Health & FitnessArticlesAustralia & New Zealand

ਪਹਿਲੀ ਰਾਸ਼ਟਰੀ ਨਿਊਰੋਲੋਜੀ ਸਰਵੇਖਣ ਰਿਪੋਰਟ: ਲੱਖਾਂ ਲੋਕਾਂ ਨੂੰ ਇਲਾਜ ਲੈਣ ਵਿੱਚ ਵੱਡੀਆਂ ਮੁਸ਼ਕਲਾਂ

ਨਿਊਰੋਲੋਜੀਕਲ ਅਲਾਇੰਸ ਆਸਟ੍ਰੇਲੀਆ।

ਆਸਟ੍ਰੇਲੀਆ ਵਿੱਚ ਨਿਊਰੋਲੋਜੀ ਨਾਲ ਜੁੜੀਆਂ ਬਿਮਾਰੀਆਂ ਜਾਂ ਸਿਹਤ ਸਮੱਸਿਆਵਾਂ ਨਾਲ ਰਹਿ ਰਹੇ ਲੋਕਾਂ ਬਾਰੇ ਪਹਿਲੀ ਵਾਰ ਰਾਸ਼ਟਰੀ ਪੱਧਰ ’ਤੇ ਕੀਤੇ ਗਏ ਸਰਵੇਖਣ ਨੇ ਸਿਹਤ ਪ੍ਰਣਾਲੀ ਵਿੱਚ ਵੱਡੀਆਂ ਕਮੀਆਂ ਸਾਹਮਣੇ ਲਿਆਂਦੀਆਂ ਹਨ। Neurological Alliance Australia (NAA) ਵੱਲੋਂ ਕੀਤੇ ਗਏ ਪਹਿਲੇ Neuro Survey ਵਿੱਚ ਆਸਟ੍ਰੇਲੀਆ ਦੇ 3,805 ਲੋਕਾਂ ਦੇ ਤਜਰਬੇ ਅਤੇ ਵਿਚਾਰ ਇਕੱਠੇ ਕੀਤੇ ਗਏ। ਇਸ ਸਰਵੇਖਣ ਦਾ ਮਕਸਦ ਇਹ ਜਾਣਨਾ ਸੀ ਕਿ ਨਿਊਰੋਲੋਜੀਕਲ ਬਿਮਾਰੀਆਂ ਨਾਲ ਰਹਿ ਰਹੇ ਲੋਕਾਂ ਨੂੰ ਇਲਾਜ, ਜਾਂਚ, ਮਾਹਿਰ ਡਾਕਟਰਾਂ ਅਤੇ ਲੰਬੇ ਸਮੇਂ ਦੀ ਸਹਾਇਤਾ ਲੈਣ ਵਿੱਚ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਹਨ। ਸਰਵੇਖਣ ਦੇ ਨਤੀਜਿਆਂ ਨੇ ਦੱਸਿਆ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਸਮੇਂ ਸਿਰ, ਸਹੀ ਅਤੇ ਇੱਕ ਦੂਜੇ ਨਾਲ ਜੁੜੀ ਹੋਈ ਸਿਹਤ ਸੇਵਾ ਨਹੀਂ ਮਿਲ ਰਹੀ।

ਸਰਵੇਖਣ ਵਿੱਚ ਵੱਡੀਆਂ ਗੱਲਾਂ ਸਾਹਮਣੇ ਆਈਆਂ ਹਨ। ਰਿਪੋਰਟ ਮੁਤਾਬਕ:

