ਇਹ ਗੈਂਗ ਬੱਚਿਆਂ ਤੋਂ ਅੱਗ ਲਗਵਾਉਣ, ਗੱਡੀਆਂ ਖੋਹਣ ਅਤੇ ਘਰਾਂ ਵਿੱਚ ਜਬਰਦਸਤੀ ਦਾਖ਼ਲ ਹੋਣ ਵਰਗੇ ਗੰਭੀਰ ਜੁਰਮ ਕਰਵਾ ਰਹੇ ਹਨ। ਪੈਸੇ ਲਈ ਬੱਚਿਆਂ ਨੂੰ ਇਸ ਤਰ੍ਹਾਂ ਵਰਤਣਾ ਬਹੁਤ ਹੀ ਨਿੰਦਣਯੋਗ ਅਤੇ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਸਰਕਾਰ ਨੇ ਅੱਜ ਵਿਕਟੋਰੀਅਨ ਸੰਸਦ ਵਿੱਚ ਨਵਾਂ ਕਾਨੂੰਨ ਪੇਸ਼ ਕੀਤਾ ਹੈ। ਇਸ ਕਾਨੂੰਨ ਅਨੁਸਾਰ ਜੇ ਕੋਈ ਵਿਅਕਤੀ ਬੱਚੇ ਨੂੰ ਕਿਸੇ ਗੰਭੀਰ ਜੁਰਮ ਲਈ ਤਿਆਰ ਕਰਦਾ ਹੈ ਜਾਂ ਉਸਨੂੰ ਉਕਸਾਉਂਦਾ ਹੈ, ਤਾਂ ਉਸ ਨੂੰ ਉਮਰ ਕੈਦ ਦੀ ਸਜ਼ਾ ਹੋ ਸਕਦੀ ਹੈ। ਇਹ ਕਾਨੂੰਨ ਇਸ ਗੱਲ ‘ਤੇ ਵੀ ਲਾਗੂ ਹੋਵੇਗਾ ਕਿ ਬੱਚਾ ਜੁਰਮ ਕਰਦਾ ਹੈ ਜਾਂ ਨਹੀਂ। ਮਤਲਬ, ਸਿਰਫ ਬੱਚੇ ਨੂੰ ਜੁਰਮ ਲਈ ਭਰਤੀ ਕਰਨਾ ਹੀ ਵੱਡਾ ਜੁਰਮ ਮੰਨਿਆ ਜਾਵੇਗਾ।
ਪਹਿਲਾਂ ਵੀ ਬੱਚਿਆਂ ਨੂੰ ਅਪਰਾਧ ਲਈ ਵਰਤਣਾ ਗੈਰਕਾਨੂੰਨੀ ਸੀ ਅਤੇ ਇਸ ਲਈ ਕਈ ਕੇਸ ਦਰਜ ਕੀਤੇ ਗਏ ਹਨ। ਪਿਛਲੇ ਸਾਲ ਇਸ ਜੁਰਮ ਲਈ ਵੱਧ ਤੋਂ ਵੱਧ ਸਜ਼ਾ 10 ਸਾਲ ਤੋਂ ਵਧਾ ਕੇ 15 ਸਾਲ ਕਰ ਦਿੱਤੀ ਗਈ ਸੀ। ਹੁਣ ਨਵੇਂ ਕਾਨੂੰਨ ਨਾਲ ਇਹ ਸਜ਼ਾ ਹੋਰ ਵਧਾ ਕੇ ਉਮਰ ਕੈਦ ਤੱਕ ਕਰ ਦਿੱਤੀ ਗਈ ਹੈ, ਖ਼ਾਸ ਕਰਕੇ ਜਦੋਂ ਗੰਭੀਰ ਜੁਰਮਾਂ ਦੀ ਗੱਲ ਹੋਵੇ। ਇਸ ਤੋਂ ਇਲਾਵਾ, ਕਾਨੂੰਨ ਨੂੰ ਲਾਗੂ ਕਰਨਾ ਆਸਾਨ ਬਣਾਉਣ ਲਈ ਇਹ ਸ਼ਰਤ ਵੀ ਹਟਾ ਦਿੱਤੀ ਗਈ ਹੈ ਕਿ ਦੋਸ਼ੀ ਨੂੰ ਬੱਚੇ ਦੀ ਉਮਰ ਦਾ ਪਤਾ ਹੋਣਾ ਲਾਜ਼ਮੀ ਹੈ।
