Punjab

ਪੰਜਾਬ ਦੇ 10 ਨਵੇਂ ਮੰਤਰੀਆਂ ਤੇ ਸਪੀਕਰ ਦੇ ਨਾਵਾਂ ਦਾ ਐਲਾਨ: ਅੱਜ ਸਹੁੰ ਚੁੱਕਣਗੇ

ਸ਼ਬਦ-ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵਉੱਚਤਾ, ਮਰਯਾਦਾ ਅਤੇ ਪੰਥਕ ਸ਼ਬਦਾਵਲੀ ਕਿਸੇ ਦੁਨਿਆਵੀ ਸਰਕਾਰ, ਸਿਆਸਤਦਾਨ ਜਾਂ ਅਫ਼ਸਰਸ਼ਾਹੀ ਦੇ ਅਧੀਨ ਨਹੀਂ ਹੋ ਸਕਦੀ।

ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਦਾ ਐਲਾਨ ਕਰ ਦਿੱਤਾ ਹੈ ਜਿਸ ਵਿੱਚ ਹਾਲ ਦੀ ਘੜੀ 10 ਵਿਧਾਇਕਾਂ ਨੂੰ ਮੰਤਰੀ ਬਣਾਇਆ ਗਿਆ ਹੈ। ਅੱਜ ਪੰਜਾਬ ਦੀ ਨਵੀਂ ਕੈਬਨਿਟ ਨੂੰ ਸਵੇਰੇ 11 ਵਜੇ ਸਹੁੰ ਚੁਕਾਈ ਜਾਵੇਗੀ। ਸਹੁੰ ਚੁੱਕ ਸਮਾਗਮ ਰਾਜ ਭਵਨ ਚੰਡੀਗੜ੍ਹ ਵਿਖੇ ਹੋਵੇਗਾ। ਭਗਵੰਤ ਮਾਨ ਨੇ ਖੁਦ ਸੋਸ਼ਲ ਮੀਡੀਆ ‘ਤੇ ਆਪਣੇ ਸੰਭਾਵੀ ਮੰਤਰੀਆਂ ਦੀ ਸੂਚੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਆਪ ਦੇ ਕੋਟਕਪੂਰਾ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਕੁਲਤਾਰ ਸਿੰਘ ਸੰਧਵਾਂ ਨੂੰ 16ਵੀਂ ਵਿਧਾਨ ਸਭਾ ਦਾ ਨਵਾਂ ਸਪੀਕਰ ਬਣਾਇਆ ਗਿਆ ਹੈ। ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਖੁਦ ਨੂੰ ਸਪੀਕਰ ਬਣਾਏ ਜਾਣ ਲਈ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦਾ ਧੰਨਵਾਦ ਕੀਤਾ ਹੈ। ਭਗਵੰਤ ਮਾਨ ਨੇ ਆਪਣੇ ਪਹਿਲੇ ਮੰਤਰੀ ਮੰਡਲ ਦੇ ਵਿਸਥਾਰ ਵਿੱਚ ਪੰਜਾਬ ਦੇ ਤਿੰਨੋਂ ਖੇਤਰਾਂ ਮਾਲਵਾ, ਮਾਝਾ ਅਤੇ ਦੋਆਬਾ ਵਿੱਚ ਸਿਆਸੀ ਸੰਤੁਲਨ ਬਣਾਉਣ ਦਾ ਪੂਰਾ ਧਿਆਨ ਰੱਖਿਆ ਹੈ। ਮੰਤਰੀ ਬਣਨ ਵਾਲੇ 10 ਵਿਧਾਇਕਾਂ ਵਿੱਚੋਂ 4 ਮਾਲਵਾ ਖੇਤਰ ਤੋਂ ਆਉਂਦੇ ਹਨ, ਜਿੱਥੇ ਪੰਜਾਬ ਵਿਧਾਨ ਸਭਾ ਦੀਆਂ 117 ਵਿੱਚੋਂ 69 ਸੀਟਾਂ ਆਉਂਦੀਆਂ ਹਨ। ਇਨ੍ਹਾਂ ਚਾਰ ਮੰਤਰੀਆਂ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਖੁਦ ਵੀ ਮਾਲਵਾ ਖੇਤਰ ਦੇ ਸੰਗਰੂਰ ਜ਼ਿਲ੍ਹੇ ਦੀ ਧੂਰੀ ਵਿਧਾਨ ਸਭਾ ਸੀਟ ਤੋਂ ਵਿਧਾਇਕ ਹਨ। ‘ਆਪ’ ਨੇ ਇਸ ਵਾਰ ਮਾਲਵੇ ਦੀਆਂ ਇਨ੍ਹਾਂ 69 ਵਿੱਚੋਂ 66 ਸੀਟਾਂ ਜਿੱਤੀਆਂ ਹਨ। 25 ਵਿਧਾਨ ਸਭਾ ਸੀਟਾਂ ਵਾਲੇ ਮਾਝਾ ਖੇਤਰ ਦੇ ਚਾਰ ਵਿਧਾਇਕ ਵੀ ਮੰਤਰੀ ਵਜੋਂ ਸਹੁੰ ਚੁਕਣਗੇ। ਮੰਤਰੀ ਬਣੇ ਮਾਝਾ ਖੇਤਰ ਦੇ ਇਨ੍ਹਾਂ 4 ਵਿਧਾਇਕਾਂ ‘ਚੋਂ 2 ਅੰਮ੍ਰਿਤਸਰ ਜ਼ਿਲ੍ਹੇ ਦੀਆਂ ਜੰਡਿਆਲਾ ਅਤੇ ਅਜਨਾਲਾ ਸੀਟਾਂ ਤੋਂ ਹਨ, ਜਦਕਿ ਇਕ-ਇਕ ਵਿਧਾਇਕ ਪਠਾਨਕੋਟ ਅਤੇ ਤਰਨਤਾਰਨ ਜ਼ਿਲਿ੍ਹਆਂ ਨਾਲ ਸਬੰਧਤ ਹੈ। ਇਸ ਤੋਂ ਇਲਾਵਾ 23 ਵਿਧਾਨ ਸਭਾ ਸੀਟਾਂ ਵਾਲੇ ਦੋਆਬਾ ਖੇਤਰ ਦੇ ਦੋ ਵਿਧਾਇਕ ਵੀ ਮੰਤਰੀ ਬਣਨਗੇ। ਮੰਤਰੀ ਬਣੇ ਦੋਆਬਾ ਦੇ ਦੋ ਵਿਧਾਇਕਾਂ ਵਿੱਚੋਂ ਬ੍ਰਹਮ ਸ਼ੰਕਰ (ਜ਼ਿੰਪਾ) ਹੁਸ਼ਿਆਰਪੁਰ ਸੀਟ ਤੋਂ ‘ਆਪ’ ਵਿਧਾਇਕ ਹਨ ਅਤੇ ਰੋਪੜ ਜ਼ਿਲ੍ਹੇ ਦੀ ਆਨੰਦਪੁਰ ਸਾਹਿਬ ਸੀਟ ਤੋਂ ਹਰਜੋਤ ਸਿੰਘ ਬੈਂਸ ਹਨ।
ਸਹੁੰ ਚੁੱਕ ਸਮਾਗਮ ਖਤਮ ਹੋਣ ਤੋਂ ਬਾਅਦ 12:30 ਵਜੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਕੈਬਨਿਟ ਦੀ ਪਹਿਲੀ ਮੀਟਿੰਗ ਹੋਵੇਗੀ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਜਾ ਸਕਦੇ ਹਨ।

