
ਲਗਾਤਾਰ ਰਹਿਣ ਵਾਲੀ ਥਕਾਵਟ ਨੂੰ ਅਕਸਰ ਘੱਟ ਨੀਂਦ, ਤਣਾਅ, ਕੰਮ ਦਾ ਬੋਝ ਜਾਂ ਹਾਰਮੋਨ ਵਿੱਚ ਤਬਦੀਲੀਆਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਥਕਾਵਟ ਲੰਬੇ ਸਮੇਂ ਤੱਕ ਰਹੇ ਜਾਂ ਇਸ ਦਾ ਕੋਈ ਸਪੱਸ਼ਟ ਕਾਰਨ ਸਮਝ ਨਾ ਆਵੇ ਤਾਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਸਤੰਬਰ ਵਿੱਚ ਮਨਾਏ ਜਾ ਰਹੇ PBC ਜਾਗਰੂਕਤਾ ਮਹੀਨੇ ਦੌਰਾਨ ਜਾਰੀ ਇੱਕ ਨਵੇਂ ਸਰਵੇਖਣ ਨੇ ਆਸਟ੍ਰੇਲੀਆ ਵਿੱਚ ਇਸ ਬਿਮਾਰੀ ਬਾਰੇ ਜਾਗਰੂਕਤਾ ਦੀ ਘਾਟ ਨੂੰ ਸਾਹਮਣੇ ਲਿਆਂਦਾ ਹੈ।
Primary Biliary Cholangitis (PBC) ਲਿਵਰ ਦੀ ਇੱਕ ਦੁਰਲੱਭ ਆਟੋਇਮਿਊਨ ਬਿਮਾਰੀ ਹੈ। ਅੰਦਾਜ਼ੇ ਮੁਤਾਬਕ ਆਸਟ੍ਰੇਲੀਆ ਵਿੱਚ ਲਗਭਗ 5,000 ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹਨ। ਇਨ੍ਹਾਂ ਵਿੱਚੋਂ ਕਰੀਬ 95 ਫੀਸਦੀ ਔਰਤਾਂ ਹਨ। PBC ਵਿੱਚ ਲਿਵਰ ਦੀਆਂ ਛੋਟੀਆਂ ਬਾਈਲ ਡਕਟਾਂ ਵਿੱਚ ਸੋਜ ਆ ਜਾਂਦੀ ਹੈ ਅਤੇ ਸਮੇਂ ਦੇ ਨਾਲ ਇਹ ਬੰਦ ਹੋ ਸਕਦੀਆਂ ਹਨ। ਇਸ ਕਾਰਨ ਬਾਈਲ ਲਿਵਰ ਵਿੱਚ ਇਕੱਠੀ ਹੋ ਸਕਦੀ ਹੈ ਅਤੇ ਲਿਵਰ ਨੂੰ ਨੁਕਸਾਨ ਪਹੁੰਚ ਸਕਦਾ ਹੈ। ਇਸ ਬਿਮਾਰੀ ਦੇ ਆਮ ਲੱਛਣਾਂ ਵਿੱਚ ਲਗਾਤਾਰ ਥਕਾਵਟ, ਸਰੀਰ ਵਿੱਚ ਖਾਰਸ਼, ਅੱਖਾਂ ਅਤੇ ਮੂੰਹ ਦਾ ਸੁੱਕਾਪਣ ਸ਼ਾਮਲ ਹੋ ਸਕਦੇ ਹਨ।
Ipsen Australia ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ਸਿਰਫ਼ 11 ਫੀਸਦੀ ਆਸਟ੍ਰੇਲੀਆਈ ਲੋਕ ਲਗਾਤਾਰ ਥਕਾਵਟ ਨੂੰ ਲਿਵਰ ਦੀ ਬਿਮਾਰੀ ਨਾਲ ਜੋੜਦੇ ਹਨ। ਇਸ ਦੇ ਮੁਕਾਬਲੇ 69 ਫੀਸਦੀ ਲੋਕਾਂ ਨੇ ਥਕਾਵਟ ਦਾ ਕਾਰਨ ਘੱਟ ਨੀਂਦ, 60 ਫੀਸਦੀ ਨੇ ਤਣਾਅ ਅਤੇ 53 ਫੀਸਦੀ ਨੇ ਕੰਮ ਅਤੇ ਨਿੱਜੀ ਜ਼ਿੰਦਗੀ ਦੇ ਦਬਾਅ ਨੂੰ ਮੰਨਿਆ।
