Breaking NewsLatest NewsPunjab

‘ਪੰਜਾਬ ਖਾਲਸਾ’ ਟੀਮ ਦੇਵਪ੍ਰਯਾਗ ਵਿਖੇ 18ਵੀਂ ਰਾਸ਼ਟਰੀ ਰਾਫਟਿੰਗ ਚੈਂਪੀਅਨਸ਼ਿਪ ’ਚ ਲਵੇਗੀ ਹਿੱਸਾ

ਖ਼ਾਲਸਾ ਯੂਨੀਵਰਸਿਟੀ ਅਤੇ ਖ਼ਾਲਸਾ ਕਾਲਜ ਦੀਆਂ ਰਾਫ਼ਟਿੰਗ ਟੀਮਾਂ ਦਰਮਿਆਨ ਖੜ੍ਹੇ ਵਿਖਾਈ ਦੇ ਰਹੇ ਸ: ਗੁਨਬੀਰ ਸਿੰਘ, ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ, ਡਾ. ਕੰਵਲਜੀਤ ਸਿੰਘ, ਡਾ. ਆਤਮ ਸਿੰਘ ਰੰਧਾਵਾ, ਕੋਚ ਅਤੇ ਹੋਰ।

ਅੰਮ੍ਰਿਤਸਰ – ਖਾਲਸਾ ਯੂਨੀਵਰਸਿਟੀ ਅਧੀਨ ਖਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਲੜਕੀਆਂ ਅਤੇ ਖਾਲਸਾ ਕਾਲਜ ਦੇ ਲੜਕੇ ਖਿਡਾਰੀਆਂ ਦੀ ਟੀਮ ਨੂੰ ਸਾਹਸਿਕ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਰਾਫਟਿੰਗ ਅਤੇ ਐਡਵੈਂਚਰ ਸਪੋਰਟਸ ਐਸੋਸੀਏਸ਼ਨ ਵੱਲੋਂ ਰਾਫਟਿੰਗ ਦੀ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇਸ ਸਿਖਲਾਈ ’ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲੈਂਦਿਆਂ ਰਾਫਟਿੰਗ ਦੀਆਂ ਤਕਨੀਕਾਂ, ਸੁਰੱਖਿਆ ਨਿਯਮਾਂ, ਟੀਮ ਵਰਕ, ਪਾਣੀ ਦੇ ਵਹਾਅ ਨੂੰ ਸਮਝਣ ਅਤੇ ਚੁਣੌਤੀਪੂਰਨ ਸਥਿਤੀਆਂ ਨਾਲ ਨਜਿੱਠਣ ਸਬੰਧੀ ਵਿਹਾਰਕ ਜਾਣਕਾਰੀ ਹਾਸਲ ਕੀਤੀ।

ਇਸ ਸਿਖਲਾਈ ਤਹਿਤ ਉਕਤ ਟੀਮ ਨੂੰ ‘ਪੰਜਾਬ ਖਾਲਸਾ’ ਦਾ ਨਾਮ ਦਿੱਤਾ ਗਿਆ ਹੈ। ਇਹ ਟੀਮ ਉੱਤਰਾਖੰਡ ਦੇ ਦੇਵਪ੍ਰਯਾਗ ਵਿਖੇ ਹੋਣ ਜਾ ਰਹੀ ‘18ਵੀਂ ਰਾਸ਼ਟਰੀ ਰਾਫਟਿੰਗ ਚੈਂਪੀਅਨਸ਼ਿਪ’ ’ਚ ਹਿੱਸਾ ਲੈ ਕੇ ਪੰਜਾਬ ਦੀ ਨੁਮਾਇੰਦਗੀ ਕਰੇਗੀ। ਜ਼ਿਕਰਯੋਗ ਹੈ ਕਿ ਖਾਲਸਾ ਕਾਲਜ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ ਕਿਸੇ ਵਿਦਿਅਕ ਸੰਸਥਾ ਵੱਲੋਂ ਪੰਜਾਬ ਦੀ ਪਹਿਲੀ ਅਜਿਹੀ ਟੀਮ ਵਜੋਂ ਰਾਸ਼ਟਰੀ ਪੱਧਰ ਦੇ ਇਸ ਮੁਕਾਬਲੇ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਉਣਗੇ।

