ArticlesAustralia & New ZealandBreaking NewsLatest News

ਬਹੁ-ਸੱਭਿਆਚਾਰਕ ਭਾਈਚਾਰਿਆਂ ਨੂੰ ਆਫ਼ਤਾਂ ਲਈ ਤਿਆਰ ਕਰਨ ਵਾਸਤੇ ਨਵੇਂ ਸਰੋਤ ਉਪਲਬਧ !

ਨੈਸ਼ਨਲ ਪ੍ਰੀਪੇਅਰਡਨੈੱਸ ਸਮਿਟ ਦੌਰਾਨ ਆਸਟ੍ਰੇਲੀਆ ਦੇ ਐਮਰਜੈਂਸੀ ਮੈਨੇਜਮੈਂਟ ਮੰਤਰੀ Kristy McBain ਦੇ ਨਾਲ ਸਰਕਾਰੀ ਨੁਮਾਇੰਦੇ, ਐਮਰਜੈਂਸੀ ਸੇਵਾਵਾਂ, ਉਦਯੋਗ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਦੇ ਪ੍ਰਤੀਨਿਧੀ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਆਸਟ੍ਰੇਲੀਆ ਸਰਕਾਰ ਨੇ ਦੇਸ਼ ਦੇ ਵੱਖ-ਵੱਖ ਭਾਸ਼ਾਵਾਂ ਬੋਲਣ ਵਾਲੇ ਭਾਈਚਾਰਿਆਂ ਨੂੰ ਕੁਦਰਤੀ ਆਫ਼ਤਾਂ ਅਤੇ ਖਰਾਬ ਮੌਸਮ ਲਈ ਬਿਹਤਰ ਢੰਗ ਨਾਲ ਤਿਆਰ ਕਰਨ ਵਾਸਤੇ ਨਵੇਂ ਜਾਣਕਾਰੀ ਸਰੋਤ ਜਾਰੀ ਕੀਤੇ ਹਨ। ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਹਰ ਆਸਟ੍ਰੇਲੀਅਨ ਭਾਈਚਾਰੇ ਨੂੰ ਭਿਆਨਕ ਮੌਸਮੀ ਘਟਨਾਵਾਂ ਤੋਂ ਪਹਿਲਾਂ ਤਿਆਰੀ ਕਰਨ, ਐਮਰਜੈਂਸੀ ਦੌਰਾਨ ਸੁਰੱਖਿਅਤ ਰਹਿਣ ਅਤੇ ਬਾਅਦ ਵਿੱਚ ਮੁੜ ਸੰਭਲਣ ਵਿੱਚ ਮਦਦ ਮਿਲਣੀ ਚਾਹੀਦੀ ਹੈ। ਨਵੇਂ ਸਰੋਤਾਂ ਵਿੱਚ ਵੀਡੀਓ, ਫੈਕਟ ਸ਼ੀਟਾਂ, ਪੋਸਟਰ ਅਤੇ ਡਿਜੀਟਲ ਜਾਣਕਾਰੀ ਸ਼ਾਮਲ ਹੈ। ਇਹ ਜਾਣਕਾਰੀ 10 ਭਾਸ਼ਾਵਾਂ ਵਿੱਚ ਤਿਆਰ ਕੀਤੀ ਗਈ ਹੈ ਤਾਂ ਜੋ ਵੱਖ-ਵੱਖ ਸੱਭਿਆਚਾਰਕ ਅਤੇ ਭਾਸ਼ਾਈ ਪਿਛੋਕੜ ਵਾਲੇ ਲੋਕ ਆਫ਼ਤਾਂ ਨਾਲ ਜੁੜੇ ਖ਼ਤਰਿਆਂ ਨੂੰ ਆਸਾਨੀ ਨਾਲ ਸਮਝ ਸਕਣ।

