
ਮੋਨਾਸ਼ ਯੂਨੀਵਰਸਿਟੀ ਦੇ ਵੱਡੇ ਕੌਮੀ ਸਰਵੇਖਣ ਵਿੱਚ ਅਧਿਆਪਕਾਂ ਨੇ ਸਕੂਲਾਂ ਵਿੱਚ ਲਿੰਗਵਾਦ, ਔਰਤਾਂ ਪ੍ਰਤੀ ਨਫ਼ਰਤ ਅਤੇ ਜਿਨਸੀ ਪਰੇਸ਼ਾਨੀ ਦੇ ਵਧ ਰਹੇ ਮਾਮਲਿਆਂ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਮੋਨਾਸ਼ ਯੂਨੀਵਰਸਿਟੀ ਵੱਲੋਂ ਕੀਤੇ ਗਏ ਆਸਟ੍ਰੇਲੀਆ ਦੇ ਸਭ ਤੋਂ ਵੱਡੇ ਅਧਿਆਪਕ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਦੇਸ਼ ਦੇ ਸਕੂਲਾਂ ਵਿੱਚ ਲਿੰਗਵਾਦ ਅਤੇ ਔਰਤਾਂ ਵਿਰੋਧੀ ਵਿਵਹਾਰ ਇੱਕ ਗੰਭੀਰ ਸਮੱਸਿਆ ਬਣ ਚੁੱਕੇ ਹਨ। ਸਰਵੇਖਣ ਵਿੱਚ ਆਸਟ੍ਰੇਲੀਅਨ ਐਜੂਕੇਸ਼ਨ ਯੂਨੀਅਨ (AEU) ਦੇ 2,600 ਤੋਂ ਵੱਧ ਅਧਿਆਪਕਾਂ ਨੇ ਹਿੱਸਾ ਲਿਆ। ਸਰਵੇਖਣ ਮੁਤਾਬਕ 78 ਫੀਸਦੀ ਅਧਿਆਪਕਾਂ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਵਿੱਚ ਲਿੰਗ-ਅਧਾਰਿਤ ਹਿੰਸਾ, ਲਿੰਗਵਾਦ ਜਾਂ ਔਰਤਾਂ ਪ੍ਰਤੀ ਨਫ਼ਰਤ ਭਰਿਆ ਵਿਵਹਾਰ ਦੇਖਿਆ ਜਾਂ ਖੁਦ ਇਸ ਦਾ ਸਾਹਮਣਾ ਕੀਤਾ ਹੈ। ਇਨ੍ਹਾਂ ਵਿੱਚੋਂ ਲਗਭਗ ਇੱਕ ਤਿਹਾਈ ਅਧਿਆਪਕਾਂ ਨੇ ਦੱਸਿਆ ਕਿ ਉਹ ਅਜਿਹਾ ਵਿਵਹਾਰ ਅਕਸਰ ਦੇਖਦੇ ਜਾਂ ਸਹਿੰਦੇ ਹਨ। ਇਹ ਸਮੱਸਿਆ ਸਿਰਫ਼ ਕਿਸੇ ਇੱਕ ਕਿਸਮ ਦੇ ਸਕੂਲ ਤੱਕ ਸੀਮਤ ਨਹੀਂ ਹੈ। ਪ੍ਰਾਇਮਰੀ ਅਤੇ ਸੈਕੰਡਰੀ ਦੋਵਾਂ ਪੱਧਰਾਂ ਦੇ ਅਧਿਆਪਕਾਂ ਨੇ ਇਸ ਤਰ੍ਹਾਂ ਦੇ ਤਜਰਬੇ ਸਾਂਝੇ ਕੀਤੇ ਹਨ। ਅਧਿਆਪਕਾਂ ਨੇ ਦੱਸਿਆ ਕਿ ਲਿੰਗਵਾਦੀ ਅਤੇ ਔਰਤਾਂ ਵਿਰੋਧੀ ਵਿਵਹਾਰ ਵਿਦਿਆਰਥੀਆਂ, ਸਹਿਕਰਮੀਆਂ ਅਤੇ ਕਈ ਵਾਰ ਮਾਪਿਆਂ ਜਾਂ ਦੇਖਭਾਲ ਕਰਨ ਵਾਲਿਆਂ ਵੱਲੋਂ ਵੀ ਦੇਖਣ ਨੂੰ ਮਿਲਦਾ ਹੈ।