ਇਸ ਦੌਰਾਨ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਅਤੇ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਨੇ ਸਾਂਝੇ ਤੌਰ ਤੇ ਕਿਹਾ ਕਿ ਇਹ ਖਾਲਸਾ ਸੰਸਥਾਵਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਨ੍ਹਾਂ ਦੇ ਵਿਦਿਆਰਥੀ ਦਲੇਰਾਨਾ ਖੇਡਾਂ ਦੇ ਖੇਤਰ ’ਚ ਵੀ ਨਵੀਆਂ ਪੈੜਾਂ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਉਕਤ ਅਦਾਰਿਆਂ ਯੂਨੀਵਰਸਿਟੀ ਅਤੇ ਕਾਲਜ ਦੇ ਵਿਦਿਆਰਥੀ ਪੰਜਾਬ ਦੀ ਪਹਿਲੀ ਵਿੱਦਿਅਕ ਸੰਸਥਾ ਦੀ ਟੀਮ ਵਜੋਂ ਰਾਸ਼ਟਰੀ ਰਾਫਟਿੰਗ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਜਾ ਰਹੇ ਹਨ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ‘ਪੰਜਾਬ ਖਾਲਸਾ’ ਟੀਮ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਅਤੇ ਖਾਲਸਾ ਸੰਸਥਾਵਾਂ ਦਾ ਨਾਮ ਰੌਸ਼ਨ ਕਰੇਗੀ।

ਇਸ ਮੌਕੇ ਉਕਤ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕੌਂਸਲ ਦੇ ਜੁਆਇੰਟ ਸਕੱਤਰ ਸ: ਗੁਨਬੀਰ ਸਿੰਘ ਨੇ ਕਿਹਾ ਕਿ ਖਾਲਸਾ ਸੰਸਥਾਵਾਂ ਹਮੇਸ਼ਾਂ ਵਿਦਿਆਰਥੀਆਂ ਨੂੰ ਰਵਾਇਤੀ ਸਿੱਖਿਆ ਦੇ ਨਾਲ-ਨਾਲ ਖੇਡਾਂ ਅਤੇ ਹੌਂਸਲਾ ਭਰਪੂਰ ਗਤੀਵਿਧੀਆਂ ’ਚ ਅਗਾਂਹ ਵੱਧਣ ਲਈ ਪ੍ਰੇਰਿਤ ਕਰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਫਟਿੰਗ ਵਰਗੀਆਂ ਖੇਡਾਂ ਵਿਦਿਆਰਥੀਆਂ ’ਚ ਹਿੰਮਤ, ਆਤਮ-ਵਿਸ਼ਵਾਸ, ਅਨੁਸ਼ਾਸਨ ਅਤੇ ਟੀਮ ਭਾਵਨਾ ਪੈਦਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਵਿਦਿਆਰਥੀਆਂ ਨੂੰ ਰਾਫਟਿੰਗ ਨਾਲ ਸਬੰਧਿਤ ਸੁਰੱਖਿਆ ਤਕਨੀਕਾਂ ਅਤੇ ਪ੍ਰੈਕਟੀਕਲ ਅਭਿਆਸ ਕਰਵਾਇਆ ਗਿਆ। ਇਸ ਸਿਖਲਾਈ ਦੌਰਾਨ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲੈਂਦਿਆਂ ਰਾਸ਼ਟਰੀ ਪੱਧਰ ’ਤੇ ਪੰਜਾਬ ਦੀ ਨੁਮਾਇੰਦਗੀ ਕਰਨ ਸਬੰਧੀ ਆਪਣੀ ਤਿਆਰੀ ਕੀਤੀ। ਉਨ੍ਹਾਂ ਕਿਹਾ ਕਿ ਉਕਤ ਸਿਖਲਾਈ ਸਬੰਧੀ ਉਦਘਾਟਨ ਹਿਮਾਚਲ ਪ੍ਰਦੇਸ਼ ਦੇ ਮਾਹਿਰ ਕੋਚਾਂ ਵੱਲੋਂ ਰਾਫ਼ਟਿੰਗ ਜੱਜਾਂ ਕੈਪਟਨ ਅਜੈ ਵਰਮਾ ਅਤੇ ਰਿਸ਼ੀਰਾਜ ਦੀ ਮੌਜ਼ੂਦਗੀ ’ਚ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੰਮਤੀ ਨੌਜਵਾਨਾਂ ਦਾ ਸਾਹਸੀ ਖੇਡਾਂ ’ਚ ਬਹੁਤ ਹੀ ਦਿਲਚਸਪੀ ਹੈ।

