
ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਦੇ ਵਿੱਚ ਮੈਥੇਮੇਟਿਕਸ ਐਡਵਾਇਜ਼ਰੀ ਕਮੇਟੀ ਵਲੋਂ ਜਾਰੀ ਕੀਤੀ ਗਈ ਆਪਣੀ ਇੱਕ ਰਿਪੋਰਟ ਵਿੱਚ ਸਿਫ਼ਾਰਸ਼ ਕੀਤੀ ਗਈ ਹੈ ਕਿ 11ਵੀਂ ਅਤੇ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਲਈ ਵੀ ਗਣਿਤ ਨੂੰ ਲਾਜ਼ਮੀ ਵਿਸ਼ਾ ਬਣਾਇਆ ਜਾਵੇ। ਜੇਕਰ ਵਿਦਿਆਰਥੀ ਗਣਿਤ ਨਹੀਂ ਪੜ੍ਹਦੇ ਤਾਂ ਭਵਿੱਖ ਵਿੱਚ ਉਨ੍ਹਾਂ ਦੀ ਪੜ੍ਹਾਈ, ਨੌਕਰੀ ਦੇ ਮੌਕੇ ਅਤੇ ਕਮਾਈ ‘ਤੇ ਮਾੜਾ ਅਸਰ ਪੈ ਸਕਦਾ ਹੈ।
ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਬੋਰਡ ਆਫ਼ ਸੀਨੀਅਰ ਸੈਕੰਡਰੀ ਸਟੱਡੀਜ਼ ਦੇ ਅਧੀਨ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਮੈਥੇਮੇਟਿਕਸ ਐਡਵਾਇਜ਼ਰੀ ਕਮੇਟੀ ਬਣਾਈ ਗਈ ਸੀ। ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਮੈਥੇਮੇਟਿਕਸ ਐਡਵਾਇਜ਼ਰੀ ਕਮੇਟੀ ਦੀ ਪ੍ਰਧਾਨ ਲਿੰਡਾਲ ਹੈਨਮੈਨ ਨੇ ਸਿਫ਼ਾਰਸ਼ ਕੀਤੀ ਹੈ ਕਿ 11ਵੀਂ ਅਤੇ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਲਈ ਵੀ ਗਣਿਤ ਪੜ੍ਹਨਾ ਲਾਜ਼ਮੀ ਕੀਤਾ ਜਾਵੇ। ਕਮੇਟੀ ਦਾ ਕਹਿਣਾ ਹੈ ਕਿ ਜੇ ਵਿਦਿਆਰਥੀ ਗਣਿਤ ਨਹੀਂ ਪੜ੍ਹਦੇ ਤਾਂ ਭਵਿੱਖ ਵਿੱਚ ਉਨ੍ਹਾਂ ਦੀ ਪੜ੍ਹਾਈ, ਨੌਕਰੀ ਦੇ ਮੌਕੇ ਅਤੇ ਕਮਾਈ ‘ਤੇ ਮਾੜਾ ਅਸਰ ਪੈ ਸਕਦਾ ਹੈ। ਇਸ ਨਾਲ ਸਮਾਜਿਕ ਅਤੇ ਲਿੰਗ ਅਸਮਾਨਤਾ ਵੀ ਵੱਧ ਸਕਦੀ ਹੈ। ਕਮੇਟੀ ਨੇ ਆਪਣੇ ਅਧਿਐਨ ਵਿੱਚ ਦੱਸਿਆ ਕਿ ਗਣਿਤ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਨੌਕਰੀ ਮਿਲਣ ਦੀ ਸੰਭਾਵਨਾ ਵੱਧ ਹੁੰਦੀ ਹੈ ਅਤੇ ਉਹ ਲੰਬੇ ਸਮੇਂ ਵਿੱਚ ਵਧੀਆ ਕਮਾਈ ਕਰ ਸਕਦੇ ਹਨ। ਇਹ ਸਿਫ਼ਾਰਸ਼ ਅਜਿਹੇ ਅੰਕੜਿਆਂ ਦੇ ਆਧਾਰ ‘ਤੇ ਕੀਤੀ ਹੈ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਗਣਿਤ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਰੁਜ਼ਗਾਰ ਦੇ ਵੱਧ ਮੌਕੇ ਮਿਲਦੇ ਹਨ ਅਤੇ ਉਨ੍ਹਾਂ ਦੀ ਜੀਵਨ ਭਰ ਦੀ ਕਮਾਈ ਵੀ ਜ਼ਿਆਦਾ ਹੋ ਸਕਦੀ ਹੈ। ਇਸ ਪਹਿਲ ਦਾ ਇੱਕ ਹੋਰ ਮਕਸਦ 2022 ਦੇ ਉਹਨਾਂ ਨਤੀਜਿਆਂ ਵਿੱਚ ਸੁਧਾਰ ਲਿਆਉਣਾ ਹੈ, ਜਿਨ੍ਹਾਂ ਅਨੁਸਾਰ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਦੇ 43 ਫ਼ੀਸਦੀ ਵਿਦਿਆਰਥੀਆਂ ਦਾ ਗਣਿਤ ਵਿੱਚ ਪ੍ਰਦਰਸ਼ਨ ਰਾਸ਼ਟਰੀ ਯੋਗਤਾ ਮਾਪਦੰਡ ਤੋਂ ਹੇਠਾਂ ਸੀ।
ਦਰਅਸਲ ਆਸਟ੍ਰੇਲੀਆ ਦੇ ਵਿੱਚ ਸਾਰੇ ਵਿਦਿਆਰਥੀਆਂ ਲਈ 10ਵੀਂ ਜਮਾਤ ਤੱਕ ਮੈਥੇਮੈਟਿਕਸ ਗਣਿਤ ਜਾਂ ਹਿਸਾਬ ਪੜ੍ਹਨਾ ਲਾਜ਼ਮੀ ਹੈ। ਇਸ ਤੋਂ ਬਾਅਦ 11ਵੀਂ ਅਤੇ 12ਵੀਂ ਜਮਾਤ ਵਿੱਚ ਗਣਿਤ ਪੜ੍ਹਨ ਦੇ ਨਿਯਮ ਹਰੇਕ ਸਟੇਟ ਜਾਂ ਟੈਰੇਟਰੀ ਵਿੱਚ ਵੱਖ-ਵੱਖ ਹਨ। ਵਿਕਟੋਰੀਆ, ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ, ਸਾਊਥ ਆਸਟ੍ਰੇਲੀਆ, ਵੈਸਟਰਨ ਆਸਟ੍ਰੇਲੀਆ, ਟਸਮਾਨੀਆ, ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਅਤੇ ਨੌਰਦਰਨ ਟੈਰੀਟਰੀ ਵਿੱਚ ਸੀਨੀਅਰ ਵਿਦਿਆਰਥੀਆਂ ਲਈ ਗਣਿਤ ਲਾਜ਼ਮੀ ਹੈ ਜਾਂ ਨਹੀਂ, ਇਸ ਬਾਰੇ ਵੱਖ-ਵੱਖ ਨੀਤੀਆਂ ਲਾਗੂ ਹਨ।
ਇਸੇ ਦੌਰਾਨ ਨਿਊ ਸਾਊਥ ਵੇਲਜ਼ ਦੀ ਐਜੂਕੇਸ਼ਨ ਸਟੈਡਰਜ਼ ਅਥਾਰਟੀ ਨੇ ਸਪੱਸ਼ਟ ਕੀਤਾ ਹੈ ਕਿ 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਗਣਿਤ ਲਾਜ਼ਮੀ ਨਹੀਂ ਕੀਤਾ ਜਾਵੇਗਾ। ਇਹ ਵਿਸ਼ਾ ਪਹਿਲਾਂ ਵਾਂਗ ਚੋਣਵਾਂ ਵਿਸ਼ਾ ਹੀ ਰਹੇਗਾ। ਨਿਊ ਸਾਊਥ ਵੇਲਜ਼ ਦੀ ਐਜੂਕੇਸ਼ਨ ਸਟੈਡਰਜ਼ ਅਥਾਰਟੀ ਨੇ ਸੂਬੇ ਦੇ ਸਕੂਲ ਪ੍ਰਿੰਸੀਪਲਾਂ ਨੂੰ ਭੇਜੇ ਇੱਕ ਪੱਤਰ ਵਿੱਚ ਕਿਹਾ ਕਿ ਇਸ ਸਮੇਂ 11ਵੀਂ ਅਤੇ 12ਵੀਂ ਜਮਾਤ ਵਿੱਚ ਗਣਿਤ ਨੂੰ ਲਾਜ਼ਮੀ ਕਰਨ ਦੀ ਹਾਲੇ ਕੋਈ ਯੋਜਨਾ ਨਹੀਂ ਹੈ।
