International

ਈਰਾਨ ਵਿੱ ਚਾਬਹਾਰ ਬੰਦਰਗਾਹ ਟਰਮੀਨਲ ਪੂਰੀ ਤਰ੍ਹਾਂ ਸੁਰੱਖਿਅਤ

ਭਾਰਤ ਅਤੇ ਈਰਾਨ ਵਿਚਕਾਰ ਚਾਬਹਾਰ ਬੰਦਰਗਾਹ ਦੇ ਸੰਚਾਲਨ ਲਈ ਇੱਕ ਲੰਬੇ ਸਮੇਂ ਦੇ 10 ਸਾਲਾਂ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ ਹੋਏ ਹਨ।

ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਈਰਾਨ ਵਿੱਚ ਚਾਬਹਾਰ ਪੋਰਟ ‘ਤੇ ਹੋਏ ਅਮਰੀਕੀ ਹਵਾਈ ਹਮਲਿਆਂ ਦਰਮਿਆਨ ਸਪੱਸ਼ਟ ਕੀਤਾ ਹੈ ਕਿ ਉੱਥੇ ਭਾਰਤ ਦੁਆਰਾ ਵਿਕਸਤ ਕੀਤਾ ਗਿਆ ਚਾਬਹਾਰ ਬੰਦਰਗਾਹ ਟਰਮੀਨਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਇਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਨਵੀਂ ਦਿੱਲੀ ਵਿੱਚ ਇੱਕ ਅਹਿਮ ਪ੍ਰੈਸ ਬ੍ਰੀਫਿੰਗ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਸਰਕਾਰ ਨੇ ਹਵਾਈ ਹਮਲਿਆਂ ਦੀਆਂ ਰਿਪੋਰਟਾਂ ਦੇਖੀਆਂ ਹਨ, ਪਰ ਉਹ ਪੁਸ਼ਟੀ ਕਰ ਸਕਦੇ ਹਨ ਕਿ ਭਾਰਤੀ ਟਰਮੀਨਲ ਸੁਰੱਖਿਅਤ ਹੈ। ਅਮਰੀਕੀ ਫੌਜ ਦੇ ਐਕਸ਼ਨ ਅਤੇ ਬੰਦਰਗਾਹ ਦੇ ਆਪਰੇਸ਼ਨਾਂ ‘ਤੇ ਪੈਣ ਵਾਲੇ ਅਸਰ ਬਾਰੇ ਸਵਾਲ ਦੇ ਜਵਾਬ ਵਿੱਚ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਚਾਬਹਾਰ ਦੇ ਸਬੰਧ ਵਿੱਚ ਅਮਰੀਕਾ ਵੱਲੋਂ ਪਹਿਲਾਂ ਮਿਲੀ ਸੈੰਕਸ਼ਨ ਵੇਵਰ ਯਾਨੀ ਪਾਬੰਦੀਆਂ ਤੋਂ ਛੋਟ ਕੁੱਝ ਸਮਾਂ ਪਹਿਲਾਂ ਖਤਮ ਹੋ ਚੁੱਕੀ ਹੈ। ਉਦੋਂ ਤੋਂ ਹੀ ਭਾਰਤ ਇਸ ਰਣਨੀਤਕ ਮੁੱਦੇ ਨੂੰ ਅੱਗੇ ਵਧਾਉਣ ਲਈ ਸਬੰਧਤ ਧਿਰਾਂ ਨਾਲ ਲਗਾਤਾਰ ਡਿਸਕਸ਼ਨ ਕਰ ਰਿਹਾ ਹੈ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕੀ ਡਿਫੈਂਸ ਸੈਕਟਰੀ ਪੀਟ ਹੇਗਸੇਥ ਨੇ ਸੋਸ਼ਲ ਮੀਡੀਆ ‘ਤੇ ਇੱਕ ਟਾਵਰ ਡਿੱਗਣ ਦੀ ਵੀਡੀਓ ਸਾਂਝੀ ਕੀਤੀ ਸੀ, ਹਾਲਾਂਕਿ ਉਸ ਵਿੱਚ ਲੋਕੇਸ਼ਨ ਸਪੱਸ਼ਟ ਨਹੀਂ ਕੀਤੀ ਗਈ ਸੀ। ਭਾਰਤ ਨੂੰ ਪਿਛਲੇ ਸਾਲ ਅਕਤੂਬਰ ਵਿੱਚ ਅਮਰੀਕੀ ਪਾਬੰਦੀਆਂ ਤੋਂ 6 ਮਹੀਨਿਆਂ ਦੀ ਜੋ ਛੋਟ ਮਿਲੀ ਸੀ, ਉਹ 29 ਅਪ੍ਰੈਲ ਤੱਕ ਵੈਧ ਸੀ।