ਇਹ ਪ੍ਰੋਜੈਕਟ ਫੈਡਰਲ ਸਰਕਾਰ ਦੇ Disaster Risk Reduction Package ਤਹਿਤ ਫੰਡ ਕੀਤਾ ਗਿਆ ਹੈ। ਇਸ ਨੂੰ Get Ready Queensland ਨੇ ਆਸਟ੍ਰੇਲੀਆ ਦੇ ਵੱਖ-ਵੱਖ ਰਾਜਾਂ ਅਤੇ ਖੇਤਰਾਂ ਨਾਲ ਸਲਾਹ-ਮਸ਼ਵਰੇ ਤੋਂ ਬਾਅਦ ਤਿਆਰ ਕੀਤਾ ਹੈ। ਨਵੇਂ ਸਰੋਤਾਂ ਵਿੱਚ ਆਸਟ੍ਰੇਲੀਆ ਵਿੱਚ ਆਉਣ ਵਾਲੀਆਂ ਸੱਤ ਆਮ ਕੁਦਰਤੀ ਆਫ਼ਤਾਂ ਬਾਰੇ ਵਿਹਾਰਕ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਵਿੱਚ ਸ਼ਾਮਲ ਹਨ:

  • ਜੰਗਲੀ ਅੱਗ (Bushfires)
  • ਹੜ੍ਹ (Floods)
  • ਚੱਕਰਵਾਤ (Cyclones)
  • ਤੂਫ਼ਾਨ (Storms)
  • ਹੀਟਵੇਵ ਜਾਂ ਬਹੁਤ ਜ਼ਿਆਦਾ ਗਰਮੀ
  • ਭੂਚਾਲ
  • ਸੁਨਾਮੀ

