
ਕਹਿੰਦੇ ਹਨ ਮੌਕਾ/ਅਵਸਰ ਇਕ ਅਜਿਹੀ ਸ਼ੈਅ ਹੈ ਜਿਸ ਦੇ ਸਿਰਫ ਅਗਲੇ ਪਾਸੇ ਦੋ ਕੁ ਲਿਟਾਂ ਜਿਹੀਆਂ ਹੁੰਦੀਆਂ ਹਨ ਅਤੇ ਬਾਕੀ ਸਾਰਾ ਸਿਰ ਗੰਜਾ! ਉਸ ਨੂੰ ਮੂਹਰਿਉਂ ਫੜ ਲਉ ਤਾਂ ਹੱਥ ਆ ਜਾਂਦੈ, ਨਹੀਂ ਤਾਂ ਫਿਰ ਡਾਹ ਨਹੀਂ ਦਿੰਦਾ।
ਇਹ ਵੀ ਕਹਿੰਦੇ ਹਨ ਕਿ ਹਰ ਬੰਦੇ ਨੂੰ ਜ਼ਿੰਦਗੀ ‘ਚ ਇਕ ਵਾਰ ਮੌਕਾ ਮਿਲਦਾ ਜ਼ਰੂਰ ਹੈ,ਉਹ ਉਸ ਨੂੰ ਸਾਂਭ ਲਵੇ ਤਾਂ ਉਸ ਦੀ ਮੌਕਾ-ਸ਼ਨਾਸੀ, ਨਾ ਸਾਂਭ ਸਕੇ ਤਾਂ ਉਹਦੀ ਮਰਜ਼ੀ ਜਾਂ ਮੂਰਖਤਾ।
ਮੌਕਾ ਮਿਲੇ ਤਾਂ ਉਸ ਨੂੰ ਮੂਹਰੇ ਹੋ ਕੇ ਮਿਲਣਾ ਸਿਆਣਪ ਦਾ ਸੂਚਕ ਹੈ; ਮੌਕਾ ਨਾ ਮਿਲੇ ਪਰ ਮੌਕਾ ਪੈਦਾ ਕਰਨਾਂ, ਹਿੰਮਤ ਦਾ ਅਤੇ ਮਿਲੇ ਮੌਕੇ ਨੂੰ ਗਵਾ ਦੇਣਾ ਮੂਰਖਤਾ ਦੀ ਨਿਸ਼ਾਨੀ ਹੈ। ਪਰ ਮੌਕਾ ਵਾਰ ਵਾਰ ਮਿਲੇ ਤੇ ਉਸ ਨੂੰ ਹਰ ਵਾਰ ‘ਮਿਸ’ ਕਰਦੇ ਰਹਿਣਾ ਮਹਾਂ-ਮੂਰਖਤਾ ‘ਤੇ ਜਾਂ ਮਲੰਗਗੀਰੀ ਦਾ ਲਖਾਇਕ ਹੈ।
ਮੇਰੀ ਜ਼ਿੰਦਗੀ ਮਿਸ ਕੀਤੇ ਮੌਕਿਆ ਦੀ ਗਾਥਾ ਹੈ। ਇਹ ਮੌਕੇ ਗੁਆਚੇ ਨਹੀਂ, ਨਾ ਹੀ ਕੁਥਾਂ ਰਖੇ ਗਏ, ਸਗੋਂ ਮੈਂ ਇਹ ਆਪ ਗੁਆਏ! ਗੁਆਚਣ ਵਿਚ ਅਣਗਹਿਲੀ ਜਾਂ ਬੇਬਸੀ ਹੁੰਦੀ ਹੈ; ਬੇਠਿਕਾਣੇ ਰਖਣ ਵਿਚ ਭੁਲੇਖਾ ਪਰ ਗੁਆਣ ਵਿਚ ਆਪਣੀ ਮਰਜ਼ੀ ਜਾਂ ਮੂਰਖਤਾ ਹੁੰਦੀ ਹੈ। ਤੁਸੀਂ ਇਸ ਨੂੰ ਮੇਰੀ ਮੂਰਖਤਾ ਕਹਿ ਲਵੋ, ਬੇਨਿਆਜ਼ੀ/ਮਲੰਗਗੀਰੀ ਜਾਂ ‘ਕੰਫਰਟ ਜ਼ੋਨ’ ‘ਚੋਂ ਬਾਹਰ ਨਿਕਲਣ ਦਾ ‘ਰਿਸਕ’ ਨਾਂ ਲੈ ਸਕਣ ਦੀ ਝਿਜਕ ਸਮਝ ਲਵੋ।
ਇੱਕ ਮੌਕੇ ਨੇ ਮੈਨੂੰ ਆਵਾਜ਼ ਮਾਰ ਕੇ ਅਜਿਹਾ ਸਦਿਆ ਕਿ ਮੈਂ ਸਾਰੀ ਉਮਰ ਉਸ ਦੇ ਅਹਿਸਾਨ ਨਾਲ ਬੱਝਾ ਰਿਹਾ।
ਬੁਝਾਰਤਾਂ ‘ਚੋਂ ਬਾਹਰ ਨਿਕਲਦੇ ਹਾਂ। 1972-74 ਵਿਚ ਮੈਂ ਡੀ.ਏ.ਵੀ. ਕਾਲਜ ਜਲੰਧਰ ਤੋਂ ਅੰਗਰੇਜ਼ੀ ਦੀ ਐਮ.ਏ. ਕਰ ਰਿਹਾ ਸਾਂ। ਪਹਿਲੇ ਸਾਲ ਪਹਿਲੇ ਹਾਊਸ ਟੈਸਟ ਵਿਚ ਤਾਂ ਪਹਿਲੇ ਸਥਾਨ ‘ਤੇ ਆਇਆ ਪਰ ਸਾਲਾਨਾ ਇਮਤਿਹਾਨ ਵਿਚ ਦੂਜੇ ਤੇ। ਉਦੋਂ ਕਾਲਜ ਵਾਲੇ ਪਹਿਲੀਆਂ 3 ਪੁਜ਼ੀਸ਼ਨਾਂ ਵਾਲਿਆਂ ਦੀਆਂ ਅਖਬਾਰਾਂ ਵਿਚ ਫੋਟੋਆ ਲਗਵਾਉਂਦੇ ਸਨ। ਉਹਨੀ ਦਿਨੀਂ ਅੱਜ ਕੱਲ਼੍ਹ ਵਾਂਗ ਸਥਾਨਕ ਐਡੀਸ਼ਨ ਨਹੀਂ ਸਨ ਹੁੰਦੇ, ਪੂਰੇ ਪੰਜਾਬ ਦਾ ਹੀ ਐਡੀਸ਼ਨ ਛਪਦਾ ਸੀ। ਸੋ ਉਹ ਫੋਟੋ ਦੇਖ ਕੇ ਗੁਰੂ ਨਾਨਕ ਕਾਲਜ, ਸੁਖਚੈਨਆਣਾ ਸਾਹਿਬ ਦੇ ਪ੍ਰਧਾਨ ਸ. ਜਗਤ ਸਿੰਘ ਪਲਾਹੀ (ਹੁਣ ਸਵਰਗਵਾਸੀ) ਹੋਰਾਂ ਮੇਰੇ ਪਿਤਾ ਸ.