ਨਿਊ ਸਾਊਥ ਵੇਲਜ਼ ਵਿੱਚ ਇਸ ਸਰਦੀ ਦੌਰਾਨ ਘਰਾਂ ਵਿੱਚ ਲੱਗੀ ਅੱਗ ਕਾਰਨ 18 ਲੋਕਾਂ ਦੀ ਮੌਤ ਤੋਂ ਬਾਅਦ Fire and Rescue NSW (FRNSW) ਦੇ ਕਮਿਸ਼ਨਰ ਜੇਰੇਮੀ ਫਿਊਟ੍ਰੈਲ ਨੇ ਲੋਕਾਂ ਨੂੰ ਆਪਣੇ ਘਰਾਂ ਦੀ ਅੱਗ ਤੋਂ ਸੁਰੱਖਿਆ ਜਾਂਚਣ ਅਤੇ ਸਮੋਕ ਅਲਾਰਮ ਚੈੱਕ ਕਰਨ ਦੀ ਅਪੀਲ ਕੀਤੀ ਹੈ।
ਪਿਛਲੇ ਤਿੰਨ ਮਹੀਨਿਆਂ ਦੌਰਾਨ ਸੂਬੇ ਵਿੱਚ structure fires ਵਿੱਚ 18 ਲੋਕਾਂ ਦੀ ਜਾਨ ਗਈ, ਜੋ 2025 ਦੀ ਸਰਦੀ ਦੌਰਾਨ ਹੋਈਆਂ ਮੌਤਾਂ ਨਾਲੋਂ ਦੁੱਗਣੀ ਗਿਣਤੀ ਹੈ। ਇਨ੍ਹਾਂ ਦਰਦਨਾਕ ਘਟਨਾਵਾਂ ਵਿੱਚ ਜੁਲਾਈ ਵਿੱਚ Wiley Park ਦੇ ਇੱਕ granny flat ਵਿੱਚ ਲੱਗੀ ਅੱਗ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਅਤੇ ਪਿਛਲੇ ਮਹੀਨੇ Lake Macquarie ਵਿੱਚ ਘਰ ਨੂੰ ਲੱਗੀ ਅੱਗ ਕਾਰਨ ਪੰਜ ਸਾਲ ਦੀ ਬੱਚੀ ਦੀ ਮੌਤ ਵੀ ਸ਼ਾਮਲ ਹੈ। ਇਸ ਸਾਲ ਦੀ ਸਰਦੀ ਸੂਬੇ ਲਈ ਬਹੁਤ ਦੁਖਦਾਈ ਰਹੀ ਹੈ ਅਤੇ 18 ਜਾਨਾਂ ਦਾ ਜਾਣਾ ਠੰਢੇ ਮੌਸਮ ਵਿੱਚ ਘਰਾਂ ਨੂੰ ਲੱਗਣ ਵਾਲੀ ਅੱਗ ਦੇ ਖਤਰੇ ਦੀ ਗੰਭੀਰ ਯਾਦ ਦਿਵਾਉਂਦਾ ਹੈ। ਉਨ੍ਹਾਂ ਕਿਹਾ ਕਿ ਹਰ ਅੰਕੜੇ ਦੇ ਪਿੱਛੇ ਇੱਕ ਪਰਿਵਾਰ ਅਤੇ ਇੱਕ ਕਮਿਊਨਿਟੀ ਹੁੰਦੀ ਹੈ, ਜਿਸ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਜਾਂਦੀ ਹੈ।
ਫਾਇਰਫਾਈਟਰਾਂ ਮੁਤਾਬਕ ਇਸ ਸਰਦੀ ਦੌਰਾਨ ਕਈ ਘਰਾਂ ਵਿੱਚ ਸਮੋਕ ਅਲਾਰਮਾਂ ਨੇ ਅੱਗ ਬਾਰੇ ਸਮੇਂ ਸਿਰ ਚੇਤਾਵਨੀ ਦੇ ਕੇ ਲੋਕਾਂ ਦੀ ਜਾਨ ਬਚਾਉਣ ਵਿੱਚ ਅਹਿਮ ਭੂਮਿਕਾ ਨਿਭਾਈ। ਪਰ 1,073 residential fire scenes ਵਿੱਚੋਂ 461 ਥਾਵਾਂ, ਯਾਨੀ ਲਗਭਗ 43 ਫੀਸਦੀ ਘਰਾਂ ਵਿੱਚ ਕੋਈ ਚੱਲਦਾ ਹੋਇਆ ਸਮੋਕ ਅਲਾਰਮ ਨਹੀਂ ਮਿਲਿਆ। FRNSW ਨੇ ਕਿਹਾ ਕਿ ਇਹ ਅੰਕੜੇ ਦਰਸਾਉਂਦੇ ਹਨ ਕਿ ਘਰਾਂ ਵਿੱਚ ਅੱਗ ਤੋਂ ਬਚਾਅ ਲਈ ਅਜੇ ਵੀ ਵੱਡਾ ਖਤਰਾ ਮੌਜੂਦ ਹੈ। FRNSW ਨੇ ਇਸ ਸਰਦੀ ਦੌਰਾਨ ਲੋਕਾਂ ਨੂੰ ਅੱਗ ਤੋਂ ਸੁਰੱਖਿਆ ਬਾਰੇ ਜਾਣਕਾਰੀ ਦੇਣ ਲਈ 11,832 ਘਰਾਂ ਵਿੱਚ safety visits ਕੀਤੀਆਂ। ਇਹ ਗਿਣਤੀ FRNSW ਵੱਲੋਂ ਤੈਅ ਕੀਤੇ 4,500 ਘਰਾਂ ਦੇ ਟੀਚੇ ਨਾਲੋਂ ਦੁੱਗਣੇ ਤੋਂ ਵੀ ਵੱਧ ਹੈ।
