਅਸੀਂ ਦਿੱਲੀ ਪੁਲਿਸ ਕ੍ਰਾਈਮ ਬ੍ਰਾਂਚ ਟੀਮ ਨੂੰ ਸੌਂਪ ਦਿੱਤਾ ਹੈ। ਅੱਗ ਲੱਗਣ ਦਾ ਕਾਰਣ ਇਸ ਸਮੇਂ ਜਾਂਚ ਅਧੀਨ ਮਾਮਲਾ ਹੈ। ਪੁਲਿਸ ਜਾਂਚ ਕਰੇਗੀ ਅਤੇ ਇਸ ਸੰਬੰਧੀ ਰਿਪੋਰਟ ਪੇਸ਼ ਕਰੇਗੀ। ਹੁਣ ਤੱਕ ਸਾਡੇ ਦੁਆਰਾ ਬਰਾਮਦ ਕੀਤੀਆਂ ਗਈਆਂ ਸਾਰੀਆਂ ਲਾਸ਼ਾਂ ਸੜੀਆਂ ਹੋਈਆਂ ਹਨ; ਐਂਬੂਲੈਂਸ ਰਾਹੀਂ ਅਸੀਂ ਉਨ੍ਹਾਂ ਸਾਰਿਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ।”

ਅੱਗ ਲੱਗਣ ਦਾ ਸਹੀ ਕਾਰਨ ਅਜੇ ਪਤਾ ਨਹੀਂ ਲੱਗ ਸਕਿਆ ਹੈ, ਪਰ ਸ਼ੁਰੂਆਤੀ ਸ਼ੱਕ ਹੈ ਕਿ ਇਹ ਸ਼ਾਰਟ ਸਰਕਟ ਕਾਰਣ ਘਟਨਾ ਵਾਪਰੀ ਹੋ ਸਕਦੀ ਹੈ। ਜਾਂਚ ਏਜੰਸੀਆਂ ਮੌਕੇ ‘ਤੇ ਹਨ ਅਤੇ ਪੂਰੀ ਜਾਂਚ ਕੀਤੀ ਜਾ ਰਹੀ ਹੈ। ਸਥਾਨਕ ਨਿਵਾਸੀਆਂ ਦੇ ਮੁਤਾਬਕ ਅੱਗ ਤੇਜ਼ੀ ਨਾਲ ਫੈਲ ਗਈ, ਜਿਸ ਕਾਰਣ ਲੋਕਾਂ ਨੂੰ ਠੀਕ ਹੋਣ ਲਈ ਸਮਾਂ ਨਹੀਂ ਮਿਲਿਆ। ਪ੍ਰਸ਼ਾਸਨ ਨੇ ਸਾਵਧਾਨੀ ਵਜੋਂ ਆਲੇ ਦੁਆਲੇ ਦੇ ਖੇਤਰ ਨੂੰ ਖਾਲੀ ਕਰਵਾ ਲਿਆ ਹੈ ਅਤੇ ਲੋਕਾਂ ਨੂੰ ਘਟਨਾ ਸਥਾਨ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ। ਰਾਹਤ ਅਤੇ ਬਚਾਅ ਕਾਰਜ ਇਸ ਸਮੇਂ ਜਾਰੀ ਹਨ ਅਤੇ ਇਹ ਖਦਸ਼ਾ ਹੈ ਕਿ ਕੁਝ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋ ਸਕਦੇ ਹਨ।

ਦਿੱਲੀ ਦੀ ਮੁੱਖ-ਮੰਤਰੀ ਰੇਖਾ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ “ਵਿਵੇਕ ਵਿਹਾਰ ਵਿੱਚ ਇੱਕ ਇਮਾਰਤ ਵਿੱਚ ਅੱਗ ਲੱਗਣ ਨਾਲ ਬਹੁਤ ਦੁੱਖ ਹੋਇਆ ਹੈ। ਉਹ ਇਸ ਹਾਦਸੇ ਵਿੱਚ ਨੌਂ ਲੋਕਾਂ ਦੀ ਜਾਨ ਚਲੇ ਜਾਣ ‘ਤੇ ਬਹੁਤ ਦੁਖੀ ਹਨ। ਜ਼ਖਮੀਆਂ ਦਾ ਨੇੜਲੇ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ ਅਤੇ ਉਹ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੀਆਂ ਹਨ। ਦੁੱਖ ਦੀ ਇਸ ਘੜੀ ਵਿੱਚ ਉਨ੍ਹਾਂ ਦੀਆਂ ਸੰਵੇਦਨਾਵਾਂ ਪ੍ਰਭਾਵਿਤ ਪਰਿਵਾਰਾਂ ਨਾਲ ਹਨ। ਉਹ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੀਆਂ ਹਨ ਕਿ ਉਹ ਉਨ੍ਹਾਂ ਨੂੰ ਇਸ ਮੁਸ਼ਕਲ ਸਮੇਂ ਨੂੰ ਸਹਿਣ ਦੀ ਤਾਕਤ ਦੇਣ।”

Related posts

ਚੋਣ ਨਤੀਜੇ ਅੱਜ ਆਉਣਗੇ : 4 ਸੂਬਿਆਂ ਤੇ ਇੱਕ ਕੇਂਦਰੀ ਸ਼ਾਸਤ ਸੂਬੇ ‘ਚ ਪਈਆਂ ਵੋਟਾਂ ਦੀ ਗਿਣਤੀ ਅੱਜ ਹੋਵੇਗੀ

admin

ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ 23 ਮਈ ਨੂੰ ਖੁੱਲ੍ਹਣਗੇ !

admin

ਲਤਾ ਮੰਗੇਸ਼ਕਰ ਦਾ ਕ੍ਰਿਕਟ ਨਾਲ ਕਿਉਂ ਸੀ ਪ੍ਰੇਮ ਤੇ ਸਾਰੀ ਉਮਰ ਕੁਆਰੀ ਕਿਉਂ ਰਹੀ ?

admin