ਪ੍ਰੀਤਮ ਸਿੰਘ ਗੰਡਮ (ਉਹ ਵੀ ਹੁਣ ਸਵਰਗਵਾਸੀ) ਨੂੰ ਮੈਨੂੰ ਇਹ ਕਹਿਣ ਲਈ ਕਿਹਾ ਕਿ ਜੇ ਮੈਂ ਫਾਈਨਲ ਵਿਚ ਵੀ ਚੰਗੇ ਨੰਬਰ ਲੈ ਲਵਾਂ ਤਾਂ ਉਹ ਮੈਨੂੰ ਕਾਲਜ ਵਿਚ ਲੈਕਚਰਾਰ ਵਜੋਂ ਨਿਯੁਕਤ ਕਰ ਲੈਣਗੇ।
ਭਾਪਾ ਜੀ (ਅਸੀਂ ਆਪਣੇ ਪਿਤਾ ਨੂੰ ਇੰਝ ਹੀ ਸੰਬੋਧਨ ਕਰਦੇ ਸੀ) ਨੇ ਜਦ ਮੈਨੂੰ ਇਹ ਗੱਲ ਦਸੀ ਤਾਂ ਮੇਰਾ ਹੌਸਲਾ ਦੂਣ ਸਵਾਇਆ ਹੋ ਗਿਆ। ਪੜ੍ਹਨ ਵੇਲੇ ਹੀ ਕਿਸੇ ਨੌਕਰੀ ਦੀ ‘ਆਫਰ’ ਨੇ ਮੈਨੂੰ ਢੇਰ ਸਾਰੀ ਸੰਤੁਸ਼ਟੀ ਅਤੇ ਪ੍ਰਸੰਨਤਾ ਪ੍ਰਦਾਨ ਕੀਤੀ। ਭਾਵੇਂ ਮੈਂ ਪੜ੍ਹਨ ਵਿਚ ਮੁੱਢ ਤੋਂ ਹੀ ਚੰਗਾ ਸੀ ਅਤੇ ਗਿਆਰਵੀਂ ‘ਚ ਮੈਰਿਟ ਤੇ ਆਉਣ ਅਤੇ ਬੀ.ਏ.ਆਨਰਜ਼ ‘ਚ ਗੁਰੂ ਨਾਨਕ ਦੇਵ ਯੁਨੀਵਰਿਸਟੀ, ਅੰਮ੍ਰਿਤਸਰ ‘ਚ ‘ਟੌਪ’ ਰਹਿਣ ਕਾਰਨ ਮੈਰਿਟ ਸਕਾਲਰਸ਼ਿਪ ਪ੍ਰਾਪਤ ਕਰ ਰਿਹਾ ਸੀ, ਫਿਰ ਵੀ ਨੌਕਰੀ ਦੀ ਪੇਸ਼ਕਸ਼ ਨੇ ਮੈਨੂੰ ਉਡਾਰੀ ਭਰਨ ਲਈ ਲੁੜੀਂਦੇ ਖੰਭ ਦੇ ਦਿਤੇ ਅਤੇ ਮੈਂ ‘ਖੰਭ ਲਗਾਏ’ ਬਿਨਾਂ ਮਿਲੇ ਖੰਭਾਂ ਸਹਾਰੇ ਹੋਰ ਉਡਾਨ ਭਰਨ ਲਗਾ।
ਫਾਈਨਲ ਵਿੱਚ ਵੀ ਨੰਬਰ ਚੰਗੇ ਆ ਗਏ ਅਤੇ ਨਤੀਜਾ ਨਿਕਲਦੇ ਸਾਰ ਮੈਨੂੰ ‘ਜਾਬ’ ਮਿਲ ਗਈ! ਆਪਾਂ ਅੰਗਰੇਜ਼ੀ ਦੇ ਲੈਕਚਰਾਰ (ਅੱਜ ਕੱਲ੍ਹ ਅਸਿਸਟੈਂਟ ਪ੍ਰੋਫੈਸਰ) ਬਣ ਗਏ ‘ਤੇ ਜਲਦੀ ਹੀ ਹੈੱਡ ਆਫ ਦਿ ਡਿਪਾਰਟਮੈਂਟ। ਕਰੀਬ 36 ਸਾਲ ਦੀ ਸਰਵਿਸ ਦੌਰਾਨ ਐਨ.ਸੀ.ਸੀ. ਅਫਸਰ, ਸਭਿਆਚਾਰਕ ਸਰਗਰਮੀਆਂ ਦਾ ਇੰਚਾਰਜ, ਕਾਲਜ ਮੈਗਜ਼ੀਨ ਦਾ ਮੁੱਖ ਸੰਪਾਦਕ, ਕਾਲਜ ਸਮਾਗਮਾਂ ਦਾ ਸਟੇਜ ਸਕੱਤਰ, ਡੀਨ, ਵਾਈਸ ਪ੍ਰਿੰਸੀਪਲ, ਕਾਰਜਕਾਰੀ ਪ੍ਰਿੰਸੀਪਲ ਦੇ ਅਹੁਦਿਆਂ ਉਪਰ ਰਹਿੰਦਿਆਂ ਐਸੋਸੀਏਟ ਪ੍ਰੌਫੈਸਰ ਵਜੋਂ ਸੇਵਾ ਮੁਕਤ ਹੋਇਆ।
ਪ੍ਰਧਾਨ ਸਾਹਿਬ ਤੋਂ ਆਗਿਆ ਲੈ ਕੇ ਸਰਵਿਸ ਸਮੇਂ ਮੈਂ ਸ਼ੌਕੀਆ ਪੱਤਰਕਾਰੀ ਵੀ ਕਰਦਾ ਸੀ। ਇਸ ਨਾਲ ਮੇਰੇ ਸੰਪਰਕਾਂ ਦਾ ਘੇਰਾ ਬਹੁਤ ਵਿਸ਼ਾਲ ਹੋ ਗਿਆ।
