Food and DrinksAustralia & New Zealand

ਖੁਰਾਕ ਨਿਯਮਾਂ ਵਿੱਚ ਸੁਧਾਰ ਹੋਰ ਦੇਰ ਨਹੀਂ ਸਹਿੰਦੇ – ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ

ਡਾ. ਡੈਨੀਅਲ ਮੈਕਮਲਨ, ਆਸਟ੍ਰੇਲੀਆਨ ਮੈਡੀਕਲ ਅਸੋਸੀਏਸ਼ਨ (AMA) ਦੀ ਪ੍ਰਧਾਨ।

ਮੈਲਬੌਰਨ – ਆਸਟ੍ਰੇਲੀਅਨ ਮੈਡੀਕਲ ਐਸੋਸੀਏਸ਼ਨ (AMA) ਨੇ ਦੇਸ਼ ਦੇ ਫੂਡ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਫੂਡ ਸਟੈਂਡਰਡਜ਼ ਆਸਟ੍ਰੇਲੀਆ ਨਿਊਜ਼ੀਲੈਂਡ (FSANZ) ਐਕਟ ਰਿਵਿਊ ਦੀ ਰਿਪੋਰਟ ਤੁਰੰਤ ਜਨਤਕ ਕਰਨ ਅਤੇ ਅਜਿਹੇ ਸੁਧਾਰ ਲਾਗੂ ਕਰਨ ਜੋ ਖੁਰਾਕ ਉਦਯੋਗ ਦੇ ਹਿੱਤਾਂ ਦੀ ਬਜਾਏ ਲੋਕਾਂ ਦੀ ਸਿਹਤ ਨੂੰ ਪਹਿਲ ਦੇਣ।

ਏਐਮਏ ਨੇ ਕਿਹਾ ਕਿ ‘ਲੇਬਲਿੰਗ ਲਾਜਿਕ’ ਸਮੀਖਿਆ ਨੂੰ 15 ਸਾਲ ਹੋ ਚੁੱਕੇ ਹਨ, ਪਰ ਜਨ ਸਿਹਤ ਨਾਲ ਸਬੰਧਤ ਖੁਰਾਕ ਲੇਬਲਿੰਗ ਦੀਆਂ 40 ਸਿਫ਼ਾਰਸ਼ਾਂ ਵਿੱਚੋਂ ਸਿਰਫ਼ 3 ਹੀ ਪੂਰੀ ਤਰ੍ਹਾਂ ਲਾਗੂ ਹੋਈਆਂ ਹਨ। ਵਾਧੂ ਚੀਨੀ (Added Sugar) ਦੀ ਜਾਣਕਾਰੀ ਅਤੇ ਸ਼ਰਾਬ ‘ਤੇ ਸਖ਼ਤ ਸਿਹਤ ਚੇਤਾਵਨੀਆਂ ਵਰਗੇ ਮਹੱਤਵਪੂਰਨ ਸੁਝਾਅ ਅਜੇ ਵੀ ਲਾਗੂ ਨਹੀਂ ਕੀਤੇ ਗਏ।

ਏਐਮਏ ਦੀ ਪ੍ਰਧਾਨ ਡਾ. ਡੈਨੀਏਲ ਮੈਕਮੱਲਨ ਨੇ ਕਿਹਾ ਕਿ ਆਸਟ੍ਰੇਲੀਆ ਹੁਣ ਹੋਰ 10 ਜਾਂ 15 ਸਾਲ ਇਨ੍ਹਾਂ ਸੁਧਾਰਾਂ ਲਈ ਉਡੀਕ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਖੁਰਾਕ ਬਾਰੇ ਸਹੀ ਅਤੇ ਸਪੱਸ਼ਟ ਜਾਣਕਾਰੀ ਮਿਲਣੀ ਚਾਹੀਦੀ ਹੈ ਤਾਂ ਜੋ ਉਹ ਸਿਹਤਮੰਦ ਚੋਣ ਕਰ ਸਕਣ। ਉਨ੍ਹਾਂ ਕਿਹਾ ਕਿ ਗਲਤ ਖੁਰਾਕ ਆਸਟ੍ਰੇਲੀਆ ਵਿੱਚ ਲੰਬੇ ਸਮੇਂ ਦੀਆਂ ਬਿਮਾਰੀਆਂ ਦਾ ਵੱਡਾ ਕਾਰਨ ਬਣ ਰਹੀ ਹੈ। ਹਰ ਸਾਲ ਲੱਖਾਂ ਲੋਕ ਸਿਹਤਮੰਦ ਜੀਵਨ ਦੇ ਸਾਲ ਗੁਆ ਰਹੇ ਹਨ ਅਤੇ ਮੋਟਾਪਾ ਦੇਸ਼ ਲਈ ਸਭ ਤੋਂ ਵੱਡੇ ਰੋਕਥਾਮਯੋਗ ਸਿਹਤ ਖ਼ਤਰੇ ਵਜੋਂ ਸਾਹਮਣੇ ਆਇਆ ਹੈ। ਅੰਦਾਜ਼ਾ ਹੈ ਕਿ 2030 ਤੱਕ ਮੋਟਾਪੇ ਕਾਰਨ ਆਸਟ੍ਰੇਲੀਅਨ ਅਰਥਵਿਵਸਥਾ ਨੂੰ 62 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਹੋ ਸਕਦਾ ਹੈ।

