ਫਰੀਦਕੋਟ – ਫਰੀਦਕੋਟ ਹਲਕੇ ਤੋਂ ਇਲੈਕਸ਼ਨ ਜਿੱਤ ਕੇ ਸਰਬਜੀਤ ਸਿੰਘ ਮਲੋਆ ਨੇ ਪੰਜਾਬ ’ਚ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇੱਕੋ ਪਰਿਵਾਰ ’ਚੋਂ ਤੀਜੀ ਪੁਸ਼ਤ ਵਾਲਾ ਉਹ ਪਹਿਲਾ ਪਾਰਲੀਮੈਂਟ ਮੈਂਬਰ ਬਣਿਆ ਹੈ। 1989 ਦੀ ਚੋਣ ਮੌਕੇ ਉਹਦੇ ਦਾਦਾ ਸੁੱਚਾ ਸਿੰਘ ਮਲੋਆ ਤੇ ਉਹਦੇ ਮਾਤਾ ਬੀਬੀ ਬਿਮਲ ਕੌਰ ਖਾਲਸਾ ਲੋਕ ਸਭਾ ਦੀ ਚੋਣ ਜਿੱਤੇ ਸਨ। ਬੀਬੀ ਖਾਲਸਾ ਉਸ ਵੇਲੇ ਹਲਕਾ ਰੋਪੜ ਤੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਸਨ ਪਰ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਵੀ ਹਮਾਇਤ ਹਾਸਲ ਸੀ। ਸੁੱਚਾ ਸਿੰਘ ਮਲੋਆ ਵੀ ਬਠਿੰਡੇ ਤੋਂ ਸ਼੍ਰੋਮਣੀ ਅਕਾਲੀ ਦਲ (ਮਾਨ) ਦੇ ਉਮੀਦਵਾਰ ਸਨ ਪਰ ਉੱਥੇ ਸ਼ਰੋਮਣੀ ਅਕਾਲੀ ਦਲ (ਬਾਦਲ) ਤੇ ਅਕਾਲੀ ਦਲ (ਬਰਨਾਲਾ) ਨੇ ਵੀ ਆਪਦੇ ਉਮੀਦਵਾਰ ਖੜੇ ਕੀਤੇ ਹੋਏ ਸੀ। ਬਾਦਲ ਦਲ ਉਮੀਦਵਾਰ ਗੁਰਦੇਵ ਸਿੰਘ ਬਾਦਲ ਤੇ ਬਰਨਾਲਾ ਅਕਾਲੀ ਦਲ ਦੇ ਤੇਜਾ ਸਿੰਘ ਦਰਦੀ ਉਮੀਦਵਾਰ ਸਨ। ਦੋਵਾਂ ਅਕਾਲੀ ਦਲਾਂ ਦੀ ਮੁਖਾਲਫਤ ਦੇ ਬਾਵਜੂਦ ਸੁੱਚਾ ਸਿੰਘ ਮਲੋਆ ਨੇ 51 ਫੀਸਦ ਵੋਟਾਂ ਹਾਸਲ ਕੀਤੀਆਂ ਸਨ। ਪੰਜਾਬ ’ਚ ਇੱਕੋ ਪਰਿਵਾਰ ’ਚੋਂ 2 ਪੁਸ਼ਤਾਂ ਦਾ ਪਾਰਲੀਮੈਂਟ ’ਚ ਜਾਣ ਦੀ ਮਿਸਾਲਾਂ ਤਾਂ ਹਨ। ਜਿਵੇਂ ਬਾਦਲ ਤੇ ਜਾਖੜ ਪਰਿਵਾਰ ਪਰ 3 ਪੁਸ਼ਤਾਂ ਵਾਲਾ ਇਹ ਮਲੋਆ ਪਰਿਵਾਰ ਪਹਿਲਾ ਪਰਿਵਾਰ ਬਣਿਆਂ ਹੈ। ਜ਼ਿਕਰਯੋਗ ਹੈ ਮੁਲਕ ਦੀ ਪ੍ਰਧਾਨ ਮੰਤਰੀ ਨੂੰ ਕਤਲ ਕਰਨ ਵਾਲੇ ਬੇਅੰਤ ਸਿੰਘ ਚੰਡੀਗੜ ਯੂ.ਟੀ. ’ਚ ਪੈਂਦੇ ਪਿੰਡ ਮਲੋਆ ਦੇ ਜੰਮਪਲ ਸਨ। ਉਨ੍ਹਾਂ ਦੇ ਪਿਤਾ ਸੁੱਚਾ ਸਿੰਘ ਮਲੋਆ ਆਖ਼ਰੀ ਵਕਤ ਤੱਕ ਮਲੋਆ ਪਿੰਡ ’ਚ ਹੀ ਰਹੇ ਜਦਕਿ ਬੇਅੰਤ ਸਿੰਘ ਦਿੱਲੀ ਪੁਲਿਸ ਜਦਕਿ ਉਨ੍ਹਾਂ ਦੀ ਪਤਨੀ ਬਿਮਲ ਕੌਰ ਨਰਸ ਦੀ ਨੌਕਰੀ ਤੇ ਸੀ ਦਿੱਲੀ ’ਚ ਹੀ।