ਬਾਦਲ-ਸਰਕਾਰ ਵਿਚ 3 ਵਾਰ ਖਜ਼ਾਨਾ ਮੰਤਰੀ ਰਹੇ ਬਲਵੰਤ ਸਿੰਘ ਹੋਰਾਂ ਨਾਲ ਮੇਰੀ ਬਹੁਤ ਨੇੜਤਾ ਹੋ ਗਈ। ਉਹਨਾਂ ਮੈਨੂੰ ਕਾਲਜ ਦੀ ਤਨਖਾਹ ਨਾਲੋਂ ਤਿਗਣੀ ਤਨਖਾਹ ਦੀ ਆਫਰ ਕਰਕੇ ਇਕ ਸਿਆਸੀ ਪੋਸਟ ਦੇਣ ਦੀ ਪੇਸ਼ਕਸ਼ ਕੀਤੀ।ਉਹਨਾਂ ਆਪਣੀ ਉਦਾਹਰਨ ਦਿੰਦਿਆਂ ਦਸਿਆ ਕਿ ਉਹ ਵੀ ਪਹਿਲਾਂ ਬੀ.ਡੀ.ਓ. ਦੀ ਨੌਕਰੀ ਕਰਦੇ ਸਨ ਅਤੇ ਨੌਕਰੀ ਛਡ ਕੇ ਸਿਆਸਤ ਵਿਚ ਆ ਗਏ ਸਨ। ਉਹ ਪ੍ਰਧਾਨ ਸਾਹਿਬ ਸ. ਜਗਤ ਸਿੰਘ ਪਲਾਹੀ ਜੀ ਦੇ ਵੀ ਬਹੁਤ ਮਿੱਤਰ ਸਨ।ਮੈਂ ਕਿਹਾ ਕਿ ਪ੍ਰਧਾਨ ਸਾਹਿਬ ਨੂੰ ਪੁੱਛ ਲਵੋ। ਪ੍ਰਧਾਨ ਸਾਹਿਬ ਨੇ ਕਿਹਾ ਕਿ ਉਹ ਮੈਨੂੰ ਕਾਲਜ ਵਿਚ ਪ੍ਰਿੰਸੀਪਲ ਬਨਾਉਣਾ ਚਾਹੁੰਦੇ ਹਨ, ਇਸ ਲਈ ਸਿਆਸੀ ਨੌਕਰੀ ਵਲ ਨਾ ਜਾਇਉ।
ਪ੍ਰਧਾਨ ਸਾਹਿਬ ਆਪਣੇ ਕੌਲ ਦੇ ਪੱਕੇ ਸਨ।ਬਸ ਮੈਂ ਹੀ ਮੌਕਾ ਨਹੀਂ ਸਾਂਭ ਸਕਿਆ। ਜਦ ਕਾਲਜ ਵਿਚ ਪ੍ਰਿੰਸੀਪਲ ਦੀ ਪੋਸਟ ਨਿਕਲੀ ਉਦੋਂ ਮੇਰੀ ਉਮਰ ਅਜੇ ਬਹੁਤੀ ਨਹੀਂ ਸੀ।ਪ੍ਰਧਾਨ ਸਾਹਿਬ ਨੇ ਐਨਾ ਜ਼ੋਰ ਲਾਇਆ ਕਿ ਉਹਨਾਂ ਇਥੋਂ ਤਕ ਕਹਿ ਦਿਤਾ ਕਿ ਜੇ ‘ਤੁਸੀਂ’ ਨਾਂਹ ਕੀਤੀ ਤਾਂ ਉਹ ਪ੍ਰਧਾਨਗੀ ਤੋਂ ਅਸਤੀਫਾ ਦੇ ਦੇਣਗੇ। (ਉਹ ਆਪਣੇ ਮੁਲਾਜ਼ਮਾਂ ਨੂੰ ਕਦੀ ਤੂੰ ਕਹਿ ਕੇ ਨਹੀਂ ਸਨ ਸੰਬੋਧਨ ਕਰਦੇ)। ਮੈਂ ਉਹਨਾਂ ਅਗੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮੇਰੀ ਅਜੇ ਉਮਰ ਐਨੀ ਮੈਚਿਉਰ ਨਹੀਂ ਹੋਈ ਕਿ ਮੈਂ ਪ੍ਰਿੰਸੀਪਲ ਬਣ ਸਕਾਂ।
ਦੂਸਰੀ ਵਾਰ ਪੋਸਟ ਨਿਕਲਣ ਉਪਰ ਫਿਰ ਪ੍ਰਧਾਨ ਸਾਹਿਬ ਨੇ ਆਫਰ ਕੀਤਾ ਪਰ ਮੈਂ ਫਿਰ ਨਾਂਹ ਕਰ ਦਿਤੀ। ‘ਤੇ ਤੀਜੀ ਵਾਰ ਉਹਨਾਂ ਆਫਰ ਕੀਤਾ ਈ ਨਹੀਂ।
ਪੰਜਾਬ ਦੇ ਤੱਤਕਾਲੀਨ ਮੁੱਖ ਮੰਤਰੀ ਸ. ਬੇਅੰਤ ਸਿੰਘ ਮੇਰੇ ਬਹੁਤ ਮਿਹਰਬਾਨ ਮਿੱਤਰ ਸਨ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਵੀ ਮੇਰੇ ਘਰ ਆਉਂਦੇ ਰਹਿੰਦੇ ਸਨ ਅਤੇ ਮੁੱਖ ਮੰਤਰੀ ਬਣਨ ਉਪਰੰਤ ਵੀ ਉਹ ਮੇਰੇ ਘਰ ਤਸ਼ਰੀਫ ਲਿਆਏ ਸਨ। ਮੈਂ ਕਾਲਜ ਪ੍ਰੋਫੈਸਰਾਂ ਦੀ ਯੂਨੀਅਨ ਦੇ ਕੁਝ ਆਗੂ ਸਦੇ ਹੋਏ ਸਨ ਅਤੇ ਉਹਨਾਂ ਨਾਲ ਗਲਬਾਤ ਦੌਰਾਨ ਕਾਲਜਾਂ ‘ਚੋ ਪਲੱਸ ਟੂ ਨੂੰ ਸਕੂਲਾਂ ਵਿਚ ਸ਼ਿਫਟ ਕਰਨ ਦੀ ਗਵਰਨਰੀ ਰਾਜ ਵੇਲੇ ਕਢੀ ਨੋਟੀਫਿਕੇਸ਼ਨ ਉਪਰ ਅਮਲ ਰੋਕਣ ਦਾ ਫੈਸਲਾ ਉਹਨਾਂ ਮੇਰੇ ਘਰ ਹੀ ਲਿਆ ਸੀ। ਉਹਨਾਂ ਮੈਨੂੰ ਕਿਹਾ ਕਿ ਇਕ ਸਾਲ ਲਈ ਫੈਸਲਾ ਰੋਕ ਦਿਤਾ ਅਤੇ ਬਾਕੀ ਯੂਨੀਅਨ ਅਤੇ ਅਫਸਰਾਂ ਦੀ ਮੀਟਿੰਗ ਵਿਚ ਵਿਚਾਰ ਕਰਨ ਮਗਰੋਂ ਕਾਰਵਾਈ ਕੀਤੀ ਜਾਵੇਗੀ।
ਉਹਨਾਂ ਨੇ ਮੈਨੂੰ ਬਹੁਤ ਵਾਰ ਕਿਹਾ ਕਿ ਮੈਂ ਹਮੇਸ਼ਾ ਯੂਨੀਅਨ ਦੇ ਕੰਮਾਂ ਵਾਰੇ ਹੀ ਕਹਿੰਦਾ ਰਹਿੰਦਾ ਹਾਂ ਪਰ ਆਪਣੀ ਕੋਈ ‘ਸੇਵਾ’ ਨਹੀਂ ਦਸਦਾ। ਮੈਂ ਇਹੀ ਕਹਿ ਦੇਣਾ ਕਿ ਤੁਸੀਂ ਬਸ ਸਾਡੀ ਯੂਨੀਅਨ ਦੇ ਮਸਲੇ ਹੀ ਹੱਲ ਕਰੀ ਜਾਉ, ਮੇਰੀ ਇਹੀ ਸੇਵਾ ਸਮਝੋ। ਫਿਰ ਉਹਨਾਂ ਮੈਨੂੰ ਇਕ ਸਿਆਸੀ ਪੋਸਟ ਦੀ ਪੇਸ਼ਕਸ਼ ਕੀਤੀ ਜਿਸ ਦਾ ਸਬੰਧ ਫਗਵਾੜਾ ਸ਼ਹਿਰ ਨਾਲ ਹੀ ਸੀ। ਸਾਡੇ ਪ੍ਰਧਾਨ ਸਾਹਿਬ ਵੀ ਇਸ ਪੋਸਟ ਉਪਰ ਰਹਿ ਚੁਕੇ ਸਨ। ਉਹਨਾਂ ਮੈਨੂੰ ਆਪਣੇ ਇਕ ਵਿਸ਼ਵਾਸਪਾਤਰ ਰਾਹੀਂ ਅਖਵਾਇਆ ਕਿ ਮੈਂ ਇਹ ਪੋਸਟ ਨਾਂ ਲਵਾਂ ਤੇ ਮੈਂ ਇਸ ਤਰਾਂ ਹੀ ਕੀਤਾ।
ਸਭ ਤੋਂ ਵਡਾ ਮੌਕਾ ਮੈਨੂੰ ਰਾਸ਼ਟਰਪਤੀ ਰਾਜ ਵੇਲੇ ਮਿਲਿਆ। ਬੰਗਾਲ ਦੇ ਸਾਬਕਾ ਮੁੱਖ ਮੰਤਰੀ ਅਤੇ ਆਪਣੇ ਸਮੇਂ ਦੇ ਨਾਮੀ ਵਕੀਲ ਸਿਧਾਰਥ ਸ਼ੰਕਰ ਰੇਅ ਪੰਜਾਬ ਦੇ ਗਵਰਨਰ ਬਣੇ। ਉਹ ਅੰਗਰੇਜ਼ੀ ਵਿਚ ਭਾਸ਼ਨ ਦਿਆ ਕਰਦੇ ਸਨ। ਇਸ ਲਈ ਉਹਨਾਂ ਨੂੰ ਦੁਭਾਸ਼ੀਏ ਦੀ ਲੋੜ ਪੈਂਦੀ ਸੀ। ਇਹ ਕੰੰਮ ਸਰਕਾਰੀ ਕਾਲਜ ਹੁਸ਼ਿਆਰਪੁਰ ਦਾ ਇਕ ਪ੍ਰਾ-ਅਧਿਆਪਕ ਕਰਿਆ ਕਰਦਾ ਸੀ। ਕਦੀ ਕਦੀ ਸਿਖਿਆ ਵਿਭਾਗ ਦੀ ਇਕ ਉਚ ਲੇਡੀ ਅਫਸਰ ਵੀ ਦੁਭਾਸ਼ਣ ਦਾ ਕਾਰਜ ਕਰਦੀ ਸੀ।
ਫਗਵਾੜਾ ਵਿਚ 100-ਬਿਸਤਰਿਆਂ ਵਾਲੇ ਨਵੇਂ ਹਸਪਤਾਲ ਦਾ ਨੀਂਹ ਪੱਥਰ ਰਖਿਆ ਜਾਣਾ ਸੀ। ਓਸ ਵੇਲੇ ਦੇ ਕਾਂਗਰਸੀ ਆਗੂ ਜੋਗਿੰਦਰ ਸਿੰਘ ਮਾਨ (ਜੋ ਹੁਣ ਆਪ ਵਿਚ ਹਨ) ਸ. ਬੂਟਾ ਸਿੰਘ ਦੇ ਭਾਣਜੇ ਹਨ। ਸ.ਬੂਟਾ ਸਿੰਘ (ਹੁਣ ਸਵਰਗਵਾਸੀ) ਉਦੋਂ ਕੇਂਦਰੀ ਗ੍ਰਹਿ ਮੰਤਰੀ ਸਨ। ਮਾਨ ਸਾਹਿਬ ਨੇ ਆਪਣੇ ਸਤਕਾਰਯੋਗ ਮਾਮਾ ਜੀ ਰਾਹੀਂ ਇਸ ਉਦਘਾਟਨ ਲਈ ਗਵਰਨਰ ਰੇਅ ਨੂੰ ਮੁੱਖ ਮਹਿਮਾਨ ਵਜੋਂ ਸਦਵਾ ਲਿਆ।
ਡਾ.ਪੁਰੇਵਾਲ ਅਤੇ ਡਾ. ਸੂਦ ਅਚਾਨਕ ਮੇਰੇ ਕਿਰਾਏ ਵਾਲੇ ਘਰ ਮਾਡਲ ਟਾਊਨ ਆ ਧਮਕੇ ਅਤੇ ਇਸ ਗੱਲ ਉਪਰ ਇਸਰਾਰ ਕਰਨ ਲਗੇ ਕਿ ਮੈਂ ਗਵਰਨਰ ਦੇ ਭਾਸ਼ਨ ਦੀ ਪੰਜਾਬੀ ਵਿਚ ਟਰਾਂਸਲੇਸ਼ਨ ਕਰਾਂ। ਪਹਿਲਾਂ ਮੈਂ ਕਦੀ ਐਨੇ ਵਡੇ ਪੱਧਰ ਤੇ ਅਜਿਹਾ ਕੰਮ ਨਹੀਂ ਸੀ ਕੀਤਾ। ਉਹਨਾਂ ਸਮਝੋ ਵਾਸਤਾ ਈ ਪਾਇਆ ਤੇ ਮੈਂ ਬੇਮਨੀ ਨਾਲ ਮੰਨ ਗਿਆ।
ਮੈਂ ਪੰਜਾਬੀ ਟ੍ਰਿਬਿਊਨ ਵਿਚ ਬਠਿੰਡਾ ਤੋਂ ਲਗੀ ਖਬਰ ਪੜ੍ਹੀ ਸੀ ਕਿ ਗਵਰਨਰ ਦੇ ਦੁਭਾਸ਼ੀਏ ਨੇ ਇੱਕ ਥਾਂ ਗਲਤ ਅਨੁਵਾਦ ਕੀਤਾ। ਰਾਜਪਾਲ ਨੇ 3 ਵਾਰ ਸਬੰਧਤ ਲਾਈਨ ਦੁਹਰਾਈ ਪਰ ਗਲਤ ਅਨੁਵਾਦ ਹੋਣ ਉਪਰੰਤ ਉਹਨਾਂ ਕਿਹਾ, “ਮਿਸਟਰ ਟਰਾਂਸਲੇਟਰ, ਯੂ ਆਰ ਟਰਾਂਸਲੇਟਿੰਗ ਮੀ ਰਾਂਗ” (ਸ਼੍ਰੀਮਾਨ ਅਨੁਵਾਦਕ ਜੀ, ਆਪ ਜੀ ਮੇਰੀ ਗਲ ਦਾ ਗਲਤ ਅਨੁਵਾਦ ਕਰ ਰਹੇ ਹੋ)।
ਇਹ ਖਬਰ ਪੜ੍ਹਨ ਉਪਰੰਤ ਮੇਰਾ ਧੂੜਕੂ ਹੋਰ ਵਧ ਗਿਆ। ਮੈਨੂੰ ਇਹ ਗੱਲ ਨਹੀਂ ਸੀ ਸਮਝ ਆ ਰਹੀ ਕਿ ਰਾਜਪਾਲ ਨੂੰ ਕਿਵੇਂ ਪਤਾ ਲਗ ਗਿਆ ਕਿ ਅਨੁਵਾਦ ਗਲਤ ਹੋ ਰਿਹਾ ਹੈ।
ਖੈਰ, ਹਸਪਤਾਲ ਵਾਲੇ ਸਮਾਗਮ ਵਿਚ ਇਕ ਭਾਰੀ ਇਕੱਠ ‘ਚ ਗਵਰਨਰ ਰੇਅ ਕਾਫੀ ਲੰਮਾ ਸਮਾਂ ਬੋਲੇ (ਉਹ ਅਕਸਰ ਲੰਮਾ ਅਤੇ ਗੜਕਵਾਂ ਭਾਸ਼ਨ ਕਰਨ ਦੇ ਆਦੀ ਸਨ), ਮੈਂ ਅਨੁਵਾਦ ਕਰੀ ਗਿਆ ਅਤੇ ਕਰਨ ਉਪਰੰਤ ਵਾਪਿਸ ਪ੍ਰੈੱਸ ਗੈਲਰੀ ਵਿਚ, ਜਿਥੋਂ ਉਠ ਕੇ ਗਿਆ ਸੀ, ਆ ਕੇ ਬੈਠ ਗਿਆ। ਪਰ ਗਵਰਨਰ ਦੇ ਏਡ.ਡੀ.ਕੈਂਪ. (ਫੌਜੀ ਅਫਸਰ) ਨੇ ਮੈਨੂੰ ਇਸ਼ਾਰਾ ਕਰਕੇ ਸਟੇਜ ਉਪਰ ਫਿਰ ਬੁਲਾਇਆ। ਗਵਰਨਰ ਰੇਅ ਨੇ ਹੀ ਨਹੀਂ ਸਗੋਂ ਲੇਡੀ ਗਵਰਨਰ ਮਾਇਆ ਰੇਅ ਨੇ ਵੀ ਮੇਰੇ ਅਨੁਵਾਦ ਦੀ ਭਰਪੂਰ ਪ੍ਰਸ਼ੰਸਾ ਕੀਤੀ।
ਫੌਜੀ ਅਫਸਰ ਨੇ ਮੇਰਾ ਫੋਨ ਨੰਬਰ ਨੋਟ ਕਰ ਲਿਆ।
ਇੱਕ ਦਿਨ ਅਚਾਨਕ ਸਥਾਨਕ ਤਹਿਸੀਲਦਾਰ ਸਾਹਿਬ ਮੇਰੇ ਘਰ ਆਏ। ਉਹਨਾਂ ਕਿਹਾ ਕਿ ਗਵਰਨਰ ਹਾਊਸ ਚੋਂ ਡੀ.ਸੀ ਸਾਹਿਬ ਨੂੰ ਆਦੇਸ਼ ਆਇਆ ਕਿ ਮੈਨੂੰ ਅਨੁਵਾਦਕ ਵਜੋਂ ਸਦਿਆ ਗਿਐ। ਮੇਰੇ ਵਲੋਂ ਇਹ ਕਹਿਣ ਤੇ ਕਿ ਮੈਂ ਤਾਂ ਕਾਲਜ ਨੌਕਰੀ ਕਰਦਾ ਹਾਂ ਤੇ ਅਨੁਵਾਦਕ ਬਣਨ ਦੀ ਮੇਰੀ ਕੋਈ ਇੱਛਾ ਨਹੀਂ ਤਾਂ ਉਹਨਾਂ ਐਸ.ਡੀ.ਐਮ ਰਾਹੀਂ ਪ੍ਰਧਾਨ ਸਾਹਿਬ ਤੋਂ ਅਖਵਾ ਦਿਤਾ।
ਬਸ ਫਿਰ ਚਲ ਪਿਆ ਲੁਕਣ-ਮੀਟੀ ਦਾ ਖੇਲ। ਮੈਂ ਕਾਲਜੋਂ ਸਿਧਾ ਲੁਧਿਆਣੇ ਦੇ ਚਤਰ ਸਿੰਘ ਪਾਰਕ ਵਿਚ ਚਲੇ ਜਾਣਾ ਤੇ ਸਾਰੀ ਦਿਹਾੜੀ ਉਥੇ ਬੈਠਣ (ਲੁਕਣ) ਉਪਰੰਤ ਸ਼ਾਮ ਨੂੰ ਘਰ ਮੁੜਨਾ। ਪਰ ਤਹਿਸੀਲਦਾਰ ਸਾਹਿਬ ਘਰ ਹੀ ਬੈਠੇ ਹੋਣੇ।ਉਹ ਚੰਗੇ ਬੰਦੇ ਸਨ ਤੇ ਮੇਰੇ ਉਹਨਾਂ ਨਾਲ ਸਬੰਧ ਵੀ ਬੜੇ ਅੱਛੇ ਸਨ। ਪਰ ਕਦੀ ਕਦੀ ਮੈਂ ਖਿਝ ਜਾਂਦਾ ਕਿ ਜਦ ਮੈਂ ਅਨੁਵਾਦਕ ਨਹੀਂ ਬਣਨਾ ਚਾਹੁੰਦਾ ਤਾਂ ਫਿਰ ਮੈਨੂੰ ਮਜਬੂਰ ਕਿਉਂ ਕੀਤਾ ਜਾ ਰਿਹੈ?
