Breaking NewsLatest NewsPunjab

ਵਪਾਰੀਆਂ ਦੀਆਂ ਸਮੱਸਿਆਵਾਂ ਲਈ ਮੰਤਰਾਲਾ ਸਥਾਪਿਤ ਕਰਾਂਗੇ: ਸੁਖਬੀਰ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ।

ਬੁਢਲਾਡਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਜੇਕਰ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਵਪਾਰੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵੱਖਰਾ ਵਪਾਰ ਮੰਤਰਾਲਾ ਬਣਾਇਆ ਜਾਵੇਗਾ। ਮਾਨਸਾ ਜ਼ਿਲ੍ਹੇ ਦੇ ਬੁਢਲਾਡਾ ਵਿੱਚ ਵਪਾਰੀਆਂ ਅਤੇ ਉਦਯੋਗਪਤੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਸੂਬੇ ਦੇ ਵਪਾਰੀਆਂ ਨੂੰ ਡਰ-ਮੁਕਤ ਮਾਹੌਲ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਵਧਾਉਣ ਲਈ ਨਵੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।

ਸੁਖਬੀਰ ਬਾਦਲ ਨੇ ਕਿਹਾ ਕਿ ਮਾਨਸਾ ਵਿੱਚ ਉਦਯੋਗਿਕ ਹੱਬ ਬਣਾਇਆ ਜਾਵੇਗਾ ਅਤੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿਜਲੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੱਕਾਂ ਦੇ ਕਿਰਾਏ ਪ੍ਰਤੀ ਕਿਲੋਮੀਟਰ ਤੈਅ ਕਰਨ ਲਈ ਟਰੱਕ ਅਪਰੇਟਰਾਂ, ਵਪਾਰੀਆਂ ਅਤੇ ਸਰਕਾਰ ਦੇ ਨੁਮਾਇੰਦਿਆਂ ਦੀ ਸਾਂਝੀ ਕਮੇਟੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਵਪਾਰੀ ਆਪਣੇ ਨਿੱਜੀ ਟਰੱਕਾਂ ਰਾਹੀਂ ਵੀ ਮਾਲ ਦੀ ਢੋਆ-ਢੁਆਈ ਕਰ ਸਕਣਗੇ। ਇਸ ਤੋਂ ਇਲਾਵਾ ‘ਬਿਲਡ ਪੰਜਾਬ’ ਨਾਂ ਦਾ ਨਵਾਂ ਵਿਭਾਗ ਸਥਾਪਿਤ ਕੀਤਾ ਜਾਵੇਗਾ, ਜਿਸ ਰਾਹੀਂ ਐੱਨਓਸੀ, ਸੀਐੱਲਯੂ ਅਤੇ ਹੋਰ ਸਰਕਾਰੀ ਮਨਜ਼ੂਰੀਆਂ ਇੱਕੋ ਪ੍ਰਣਾਲੀ ਰਾਹੀਂ ਦਿੱਤੀਆਂ ਜਾਣਗੀਆਂ।

ਸੁਖਬੀਰ ਬਾਦਲ ਨੇ ਕਿਹਾ ਕਿ ਜ਼ਿਲ੍ਹਾ ਪੱਧਰ ‘ਤੇ ਵੀ ਇਸ ਵਿਭਾਗ ਦੇ ਦਫ਼ਤਰ ਖੋਲ੍ਹੇ ਜਾਣਗੇ। ਬੇਨਿਯਮੀਆਂ ਵਾਲੀਆਂ ਕਾਲੋਨੀਆਂ ਨੂੰ ਮਾਮੂਲੀ ਫੀਸ ਲੈ ਕੇ ਰੈਗੂਲਰ ਕਰਨ ਦਾ ਭਰੋਸਾ ਵੀ ਦਿੱਤਾ ਗਿਆ। ਉਨ੍ਹਾਂ ਛੋਟੇ ਵਪਾਰੀਆਂ ਲਈ ਸਾਲਾਨਾ 1,000 ਰੁਪਏ ਟੈਕਸ ਵਾਲੀ ਪੁਰਾਣੀ ਰਾਹਤ ਯੋਜਨਾ ਮੁੜ ਸ਼ੁਰੂ ਕਰਨ ਅਤੇ ਟੈਕਸ ਲਈ ਆਪਣੀ ਆਮਦਨ ਦੀ ਖੁਦ ਘੋਸ਼ਣਾ ਕਰਨ ਦੀ ਸਹੂਲਤ ਦੇਣ ਦਾ ਵਾਅਦਾ ਕੀਤਾ। ਮੀਟਿੰਗ ਦੌਰਾਨ ਵਪਾਰੀਆਂ ਨੇ ਆਪਣੀਆਂ ਕਈ ਸਮੱਸਿਆਵਾਂ ਵੀ ਰੱਖੀਆਂ। ਉਨ੍ਹਾਂ ਨੇ ਸੀਐੱਲਯੂ ਪ੍ਰਕਿਰਿਆ ਸੌਖੀ ਕਰਨ, ਸ਼ੈਲਰਾਂ ‘ਤੇ ਮਾਰਕੀਟ ਫੀਸ ਖ਼ਤਮ ਕਰਨ, ਮਿਲਿੰਗ ਚਾਰਜ ਵਧਾਉਣ ਅਤੇ ਆੜ੍ਹਤੀਆਂ ਦਾ ਕਮਿਸ਼ਨ ਮੁੜ 2.5 ਫ਼ੀਸਦੀ ਕਰਨ ਦੀ ਮੰਗ ਕੀਤੀ। ਕੈਮਿਸਟਾਂ ਨੇ ਬਿਜਲੀ ਡਿਊਟੀ ਖ਼ਤਮ ਕਰਨ ਅਤੇ ਪੁਲੀਸ ਵੱਲੋਂ ਕਥਿਤ ਤੌਰ ‘ਤੇ ਕੀਤੀ ਜਾਂਦੀ ਪ੍ਰੇਸ਼ਾਨੀ ਰੋਕਣ ਦੀ ਮੰਗ ਵੀ ਰੱਖੀ। ਇਸ ਤੋਂ ਇਲਾਵਾ ਵਪਾਰੀਆਂ ਨੇ ਸਸਤੇ ਕਰਜ਼ੇ ਅਤੇ ਵਪਾਰਕ ਬਿਜਲੀ ਦੀਆਂ ਦਰਾਂ ਘਟਾਉਣ ਦਾ ਮੁੱਦਾ ਚੁੱਕਿਆ।

ਸੁਖਬੀਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਵਪਾਰੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਨਿਸ਼ਾਨਾ ਲਾਉਂਦਿਆਂ ਦੋਸ਼ ਲਾਇਆ ਕਿ ਪੰਜਾਬ ਵਿੱਚ ਗੈਂਗਸਟਰਵਾਦ ਅਤੇ ਗੁੰਡਾਗਰਦੀ ਕਾਰਨ ਵਪਾਰੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਸੁਧਾਰੀ ਜਾਵੇਗੀ।

Related posts

ਗੁਰਦਾਸਪੁਰ ਦੇ ਸ਼ਹੀਦ ਮਨਦੀਪ ਸਿੰਘ ਦੀ ਦੇਹ ਘਰ ਪੁੱਜੀ

Bunty

ਵਿਜੈ ਗਰਗ ਦੀ ਕਿਤਾਬ ‘ਨੀਟ ਯੂਜੀ (ਐਨਸੀਈਆਰਟੀ ਲਾਈਨ ਦਰ ਲਾਈਨ ਚੈਪਟਰ ਵਾਈਜ਼ ਜ਼ੂਆਲੋਜੀ)’ ਲੋਕ ਅਰਪਣ !

admin

ਗੁਰਬਾਣੀ ਪ੍ਰਸਾਰਣ ਦਾ ਰਾਹ ਸਭ ਲਈ ਖੁੱਲ੍ਹਾ – ਸ ਕਰਨੈਲ ਸਿੰਘ ਪੀਰ ਮੁਹੰਮਦ

admin