ਪੰਜਾਬ ਦੀ ਨਵੀਂ ਸਰਕਾਰ ਦੇ ਵਿੱਚ ਬਣਨ ਵਾਲੇ 10 ਨਵੇਂ ਮੰਤਰੀਆਂ ਦੇ ਨਾਲ ਹੇਠ ਲਿਖੇ ਹਨ:

1. ਹਰਪਾਲ ਸਿੰਘ ਚੀਮਾ – ਦਿੜਬਾ
2. ਡਾ. ਬਲਜੀਤ ਕੌਰ – ਮਲੋਟ
3. ਹਰਭਜਨ ਸਿੰਘ ਈਟੀਓ – ਜੰਡਿਆਲਾ
4. ਵਿਜੇ ਸਿੰਗਲਾ – ਮਾਨਸਾ
5. ਗੁਰਮੀਤ ਸਿੰਘ ਮੀਤ ਹੇਅਰ – ਬਰਨਾਲਾ
6. ਕੁਲਦੀਪ ਸਿੰਘ ਧਾਲੀਵਾਲ – ਅਜਨਾਲਾ
7. ਲਾਲਜੀਤ ਸਿੰਘ ਭੁੱਲਰ – ਪੱਟੀ
8. ਬ੍ਰਹਮ ਸ਼ੰਕਰ (ਜਿੰਪਾ) – ਹੁਸ਼ਿਆਰਪੁਰ
9. ਲਾਲ ਚੰਦ ਕਟਾਰੂਚੱਕ – ਭੋਆ
10. ਹਰਜੋਤ ਸਿੰਘ ਬੈਂਸ- ਅਨੰਦਪੁਰ ਸਾਹਿਬ

ਪੰਜਾਬ ਦੀ ਨਵੀਂ ਸਰਕਾਰ ਦੇ ਵਿੱਚ ਬਣਨ ਵਾਲੇ 10 ਨਵੇਂ ਮੰਤਰੀਆਂ ਦਾ ਵੇਰਵਾ ਵਿਸਥਾਰ ਦੇ ਵਿੱਚ ਇਸ ਤਰ੍ਹਾਂ ਹੈ:
1. ਹਰਪਾਲ ਸਿੰਘ ਚੀਮਾ

ਸੰਗਰੂਰ ਦੇ ਦਿੜਬਾ ਤੋਂ ਵਿਧਾਇਕ ਹਰਪਾਲ ਸਿੰਘ ਚੀਮਾ ਪਿਛਲੀ ਵਿਧਾਨ ਸਭਾ ਵਿੱਚ ਸੁਖਪਾਲ ਸਿੰਘ ਖਹਿਰਾ ਤੋਂ ਬਾਅਦ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਆਗੂ ਬਣਾਏ ਗਏ ਸਨ। ਹਰਪਾਲ ਸਿੰਘ ਪੇਸ਼ੇ ਤੋਂ ਵਕੀਲ ਹਨ। ਉਹ ਦਿੜਬਾ ਰਾਖਵੀਂ ਸੀਟ ਤੋਂ ