Breaking NewsLatest NewsPunjab

ਪੰਜਾਬ ਵਿੱਚ ਸਰਕਾਰ ਬਣਾਉਣ ਦੇ ਦਾਅਵੇ ਕਰਨ ਵਾਲਿਆਂ ਨੂੰ ਪੰਜਾਬ ਪ੍ਰਤੀ ਹਮਦਰਦ ਪਹੁੰਚ ਰੱਖਣੀ ਪਵੇਗੀ – ਗਿਆਨੀ ਹਰਪ੍ਰੀਤ ਸਿੰਘ

ਗਿਆਨੀ ਹਰਪ੍ਰੀਤ ਸਿੰਘ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ।
ਚੰਡੀਗੜ੍ਹ – ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਸਿੱਖ ਵਿਦਵਾਨ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਪੰਜਾਬ ਵਿੱਚ ਹਰ ਹਰਬਾ ਵਰਤ ਕੇ ਰਾਜ ਤਾਂ ਕਰਨਾ ਚਾਹੁੰਦੀਆਂ ਹਨ ਪਰ ਪੰਜਾਬ ਦੇ ਲੋਕਾਂ, ਖਾਸ ਕਰਕੇ ਸਿੱਖਾਂ ਪ੍ਰਤੀ ਉਹਨਾਂ ਦੇ ਦਿਲਾਂ ਅੰਦਰ ਕੋਈ ਹਮਦਰਦੀ ਨਹੀਂ ਬਚੀ। ਇਸ ਦੀ ਤਾਜਾ ਉਦਾਹਰਣ ਸ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਵਿੱਚ ਰਹਿਮ ਦੇ ਖਿਲਾਫ ਕੇਂਦਰ ਦੇ ਵਕੀਲ ਕੇ ਐਮ ਨਟਰਾਜਨ ਵੱਲੋਂ ਉਚ ਅਦਾਲਤ ਵਿੱਚ ਕੀਤਾ ਗਿਆ ਜਬਰਦਸਤ ਵਿਰੋਧ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਕੱਤੀ ਸਾਲ ਤੋਂ ਜੇਲ੍ਹ ਵਿੱਚ ਬੰਦ ਭਾਈ ਰਾਜੋਆਣਾ ਪਿਛਲੇ ਡੇਢ ਦਹਾਕੇ ਤੋਂ ਫਾਂਸੀ ਦੀ ਚੱਕੀ ਵਿੱਚ ਡੱਕਿਆ ਹੋਇਆ ਹੈ। ਇਹ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਦਾ ਮਾਮਲਾ ਬਣਦਾ ਹੈ ਪਰ ਸਰਕਾਰ ਪੰਜਾਬ ਦੇ ਹਾਲਾਤ ਵਿਗੜ ਜਾਣ ਦਾ ਪੁਰਾਣਾ ਰਾਗ ਅਲਾਪ ਕੇ ਉਚ ਅਦਾਲਤ ਵਿੱਚ ਇਸਦਾ ਵਿਰੋਧ ਕਰ ਰਹੀ ਹੈ। ਇਸਤੋਂ ਪਤਾ ਲੱਗਦਾ ਹੈ ਕਿ ਸਰਕਾਰਾਂ ਬਿਲਕੁਲ ਸੰਵੇਦਣਹੀਣ ਹੋ ਚੁੱਕੀਆਂ ਹਨ ਜੋ ਲੋਕਾਂ ਨੂੰ ਅਣਮਨੁੱਖੀ ਹਾਲਤ ਵਿੱਚ ਰੱਖਣ ਦਾ ਲੁਤਫ ਉਠਾਉਂਦੀਆਂ ਹਨ। ਉਹਨਾਂ ਕਿਹਾ ਕਿ ਸਿੱਖਾਂ ਦਾ ਕੋਈ ਵੀ ਮਾਮਲਾ ਹੋਵੇ, ਸਰਕਾਰ ਭਾਵੇਂ ਕਿਸੇ ਵੀ ਪਾਰਟੀ ਦੀ ਹੋਵੇ, ਉਸ ਮਾਮਲੇ ਨੂੰ ਕਦੀ ਵੀ ਹਮਦਰਦੀ ਨਾਲ ਵਿਚਾਰਨ ਦੀ ਬਜਾਏ ਸਿੱਖਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਜਿਵੇਂ ਕਿ ਸਿਰਮੌਰ ਸੰਸਥਾ ਐਸ ਜੀ ਪੀ ਸੀ ਘੁਟਾਲਿਆਂ ਅਤੇ ਸਾਜਿਸ਼ਾਂ ਦਾ ਅੱਡਾ ਬਣੀ ਹੋਈ ਹੈ ਪਰ ਕੇਂਦਰ ਸਰਕਾਰ ਨਿਰਪੱਖ ਚੋਣ ਰਾਹੀਂ ਸਿੱਖਾਂ ਨੂੰ ਇਸਦਾ ਨਿਜਾਮ ਬਦਲਣ ਦਾ ਬਣਦਾ ਹੱਕ ਦੇਣ ਨੂੰ ਵੀ ਤਿਆਰ ਨਹੀ। ਏਸੇ ਤਰਾਂ ਭਾਈ ਜਗਤਾਰ ਸਿੰਘ ਹਵਾਰਾ ਦੀ ਬੀਮਾਰ ਮਾਤਾ ਨੂੰ ਮਿਲਣ ਲਈ ਦਿੱਤੀ ਜਾਣ ਵਾਲੀ ਪੈਰੋਲ ਤੋਂ ਵੀ ਨਾਂਹ ਕਰ ਦਿੱਤੀ ਗਈ। ਗਿਆਨੀ ਹਰਪ੍ਰੀਤ ਸਿੰਘ ਨੇ ਯਾਦ ਕਰਾਉਂਦਿਆਂ ਕਿਹਾ ਸਮਝ ਨਹੀਂ ਆਉਂਦੀ ਕਿ ਨਵੰਬਰ 84 ਦੇ ਦਿੱਲੀ ਕਤਲੇਆਮ ਵਿੱਚ ਸਿੱਖਾਂ ਨੂੰ ਟੁੱਕੜੇ ਟੁੱਕੜੇ ਕਰਨ ਵਾਲੇ ਕਿਸ਼ੋਰੀ ਲਾਲ, ਜਿਸਨੂੰ ਸੱਤ ਵਾਰ ਫਾਂਸੀ ਦੀ ਸਜਾ ਹੋਈ ਸੀ, ਨੂੰ ਚੰਗੇ ਆਚਰਣ ‘ਤੇ ਛੱਡਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਪਰ ਇਕ ਸਿੱਖ ਵਜੋਂ ਭਾਈ ਰਾਜੋਆਣਾ ਨੂੰ ਡੇਢ ਦਹਾਕੇ ਤੋਂ ਫਾਂਸੀ ਦੀ ਸਜਾ ਤਹਿਤ ਚੱਕੀ ਵਿੱਚ ਬੰਦ ਰੱਖਿਆ ਜਾ ਰਿਹਾ ਹੈ। ਜੋ ਕਿ ਸਿਰਫ ਕਤਲ ਦੀ ਸਾਜਿਸ਼ ਰਚਣ ਵਿੱਚ ਸ਼ਾਮਲ ਸੀ। ਏਸੇ ਤਰਾਂ ਰਾਜੀਵ ਗਾਂਧੀ ਦੇ ਕਾਤਲ ਤਾਮਿਲ ਹਿੰਦੂਆਂ ਨੂੰ ਵੀ ਪਹਿਲਾਂ ਫਾਂਸੀ ਤੋਂ ਉਮਰ ਕੈਦ ਅਤੇ ਫਿਰ ਰਿਹਾਅ ਕਰ ਦਿੱਤਾ ਗਿਆ। ਗਿਆਨੀ ਹਰਪ੍ਰੀਤ ਸਿੰਘ ਨੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਕੇਂਦਰ ਨੂੰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪੁਰਬ ਮੌਕੇ ਕੀਤੇ ਆਪਣੇ ਵਾਅਦੇ ਨੂੰ ਪੂਰਾ ਕਰਦਿਆਂ ਭਾਈ ਰਾਜੋਆਣਾ ਸਮੇਤ ਸਾਰੇ ਸਿੰਘਾਂ ਨੂੰ ਤੁਰੰਤ ਰਿਹਾਅ ਕਰਨਾ ਚਾਹੀਦਾ ਹੈ ਅਤੇ ਸਿੱਖ ਕੌਮ ਨਾਲ ਸਬੰਧਿਤ ਸਾਰੀਆਂ ਮੰਗਾਂ ਦਾ ਸਨਮਾਨ ਜਨਕ ਹੱਲ ਕਰਨਾ ਚਾਹੀਦਾ ਹੈ ਤਦ ਹੀ ਉਹ ਪੰਜਾਬ ਵਿੱਚ ਰਾਜ ਕਰਨ ਬਾਰੇ ਸੋਚ ਸਕਦੇ ਹਨ। ਪ੍ਰੈੱਸ ਨੂੰ ਇਹ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਵੱਲੋਂ ਜਾਰੀ ਕੀਤਾ ਗਿਆ।