ਉਂਝ ਵੀ ਇੱਕ ਅਰਧ-ਪੇਂਡੂ ਕਾਲਜ ‘ਚ ਅੰਗਰੇਜ਼ੀ ਪੜ੍ਹਾਉਣਾ ਹੁਣ ਮੇਰੀ ‘ਚੁਆਇਸ'(ਇੰਤਖਾਬ/ਪਸੰਦ) ਬਣ ਚੁੱਕਾ ਸੀ, ਨਾ ਕਿ ਇੱਕ ‘ਚਾਂਸ’ (ਇਤਫਾਕ/ਸਬੱਬ), ਕਿਉਂਕਿ ਮੈਨੂੰ ਪਤਾ ਲਗ ਗਿਆ ਸੀ ਕਿ ਪੇਂਡੂ ਬੱਚਿਆਂ ਦਾ ਅੰਗਰੇਜ਼ੀ ‘ਚ ਹੱਥ ਕੁਝ ਤੰਗ ਹੁੰਦੈ, ਇਸ ਲਈ ਉਹਨਾਂ ਨੂੰ ਅੰਗਰੇਜ਼ੀ ਪੜ੍ਹਾਉਣੀ/ਸਿਖਾਉਣੀ ਹੈ।
ਓਧਰ ਪ੍ਰਧਾਨ ਜੀ ਇਹ ਵੀ ਨਹੀਂ ਸਨ ਚਾਹੁੰਦੇ ਕਿ ਮੈਂ ਕਾਲਜ ਛਡ ਕੇ ਜਾਵਾਂ ਪਰ ਉਹ ਅਫਸਰਾਂ ਨੂੰ ਵੀ ਨਾਰਾਜ਼ ਨਹੀਂ ਸਨ ਕਰਨਾ ਚਾਹੁੰਦੇ। ਉਹਨਾਂ ਮੈਨੂੰ ਕਿਹਾ ਕਿ ਅਨੁਵਾਦ ਵਾਲੇ ਦਿਨ ਕਾਲਜ ਮੈਨੂੰ ਡਿਯੂਟੀ ਲੀਵ ਦੇ ਦਿਆ ਕਰੇਗਾ ਪਰ ਮੈਂ ਰੈਗੂਲਰ ਅਨੁਵਾਦਕ ਨਾ ਬਣਾਂ।
ਓਸ ਵੇਲੇ ਦੇ ਡੀ.ਸੀ. ਸਾਹਿਬ ਨੇ ਮੈਨੂੰ ਦੁਪਹਿਰ ਦੇ ਖਾਣੇ ਤੇ ਬੁਲਾਇਆ। ਉਹਨਾਂ ਕਿਹਾ ਕਿ ਮੈਂ ਰਾਜਪਾਲ ਦੀ ਆਫਰ ਠੁਕਰਾ ਕੇ ਬਹੁਤ ਵਡੀ ਗਲਤੀ ਕਰ ਰਿਹਾ ਹਾਂ। ‘ਤੁਸੀਂ ਨਹੀਂ ਜਾਣਦੇ ਰਾਸ਼ਟਰਪਤੀ ਰਾਜ ਵੇਲੇ ਰਾਜਪਾਲ ਕੋਲ ਕਿੰਨੀ ਪਾਵਰ ਹੁੰਦੀ ਹੈ। ਉਹ ਤੁਹਾਨੂੰ ਆਈ.ਏ.ਐਸ. ਅਫਸਰ ਬਣਾ ਸਕਦੇ ਹਨ”, ਉਹਨਾਂ ਕਿਹਾ। ਮੈਨੂੰ ਇਹ ਗੱਲ ਕੁਝ ਹਜ਼ਮ ਨਹੀਂ ਹੋਈ। ਮੈਂ ਕਿਹਾ,” ਡੀ.ਸੀ. ਸਾਹਿਬ, ਐਂ ਕਿਦਾਂ ਕੋਈ ਆਈ.ਏ.ਐਸ. ਅਫਸਰ ਬਣਾ ਸਕਦੈ। ਤੁਹਾਨੂੰ ਤਾਂ ਪਤਾ ਈ ਐ ਕਿ ਕਿੰਨਾ ਮੁਸ਼ਕਿਲ ਹੈ ਸਿਵਲ ਸਰਵਿਸਿਜ਼ ਦੇ ਇਮਤਿਹਾਨ ਪਾਸ ਕਰਨਾ”। ਉਹਨਾਂ ਦੀ ਅਗਲੀ ਗੱਲ ਮੈਨੂੰ ਉਦੋਂ ਬਿਲਕੁਲ ਈ ਨਾ ਸਮਝ ਆਈ। ਉਹਨਾਂ ਕਿਹਾ, “ਤੁਹਾਨੂੰ ਪਤਾ ਈ ਨਹੀਂ, ਰਾਜਪਾਲ ਤਾਂ ਤੁਹਾਨੂੰ ਕੁਝ ਸਮੇਂ ਲਈ ਡੀ.ਸੀ. ਵੀ ਲਗਾ ਸਕਦੇ ਐ। ਉਹ ਤੁਹਾਡੇ ਅਨੁਵਾਦ ਤੋਂ ਬਹੁਤ ਪ੍ਰਭਾਵਤ ਹਨ ਅਤੇ ਮੈਨੂੰ ਵਾਰ ਵਾਰ ਗਵਰਨਰ ਹਾਊਸ ਤੋਂ ਫੋਨ ਆਉਂਦੇ ਹਨ ਕਿ ਮੈਂ ਤੁਹਾਨੂੰ ਮਨਾਵਾਂ”। ਡੀ.ਸੀ.ਸਾਹਿਬ ਬੜੇ ਭਲੇ ਬੰਦੇ ਸਨ ਪਰ ਮੈਂ ਨਾਂਹ ਹੀ ਕੀਤੀ।