ਇਸ ਵਾਰੇ ਆਸਟ੍ਰੇਲੀਅਨ ਮੈਥਮੈਟਿਕਲ ਸਾਇੰਸਿਜ਼ ਇੰਸਟੀਚਿਊਟ ਦੇ ਡਾਇਰੈਕਟਰ ਟਿਮ ਮਰਚੈਂਟ ਦਾ ਮੰਨਣਾ ਹੈ ਕਿ ਗਣਿਤ ਅੰਗਰੇਜ਼ੀ ਜਿੰਨਾ ਹੀ ਮਹੱਤਵਪੂਰਨ ਵਿਸ਼ਾ ਹੈ। ਅੱਜ ਦੀ ਟੈਕਨੋਲੋਜੀ-ਆਧਾਰਿਤ ਦੁਨੀਆਂ ਵਿੱਚ ਗਣਿਤ, ਏਆਈ, ਵਿੱਤ ਅਤੇ ਸਾਈਬਰ ਸੁਰੱਖਿਆ ਵਰਗੇ ਖੇਤਰਾਂ ਦੀ ਨੀਂਹ ਹੈ। ਏਸੀਟੀ ਦੇ ਲਗਭਗ 90 ਫ਼ੀਸਦੀ ਵਿਦਿਆਰਥੀ ਪਹਿਲਾਂ ਹੀ 11ਵੀਂ ਅਤੇ 12ਵੀਂ ਵਿੱਚ ਗਣਿਤ ਪੜ੍ਹਦੇ ਹਨ, ਪਰ ਬਾਕੀ ਵਿਦਿਆਰਥੀਆਂ ਲਈ ਵੀ ਇਸ ਨੂੰ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।
ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਵਿੱਚ ਗਣਿਤ ਸਲਾਹਕਾਰ ਕਮੇਟੀ ਦੀ ਰਿਪੋਰਟ ਮੁਤਾਬਕ ਵਿਦਿਆਰਥੀਆਂ ਵੱਲੋਂ ਵਿਸ਼ੇ ਦੀ ਚੋਣ ਸਿਰਫ਼ ਉਨ੍ਹਾਂ ਦੀ ਆਪਣੀ ਪਸੰਦ ਨਹੀਂ ਹੁੰਦੀ। ਇਸ ‘ਤੇ ਪਰਿਵਾਰਕ ਪਿਛੋਕੜ, ਲਿੰਗ, ਸਕੂਲ ਦਾ ਮਾਹੌਲ ਅਤੇ ਅਧਿਆਪਕਾਂ ਦਾ ਵੀ ਅਸਰ ਪੈਂਦਾ ਹੈ। ਕਈ ਵਿਦਿਆਰਥੀ ਗਣਿਤ ਤੋਂ ਡਰਦੇ ਹਨ। ਇਸ ਡਰ ਕਾਰਣ ਵਿਦਿਆਰਥੀ ਉਹਨਾਂ ਵਿਸ਼ਿਆਂ ਅਤੇ ਕਿੱਤਿਆਂ ਤੋਂ ਵੀ ਦੂਰ ਰਹਿੰਦੇ ਹਨ ਜਿੱਥੇ ਗਣਿਤ ਦੀ ਲੋੜ ਹੁੰਦੀ ਹੈ। ਇਸ ਨਾਲ ਉਨ੍ਹਾਂ ਦੇ ਭਵਿੱੱਖ ਦੇ ਮੌਕੇ ਘੱਟ ਹੋ ਸਕਦੇ ਹਨ। ਕਮੇਟੀ ਨੇ ਸੁਝਾਅ ਦਿੱਤਾ ਹੈ ਕਿ ਵਿਦਿਆਰਥੀਆਂ ਦੇ ਗਣਿਤ ਦੇ ਡਰ ਨੂੰ ਘਟਾਉਣ ਲਈ ਸਕੂਲਾਂ ਵਿੱਚ ਖ਼ਾਸ ਸਹਾਇਤਾ ਅਤੇ ਸਹੀ ਸਿਖਲਾਈ ਦੇ ਤਰੀਕੇ ਅਪਣਾਏ ਜਾਣ। ਗਣਿਤ ਦੀ ਚੰਗੀ ਸਮਝ ਵਿਦਿਆਰਥੀਆਂ ਨੂੰ ਆਪਣਾ ਪੈਸਾ ਠੀਕ ਤਰੀਕੇ ਨਾਲ ਸੰਭਾਲਣ ਵਿੱਚ ਮੱਦਦ ਕਰਦੀ ਹੈ। ਜੇ ਗਣਿਤ ਨੂੰ ਲਾਜ਼ਮੀ ਕਰ ਦਿੱਤਾ ਜਾਵੇ ਤਾਂ ਸਾਰੇ ਵਿਦਿਆਰਥੀਆਂ ਨੂੰ ਬਰਾਬਰ ਮੌਕੇ ਮਿਲਣਗੇ ਅਤੇ ਉਹ ਵਿਗਿਆਨ, ਵਪਾਰ, ਸਿਹਤ ਅਤੇ ਹੋਰ ਖੇਤਰਾਂ ਵਿੱਚ ਅੱਗੇ ਵਧ ਸਕਣਗੇ। ਇਹ ਰਿਪੋਰਟ ਹੁਣ ਲੋਕਾਂ ਦੀ ਰਾਇ ਜਾਨਣ ਦੇ ਲਈ ਜਾਰੀ ਕੀਤੀ ਗਈ ਹੈ ਅਤੇ ਇਸ ਤੋਂ ਬਾਅਦ ਆਸਟ੍ਰੇਲੀਅਨ ਕੈਪੀਟਲ ਟੈਰੇਟਰੀ ਦੀ ਸਰਕਾਰ ਵਲੋਂ ਇਸ ਮਾਮਲੇ ‘ਤੇ ਅੰਤਿਮ ਫ਼ੈਸਲਾ ਲਿਆ ਜਾਵੇਗਾ।