ਰਾਇਲ ਪ੍ਰਿੰਸ ਐਲਫ੍ਰੈਡ ਹਸਪਤਾਲ ਦੀ ਹਿਪੈਟੋਲੋਜਿਸਟ ਅਤੇ Liver Foundation ਦੀ Clinical and Scientific Committee ਦੀ ਚੇਅਰ ਪ੍ਰੋਫੈਸਰ ਸਿਮੋਨ ਸਟ੍ਰਾਸਰ ਨੇ ਕਿਹਾ ਕਿ ਲਗਾਤਾਰ ਥਕਾਵਟ ਨੂੰ ਆਮ ਜ਼ਿੰਦਗੀ ਦਾ ਹਿੱਸਾ ਸਮਝ ਕੇ ਛੱਡ ਦੇਣਾ ਆਸਾਨ ਹੁੰਦਾ ਹੈ, ਖਾਸ ਕਰਕੇ ਮੱਧ ਉਮਰ ਦੀਆਂ ਔਰਤਾਂ ਵਿੱਚ। ਉਨ੍ਹਾਂ ਕਿਹਾ ਕਿ ਥਕਾਵਟ ਸਿਰਫ਼ ਆਮ ਥਕਾਵਟ ਨਹੀਂ ਹੁੰਦੀ ਅਤੇ ਇਸ ਦੇ ਕਈ ਕਾਰਨ ਹੋ ਸਕਦੇ ਹਨ। ਜੇ ਥਕਾਵਟ ਲਗਾਤਾਰ ਰਹੇ ਜਾਂ ਇਸ ਦਾ ਕਾਰਨ ਸਮਝ ਨਾ ਆਵੇ ਤਾਂ ਇਸ ਨੂੰ ਸਿਰਫ਼ ਤਣਾਅ, ਘੱਟ ਨੀਂਦ ਜਾਂ ਰੁਝੇਵੇਂ ਨਾਲ ਜੋੜ ਕੇ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ। ਆਪਣੀ ਸਿਹਤ ਵਿੱਚ ਲਗਾਤਾਰ ਜਾਂ ਅਣਜਾਣ ਤਬਦੀਲੀਆਂ ਬਾਰੇ ਚਿੰਤਾ ਹੋਵੇ ਤਾਂ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ। ਪ੍ਰੋਫੈਸਰ ਸਟ੍ਰਾਸਰ ਨੇ ਕਿਹਾ ਕਿ PBC Awareness Month ਦੌਰਾਨ ਇਸ ਘੱਟ ਜਾਣੀ ਜਾਣ ਵਾਲੀ ਲਿਵਰ ਬਿਮਾਰੀ ਅਤੇ ਔਰਤਾਂ ’ਤੇ ਇਸ ਦੇ ਵੱਧ ਪ੍ਰਭਾਵ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਜਾਗਰੂਕਤਾ ਦਾ ਮਤਲਬ ਆਪਣੇ ਆਪ ਬਿਮਾਰੀ ਦੀ ਪਛਾਣ ਕਰਨਾ ਨਹੀਂ ਹੈ। ਇਸ ਦਾ ਮਕਸਦ ਇਹ ਸਮਝਣਾ ਹੈ ਕਿ PBC ਵਰਗੀਆਂ ਬਿਮਾਰੀਆਂ ਵੱਖ-ਵੱਖ ਤਰੀਕਿਆਂ ਨਾਲ ਸਾਹਮਣੇ ਆ ਸਕਦੀਆਂ ਹਨ ਅਤੇ ਸਿਹਤ ਵਿੱਚ ਲਗਾਤਾਰ ਜਾਂ ਅਣਜਾਣ ਤਬਦੀਲੀਆਂ ਬਾਰੇ ਡਾਕਟਰ ਨਾਲ ਗੱਲ ਕਰਨੀ ਚਾਹੀਦੀ ਹੈ।
ਸਰਵੇਖਣ ਨੇ PBC ਬਾਰੇ ਜਾਗਰੂਕਤਾ ਦੀ ਵੱਡੀ ਘਾਟ ਵੀ ਦਿਖਾਈ। ਲਗਭਗ 72 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ PBC ਬਾਰੇ ਕਦੇ ਸੁਣਿਆ ਹੀ ਨਹੀਂ। ਜਿਹੜੇ 27 ਫੀਸਦੀ ਲੋਕ ਇਸ ਬਿਮਾਰੀ ਬਾਰੇ ਜਾਣਦੇ ਸਨ, ਉਨ੍ਹਾਂ ਵਿੱਚੋਂ ਲਗਭਗ ਅੱਧੇ, ਯਾਨੀ 47 ਫੀਸਦੀ, ਇਹ ਨਹੀਂ ਜਾਣਦੇ ਸਨ ਕਿ PBC ਕੀ ਹੈ।