ਫਿਰ ਮੈਨੂੰ ਰਾਜਪਾਲ ਦੇ ਏਡ.ਡੀ.ਕੈਂਪ, ਭਾਵ ਫੌਜੀ ਅਫਸਰ ਨੇ ਚੰਡੀਗੜ੍ਹ ਰਾਜ ਭਵਨ ਵਿਖੇ ਸਦਿਆ। ਸਰਕਾਰੀ ਗਡੀ ਲੈ ਗਈ। ਫੌਜੀ ਅਫਸਰ ਰਾਜ ਭਵਨ ਵਿਚ ਇਕ ਬਹੁਤ ਵਡਾ ਅਫਸਰ ਹੁੰਦੈ। ਚਾਹ ਦੇ ਕੱਪ ਪੀਂਦਿਆ ਉਹਨਾਂ ਮੈਨੂੰ ਕਿਹਾ,” ਪ੍ਰੋਫੈਸਰ ਸਾਹਿਬ, ਅਨੁਵਾਦਕ ਦੀ ਪੋਸਟ ਲਈ ਸਾਡੇ ਕੋਲ ਕਈਆਂ ਦੀਆਂ ਸਿਫਾਰਸ਼ਾਂ ਆਉਂਦੀਆਂ ਹਨ ਪਰ ‘ਹਿਸ ਐਕਸਾਲੈਂਸੀ’ (ਮਹਾਮਹੀਮ ਰਾਜਪਾਲ ਸਾਹਿਬ) ਤੁਹਾਨੂੰ ਹੀ ਦੁਭਾਸ਼ੀਏ ਵਜੋਂ ਨਿਯੁਕਤ ਕਰਨਾ ਚਾਹੁੰਦੇ ਹਨ। ਜੇ ਤੁਸੀ ਰਾਜ ਭਵਨ ਦੇ ਸਟਾਫ ਵਿਚ ਨਹੀਂ ਲਗਣਾ ਚਾਹੁੰਦੇ ਤਾਂ ਅਸੀਂ ਤੁਹਾਨੂੰ ਜਲੰਧਰ ਦੇ ਸਰਕਾਰੀ ਕਾਲਜ ਵਿਚ ਡੈਪੂਟੇਸ਼ਨ ਤੇ ਵੀ ਰਖ ਸਕਦੇ ਹਾਂ। ਤੁਹਾਡੀ ਪਤਨੀ ਪਹਿਲਾਂ ਹੀ ਜਲੰਧਰ ਪੜ੍ਹਾਉਂਦੇ ਹਨ। ਤੁਹਾਨੂੰ ਸਰਕਾਰੀ ਬੰਗਲਾ ਦੇ ਦਿਤਾ ਜਾਵੇਗਾ, ਤੁਸੀਂ ਬੱਚੇ ਵੀ ਜਲੰਧਰ ਦੇ ਸਕੂਲ ਦਾਖਲ ਕਰਵਾ ਲਿਉ। ਕਾਲਜ ਤੁਸੀਂ ਸਿਰਫ ਤਨਖਾਹ ਲੈਣ ਜਾਣੈ, ਕੰਮ ਤੁਸੀਂ ਦੁਭਾਸ਼ੀਏ ਦਾ ਕਰਨਾ। ਤੁਸੀ ਮੰਨਦੇ ਕਿਉਂ ਨਹੀਂ?”
ਮੈਂ ਜਵਾਬ ਦਿਤਾ, “ਹਜ਼ੂਰ, ਮੈਂ ਕਾਲਜ ਵਿਚ ਚਾਰ ਪੀਰੀਅਡ ਪੜ੍ਹਾ ਕੇ ਮਜ਼ੇ ਨਾਲ ਆਪਣੇ ਘਰ ਆ ਜਾਨਾ। ਮੈਂ ਪੇਂਡੂ ਜਿਹਾ ਬੰਦਾ ਹਾਂ, ਰੇੱਡ ਕਾਰਪੈਟ, ਸਲੂਟਾਂ ਆਦਿ ਦਾ ਕੋਈ ਸ਼ੌਕ ਨਹੀਂ; ਸ਼ਰਾਬ ਮੈਂ ਪੀਂਦਾ ਨਹੀਂ, ਵਢੀ ਮੇਥੋਂ ਲਈ ਨਹੀਂ ਜਾਣੀ, ਹੋਰ ਕੋਈ ਰਾਂਗਲੀ ਕਿਸਮ ਦੇ ਸ਼ੌਕ ਵੀ ਨਹੀਂ; ਤਨਖਾਹ ਸਕੇਲ ਵੀ ਓਨਾਂ ਈ ਮਿਲਣਾ, ਹਾਂ ਨਾਲ ਹੋਰ ਸਹੂਲਤਾਂ ਜ਼ਰੂਰ ਮਿਲਣਗੀਆਂ, ਪਰ ਓਨੀ ਦੌੜ-ਭੱਜ ਵੀ ਤਾਂ ਵਧ ਜਾਵੇਗੀ। ਇਸ ਲਈ ਮੈਂ ਰੈਗੂਲਰ ਸਟਾਫ ਵਜੋਂ ਕੰਮ ਨਹੀਂ ਕਰਨਾ ਚਾਹੁੰਦਾ, ਵੈਸੇ ਦੁਭਾਸ਼ੀਏ ਵਜੋਂ ਕੰਮ ਕਰਦਾ ਰਹਾਂਗਾ”।
ਫੌਜੀ ਅਫਸਰ ਦੇ ਚਿਹਰੇ ਉਪਰ ਨਿਰਾਸ਼ਾ ਸਾਫ ਝਲਕਦੀ ਸੀ।
ਇੱਕ ਦਿਨ ਗਵਰਨਰ ਸਾਹਿਬ ਨੂੰ ਮੈਂ ਪੁੱਛ ਹੀ ਲਿਆ,” ਸਰ, ਜਦ ਤੁਹਾਨੂੰ ਪੰਜਾਬੀ ਨਹੀਂ ਆਉਂਦੀ ਤਾਂ ਤੁਹਾਨੂੰ ਬਠਿੰਡੇ ਕਿਦਾਂ ਪਤਾ ਲਗਾ ਗਿਆ ਕਿ ਦੁਭਾਸ਼ੀਆ ਗਲਤ ਅਨੁਵਾਦ ਕਰ ਰਿਹੈ”?