ਇਹ ਜਾਣਕਾਰੀ ਅਰਬੀ, ਕੈਂਟੋਨੀਜ਼, ਦਾਰੀ, ਕੋਰੀਅਨ, ਮੈਂਡਰਿਨ, ਨੇਪਾਲੀ, ਪੰਜਾਬੀ, ਸਪੈਨਿਸ਼, ਥਾਈ ਅਤੇ ਵੀਅਤਨਾਮੀ ਭਾਸ਼ਾਵਾਂ ਵਿੱਚ ਉਪਲਬਧ ਹੈ। ਇਸ ਤੋਂ ਇਲਾਵਾ ਘੱਟ ਪੜ੍ਹਨ-ਲਿਖਣ ਦੀ ਸਮਰੱਥਾ ਵਾਲੇ ਲੋਕਾਂ ਲਈ ਸੌਖੇ ਰੂਪ ਵਿੱਚ Easy Read ਸਮੱਗਰੀ ਵੀ ਤਿਆਰ ਕੀਤੀ ਗਈ ਹੈ। ਫੈਡਰਲ ਸਰਕਾਰ ਮੁਤਾਬਕ ਇਹ ਸਰੋਤ ਤਿਆਰ ਕਰਨ ਸਮੇਂ ਵੱਖ-ਵੱਖ ਭਾਈਚਾਰਿਆਂ ਦੀ ਸਿੱਧੀ ਸ਼ਮੂਲੀਅਤ ਕੀਤੀ ਗਈ। ਦੇਸ਼ ਭਰ ਵਿੱਚ 16 ਆਮ੍ਹੋ-ਸਾਮ੍ਹਣੇ ਵਰਕਸ਼ਾਪਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿੱਚ 155 ਮੂਲ ਭਾਸ਼ਾ ਬੋਲਣ ਵਾਲੇ ਭਾਈਚਾਰਕ ਮੈਂਬਰਾਂ ਨੇ ਆਪਣੇ ਵਿਚਾਰ ਦਿੱਤੇ। ਇਸ ਤੋਂ ਇਲਾਵਾ ਭਾਈਚਾਰਕ, ਸਰਕਾਰੀ ਅਤੇ ਐਮਰਜੈਂਸੀ ਖੇਤਰ ਨਾਲ ਸਬੰਧਤ ਸਲਾਹਕਾਰ ਗਰੁੱਪਾਂ ਤੋਂ ਵੀ ਸੁਝਾਅ ਲਏ ਗਏ। ਇੱਕ ਵੱਖਰਾ Toolkit ਵੀ ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਸੰਸਥਾਵਾਂ ਅਤੇ ਭਾਈਚਾਰਕ ਆਗੂ ਇਨ੍ਹਾਂ ਵੀਡੀਓਜ਼ ਅਤੇ ਹੋਰ ਜਾਣਕਾਰੀ ਨੂੰ ਆਪਣੇ ਇਲਾਕਿਆਂ ਵਿੱਚ ਸਾਂਝਾ, ਪ੍ਰਚਾਰਿਤ ਅਤੇ ਲੋੜ ਮੁਤਾਬਕ ਵਰਤ ਸਕਣਗੇ। ਇਹ ਨਵੇਂ ਸਰੋਤ ਆਉਣ ਵਾਲੇ ਵੱਧ ਖ਼ਤਰੇ ਵਾਲੇ ਮੌਸਮੀ ਸੀਜ਼ਨ ਤੋਂ ਪਹਿਲਾਂ ਜਾਰੀ ਕੀਤੇ ਗਏ ਹਨ। National Emergency Management Agency ਇਸ ਹਫ਼ਤੇ ਕੈਨਬਰਾ ਵਿੱਚ ਆਪਣਾ ਸਾਲਾਨਾ National Preparedness Summit ਵੀ ਕਰ ਰਹੀ ਹੈ। ਇਸ ਵਿੱਚ ਦੇਸ਼ ਭਰ ਦੇ ਐਮਰਜੈਂਸੀ ਪ੍ਰਬੰਧਨ ਅਧਿਕਾਰੀ ਹਿੱਸਾ ਲੈਣਗੇ। ਇਸ ਦੌਰਾਨ ਮੌਸਮ ਵਿਭਾਗ ਦੀ ਆਉਣ ਵਾਲੇ ਮੌਸਮ ਬਾਰੇ ਭਵਿੱਖਬਾਣੀ ਨੂੰ ਧਿਆਨ ਵਿੱਚ ਰੱਖਦਿਆਂ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਅਤੇ ਰਾਸ਼ਟਰੀ ਪੱਧਰ ’ਤੇ ਆਫ਼ਤ ਤਿਆਰੀ ਦੀ ਕਸਰਤ ਵੀ ਕੀਤੀ ਜਾਵੇਗੀ। ਸਰਕਾਰ Disaster Ready Fund ਦੇ ਤੀਜੇ ਦੌਰ ਰਾਹੀਂ 8 ਮਿਲੀਅਨ ਡਾਲਰ ਤੋਂ ਵੱਧ ਰਕਮ National Get Ready Program ਲਈ ਦੇ ਰਹੀ ਹੈ। ਇਸ ਦਾ ਮਕਸਦ ਪੂਰੇ ਆਸਟ੍ਰੇਲੀਆ ਵਿੱਚ ਲੋਕਾਂ ਨੂੰ ਕੁਦਰਤੀ ਆਫ਼ਤਾਂ ਲਈ ਤਿਆਰ ਕਰਨ ਵਿੱਚ ਮਦਦ ਕਰਨਾ ਹੈ।

ਫੈਡਰਲ ਐਮਰਜੈਂਸੀ ਮੈਨੇਜਮੈਂਟ ਮੰਤਰੀ Kristy McBain ਨੇ ਇਸ ਵਾਰੇ ਕਿਹਾ ਹੈ ਕਿ ਜਿਹੜੇ ਲੋਕ ਆਫ਼ਤ ਲਈ ਪਹਿਲਾਂ ਤੋਂ ਤਿਆਰ ਹੁੰਦੇ ਹਨ, ਉਹ ਮੁਸ਼ਕਲ ਹਾਲਾਤ ਤੋਂ ਬਾਅਦ ਜਲਦੀ ਸੰਭਲ ਸਕਦੇ ਹਨ। ਉਨ੍ਹਾਂ ਕਿਹਾ ਕਿ ਬਹੁ-ਸੱਭਿਆਚਾਰਕ ਭਾਈਚਾਰਿਆਂ ਲਈ ਭਾਸ਼ਾ ਦੀ ਰੁਕਾਵਟ ਦੂਰ ਕਰਨਾ ਆਫ਼ਤਾਂ ਦੇ ਖ਼ਤਰੇ ਨੂੰ ਸਮਝਣ ਅਤੇ ਐਮਰਜੈਂਸੀ ਦੌਰਾਨ ਸੁਰੱਖਿਅਤ ਰਹਿਣ ਵੱਲ ਇੱਕ ਵੱਡਾ ਕਦਮ ਹੈ।