ਇੱਕ ਨਵੀਂ ਰਿਪੋਰਟ ਵਿੱਚ ਵੀ ਸਾਹਮਣੇ ਆਇਆ ਹੈ ਕਿ 2011 ਦੀਆਂ 40 ਸਿਫ਼ਾਰਸ਼ਾਂ ਵਿੱਚੋਂ ਬਹੁਤੀਆਂ ਜਾਂ ਤਾਂ ਲੰਬੇ ਸਮੇਂ ਤੋਂ ਲਟਕੀਆਂ ਹੋਈਆਂ ਹਨ ਜਾਂ ਫਿਰ ਉਨ੍ਹਾਂ ਨੂੰ ਕਮਜ਼ੋਰ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਏਐਮਏ ਸਮੇਤ ਕਈ ਜਨ ਸਿਹਤ ਸੰਸਥਾਵਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਖੁਰਾਕ ਨਿਯਮਾਂ ਵਿੱਚ ਲੋਕਾਂ ਦੀ ਸਿਹਤ ਨੂੰ ਮੁੱਖ ਉਦੇਸ਼ ਬਣਾਇਆ ਜਾਵੇ।

ਡਾ. ਮੈਕਮੱਲਨ ਨੇ ਖ਼ਾਸ ਤੌਰ ‘ਤੇ ਸ਼ਰਾਬ ‘ਤੇ ਸਿਹਤ ਚੇਤਾਵਨੀਆਂ ਵਿੱਚ ਹੋ ਰਹੀ ਦੇਰੀ ‘ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਇਹ ਚਿੰਤਾਜਨਕ ਹੈ ਕਿ ਸ਼ਰਾਬ ਕੰਪਨੀਆਂ ਆਪਣੇ ਉਤਪਾਦਾਂ ‘ਤੇ ‘ਲੋ ਸ਼ੂਗਰ’ ਅਤੇ ‘ਜ਼ੀਰੋ ਸ਼ੂਗਰ’ ਵਰਗੇ ਦਾਅਵੇ ਕਰਕੇ ਉਨ੍ਹਾਂ ਨੂੰ ਵਧੇਰੇ ਸਿਹਤਮੰਦ ਦਿਖਾ ਰਹੀਆਂ ਹਨ, ਜਦਕਿ ਸ਼ਰਾਬ ਕੈਂਸਰ, ਦਿਲ ਦੀਆਂ ਬਿਮਾਰੀਆਂ ਅਤੇ ਜਿਗਰ ਦੀਆਂ ਬਿਮਾਰੀਆਂ ਸਮੇਤ ਕਈ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੁੜੀ ਹੋਈ ਹੈ।

ਏਐਮਏ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਖੁਰਾਕ ਲੇਬਲਿੰਗ ਅਤੇ ਸਿਹਤ ਸੁਰੱਖਿਆ ਨਾਲ ਜੁੜੇ ਸੁਧਾਰਾਂ ਨੂੰ ਤਰਜੀਹ ਦੇਵੇ, ਤਾਂ ਜੋ ਲੋਕਾਂ ਨੂੰ ਸਹੀ ਜਾਣਕਾਰੀ ਮਿਲੇ ਅਤੇ ਦੇਸ਼ ਵਿੱਚ ਲੰਬੇ ਸਮੇਂ ਦੀਆਂ ਬਿਮਾਰੀਆਂ ਦਾ ਬੋਝ ਘਟਾਇਆ ਜਾ ਸਕੇ।

Related posts

ਕੁਐਡ ਨੇਤਾਵਾਂ ਵਲੋਂ ਰੂਸ-ਯੂਕਰੇਨ ਯੁੱਧ ‘ਤੇ ਗੰਭੀਰ ਚਿੰਤਾ

admin

TCA Launches New Program to Increase Women in Tech

admin

ਵਿਕਟੋਰੀਅਨ ਲੌਕਡਾਊਨ ਨੂੰ ਹਟਾਉਣ ਸਬੰਧੀ ਫੈਸਲੇ ਦਾ ਇੰਤਜ਼ਾਰ

admin