  • ਸਿਰਫ਼ 39 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਮਿਲ ਰਹੀ ਸਿਹਤ ਸੇਵਾ ਆਪਸ ਵਿੱਚ ਠੀਕ ਤਰੀਕੇ ਨਾਲ ਜੁੜੀ ਹੋਈ ਹੈ।
  • 51 ਫੀਸਦੀ ਲੋਕਾਂ ਨੂੰ ਨਿਊਰੋਲੋਜੀ ਨਾਲ ਸਬੰਧਤ ਇਲਾਜ ਜਾਂ ਸੇਵਾ ਲੈਣ ਵਿੱਚ ਮੁਸ਼ਕਲ ਆਈ।
  • ਲਗਭਗ 30 ਫੀਸਦੀ ਲੋਕਾਂ ਨੇ ਬਿਮਾਰੀ ਦੀ ਸਹੀ ਪਛਾਣ (Diagnosis) ਲਈ ਚਾਰ ਸਾਲ ਤੋਂ ਵੱਧ ਸਮਾਂ ਉਡੀਕ ਕੀਤੀ।
  • 48 ਫੀਸਦੀ ਲੋਕਾਂ ਨੇ ਖਰਚੇ ਕਾਰਨ ਇਲਾਜ ਕਰਵਾਉਣ ਵਿੱਚ ਦੇਰੀ ਕੀਤੀ ਜਾਂ ਇਲਾਜ ਛੱਡ ਦਿੱਤਾ।
  • ਸਿਰਫ਼ 9 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਸਿਹਤ ਟੀਮ ਵੱਲੋਂ ਪੂਰੀ ਸਹਾਇਤਾ ਮਿਲ ਰਹੀ ਹੈ।

ਇਹ ਅੰਕੜੇ ਦੱਸਦੇ ਹਨ ਕਿ ਨਿਊਰੋਲੋਜੀਕਲ ਬਿਮਾਰੀਆਂ ਨਾਲ ਰਹਿ ਰਹੇ ਲੋਕਾਂ ਲਈ ਸਿਹਤ ਸੇਵਾ ਤੱਕ ਪਹੁੰਚਣਾ ਕਈ ਵਾਰ ਲੰਬਾ ਅਤੇ ਮਹਿੰਗਾ ਪ੍ਰਕਿਰਿਆ ਬਣ ਜਾਂਦਾ ਹੈ।

‘ਲੋਕਾਂ ਨੂੰ ਸਿਹਤ ਪ੍ਰਣਾਲੀ ਦੇ ਕਈ ਪੜਾਵਾਂ ’ਤੇ ਨਿਰਾਸ਼ਾ ਮਿਲ ਰਹੀ ਹੈ’

NAA ਦੇ ਚੇਅਰ ਰੋਹਨ ਗ੍ਰੀਨਲੈਂਡ ਨੇ ਕਿਹਾ ਕਿ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਨਿਊਰੋਲੋਜੀਕਲ ਬਿਮਾਰੀਆਂ ਨਾਲ ਰਹਿ ਰਹੇ ਲੋਕਾਂ ਨੂੰ ਸਿਹਤ ਪ੍ਰਣਾਲੀ ਦੇ ਕਈ ਪੜਾਵਾਂ ’ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇੱਕ ਵਿਅਕਤੀ ਨੂੰ ਪਹਿਲਾਂ ਬਿਮਾਰੀ ਦੀ ਪਛਾਣ ਲਈ ਕਈ ਸਾਲ ਉਡੀਕ ਕਰਨੀ ਪੈ ਸਕਦੀ ਹੈ। ਇਸ ਤੋਂ ਬਾਅਦ ਸਹੀ ਮਾਹਿਰ ਡਾਕਟਰ ਲੱਭਣਾ ਵੀ ਔਖਾ ਹੋ ਸਕਦਾ ਹੈ। ਮਾਹਿਰਾਂ ਦੀਆਂ ਮੁਲਾਕਾਤਾਂ, ਟੈਸਟਾਂ ਅਤੇ ਹੋਰ ਇਲਾਜਾਂ ਲਈ ਆਪਣੀ ਜੇਬ ਵਿੱਚੋਂ ਵੱਡੀ ਰਕਮ ਖਰਚ ਕਰਨੀ ਪੈ ਸਕਦੀ ਹੈ। ਇਸ ਤੋਂ ਬਾਅਦ ਮਰੀਜ਼ ਨੂੰ ਕਈ ਵੱਖ-ਵੱਖ ਸਿਹਤ ਸੇਵਾਵਾਂ ਵਿਚਕਾਰ ਆਪਣੀ ਦੇਖਭਾਲ ਖੁਦ ਸੰਭਾਲਣੀ ਪੈਂਦੀ ਹੈ। ਰੋਹਨ ਗ੍ਰੀਨਲੈਂਡ ਮੁਤਾਬਕ ਜੇ ਕਿਸੇ ਵਿਅਕਤੀ ਦੀ ਨਿਊਰੋਲੋਜੀਕਲ ਬਿਮਾਰੀ ਲੰਬੇ ਸਮੇਂ ਤੱਕ ਰਹਿੰਦੀ ਹੈ, ਵਾਰ-ਵਾਰ ਬਦਲਦੀ ਹੈ ਜਾਂ ਬਹੁਤ ਜਟਿਲ ਹੈ ਤਾਂ ਇਲਾਜ ਦੇ ਕਿਸੇ ਇੱਕ ਪੜਾਅ ਵਿੱਚ ਹੋਈ ਦੇਰੀ ਉਸ ਦੀ ਸਿਹਤ, ਆਜ਼ਾਦੀ ਨਾਲ ਜੀਵਨ, ਨੌਕਰੀ, ਪਰਿਵਾਰ ਅਤੇ ਭਵਿੱਖ ਦੀ ਦੇਖਭਾਲ ’ਤੇ ਵੱਡਾ ਅਸਰ ਪਾ ਸਕਦੀ ਹੈ।

ਜੇਮਸ ਡਨ ਦੀ ਕਹਾਣੀ ਵੀ ਸਰਵੇਖਣ ਨਾਲ ਮਿਲਦੀ ਹੈ

ਸਰਵੇਖਣ ਵਿੱਚ ਸਾਹਮਣੇ ਆਈਆਂ ਮੁਸ਼ਕਲਾਂ ਦੀ ਇੱਕ ਉਦਾਹਰਨ ਜੇਮਸ ਡਨ ਦੀ ਜ਼ਿੰਦਗੀ ਤੋਂ ਵੀ ਮਿਲਦੀ ਹੈ। ਜੇਮਸ ME/CFS (Myalgic Encephalomyelitis/Chronic Fatigue Syndrome) ਅਤੇ POTS (Postural Orthostatic Tachycardia Syndrome) ਨਾਲ ਰਹਿ ਰਹੇ ਹਨ। ਬਿਮਾਰੀ ਦੀ ਪਛਾਣ ਹੋਣ ਤੋਂ ਪਹਿਲਾਂ ਜੇਮਸ ਨੇ ਕਈ ਸਾਲ ਆਪਣਾ ਕਾਨੂੰਨੀ ਕਰੀਅਰ ਬਣਾਉਣ ਵਿੱਚ ਲਗਾਏ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਰਾਸ਼ਟਰੀ ਕਨਸਲਟਿੰਗ ਕਾਰੋਬਾਰ ਵੀ ਸ਼ੁਰੂ ਕੀਤਾ। ਪਰ ਸਿਹਤ ਸਮੱਸਿਆਵਾਂ ਵਧਣ ਕਾਰਨ ਉਨ੍ਹਾਂ ਨੂੰ ਆਪਣਾ ਕਰੀਅਰ ਛੱਡ ਕੇ ਆਪਣੀ ਸਿਹਤ ’ਤੇ ਧਿਆਨ ਦੇਣਾ ਪਿਆ।

‘ਬਿਮਾਰੀ ਨਾਲ ਲੜਨਾ ਹੀ ਇਕੱਲੀ ਮੁਸ਼ਕਲ ਨਹੀਂ’