ਵਿਕਟੋਰੀਆ ਪੁਲਿਸ ਨੇ “ਓਪਰੇਸ਼ਨ ਇਕਲਿਪਸ” ਦੇ ਤਹਿਤ ਹਾਲੀਆ ਅੱਗ ਲਗਾਉਣ ਵਾਲੇ ਮਾਮਲਿਆਂ ਵਿੱਚ 65 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਹਨ ਅਤੇ 370 ਤੋਂ ਵੱਧ ਦੋਸ਼ ਲਗਾਏ ਹਨ। ਸਰਕਾਰ ਨੇ ਪੁਲਿਸ ਨੂੰ ਤਕਨੀਕੀ ਸੁਵਿਧਾਵਾਂ ਵਧਾਉਣ ਲਈ 5 ਮਿਲੀਅਨ ਡਾਲਰ ਦੀ ਮੱਦਦ ਵੀ ਦਿੱਤੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਕਾਨੂੰਨ ਇੱਕ ਸਾਫ਼ ਸੰਦੇਸ਼ ਦਿੰਦਾ ਹੈ ਕਿ ਜੋ ਲੋਕ ਬੱਚਿਆਂ ਨੂੰ ਜੁਰਮ ਵਿੱਚ ਧੱਕਦੇ ਹਨ, ਉਨ੍ਹਾਂ ਨਾਲ ਸਖ਼ਤੀ ਨਾਲ ਨਿਪਟਿਆ ਜਾਵੇਗਾ।
ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਨੇ ਇਸ ਵਾਰੇ ਕਿਹਾ ਹੈ ਕਿ, “ਜੋ ਅਪਰਾਧੀ ਬੱਚਿਆਂ ਨੂੰ ਅੱਗ ਲਗਾਉਣ ਜਾਂ ਘਰਾਂ ‘ਚ ਹਮਲੇ ਕਰਨ ਲਈ ਵਰਤਦੇ ਹਨ, ਉਹ ਕਿਸੇ ਵੀ ਰਹਿਮ ਦੇ ਹੱਕਦਾਰ ਨਹੀਂ ਹਨ ਅਤੇ ਉਹ ਸਮਾਜ ਲਈ ਖ਼ਤਰਾ ਹਨ।”
ਵਿਕਟੋਰੀਆ ਦੀ ਅਟੋਰਨੀ ਜਨਰਲ ਨੇ ਇਸ ਵਾਰੇ ਕਿਹਾ ਹੈ ਕਿ, “ਨਵੇਂ ਕਾਨੂੰਨ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਅਜਿਹੇ ਲੋਕਾਂ ਨੂੰ ਕਾਨੂੰਨ ਦੀ ਪੂਰੀ ਸਜ਼ਾ ਮਿਲੇ।”
ਵਿਕਟੋਰੀਆ ਦੀ ਪੁਲਿਸ ਮੰਤਰੀ ਸੋਨਿਆ ਕਿਲਕੈਨੀ ਨੇ ਵੀ ਕਿਹਾ ਹੈ ਕਿ, “ਸੰਗਠਿਤ ਗੈਂਗ ਬੱਚਿਆਂ ਨੂੰ ਆਪਣੇ ਗੰਦੇ ਕੰਮ ਲਈ ਵਰਤ ਰਹੇ ਹਨ, ਪਰ ਸਰਕਾਰ ਇਸਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ।”