Related posts

ਕਿਸਾਨਾ ਦੀ ਕਣਕ ਮੰਡੀਆਂ ਚੋਂ ਚੁੱਕਾਈ ਅਤੇ ਬੇਮੌਸਮੀ ਵਰਖਾ ਦੇ ਖਰਾਬੇ ਦਾ ਮੁਆਵਜਾ ਤੁਰੰਤ ਦਿੱਤਾ ਜਾਵੇ – ਰਵੀਇੰਦਰ ਸਿੰਘ

admin

NASA ਨੇ ਸ਼ੇਅਰ ਕੀਤੀ ਸਫੈਦ ਬੌਣੇ ਤਾਰਿਆਂ ਦੀ ਤਸਵੀਰ, ਸੋਸ਼ਲ ਮੀਡੀਆ ਯੂਜ਼ਰਜ਼ ਨੇ ਕਿਹਾ ਇਹ ਹੈ ਅਦਭੁੱਤ

Bunty

ਢਾਈ ਸਾਲਾਂ ਵਿੱਚ 44250 ਸਰਕਾਰੀ ਨੌਕਰੀਆਂ, ਨੌਜਵਾਨਾਂ ਨੂੰ 872 ਦਿਨਾਂ ਵਿੱਚ ਔਸਤਨ ਰੋਜ਼ਾਨਾ 50 ਨੌਕਰੀਆਂ ਦਿੱਤੀਆਂ: ਮੁੱਖ ਮੰਤਰੀ

Bunty