ਜੇਮਸ ਡਨ ਨੇ ਕਿਹਾ ਕਿ ਗੰਭੀਰ ਅਤੇ ਜਟਿਲ ਨਿਊਰੋਲੋਜੀਕਲ ਬਿਮਾਰੀ ਨਾਲ ਰਹਿਣ ਦਾ ਮਤਲਬ ਸਿਰਫ਼ ਬਿਮਾਰੀ ਨੂੰ ਸੰਭਾਲਣਾ ਨਹੀਂ ਹੈ। ਮਰੀਜ਼ ਨੂੰ ਇੱਕ ਜਟਿਲ ਸਿਹਤ ਪ੍ਰਣਾਲੀ ਵਿੱਚੋਂ ਵੀ ਲੰਘਣਾ ਪੈਂਦਾ ਹੈ। ਇਸ ਵਿੱਚ ਦਰਜਨਾਂ ਡਾਕਟਰੀ ਮੁਲਾਕਾਤਾਂ, ਵੱਖ-ਵੱਖ ਮਾਹਿਰ, ਟੈਸਟ ਅਤੇ ਇਲਾਜ ਸ਼ਾਮਲ ਹੋ ਸਕਦੇ ਹਨ। ਕਈ ਵਾਰ ਮਰੀਜ਼ ਨੂੰ ਆਪਣੇ ਰਾਜ ਜਾਂ ਇਲਾਕੇ ਤੋਂ ਬਾਹਰ ਜਾ ਕੇ ਵੀ ਇਲਾਜ ਕਰਵਾਉਣਾ ਪੈਂਦਾ ਹੈ। ਇਸ ਨਾਲ ਯਾਤਰਾ, ਇਲਾਜ ਅਤੇ ਹੋਰ ਖਰਚੇ ਵੀ ਵਧ ਜਾਂਦੇ ਹਨ। ਜੇਮਸ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੀ ਲੋੜ ਅਨੁਸਾਰ ਇੱਕਜੁੱਟ ਅਤੇ ਸਹੀ ਸਹਾਇਤਾ ਨਹੀਂ ਮਿਲਦੀ। ਉਨ੍ਹਾਂ ਮੁਤਾਬਕ ਨਿਊਰੋਲੋਜੀਕਲ ਬਿਮਾਰੀ ਭਾਵੇਂ ਕੋਈ ਵੀ ਹੋਵੇ, ਬਹੁਤ ਸਾਰੇ ਮਰੀਜ਼ ਇੱਕੋ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ—ਸਮੇਂ ਸਿਰ ਇਲਾਜ ਨਾ ਮਿਲਣਾ, ਮਹਿੰਗਾ ਇਲਾਜ ਅਤੇ ਸਿਹਤ ਸੇਵਾਵਾਂ ਤੱਕ ਪਹੁੰਚ ਵਿੱਚ ਰੁਕਾਵਟਾਂ।

ਬਿਮਾਰੀ ਦੀ ਪਛਾਣ ਵਿੱਚ ਕਈ ਸਾਲ ਲੱਗ ਰਹੇ ਹਨ

ਸਰਵੇਖਣ ਦਾ ਸਭ ਤੋਂ ਚਿੰਤਾਜਨਕ ਨਤੀਜਾ ਇਹ ਹੈ ਕਿ ਲਗਭਗ ਹਰ ਤਿੰਨ ਵਿੱਚੋਂ ਇੱਕ ਵਿਅਕਤੀ ਨੂੰ ਸਹੀ Diagnosis ਲਈ ਚਾਰ ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪਈ। ਕਈ ਨਿਊਰੋਲੋਜੀਕਲ ਬਿਮਾਰੀਆਂ ਦੇ ਲੱਛਣ ਹੋਰ ਸਿਹਤ ਸਮੱਸਿਆਵਾਂ ਵਰਗੇ ਹੋ ਸਕਦੇ ਹਨ। ਇਸ ਕਰਕੇ ਸਹੀ ਬਿਮਾਰੀ ਦੀ ਪਛਾਣ ਲਈ ਕਈ ਵਾਰ ਕਈ ਟੈਸਟ ਅਤੇ ਵੱਖ-ਵੱਖ ਮਾਹਿਰਾਂ ਦੀ ਲੋੜ ਪੈਂਦੀ ਹੈ। ਪਰ ਲੰਬੀ ਉਡੀਕ ਨਾਲ ਮਰੀਜ਼ ਦੀ ਸਿਹਤ ਅਤੇ ਰੋਜ਼ਾਨਾ ਜ਼ਿੰਦਗੀ ’ਤੇ ਅਸਰ ਪੈ ਸਕਦਾ ਹੈ।