ਦੂਜੇ ਪਾਸੇ, ਬੀਤੇ ਮਈ ਮਹੀਨੇ ਵਿੱਚ ਨਵੀਂ ਦਿੱਲੀ ਵਿਖੇ ਹੋਈ ਬ੍ਰਿਕਸ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਤੋਂ ਬਾਅਦ ਈਰਾਨ ਦੇ ਵਿਦੇਸ਼ ਮੰਤਰੀ ਸਈਦ ਅੱਬਾਸ ਅਰਾਘਚੀ ਨੇ ਚਾਬਹਾਰ ਬੰਦਰਗਾਹ ਨੂੰ ਭਾਰਤ-ਈਰਾਨ ਦੋਸਤੀ ਅਤੇ ਸਹਿਯੋਗ ਦਾ ਸਭ ਤੋਂ ਵੱਡਾ ਪ੍ਰਤੀਕ ਦੱਸਦਿਆਂ ਉਮੀਦ ਪ੍ਰਗਟਾਈ ਸੀ ਕਿ ਭਾਰਤ ਵੱਲੋਂ ਤਿਆਰ ਕੀਤਾ ਜਾ ਰਿਹਾ ਇਹ ਪੋਰਟ ਮੱਧ ਏਸ਼ੀਆ, ਕਾਕੇਸ਼ਸ ਅਤੇ ਯੂਰਪ ਤੱਕ ਪਹੁੰਚਣ ਲਈ ਭਾਰਤ ਵਾਸਤੇ ਇੱਕ “ਸੁਨਹਿਰੀ ਗੇਟਵੇ”  ਸਾਬਿਤ ਹੋਵੇਗਾ। ਉਨ੍ਹਾਂ ਮੰਨਿਆ ਸੀ ਕਿ ਅਮਰੀਕੀ ਸੈੰਕਸ਼ਨਸ ਕਾਰਨ ਕੰਮ ਦੀ ਰਫ਼ਤਾਰ ਕੁਝ ਹੌਲੀ ਜ਼ਰੂਰ ਹੋਈ ਹੈ, ਪਰ ਈਰਾਨ ਇਸ ਖੇਤਰ ਵਿੱਚ ਸ਼ਾਂਤੀ ਅਤੇ ਕੂਟਨੀਤੀ ਨੂੰ ਹੁਲਾਰਾ ਦੇਣ ਲਈ ਭਾਰਤ ਦੀ ਸਕਾਰਾਤਮਕ ਭੂਮਿਕਾ ਦਾ ਸਵਾਗਤ ਕਰਦਾ ਹੈ।

ਭਾਰਤ ਅਤੇ ਈਰਾਨ ਵਿਚਕਾਰ ਚਾਬਹਾਰ ਬੰਦਰਗਾਹ ਦੇ ਸੰਚਾਲਨ ਲਈ ਇੱਕ ਲੰਬੇ ਸਮੇਂ ਦੇ 10 ਸਾਲਾਂ ਦੇ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹੋਏ ਹਨ। ਇਸ ਮਹੱਤਵਪੂਰਨ ਡੀਲ ਤਹਿਤ ਭਾਰਤ ਨੇ ਓਮਾਨ ਦੀ ਖਾੜੀ ਵਿੱਚ ਸਥਿਤ ਇਸ ਬੰਦਰਗਾਹ ਦੇ ਇਨਫਰਾਸਟਰਕਚਰ ਨੂੰ ਮਜ਼ਬੂਤ ਕਰਨ ਲਈ 250 ਮਿਲੀਅਨ ਅਮਰੀਕੀ ਡਾਲਰ ਦੀ ਕ੍ਰੈਡਿਟ ਲਾਈਨ ਦੇਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਦੋਵੇਂ ਦੇਸ਼ ਚਾਬਹਾਰ ਪੋਰਟ ਨੂੰ ਈਰਾਨੀ ਰੇਲ ਨੈੱਟਵਰਕ ਨਾਲ ਜੋੜਨ ਲਈ ਚਾਬਹਾਰ ਤੋਂ ਜ਼ਾਹੇਦਾਨ ਤੱਕ 700 ਕਿਲੋਮੀਟਰ ਲੰਬੀ ਰੇਲਵੇ ਲਾਈਨ ਵਿਛਾਉਣ ਦੀ ਯੋਜਨਾ ‘ਤੇ ਵੀ ਮਿਲ ਕੇ ਕੰਮ ਕਰ ਰਹੇ ਹਨ।

Related posts

ਕੈਨੇਡਾ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਧੋਖਾਧੜੀ ਤੋਂ ਬਚਾਉਣ ਲਈ ‘ਤਸਦੀਕ ਪ੍ਰਕਿਰਿਆ’ ਦਾ ਐਲਾਨ

Bunty

ਬਿ੍ਰਟੇਨ ’ਚ ਹੁਨਰਮੰਦ ਕਾਮੇ, ਮੈਡੀਕਲ ਅਤੇ ਵਿਦਿਆਰਥੀ ਵੀਜ਼ਾ ਸੂਚੀਆਂ ’ਚ ਭਾਰਤੀਆਂ ਦਾ ਦਬਦਬਾ

Bunty

ਪਾਕਿਸਤਾਨ, ਸਿੰਧ ਤੇ ਬਲੋਚਿਸਤਾਨ ਸੂਬਿਆਂ ‘ਚ ਭਾਰੀ ਮੀਂਹ ਕਾਰਨ ਅੱਠ ਹੋਰ ਲੋਕਾਂ ਦੀ ਮੌਤ

Bunty