ਇਸ ਮੌਕੇ ’ਵਰਸਿਟੀ ਦੇ ਐਗਜ਼ਾਮੀਨੇਸ਼ਨ ਕੰਟਰੋਲਰ ਡੀਨ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਰਾਫਟਿੰਗ ਇੱਕ ਅਜਿਹੀ ਸਾਹਸਿਕ ਖੇਡ ਹੈ, ਜਿਸ ’ਚ ਸਰੀਰਿਕ ਤੰਦਰੁਸਤੀ ਦੇ ਨਾਲ ਮਾਨਸਿਕ ਮਜ਼ਬੂਤੀ, ਤੁਰੰਤ ਫ਼ੈਸਲਾ ਲੈਣ ਦੀ ਯੋਗਤਾ ਅਤੇ ਆਪਸੀ ਤਾਲਮੇਲ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਲਈ ਇਹ ਸਿਖਲਾਈ ਉਨ੍ਹਾਂ ਦੀ ਸ਼ਖ਼ਸੀਅਤ ਦੇ ਸਰਵਪੱਖੀ ਵਿਕਾਸ ’ਚ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਇਸ ਦੌਰਾਨ ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਅਕਾਦਮਿਕ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਵਿਹਾਰਕ ਅਤੇ ਸਾਹਸਿਕ ਤਜਰਬੇ ਦੇਣਾ ਸਮੇਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰਾਫਟਿੰਗ ਦੀ ਸਿਖਲਾਈ ਵਿਦਿਆਰਥੀਆਂ ’ਚ ਲੀਡਰਸ਼ਿਪ, ਟੀਮ ਵਰਕ, ਸਵੈ-ਨਿਰਭਰਤਾ ਅਤੇ ਚੁਣੌਤੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਨੂੰ ਮਜ਼ਬੂਤ ਕਰੇਗੀ।

ਇਸ ਮੌਕੇ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਕਾਲਜ ਦੇ ਸਰੀਰਿਕ ਸਿੱਖਿਆ ਦੇ ਮੁਖੀ ਡਾ. ਦਲਜੀਤ ਸਿੰਘ, ਪ੍ਰੋ: ਸਤਨਾਮ ਸਿੰਘ ਦੀ ਮੌਜ਼ੂਦਗੀ ’ਚ ਗੱਲਬਾਤ ਕਰਦਿਆਂ ਕਿਹਾ ਕਿ ਸੰਸਥਾ ਦੇ ਵਿਦਿਆਰਥੀਆਂ ਦਾ ਰਾਸ਼ਟਰੀ ਪੱਧਰ ਦੀ ਰਾਫਟਿੰਗ ਚੈਂਪੀਅਨਸ਼ਿਪ ’ਚ ਭਾਗ ਲੈਣਾ ਕਾਲਜ ਲਈ ਮਾਣ ਵਾਲੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਕਾਲਜ ਵਿਦਿਆਰਥੀਆਂ ਨੂੰ ਖੇਡਾਂ ਅਤੇ ਹਿੰਮਤੀ ਗਤੀਵਿਧੀਆਂ ਲਈ ਲੋੜੀਂਦੇ ਮੌਕੇ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ‘ਪੰਜਾਬ ਖਾਲਸਾ’ ਟੀਮ ਦੇ ਸਮੂਹ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਉਹ ਪੂਰੇ ਜੋਸ਼ ਅਤੇ ਅਨੁਸ਼ਾਸਨ ਨਾਲ ਮੁਕਾਬਲੇ ’ਚ ਹਿੱਸਾ ਲੈਣ।