ਪੈਸੇ ਕਾਰਨ ਵੀ ਇਲਾਜ ਛੱਡਣਾ ਪੈ ਰਿਹਾ ਹੈ

ਸਰਵੇਖਣ ਵਿੱਚ ਲਗਭਗ 48 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਪੈਸੇ ਦੀ ਸਮੱਸਿਆ ਕਾਰਨ ਸਿਹਤ ਸੇਵਾ ਲੈਣ ਵਿੱਚ ਦੇਰੀ ਕੀਤੀ ਜਾਂ ਇਲਾਜ ਨਹੀਂ ਕਰਵਾਇਆ। ਮਾਹਿਰ ਡਾਕਟਰਾਂ ਦੀ ਫੀਸ, ਟੈਸਟ, ਦਵਾਈਆਂ, ਯਾਤਰਾ ਅਤੇ ਹੋਰ ਇਲਾਜੀ ਖਰਚੇ ਲੰਬੇ ਸਮੇਂ ਦੀ ਬਿਮਾਰੀ ਵਾਲੇ ਪਰਿਵਾਰਾਂ ਲਈ ਵੱਡਾ ਆਰਥਿਕ ਬੋਝ ਬਣ ਸਕਦੇ ਹਨ। ਇਸ ਕਾਰਨ NAA ਦਾ ਕਹਿਣਾ ਹੈ ਕਿ ਸਿਹਤ ਸੇਵਾ ਸਿਰਫ਼ ਉਨ੍ਹਾਂ ਲੋਕਾਂ ਲਈ ਨਹੀਂ ਹੋਣੀ ਚਾਹੀਦੀ ਜੋ ਇਸ ਦਾ ਖਰਚਾ ਚੁੱਕ ਸਕਦੇ ਹਨ।

ਸਿਰਫ਼ 9 ਫੀਸਦੀ ਲੋਕਾਂ ਨੂੰ ਪੂਰੀ ਸਹਾਇਤਾ ਮਹਿਸੂਸ ਹੋਈ

ਸਰਵੇਖਣ ਦਾ ਇੱਕ ਹੋਰ ਮਹੱਤਵਪੂਰਨ ਅੰਕੜਾ ਇਹ ਹੈ ਕਿ ਸਿਰਫ਼ 9 ਫੀਸਦੀ ਲੋਕਾਂ ਨੇ ਕਿਹਾ ਕਿ ਉਹ ਆਪਣੀ ਸਿਹਤ ਸੰਭਾਲ ਟੀਮ ਵੱਲੋਂ ਪੂਰੀ ਤਰ੍ਹਾਂ ਸਹਾਇਤਾ ਪ੍ਰਾਪਤ ਕਰ ਰਹੇ ਹਨ। NAA ਮੁਤਾਬਕ ਇਹ ਦਰਸਾਉਂਦਾ ਹੈ ਕਿ ਮਰੀਜ਼ਾਂ ਨੂੰ ਸਿਰਫ਼ ਡਾਕਟਰੀ ਇਲਾਜ ਹੀ ਨਹੀਂ, ਸਗੋਂ ਸਿਹਤ ਪ੍ਰਣਾਲੀ ਵਿੱਚ ਵੱਖ-ਵੱਖ ਸੇਵਾਵਾਂ ਨੂੰ ਆਪਸ ਵਿੱਚ ਜੋੜਨ ਵਾਲੀ ਬਿਹਤਰ ਪ੍ਰਣਾਲੀ ਦੀ ਵੀ ਲੋੜ ਹੈ।

ਸਰਕਾਰਾਂ ਲਈ ਕੀ ਸੁਝਾਅ ਦਿੱਤੇ ਗਏ?

NAA ਨੇ ਸਰਵੇਖਣ ਦੇ ਆਧਾਰ ’ਤੇ ਕਈ ਖੇਤਰਾਂ ਵਿੱਚ ਸੁਧਾਰ ਦੀ ਮੰਗ ਕੀਤੀ ਹੈ। ਇਨ੍ਹਾਂ ਵਿੱਚ:

