Breaking NewsLatest NewsPunjab

ਪੰਜਾਬ ਵਿੱਚ ਬਿਜਲੀ ਸੰਕਟ ਕਾਰਣ ਲੋਕਾ ਅਤੇ ਉਦਯੋਗਾਂ ਵਿੱਚ ਚਿੰਤਤ

ਪੰਜਾਬ ਦੇ ਕਈ ਹਿੱਸਿਆਂ ਵਿੱਚ ਘਰੇਲੂ ਅਤੇ ਉਦਯੋਗਿਕ ਖੇਤਰਾਂ ਨੂੰ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਚੰਡੀਗੜ੍ਹ – ਪੰਜਾਬ ਦੇ ਕਈ ਹਿੱਸਿਆਂ ਵਿੱਚ ਘਰੇਲੂ ਅਤੇ ਉਦਯੋਗਿਕ ਖੇਤਰਾਂ ਨੂੰ ਲੰਬੇ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋਕਾਂ ਅਤੇ ਉਦਯੋਗਾਂ ਵਿੱਚ ਚਿੰਤਾ ਵਧੀ ਹੋਈ ਹੈ। ਪਿਛਲੇ ਦਿਨ ਸੂਬੇ ਦੇ ਕਈ ਸਨਅਤੀ ਫੀਡਰਾਂ ’ਤੇ ਲੰਬੇ ਬਿਜਲੀ ਕੱਟ ਲੱਗੇ। ਕੈਟਾਗਰੀ-2 ਅਤੇ ਕੈਟਾਗਰੀ-3 ਦੇ ਸਨਅਤੀ ਫੀਡਰਾਂ ਵਿੱਚ ਲਗਭਗ 13 ਘੰਟੇ 15 ਮਿੰਟ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੀ। ਇਸੇ ਤਰ੍ਹਾਂ ਸਰਹੱਦੀ ਇਲਾਕਿਆਂ ਵਿੱਚ ਖੇਤੀਬਾੜੀ ਸੈਕਟਰ ਨੂੰ ਲਗਭਗ 5 ਘੰਟੇ 30 ਮਿੰਟ ਹੀ ਬਿਜਲੀ ਸਪਲਾਈ ਮਿਲੀ। ਜ਼ਿਲ੍ਹਾ ਸਦਰ ਮੁਕਾਮਾਂ ’ਤੇ ਵੀ ਕਰੀਬ ਡੇਢ ਘੰਟੇ ਦੇ ਕੱਟ ਲੱਗੇ।

ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਬਿਜਲੀ ਸੰਕਟ ਦੌਰਾਨ ਐਤਵਾਰ ਨੂੰ ਲੋਕਾਂ ਨੂੰ ਕੁਝ ਰਾਹਤ ਮਿਲੀ।ਐਤਵਾਰ ਨੂੰ ਸੂਬੇ ਵਿੱਚ ਬਿਜਲੀ ਦੀ ਕੁੱਲ ਮੰਗ ਲਗਭਗ 15,560 ਮੈਗਾਵਾਟ ਰਹੀ। ਸ਼ਾਮ ਤੱਕ ਪੰਜਾਬ ਦੇ ਥਰਮਲ ਪਲਾਂਟਾਂ ਅਤੇ ਹੋਰ ਸਰੋਤਾਂ ਤੋਂ ਕਰੀਬ 5,251 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਸੀ। ਤਲਵੰਡੀ ਸਾਬੋ ਤਾਪ ਬਿਜਲੀ ਘਰ ਦਾ ਤੀਜਾ ਯੂਨਿਟ ਵੀ ਐਤਵਾਰ ਸ਼ਾਮ ਚਾਲੂ ਹੋ ਗਿਆ। ਇਸ ਦੇ ਚਾਲੂ ਹੋਣ ਨਾਲ ਪੰਜਾਬ ਦੇ ਥਰਮਲ ਪਲਾਂਟਾਂ ਦੇ ਸਾਰੇ 15 ਯੂਨਿਟਾਂ ਤੋਂ ਬਿਜਲੀ ਉਤਪਾਦਨ ਸ਼ੁਰੂ ਹੋ ਗਿਆ ਹੈ। ਪੰਜਾਬ ਦੇ ਆਪਣੇ ਥਰਮਲ ਪਲਾਂਟਾਂ ਅਤੇ ਹੋਰ ਸਰੋਤਾਂ ਤੋਂ ਬਿਜਲੀ ਉਤਪਾਦਨ 5,000 ਮੈਗਾਵਾਟ ਤੋਂ ਉੱਪਰ ਪਹੁੰਚ ਗਿਆ ਹੈ।