ਇਸ ਮੌਕੇ ਸਿਖਲਾਈ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ: ਗੁਨਬੀਰ ਸਿੰਘ ਨੇ ਡਾ. ਮਹਿਲ ਸਿੰਘ, ਡਾ. ਸੁਰਿੰਦਰ ਕੌਰ ਨਾਲ ਮਿਲ ਕੇ ਸਰਟੀਫ਼ਿਕੇਟ ਵੀ ਪ੍ਰਦਾਨ ਕੀਤੇ। ਇਸ ਮੌਕੇ ਸਿਖਲਾਈ ਹਾਸਲ ਕਰਨ ਵਾਲੇ ਖਿਡਾਰੀ ਨੇ ਉਕਤ ਖੇਡ ਲਈ ਖ਼ਾਲਸਾ ਗਵਰਨਿੰਗ ਕੌਂਸਲ ਅਤੇ ਐਸੋਸੀਏਸ਼ਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੈ ਕਿ ਮਹੀਨੇ ਤੱਕ ਹੋਣ ਵਾਲੀਆਂ ਪ੍ਰਤੀਯੋਗਤਾ ਲਈ ਉਹ ਸੂਬੇ ਲਈ ਮੈਡਲ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਕਰੀਬ 5 ਰੋਜ਼ਾ ਤਾਰਾਂ ਵਾਲਾ ਪੁੱਲ ਦੀ ਨਹਿਰ ’ਤੇ ਚੱਲੀ ਇਸ ਸਿਖਲਾਈ ਦੌਰਾਨ ਉਨ੍ਹਾਂ ਨੇ ਪਾਣੀ ਦੀ ਰਫ਼ਤਾਰ, ਸਾਂਝੀ ਵਿਚਾਰਧਾਰਾ ਅਤੇ ਚੁਣੌਤੀ ਭਰੀ ਸਥਿਤੀ ’ਚ ਜਲਦ ਫੈਸਲਾ ਲੈਣ ਦੀ ਸਮਰੱਥਾ ਦਾ ਗਿਆਨ ਕੋਚ ਪਾਸੋਂ ਪ੍ਰਾਪਤ ਕੀਤਾ ਹੈ। ਇਸ ਮੌਕੇ ਖਿਡਾਰੀਆਂ ਨੇ ਕਿਹਾ ਕਿ ਉਤਰਾਖੰਡ ਵਿਖੇ ਹੋਣ ਵਾਲੇ ਮੁਕਾਬਲੇ ਤੋਂ ਪਹਿਲਾਂ ਉਹ ਉੱਥੋਂ ਤੇਜ ਵਹਾਅ ਵਾਲੇ ਪਾਣੀ ’ਚ ਵੀ ਟੇ੍ਰਨਿੰਗ ਪ੍ਰਾਪਤ ਕਰਨਗੇ।

Related posts

ਸੜਕ ਹਾਦਸੇ ‘ਚ ਸ਼ਹੀਦ ਹੋਏ ਪਿੰਡ ਆਸਾ ਬੁੱਟਰ ਦੇ ਦੋ ਨੌਜਵਾਨ ਕਿਸਾਨਾਂ ਦਾ ਨਮ ਅੱਖਾਂ ਨਾਲ ਹੋਇਆ ਅੰਤਿਮ ਸੰਸਕਾਰ

Bunty

ਟਰਾਂਸਪੋਰਟ ਮੰਤਰੀ ਵੱਲੋਂ ਸਰਕਾਰੀ ਬੱਸਾਂ ਦੀ ਡੀਜ਼ਲ ਚੋਰੀ ਰੋਕਣ ਲਈ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼

Bunty

ਨਵਜੋਤ ਸਿੱਧੂ ਦੇ ਰਣਨੀਤਕ ਸਲਾਹਕਾਰ ਮੁਹੰਮਦ ਮੁਸਤਫ਼ਾ ਦਾ ਕੈਪਟਨ ‘ਤੇ ਵਾਰ, ਕਿਹਾ- ਮੈਨੂੰ ਧਮਕੀਆਂ ਦਿੱਤੀਆਂ ਗਈਆਂ

Bunty