ਸਿਡਨੀ – NSW ਸਰਕਾਰ ਨੇ 2027 Multicultural Community Medals ਅਤੇ Honour Roll ਲਈ ਨਾਮਜ਼ਦਗੀਆਂ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਵੱਕਾਰੀ ਸਨਮਾਨ NSW ਦੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਉਨ੍ਹਾਂ ਲੋਕਾਂ ਅਤੇ ਸੰਸਥਾਵਾਂ ਨੂੰ ਦਿੱਤੇ ਜਾਂਦੇ ਹਨ, ਜੋ ਸੂਬੇ ਦੇ ਬਹੁ-ਸੱਭਿਆਚਾਰਕ ਸਮਾਜ ਲਈ ਸ਼ਾਨਦਾਰ ਯੋਗਦਾਨ ਪਾ ਰਹੇ ਹਨ।
Multicultural Community Medals ਰਾਹੀਂ ਕਮਿਊਨਿਟੀ ਲੀਡਰਸ਼ਿਪ, ਵਲੰਟੀਅਰ ਸੇਵਾ, ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਉਣ, ਸੇਵਾਵਾਂ ਦੇਣ ਅਤੇ ਵੱਖ-ਵੱਖ ਸੱਭਿਆਚਾਰਾਂ ਵਿਚਕਾਰ ਸਾਂਝ, ਸਮਝ ਅਤੇ ਆਪਸੀ ਸਤਿਕਾਰ ਵਧਾਉਣ ਵਾਲੇ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।
ਇਸੇ ਤਰ੍ਹਾਂ Multicultural Honour Roll ਰਾਹੀਂ ਵੱਖ-ਵੱਖ ਪਿਛੋਕੜਾਂ ਨਾਲ ਸਬੰਧਤ ਉਨ੍ਹਾਂ ਆਗੂਆਂ ਦੀਆਂ ਉਪਲਬਧੀਆਂ ਅਤੇ ਵਿਰਾਸਤ ਨੂੰ ਮਰਨੋਂਪਰਾਂਤ ਸਨਮਾਨ ਦਿੱਤਾ ਜਾਂਦਾ ਹੈ, ਜਿਨ੍ਹਾਂ ਨੇ ਸਮਾਜ ਲਈ ਮਹੱਤਵਪੂਰਨ ਕੰਮ ਕੀਤਾ।
13 ਮੈਡਲ ਸ਼੍ਰੇਣੀਆਂ ਦੇ ਜੇਤੂਆਂ ਅਤੇ Honour Roll ਵਿੱਚ ਸ਼ਾਮਲ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਨਾਮ 2027 Premier’s Harmony Dinner ਦੌਰਾਨ ਐਲਾਨੇ ਜਾਣਗੇ। ਇਹ ਸਾਲਾਨਾ ਸਮਾਗਮ NSW ਦੀ ਬਹੁ-ਸੱਭਿਆਚਾਰਕ ਵਿਭਿੰਨਤਾ ਅਤੇ ਇਸ ਨੂੰ ਮਜ਼ਬੂਤ ਬਣਾਉਣ ਵਾਲੇ ਲੋਕਾਂ ਨੂੰ ਸਮਰਪਿਤ ਹੈ।
ਨਾਮਜ਼ਦਗੀ ਦੀਆਂ ਕੁਝ ਮੁੱਖ ਸ਼੍ਰੇਣੀਆਂ ਵਿੱਚ Lifetime Community Service Medal ਸ਼ਾਮਲ ਹੈ, ਜੋ ਕਿਸੇ ਪਰਵਾਸੀ ਭਾਈਚਾਰੇ ਵਿੱਚ 30 ਸਾਲ ਜਾਂ ਇਸ ਤੋਂ ਵੱਧ ਸਮੇਂ ਦੀ ਕਮਿਊਨਿਟੀ ਸੇਵਾ ਲਈ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ Interpreters and Translators Medal ਦੁਭਾਸ਼ੀਏ ਜਾਂ ਅਨੁਵਾਦਕ ਦੀਆਂ ਉਪਲਬਧੀਆਂ ਲਈ, ਜਦਕਿ Multicultural Youth Support Medal ਵੱਖ-ਵੱਖ ਪਿਛੋਕੜਾਂ ਵਾਲੇ ਸਕੂਲੀ ਬੱਚਿਆਂ ਦੀ ਮਦਦ ਕਰਨ ਵਾਲੇ ਪ੍ਰੋਗਰਾਮਾਂ ਲਈ ਹੈ।
Regional Unity Medal ਰਾਹੀਂ ਖੇਤਰੀ ਭਾਈਚਾਰਿਆਂ ਦੀ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਭਲਾਈ ਅਤੇ ਏਕਤਾ ਲਈ ਕੰਮ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। Sports Medal ਖੇਡਾਂ ਰਾਹੀਂ ਵੱਖ-ਵੱਖ ਸੱਭਿਆਚਾਰਾਂ ਵਿਚਕਾਰ ਸਮਝ ਵਧਾਉਣ ਵਾਲੇ ਵਿਅਕਤੀ ਜਾਂ ਖੇਡ ਸੰਗਠਨ ਲਈ ਹੈ।
ਮੀਡੀਆ ਨਾਲ ਸਬੰਧਤ ਸ਼੍ਰੇਣੀਆਂ ਵਿੱਚ Best Report in Multicultural Media, ਜੋ ਮਲਟੀਕਲਚਰਲ ਮੀਡੀਆ ਵਿੱਚ ਸ਼ਾਨਦਾਰ ਪੱਤਰਕਾਰੀ ਲਈ ਹੈ, ਅਤੇ Multicultural Publication of the Year ਸ਼ਾਮਲ ਹਨ।
NSW ਦੇ ਮਲਟੀਕਲਚਰਲ ਮਾਮਲਿਆਂ ਬਾਰੇ ਮੰਤਰੀ ਸਟੀਵ ਕੈਂਪਰ ਨੇ ਕਿਹਾ ਕਿ NSW ਦੀ ਸੱਭਿਆਚਾਰਕ ਵਿਭਿੰਨਤਾ ਨੂੰ ਮਜ਼ਬੂਤ ਬਣਾਉਣ ਵਿੱਚ ਉਹ ਲੋਕ ਅਹਿਮ ਭੂਮਿਕਾ ਨਿਭਾਉਂਦੇ ਹਨ ਜੋ ਹਰ ਰੋਜ਼ ਆਪਣੇ ਭਾਈਚਾਰਿਆਂ ਨੂੰ ਇਕੱਠਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਮੈਡਲ ਉਨ੍ਹਾਂ ਕਮਿਊਨਿਟੀ ਆਗੂਆਂ, ਸੰਸਥਾਵਾਂ ਅਤੇ ਅਜਿਹੇ ਲੋਕਾਂ ਨੂੰ ਮਾਨਤਾ ਦਿੰਦੇ ਹਨ ਜੋ ਚੁੱਪਚਾਪ ਪਰ ਲਗਾਤਾਰ ਇੱਕ ਹੋਰ ਸਮਾਵੇਸ਼ੀ, ਜੁੜੇ ਹੋਏ ਅਤੇ ਸਾਂਝੇ NSW ਦੀ ਉਸਾਰੀ ਵਿੱਚ ਯੋਗਦਾਨ ਪਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਉਹ ਕਿਸੇ ਅਜਿਹੇ ਵਿਅਕਤੀ ਨੂੰ ਜਾਣਦੇ ਹਨ ਜੋ ਨਵੇਂ ਆਏ ਭਾਈਚਾਰਿਆਂ ਦੀ ਮਦਦ ਕਰਦਾ ਹੈ, ਭਾਸ਼ਾ ਦੀਆਂ ਰੁਕਾਵਟਾਂ ਘਟਾਉਂਦਾ ਹੈ ਜਾਂ ਖੇਡਾਂ ਰਾਹੀਂ ਲੋਕਾਂ ਨੂੰ ਜੋੜਦਾ ਹੈ ਤਾਂ ਉਸ ਨੂੰ ਨਾਮਜ਼ਦ ਕੀਤਾ ਜਾਵੇ। ਨਾਮਜ਼ਦਗੀਆਂ ਦੀ ਆਖਰੀ ਮਿਤੀ ਐਤਵਾਰ, 20 ਸਤੰਬਰ 2026 ਹੈ।
Multicultural NSW ਦੇ ਐਕਟਿੰਗ CEO ਜੇਮਜ਼ ਜੇਗਾਸੋਥੀ ਨੇ ਵੀ ਲੋਕਾਂ ਨੂੰ ਨਾਮਜ਼ਦਗੀਆਂ ਭੇਜਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹਰ ਸਾਲ ਇਹ ਸਨਮਾਨ ਉਨ੍ਹਾਂ ਲੋਕਾਂ ਦੀਆਂ ਕਹਾਣੀਆਂ ਸਾਹਮਣੇ ਲਿਆਉਂਦੇ ਹਨ ਜੋ ਆਪਣੇ ਭਾਈਚਾਰਿਆਂ ਲਈ ਲਗਾਤਾਰ ਮਿਹਨਤ ਕਰ ਰਹੇ ਹਨ।
2026 ਦੀ Regional Unity Medal ਜੇਤੂ ਗਾਰਗੀ ਗਾਂਗੁਲੀ ਨੇ ਕਿਹਾ ਕਿ ਇਹ ਸਨਮਾਨ ਮਿਲਣ ਨਾਲ ਇਹ ਅਹਿਸਾਸ ਹੋਇਆ ਕਿ ਖੇਤਰੀ ਆਸਟ੍ਰੇਲੀਆ ਵਿੱਚ ਹੋ ਰਿਹਾ ਕਮਿਊਨਿਟੀ ਕੰਮ ਵੀ ਬਹੁਤ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਪਰਿਵਾਰਾਂ ਦੀ ਮਦਦ ਕਰਦੇ, ਨੌਜਵਾਨਾਂ ਨੂੰ ਮਾਰਗਦਰਸ਼ਨ ਦਿੰਦੇ, ਨਵੇਂ ਮੌਕੇ ਪੈਦਾ ਕਰਦੇ ਜਾਂ ਲੋਕਾਂ ਨੂੰ ਹੋਰ ਨੇੜੇ ਲਿਆਉਣ ਲਈ ਕੰਮ ਕਰਦੇ ਹਨ, ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਮਿਲਣੀ ਚਾਹੀਦੀ ਹੈ।