  • ਬਿਮਾਰੀ ਦੀ ਜਲਦੀ ਪਛਾਣ ਅਤੇ Diagnosis ਲਈ ਬਿਹਤਰ ਸਹੂਲਤਾਂ।
  • ਮਾਹਿਰ ਡਾਕਟਰਾਂ ਅਤੇ ਨਿਊਰੋਲੋਜੀਕਲ ਸੇਵਾਵਾਂ ਤੱਕ ਆਸਾਨ ਪਹੁੰਚ।
  • ਸਿਹਤ, ਅਪਾਹਜਤਾ ਅਤੇ ਬਜ਼ੁਰਗਾਂ ਦੀ ਦੇਖਭਾਲ ਵਾਲੀਆਂ ਸੇਵਾਵਾਂ ਵਿਚਕਾਰ ਬਿਹਤਰ ਤਾਲਮੇਲ।
  • ਨਿਊਰੋਲੋਜੀ ਨਾਲ ਸਬੰਧਤ ਖੋਜ ਲਈ ਵੱਧ ਨਿਵੇਸ਼।
  • ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਸਿਹਤ ਕਰਮਚਾਰੀਆਂ ਦੀ ਗਿਣਤੀ ਵਧਾਉਣਾ।
  • ਹਰ ਵਿਅਕਤੀ ਨੂੰ ਉਸ ਦੇ ਰਹਿਣ ਵਾਲੇ ਇਲਾਕੇ ਜਾਂ ਬਿਮਾਰੀ ਦੀ ਕਿਸਮ ਤੋਂ ਬਿਨਾਂ ਬਰਾਬਰ ਸਿਹਤ ਸੇਵਾ ਦੇਣਾ।
  • ਰਾਸ਼ਟਰੀ ਐਕਸ਼ਨ ਪਲਾਨ ਦੀ ਮੰਗ

NAA ਨੇ ਆਸਟ੍ਰੇਲੀਆ ਦੀਆਂ ਸਾਰੀਆਂ ਸਰਕਾਰਾਂ ਨੂੰ ਇੱਕ National Action Plan for Neurological Conditions ਬਣਾਉਣ ਅਤੇ ਲਾਗੂ ਕਰਨ ਦੀ ਅਪੀਲ ਕੀਤੀ ਹੈ। ਸੰਗਠਨ ਚਾਹੁੰਦਾ ਹੈ ਕਿ ਇਹ ਯੋਜਨਾ ਉਨ੍ਹਾਂ ਲੋਕਾਂ ਦੇ ਤਜਰਬਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਈ ਜਾਵੇ ਜੋ ਖੁਦ ਨਿਊਰੋਲੋਜੀਕਲ ਬਿਮਾਰੀਆਂ ਨਾਲ ਜੀ ਰਹੇ ਹਨ। ਇਸ ਕੰਮ ਵਿੱਚ ਮਰੀਜ਼ਾਂ, ਦੇਖਭਾਲ ਕਰਨ ਵਾਲਿਆਂ, ਡਾਕਟਰਾਂ, ਖੋਜਕਰਤਾਵਾਂ ਅਤੇ ਕਮਿਊਨਿਟੀ ਸੰਸਥਾਵਾਂ ਨੂੰ ਵੀ ਸ਼ਾਮਲ ਕਰਨ ਦੀ ਮੰਗ ਕੀਤੀ ਗਈ ਹੈ। NAA ਦਾ ਕਹਿਣਾ ਹੈ ਕਿ ਇਸ ਰਾਸ਼ਟਰੀ ਯੋਜਨਾ ਦੇ ਨਾਲ ਹਰ ਰਾਜ ਅਤੇ ਟੈਰੀਟਰੀ ਲਈ ਵੀ ਆਪਣੀ ਯੋਜਨਾ ਹੋਣੀ ਚਾਹੀਦੀ ਹੈ।