ਕਮਿਸ਼ਨਰ ਜੇਰੇਮੀ ਫਿਊਟ੍ਰੈਲ ਨੇ ਕਿਹਾ ਕਿ ਬਦਲਦੇ ਮੌਸਮ ਨੂੰ ਘਰ ਦੀ fire safety ਜਾਂਚਣ ਦਾ ਮੌਕਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਮੋਕ ਅਲਾਰਮ ਅੱਗ ਲੱਗਣ ਦੀ ਸੂਰਤ ਵਿੱਚ ਲੋਕਾਂ ਨੂੰ ਜਲਦੀ ਚੇਤਾਵਨੀ ਦਿੰਦੇ ਹਨ ਅਤੇ ਸੁਰੱਖਿਅਤ ਢੰਗ ਨਾਲ ਘਰ ਤੋਂ ਬਾਹਰ ਨਿਕਲਣ ਦਾ ਵਧੀਆ ਮੌਕਾ ਦਿੰਦੇ ਹਨ। ਪਰ ਇਹ ਤਾਂ ਹੀ ਜਾਨ ਬਚਾ ਸਕਦੇ ਹਨ ਜੇ ਉਹ ਚੱਲ ਰਹੇ ਹੋਣ। FRNSW ਮੁਤਾਬਕ ਫਾਇਰਫਾਈਟਰ ਸਾਲ ਦੇ ਕਿਸੇ ਵੀ ਸਮੇਂ ਘਰ ਆ ਕੇ safety check ਕਰ ਸਕਦੇ ਹਨ। ਲੋੜ ਪੈਣ ’ਤੇ ਉਹ 10 ਸਾਲ ਚੱਲਣ ਵਾਲਾ ਸਮੋਕ ਅਲਾਰਮ ਵੀ ਮੁਫ਼ਤ ਲਗਾ ਸਕਦੇ ਹਨ। ਲੋਕ ਮੁਫ਼ਤ Home Fire Safety Visit ਬੁੱਕ ਕਰ ਸਕਦੇ ਹਨ। ਫਾਇਰਫਾਈਟਰ ਘਰ ਆ ਕੇ ਜਾਇਦਾਦ ਦੀ ਜਾਂਚ ਕਰਨਗੇ, ਅੱਗ ਤੋਂ ਬਚਾਅ ਬਾਰੇ ਸਲਾਹ ਦੇਣਗੇ ਅਤੇ ਜੇ ਲੋੜ ਹੋਵੇ ਤਾਂ ਸਮੋਕ ਅਲਾਰਮ ਵੀ ਮੁਫ਼ਤ ਲਗਾ ਕੇ ਦੇਣਗੇ।
FRNSW ਨੇ ਲੋਕਾਂ ਨੂੰ ਖਾਣਾ ਬਣਾਉਂਦੇ ਸਮੇਂ ਖਾਸ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਸ ਸਰਦੀ ਦੌਰਾਨ 40 ਫੀਸਦੀ ਘਰੇਲੂ ਅੱਗ ਰਸੋਈ ਜਾਂ Cooking Areas ਤੋਂ ਸ਼ੁਰੂ ਹੋਈ। ਫਾਇਰਫਾਈਟਰਾਂ ਨੇ ਲੋਕਾਂ ਨੂੰ ‘Keep looking when cooking’ ਦੀ ਸਲਾਹ ਦਿੱਤੀ ਹੈ, ਭਾਵ ਖਾਣਾ ਪਕਾਉਂਦੇ ਸਮੇਂ ਰਸੋਈ ਨੂੰ ਛੱਡ ਕੇ ਨਾ ਜਾਣ ਅਤੇ ਖਾਣਾ ਬਣ ਰਿਹਾ ਹੋਵੇ ਤਾਂ ਉਸ ’ਤੇ ਨਜ਼ਰ ਰੱਖਣੀ ਚਾਹੀਦੀ ਹੈ।
FRNSW ਨੇ ਲੋਕਾਂ ਨੂੰ ਬਸੰਤ ਰੁੱਤ ਆਉਣ ਨਾਲ ਲਾਪਰਵਾਹ ਨਾ ਹੋਣ ਦੀ ਵੀ ਚੇਤਾਵਨੀ ਦਿੱਤੀ ਹੈ। ਗਰਮ ਮੌਸਮ ਅਤੇ ਆਉਣ ਵਾਲਾ bushfire season ਘਰ ਦੇ ਅੰਦਰ ਅਤੇ ਆਲੇ-ਦੁਆਲੇ ਅੱਗ ਦੇ ਨਵੇਂ ਖਤਰੇ ਪੈਦਾ ਕਰ ਸਕਦਾ ਹੈ।
ਮੁਫ਼ਤ Home Safety Visit ਲਈ: https://www.fire.nsw.gov.au/safetyvisits ਬੁੱਕ ਕਰੋ ਜਾਂ ਆਪਣੇ ਸਥਾਨਕ ਫਾਇਰ ਸਟੇਸ਼ਨ ਨਾਲ ਸੰਪਰਕ ਕਰੋ।