ਫੈਡਰਲ ਬਹੁ-ਸੱਭਿਆਚਾਰਕ ਮਾਮਲਿਆਂ ਦੀ ਮੰਤਰੀ Dr Anne Aly ਨੇ ਇਸ ਵਾਰੇ ਕਿਹਾ ਕਿ ਹਰ ਵਿਅਕਤੀ ਨੂੰ ਐਮਰਜੈਂਸੀ ਨਾਲ ਸਬੰਧਤ ਜ਼ਰੂਰੀ ਜਾਣਕਾਰੀ ਆਪਣੀ ਭਾਸ਼ਾ ਵਿੱਚ ਮਿਲਣੀ ਚਾਹੀਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹ ਜਾਣਕਾਰੀ ਆਪਣੇ ਪਰਿਵਾਰ, ਦੋਸਤਾਂ ਅਤੇ ਭਾਈਚਾਰੇ ਨਾਲ ਸਾਂਝੀ ਕਰਨ ਅਤੇ ਇਸ ਨੂੰ ਕਮਿਊਨਿਟੀ ਸੈਂਟਰਾਂ ਵਰਗੀਆਂ ਥਾਵਾਂ ’ਤੇ ਵੀ ਉਪਲਬਧ ਕਰਵਾਉਣ।

Queensland ਦੀ Disaster Recovery Minister Ann Leahy ਨੇ ਕਿਹਾ ਕਿ Get Ready Queensland 2013 ਤੋਂ ਲੋਕਾਂ ਨੂੰ ਭਿਆਨਕ ਮੌਸਮ ਲਈ ਤਿਆਰ ਕਰਨ ਵਿੱਚ ਮਦਦ ਕਰ ਰਿਹਾ ਹੈ ਅਤੇ ਹੁਣ ਇਸ ਤਜਰਬੇ ਨੂੰ ਪੂਰੇ ਆਸਟ੍ਰੇਲੀਆ ਨਾਲ ਸਾਂਝਾ ਕੀਤਾ ਜਾ ਰਿਹਾ ਹੈ।

ਆਫ਼ਤਾਂ ਲਈ ਤਿਆਰੀ ਨਾਲ ਸਬੰਧਤ ਇਹ ਨਵੇਂ ਸਰੋਤ ਪੰਜਾਬੀ ਸਮੇਤ 10 ਭਾਸ਼ਾਵਾਂ ਵਿੱਚ ਉਪਲਬਧ ਹਨ। ਲੋਕ ਇਨ੍ਹਾਂ ਨੂੰ getready.gov.au/languages ’ਤੇ ਦੇਖ ਸਕਦੇ ਹਨ। ਸਰਕਾਰ ਦਾ ਕਹਿਣਾ ਹੈ ਕਿ ਸੌਖੀ ਭਾਸ਼ਾ ਵਿੱਚ ਸਹੀ ਜਾਣਕਾਰੀ ਲੋਕਾਂ ਨੂੰ ਐਮਰਜੈਂਸੀ ਸਮੇਂ ਘਬਰਾਉਣ ਦੀ ਬਜਾਏ ਸਹੀ ਕਦਮ ਚੁੱਕਣ ਅਤੇ ਆਪਣੀ ਤੇ ਆਪਣੇ ਪਰਿਵਾਰ ਦੀ ਸੁਰੱਖਿਆ ਕਰਨ ਵਿੱਚ ਮਦਦ ਕਰ ਸਕਦੀ ਹੈ।