ਪੰਜਾਬ ਵਿੱਚ ਚੱਲ ਰਹੇ ਬਿਜਲੀ ਸੰਕਟ ਅਤੇ ਲੰਬੇ ਪਾਵਰ ਕੱਟਾਂ ਵਿਚਕਾਰ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਵੱਡਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਪੈਦਾ ਹੋਈ ਬਿਜਲੀ ਦੀ ਸਮੱਸਿਆ ਨੂੰ ਇੱਕ-ਦੋ ਦਿਨਾਂ ਵਿੱਚ ਹੱਲ ਕਰ ਲਿਆ ਜਾਵੇਗਾ। ਮੰਤਰੀ ਤਰਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਨਾਲ ਲਗਾਤਾਰ ਸੰਪਰਕ ਵਿੱਚ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਨੂੰ ਇਸ ਸਮੇਂ ਕੇਂਦਰੀ ਪਾਵਰ ਪੂਲ ਵਿੱਚੋਂ ਉਸ ਦੇ ਬਣਦੇ ਹਿੱਸੇ ਨਾਲੋਂ 1,051 ਮੈਗਾਵਾਟ ਘੱਟ ਬਿਜਲੀ ਮਿਲ ਰਹੀ ਹੈ। ਮੰਤਰੀ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਕਿਸਾਨਾਂ ਦੇ ਨਾਲ-ਨਾਲ ਸੂਬੇ ਦੀ ਆਰਥਿਕਤਾ ਲਈ ਨਿਰਵਿਘਨ ਬਿਜਲੀ ਸਪਲਾਈ ਬਹੁਤ ਜ਼ਰੂਰੀ ਹੈ। ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਕੇਂਦਰੀ ਬਿਜਲੀ ਮੰਤਰੀ ਨੂੰ ਲਿਖਤੀ ਤੌਰ ’ਤੇ ਵੀ ਅਪੀਲ ਕੀਤੀ ਹੈ। ਮੰਤਰੀ ਨੇ ਲੋਕਾਂ ਅਤੇ ਉਦਯੋਗਾਂ ਨੂੰ ਭਰੋਸਾ ਦਿੱਤਾ ਕਿ ਪੰਜਾਬ ਵਿੱਚ ਮੌਜੂਦਾ ਬਿਜਲੀ ਸੰਕਟ ਨੂੰ ਅਗਲੇ ਦਿਨਾਂ ਵਿੱਚ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਬਿਜਲੀ ਕੱਟਾਂ ਖ਼ਿਲਾਫ਼ ਅਕਾਲੀ ਦਲ ਦਾ ਪ੍ਰਦਰਸ਼ਨ 16 ਸਤੰਬਰ ਨੂੰ

ਪੰਜਾਬ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਸਿਆਸੀ ਵਿਰੋਧ ਵੀ ਤੇਜ਼ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 16 ਸਤੰਬਰ ਨੂੰ ਸੂਬੇ ਭਰ ਵਿੱਚ ਹਲਕਾ ਪੱਧਰ ’ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਬਾਦਲ ਨੇ ਦਾਅਵਾ ਕੀਤਾ ਕਿ ਕਈ ਥਾਵਾਂ ’ਤੇ ਰੋਜ਼ਾਨਾ ਲੰਬੇ ਬਿਜਲੀ ਕੱਟ ਲੱਗ ਰਹੇ ਹਨ, ਜਿਸ ਕਾਰਨ ਵਪਾਰਕ ਅਦਾਰਿਆਂ ਅਤੇ ਉਦਯੋਗਾਂ ਨੂੰ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਮੰਗ ਕੀਤੀ ਹੈ।

Related posts

UAE ਨੇ ਭਾਰਤ ਸਮੇਤ ਇਨ੍ਹਾਂ 15 ਦੇਸ਼ਾਂ ਦੇ ਲੋਕਾਂ ਨੂੰ ਵਾਪਸੀ ਦੀ ਦਿੱਤੀ ਇਜਾਜ਼ਤ

Bunty

ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸ਼੍ਰੀ ਦੁਰਗਿਆਣਾ ਮੰਦਰ ਨਤਮਸਤਕ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਸਿੱਧੂ

Bunty

ਭਾਕਿਯੂ ਏਕਤਾ ਉਗਰਾਹਾਂ ਵੱਲੋਂ ਪੱਕੇ ਮੋਰਚੇ ਜਾਰੀ ਰੱਖਣ ਦਾ ਐਲਾਨ

admin