ਆਨਲਾਈਨ ਸਮੱਗਰੀ ਦਾ ਪ੍ਰਭਾਵ
ਸਰਵੇਖਣ ਵਿੱਚ ਸੋਸ਼ਲ ਮੀਡੀਆ ਅਤੇ ਆਨਲਾਈਨ ਔਰਤਾਂ ਵਿਰੋਧੀ ਸਮੱਗਰੀ ਦੇ ਪ੍ਰਭਾਵ ਨੂੰ ਲੈ ਕੇ ਵੀ ਚਿੰਤਾ ਸਾਹਮਣੇ ਆਈ ਹੈ। 95 ਫੀਸਦੀ ਅਧਿਆਪਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਘੱਟੋ-ਘੱਟ ਕੁਝ ਵਿਦਿਆਰਥੀ ‘ਮੈਨੋਸਫੀਅਰ’ (manosphere) ਨਾਲ ਜੁੜੀ ਆਨਲਾਈਨ ਸਮੱਗਰੀ ਦੇਖਦੇ ਹਨ। ਲਗਭਗ ਚਾਰ ਵਿੱਚੋਂ ਇੱਕ ਅਧਿਆਪਕ ਦਾ ਮੰਨਣਾ ਹੈ ਕਿ ਉਨ੍ਹਾਂ ਦੇ 50 ਫੀਸਦੀ ਤੱਕ ਵਿਦਿਆਰਥੀ ਅਜਿਹੀ ਸਮੱਗਰੀ ਤੱਕ ਪਹੁੰਚ ਰੱਖਦੇ ਹਨ। ਇਸ ਤੋਂ ਇਲਾਵਾ, 70 ਫੀਸਦੀ ਅਧਿਆਪਕਾਂ ਨੇ ਪਿਛਲੇ 12 ਮਹੀਨਿਆਂ ਦੌਰਾਨ ਵਿਦਿਆਰਥੀਆਂ ਦੇ ਰਵੱਈਏ ਅਤੇ ਵਿਵਹਾਰ ਵਿੱਚ ਮੈਨੋਸਫੀਅਰ ਵਿਚਾਰਾਂ ਦਾ ਪ੍ਰਭਾਵ ਮਹਿਸੂਸ ਕੀਤਾ।
ਮੋਨਾਸ਼ ਯੂਨੀਵਰਸਿਟੀ ਦੀ ਫੈਕਲਟੀ ਆਫ ਐਜੂਕੇਸ਼ਨ ਦੀ ਡਾ. ਸਟੈਫਨੀ ਵੈਸਕੌਟ ਨੇ ਕਿਹਾ ਕਿ ਸਕੂਲ ਸਿਰਫ਼ ਪੜ੍ਹਾਈ ਦੀਆਂ ਥਾਵਾਂ ਨਹੀਂ ਹਨ, ਸਗੋਂ ਇਹ ਹਜ਼ਾਰਾਂ ਲੋਕਾਂ ਦੇ ਕੰਮ ਕਰਨ ਵਾਲੇ ਸਥਾਨ ਵੀ ਹਨ। ਉਨ੍ਹਾਂ ਕਿਹਾ ਕਿ ਸਕੂਲਾਂ ਵਿੱਚ ਕੰਮ ਕਰਨ ਵਾਲਿਆਂ ਵਿੱਚ ਬਹੁਗਿਣਤੀ ਔਰਤਾਂ ਦੀ ਹੈ ਅਤੇ ਉਨ੍ਹਾਂ ਨੂੰ ਵੀ ਹੋਰ ਕੰਮਕਾਜੀ ਥਾਵਾਂ ਵਾਂਗ ਸੁਰੱਖਿਅਤ ਮਾਹੌਲ ਮਿਲਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ, ਕਈ ਅਧਿਆਪਕਾਂ ਲਈ ਸਕੂਲਾਂ ਵਿੱਚ ਲਿੰਗਵਾਦ, ਔਰਤਾਂ ਵਿਰੋਧੀ ਵਿਵਹਾਰ ਅਤੇ ਜਿਨਸੀ ਪਰੇਸ਼ਾਨੀ ਕਾਰਨ ਕੰਮ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ।