ਨੈਸ਼ਨਲ ਪ੍ਰੀਪੇਅਰਡਨੈੱਸ ਸਮਿਟ ਵਲੋਂ ਲੋਕਾਂ ਨੂੰ ਮੌਸਮੀ ਖਤਰਿਆਂ ਲਈ ਤਿਆਰ ਰਹਿਣ ਦੀ ਅਪੀਲ

ਇਸੇ ਦੌਰਾਨ ਆਉਣ ਵਾਲੇ ਵੱਧ ਖਤਰੇ ਵਾਲੇ ਮੌਸਮੀ ਸੀਜ਼ਨ ਤੋਂ ਪਹਿਲਾਂ ਕੈਨਬਰਾ ਵਿੱਚ ਨੈਸ਼ਨਲ ਪ੍ਰੀਪੇਅਰਡਨੈੱਸ ਸਮਿਟ ਵੀ ਕੀਤੀ ਗਈ। ਇਸ ਸਮਿਟ ਵਿੱਚ ਸਰਕਾਰ ਦੇ ਵੱਖ-ਵੱਖ ਪੱਧਰਾਂ ਦੇ ਨੁਮਾਇੰਦੇ, ਐਮਰਜੈਂਸੀ ਸੇਵਾਵਾਂ, ਉਦਯੋਗ ਅਤੇ ਗੈਰ-ਮੁਨਾਫ਼ਾ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਸਮਿਟ ਦੌਰਾਨ ਮੌਸਮ ਦੀਆਂ ਮੌਸਮੀ ਭਵਿੱਖਬਾਣੀਆਂ, ਐਮਰਜੈਂਸੀ ਲਈ ਤਿਆਰੀ, ਸੰਭਾਵਿਤ ਖਤਰਿਆਂ ਅਤੇ ਐਮਰਜੈਂਸੀ ਸਮੇਂ ਦੇਸ਼ ਪੱਧਰ ’ਤੇ ਮਿਲ ਕੇ ਕੰਮ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ। ਮੌਸਮ ਦੀਆਂ ਭਵਿੱਖਬਾਣੀਆਂ ਮੁਤਾਬਕ ਦੇਸ਼ ਦੇ ਕਈ ਹਿੱਸਿਆਂ ਵਿੱਚ ਆਉਣ ਵਾਲੇ ਸਮੇਂ ਦੌਰਾਨ ਤਾਪਮਾਨ ਵੱਧ ਰਹਿਣ ਦੀ ਸੰਭਾਵਨਾ ਹੈ। ਇਸ ਦੇ ਮੱਦੇਨਜ਼ਰ ਲੋਕਾਂ ਨੂੰ ਹੁਣ ਤੋਂ ਹੀ ਸੰਭਾਵਿਤ ਐਮਰਜੈਂਸੀ ਹਾਲਾਤਾਂ ਲਈ ਤਿਆਰ ਰਹਿਣ ਦੀ ਅਪੀਲ ਕੀਤੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਐਮਰਜੈਂਸੀ ਲਈ ਤਿਆਰੀ ਸਿਰਫ਼ ਸਰਕਾਰ ਜਾਂ ਐਮਰਜੈਂਸੀ ਸੇਵਾਵਾਂ ਦੀ ਜ਼ਿੰਮੇਵਾਰੀ ਨਹੀਂ ਹੈ, ਸਗੋਂ ਇਹ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ। ਸਰਕਾਰਾਂ ਅਤੇ ਐਮਰਜੈਂਸੀ ਸੇਵਾਵਾਂ ਆਪਣੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਲੋਕਾਂ ਵੱਲੋਂ ਪਹਿਲਾਂ ਤੋਂ ਕੀਤੀ ਤਿਆਰੀ ਵੀ ਬਹੁਤ ਮਹੱਤਵਪੂਰਨ ਹੈ।

Related posts

ਰਾਜਸਥਾਨ ਹਾਈ ਕੋਰਟ ਨੇ ਲਿਵ-ਇਨ ਰਿਲੇਸ਼ਨਸ਼ਿਪ ਨੂੰ ਦੱਸਿਆ ਗ਼ੈਰ ਕਾਨੂੰਨੀ

Bunty

ਲੋਹੜੀ

admin

ਤੁਰ ਗਿਆ ਨਿਸ਼ਾਨੇਬਾਜ਼ੀ ਦਾ ਬਾਦਸ਼ਾਹ ਰਾਜਾ ਰਣਧੀਰ ਸਿੰਘ !

admin