Sunshine Coast University Hospital ਦੇ ਹਿਪੈਟੋਲੋਜਿਸਟ ਅਤੇ ਆਸਟ੍ਰੇਲੀਆ ਦੇ ਇਕਲੌਤੇ ਵਿਸ਼ੇਸ਼ PBC ਕਲੀਨਿਕ ਦੇ ਮੁੱਖ ਹਿਪੈਟੋਲੋਜਿਸਟ ਡਾ. ਰੋਹਿਤ ਗੁਪਤਾ ਨੇ ਕਿਹਾ ਕਿ PBC ਅਤੇ ਲਿਵਰ ਦੀ ਸਿਹਤ ਬਾਰੇ ਵਧੇਰੇ ਜਾਗਰੂਕਤਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹ ਦੁਰਲੱਭ ਬਿਮਾਰੀ ਹੋਣ ਦੇ ਬਾਵਜੂਦ ਇਸ ਦਾ ਇਲਾਜ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ PBC ਦੀ ਜਾਂਚ ਆਮ ਤੌਰ ’ਤੇ GP ਕੋਲ ਉਪਲਬਧ ਖੂਨ ਦੀਆਂ ਜਾਂਚਾਂ ਰਾਹੀਂ ਕੀਤੀ ਜਾ ਸਕਦੀ ਹੈ। ਇਹ ਗੰਭੀਰ ਬਿਮਾਰੀ ਹੋ ਸਕਦੀ ਹੈ, ਇਸ ਲਈ ਲੋਕਾਂ ਨੂੰ ਆਪਣੀ ਸਿਹਤ ਵਿੱਚ ਹੋ ਰਹੀਆਂ ਤਬਦੀਲੀਆਂ ਵੱਲ ਧਿਆਨ ਦੇਣਾ ਚਾਹੀਦਾ ਹੈ ਅਤੇ ਜੇ ਕੁਝ ਨਵਾਂ ਜਾਂ ਅਸਧਾਰਨ ਮਹਿਸੂਸ ਹੋਵੇ ਤਾਂ ਡਾਕਟਰ ਨਾਲ ਗੱਲ ਕਰਨ ਤੋਂ ਹਿਚਕਿਚਾਉਣਾ ਨਹੀਂ ਚਾਹੀਦਾ।
ਇਹ ਜਾਣਕਾਰੀ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਆਸਟ੍ਰੇਲੀਆ ਵਿੱਚ ਔਰਤਾਂ ਨੂੰ ਸਿਹਤ ਸੇਵਾਵਾਂ ਦੌਰਾਨ ਆਉਂਦੀਆਂ ਮੁਸ਼ਕਲਾਂ ’ਤੇ ਵੀ ਧਿਆਨ ਦਿੱਤਾ ਜਾ ਰਿਹਾ ਹੈ। Australian Government ਦੇ #EndGenderBias ਸਰਵੇਖਣ ਵਿੱਚ ਹਿੱਸਾ ਲੈਣ ਵਾਲੀਆਂ ਦੋ-ਤਿਹਾਈ ਔਰਤਾਂ ਨੇ ਸਿਹਤ ਸੇਵਾਵਾਂ ਨਾਲ ਜੁੜੇ ਲਿੰਗ-ਅਧਾਰਿਤ ਪੱਖਪਾਤ ਜਾਂ ਭੇਦਭਾਵ ਦਾ ਤਜਰਬਾ ਹੋਣ ਦੀ ਗੱਲ ਕਹੀ। ਇਨ੍ਹਾਂ ਵਿੱਚ ਕੁਝ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ ਜਾਂ ਉਨ੍ਹਾਂ ਦੇ ਲੱਛਣਾਂ ਨੂੰ ਹੋਰ ਕਾਰਨਾਂ ਨਾਲ ਜੋੜ ਦਿੱਤਾ ਗਿਆ।
PBC Awareness Month ਪੂਰੇ ਸਤੰਬਰ ਦੌਰਾਨ ਮਨਾਇਆ ਜਾ ਰਿਹਾ ਹੈ। ਇਸ ਦਾ ਮਕਸਦ PBC ਬਾਰੇ ਜਾਣਕਾਰੀ ਵਧਾਉਣਾ ਅਤੇ ਇਸ ਦੁਰਲੱਭ ਆਟੋਇਮਿਊਨ ਲਿਵਰ ਬਿਮਾਰੀ ਦੀ ਪਛਾਣ ਨੂੰ ਉਤਸ਼ਾਹਿਤ ਕਰਨਾ ਹੈ।