ਰੋਹਨ ਗ੍ਰੀਨਲੈਂਡ ਨੇ ਕਿਹਾ ਕਿ ਨਿਊਰੋਲੋਜੀਕਲ ਬਿਮਾਰੀਆਂ ਨਾਲ ਆਸਟ੍ਰੇਲੀਆ ਵਿੱਚ ਲੱਖਾਂ ਲੋਕ ਪ੍ਰਭਾਵਿਤ ਹਨ, ਪਰ ਅਜੇ ਤੱਕ Diagnosis, ਇਲਾਜ, ਖੋਜ, ਸਿਹਤ ਕਰਮਚਾਰੀਆਂ ਅਤੇ ਲੰਬੇ ਸਮੇਂ ਦੀ ਸਹਾਇਤਾ ਨੂੰ ਇਕੱਠੇ ਲੈ ਕੇ ਚੱਲਣ ਵਾਲੀ ਕੋਈ ਰਾਸ਼ਟਰੀ ਪਹੁੰਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਰਵੇਖਣ ਦੇ ਨਤੀਜੇ ਬਦਲਾਅ ਲਈ ਇੱਕ ਰੋਡਮੈਪ ਵਾਂਗ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਰਾਜਾਂ ਵਿੱਚ ਨਿਊਰੋਲੋਜੀ ਨਾਲ ਸਬੰਧਤ ਯੋਜਨਾਵਾਂ ਬਣਾਉਣ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ, ਜੋ ਇੱਕ ਚੰਗੀ ਗੱਲ ਹੈ। ਹੁਣ ਲੋੜ ਹੈ ਕਿ ਆਸਟ੍ਰੇਲੀਆ ਦੀਆਂ ਸਾਰੀਆਂ ਸਰਕਾਰਾਂ ਨਿਊਰੋਲੋਜੀ ਖੇਤਰ ਨਾਲ ਮਿਲ ਕੇ ਇੱਕ ਰਾਸ਼ਟਰੀ ਯੋਜਨਾ ਬਣਾਉਣ ਅਤੇ ਉਸ ਨੂੰ ਲਾਗੂ ਕਰਨ। ਇਸ ਦਾ ਮਕਸਦ ਇਹ ਹੋਣਾ ਚਾਹੀਦਾ ਹੈ ਕਿ ਨਿਊਰੋਲੋਜੀਕਲ ਬਿਮਾਰੀਆਂ ਨਾਲ ਰਹਿ ਰਹੇ ਹਰ ਆਸਟ੍ਰੇਲੀਆਈ ਨੂੰ ਸਮੇਂ ਸਿਰ, ਆਪਸ ਵਿੱਚ ਜੁੜੀ ਹੋਈ ਅਤੇ ਕਿਫਾਇਤੀ ਸਿਹਤ ਸੇਵਾ ਮਿਲ ਸਕੇ।

ਸਰਵੇਖਣ ਨੇ ਕੀ ਦੱਸਿਆ?

ਇਹ ਪਹਿਲਾ ਰਾਸ਼ਟਰੀ ਸਰਵੇਖਣ ਸਾਫ਼ ਤਸਵੀਰ ਪੇਸ਼ ਕਰਦਾ ਹੈ ਕਿ ਨਿਊਰੋਲੋਜੀਕਲ ਬਿਮਾਰੀਆਂ ਨਾਲ ਰਹਿ ਰਹੇ ਲੋਕਾਂ ਲਈ ਸਿਰਫ਼ ਬਿਮਾਰੀ ਨਾਲ ਨਜਿੱਠਣਾ ਹੀ ਚੁਣੌਤੀ ਨਹੀਂ ਹੈ। ਸਹੀ Diagnosis ਲੈਣਾ, ਮਾਹਿਰ ਤੱਕ ਪਹੁੰਚਣਾ, ਇਲਾਜ ਦਾ ਖਰਚਾ ਚੁੱਕਣਾ ਅਤੇ ਵੱਖ-ਵੱਖ ਸਿਹਤ ਸੇਵਾਵਾਂ ਨੂੰ ਆਪਸ ਵਿੱਚ ਜੋੜਨਾ ਵੀ ਵੱਡੀਆਂ ਸਮੱਸਿਆਵਾਂ ਹਨ। NAA ਦਾ ਮੰਨਣਾ ਹੈ ਕਿ ਹੁਣ ਇਨ੍ਹਾਂ ਸਮੱਸਿਆਵਾਂ ਦੀ ਪਛਾਣ ਹੋ ਚੁੱਕੀ ਹੈ ਅਤੇ ਅਗਲਾ ਕਦਮ ਸਰਕਾਰਾਂ ਵੱਲੋਂ ਠੋਸ ਕਾਰਵਾਈ ਕਰਨਾ ਹੋਣਾ ਚਾਹੀਦਾ ਹੈ।

Related posts

ਆਸਟ੍ਰੇਲੀਅਨ ਕੁੜੀਆਂ ਨੇ ਗੋਲਡ ਮੈਡਲ ਜਿੱਤਕੇ ਟੀਮ ਇੰਡੀਆ ਦਾ ਸੁਫ਼ਨਾ ਤੋੜਿਆ!

admin

ਕਰੋਨਾ ਜਾਂ ਕਾਦਰ ਦਾ ਕਹਿਰ

admin

ਆਓ ਪੰਜਾਬ ਨੂੰ ਨਸ਼ਾ ਮੁਕਤ ਕਰੀਏ !

admin