ਉਹਨਾਂ ਜਵਾਬ ਦਿਤਾ,”ਆਜ਼ਾਦੀ ਦੇ ਸੰਘਰਸ਼ ਵੇਲੇ ਜੇਲਾਂ ‘ਚ ਬੰਦ ਸਰਦਾਰਾਂ ਵਾਲੀ ਇੱਕ ਜੇਲ ਵਿੱਚ ਨਾਲ ਮੈਂ ਵੀ ਕੈਦ ਸਾਂ। ਰੋਜ਼ ‘ਕੱਠੇ ਰਹਿਣ ਕਾਰਨ ਮੈਨੂੰ ਮੋਟੀ-ਮੋਟੀ ਪੰਜਾਬੀ ਸਮਝ ਆਉਣ ਲਗ ਪਈ ਪਰ ਮੈਂ ਪੰਜਾਬੀ ਬੋਲ ਨਹੀਂ ਸਕਦਾ”।
ਅਫਸਰਸ਼ਾਹੀ ਨੂੰ ਬੜੀ ਨੇੜਿਉਂ ਤਕਣ ਦਾ ਮੌਕਾ ਮਿਲਿਆ। ਰਾਜਪਾਲ ਦੇ ਡਰਾਈਵਰ ਤਕ ਨੂੰ ਅਤੇ ਮੈਨੂੰ ਸਲੂਟ ਪੈਣੇ।ਡੀ.ਸੀ ਜਾਂ ਐਸ.ਡੀ.ਐਮ. ਵਲੋਂ ਮੇਰੇ ਲਈ ਹੋਟਲ ਵਿਚ ਖਾਣੇ ਦਾ ਪ੍ਰਬੰਧ ਹੁੰਦਾ, ਜੋ ਮੈਂ ਕਦੀ ਨਹੀਂ ਖਾਧਾ। ਬਹੁਤੇ ਥਾਈਂ ਜਿਥੇ ਮੈਂ ਅਨੁਵਾਦ ਕਰਨ ਗਿਆ ਮੇਰਾ ਕੋਈ ਦੋਸਤ ਜਾਂ ਰਿਸ਼ਤੇਦਾਰ ਹੁੰਦਾ, ਮੈਂ ਅਨੁਵਾਦ ਕਰਨ ਮਗਰੋਂ ਉਸ ਕੋਲ ਚਲਾ ਜਾਂਦਾ।
ਮੇਰੇ ਧਰਮ ਦੇ ਭਰਾ ਪ੍ਰੋ. ਦਿਲਬਾਗ ਸਿੰਘ ਗਿੱਲ ਅਤੇ ਮੇਰੇ ਸਹਿਕਰਮੀ ਪ੍ਰੋ. ਕਸ਼ਮੀਰ ਕਾਦਰ ਬੜਾ ਜ਼ੋਰ ਲਾਉਂਦੇ ਕਿ ਮੈਂ ਰਾਜ ਭਵਨ ਦੀ ਨੌਕਰੀ ਕਰ ਲਵਾਂ। ਜੇ ਪੱਕੇ ਤੌਰ ਤੇ ਨਹੀਂ ਤਾਂ ਡੈਪੂਟੇਸ਼ਨ ਉਪਰ ਹੀ ਚਲਾ ਜਾਵਾਂ। ਪਰ ਮੇਰੇ ਘਰੋਂ ਸਦਾ ਹੀ ਇਸ ਦਾ ਵਿਰੋਧ ਕਰਦੀ।
ਬਹੁਤ ਬਾਅਦ ਵਿਚ ਮੈਂ ਇਹ ਗੱਲ ਆਪਣੇ ਇੱਕ ਆਈ.ਏ.ਐਸ.ਅਫਸਰ ਕਲਾਸਮੇਟ ਨਾਲ ਸਾਂਝੀ ਕੀਤੀ। ਉਸ ਅਨੁਸਾਰ ਮੈਂ ਬਹੁਤ ਬੱਜਰ ਗਲਤੀ ਕੀਤੀ ਹੈ ਕਿਉਂਕਿ ਰਾਜਪਾਲ ਆਪਣਾ ਅਹੁਦਾ ਛਡਣ ਤੋਂ ਪਹਿਲਾਂ ਕੁਝ ਗੈਰ-ਸਿਵਲ ਸਰਵੈਂਟਸ ਨੂੰ ਆਈ.ਏ.ਐਸ. ਅਫਸਰ ਬਣਾ ਗਏ ਸਨ! ਉਸ ਨੇ ਰੰਜ ਭਰੇ ਲਹਿਜੇ ‘ਚ ਕਿਹਾ, “ਤੂੰ ਮੇਰੇ ਨਾਲ ਕਿਉਂ ਨਹੀਂ ਗੱਲ ਕੀਤੀ। ਡੀ.ਸੀ. ਸਾਹਿਬ ਠੀਕ ਕਹਿੰਦੇ ਸੀ”। ਮੈਂ ਕਿਹਾ, “ਮੈਂ ਸੋਚਿਆ ਡੀ.ਸੀ. ਸਾਹਿਬ ਮੈਨੂੰ ‘ਟਰੈਪ’ ਕਰ ਰਹੇ ਹਨ”(ਸੌਰੀ, ਡੀ.ਸੀ.ਸਾਹਿਬ! ਮੇਰਾ ਅਜਿਹਾ ਸੋਚਣ ਲਈ)।
ਖੈਰ, ਅਬ ਪਛਤਾਏ ਹੋਤ ਕਯਾ,ਜਬ ਚਿੜੀਆਂ ਚੁਗ ਗਈ ਖੇਤ!
ਹੁਣ ਤਾਂ ਬਸ ਇਹਨਾਂ ਮਿਸ’ ਕੀਤੇ ਮੌਕਿਆਂ ਦਾ ਮਰਸੀਆ ਪੜ੍ਹਨਾ ਈ ਠੀਕ ਐ!