ਕਈ ਅਧਿਆਪਕ ਨੌਕਰੀ ਛੱਡਣ ਬਾਰੇ ਸੋਚ ਰਹੇ
ਸਰਵੇਖਣ ਦਾ ਇੱਕ ਹੋਰ ਚਿੰਤਾਜਨਕ ਨਤੀਜਾ ਇਹ ਹੈ ਕਿ ਲਿੰਗ-ਅਧਾਰਿਤ ਹਿੰਸਾ ਅਧਿਆਪਕਾਂ ਨੂੰ ਆਪਣਾ ਪੇਸ਼ਾ ਛੱਡਣ ਬਾਰੇ ਸੋਚਣ ਲਈ ਮਜਬੂਰ ਕਰ ਰਹੀ ਹੈ। ਇੱਕ ਤਿਹਾਈ ਅਧਿਆਪਕਾਂ ਨੇ ਕਿਹਾ ਕਿ ਉਹ ਕਦੇ-ਕਦੇ ਇਸ ਕਾਰਨ ਅਧਿਆਪਨ ਛੱਡਣ ਬਾਰੇ ਸੋਚਦੇ ਹਨ, ਜਦਕਿ 16 ਫੀਸਦੀ ਨੇ ਕਿਹਾ ਕਿ ਉਹ ਅਕਸਰ ਅਜਿਹਾ ਸੋਚਦੇ ਹਨ। ਔਰਤ ਅਧਿਆਪਕਾਂ ਵਿੱਚ ਨੌਕਰੀ ਛੱਡਣ ਬਾਰੇ ਸੋਚਣ ਦੀ ਸੰਭਾਵਨਾ ਮਰਦ ਅਧਿਆਪਕਾਂ ਨਾਲੋਂ ਕਾਫ਼ੀ ਜ਼ਿਆਦਾ ਪਾਈ ਗਈ। ਨਵੇਂ ਜਾਂ ਕਰੀਅਰ ਦੀ ਸ਼ੁਰੂਆਤ ਵਾਲੇ ਅਧਿਆਪਕਾਂ ਨੇ ਵੀ ਸਕੂਲਾਂ ਵਿੱਚ ਲਿੰਗ-ਅਧਾਰਿਤ ਹਿੰਸਾ ਅਤੇ ਲਿੰਗਵਾਦ ਨੂੰ ਅਕਸਰ ਦੇਖਣ ਜਾਂ ਸਹਿਣ ਦੀ ਜ਼ਿਆਦਾ ਰਿਪੋਰਟ ਕੀਤੀ।
ਮੋਨਾਸ਼ ਯੂਨੀਵਰਸਿਟੀ ਦੇ ਪ੍ਰੋਫੈਸਰ ਸਟੀਵਨ ਰੌਬਰਟਸ ਨੇ ਕਿਹਾ ਕਿ ਸਕੂਲ ਔਰਤਾਂ ਅਤੇ ਬੱਚਿਆਂ ਵਿਰੁੱਧ ਹਿੰਸਾ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਸਕਦੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਸਮੱਸਿਆ ਦੀ ਗੰਭੀਰਤਾ ਅਤੇ ਦੇਸ਼ ਪੱਧਰ ’ਤੇ ਇਸ ਦੇ ਫੈਲਾਅ ਬਾਰੇ ਕਾਫ਼ੀ ਸਬੂਤ ਮੌਜੂਦ ਹਨ ਅਤੇ ਇਸ ਲਈ ਤੁਰੰਤ ਸਰਕਾਰੀ ਕਾਰਵਾਈ ਦੀ ਲੋੜ ਹੈ।
ਸਕੂਲਾਂ ਲਈ ਸਪੱਸ਼ਟ ਨੀਤੀਆਂ ਦੀ ਮੰਗ
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਸਕੂਲਾਂ ਵਿੱਚ ਲਿੰਗਵਾਦ ਅਤੇ ਲਿੰਗ-ਅਧਾਰਿਤ ਪੱਖਪਾਤ ਨਾਲ ਨਜਿੱਠਣ ਲਈ ਸਪੱਸ਼ਟ ਨੀਤੀਆਂ ਹਨ, ਉੱਥੇ ਅਧਿਆਪਕਾਂ ਵੱਲੋਂ ਪੇਸ਼ਾ ਛੱਡਣ ਬਾਰੇ ਸੋਚਣ ਦੀ ਸੰਭਾਵਨਾ ਘੱਟ ਹੁੰਦੀ ਹੈ। ਖੋਜਕਰਤਾਵਾਂ ਨੇ ਸਰਕਾਰਾਂ ਨੂੰ ਕਈ ਕਦਮ ਚੁੱਕਣ ਦੀ ਸਿਫਾਰਸ਼ ਕੀਤੀ ਹੈ। ਇਨ੍ਹਾਂ ਵਿੱਚ ਸਕੂਲਾਂ ਵਿੱਚ ਵਰਕਪਲੇਸ ਹੈਲਥ ਐਂਡ ਸੇਫਟੀ ਨਿਯਮਾਂ ਨੂੰ ਮਜ਼ਬੂਤ ਕਰਨਾ, ਅਧਿਆਪਕਾਂ ਲਈ ਸੁਰੱਖਿਅਤ ਅਤੇ ਬਿਹਤਰ ਕੰਮਕਾਜੀ ਹਾਲਾਤ ਬਣਾਉਣਾ ਅਤੇ ਲਿੰਗ-ਅਧਾਰਿਤ ਮਾਨਸਿਕ ਤੇ ਹੋਰ ਖ਼ਤਰਿਆਂ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕਰਨਾ ਸ਼ਾਮਲ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ Respectful Relationships Education ਨੂੰ ਹੋਰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਅਤੇ ਇਸ ਨੂੰ ਪਾਠਕ੍ਰਮ, ਸਕੂਲ ਦੀ ਅਗਵਾਈ, ਅਧਿਆਪਕਾਂ ਦੀ ਸਿਖਲਾਈ ਅਤੇ ਸਕੂਲੀ ਸੱਭਿਆਚਾਰ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ। ਖੋਜਕਰਤਾਵਾਂ ਨੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਨਿਯਮਤ ਕਰਨ ਲਈ ਵੀ ਤੁਰੰਤ ਕਦਮ ਚੁੱਕਣ ਦੀ ਮੰਗ ਕੀਤੀ ਹੈ, ਤਾਂ ਜੋ ਆਨਲਾਈਨ ਔਰਤਾਂ ਵਿਰੋਧੀ ਸਮੱਗਰੀ ਤੋਂ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕੇ। ਡਾ. ਵੈਸਕੌਟ ਨੇ ਕਿਹਾ ਕਿ ਜਦੋਂ ਆਸਟ੍ਰੇਲੀਆ ਪਹਿਲਾਂ ਹੀ ਅਧਿਆਪਕਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ, ਤਾਂ ਸਕੂਲਾਂ ਨੂੰ ਅਜਿਹੇ ਸੁਰੱਖਿਅਤ ਕੰਮਕਾਜੀ ਸਥਾਨ ਬਣਾਉਣਾ ਨੈਤਿਕ ਜ਼ਿੰਮੇਵਾਰੀ ਦੇ ਨਾਲ-ਨਾਲ ਸਮਾਜਿਕ, ਵਿਦਿਅਕ ਅਤੇ ਆਰਥਿਕ ਲੋੜ ਵੀ ਹੈ।
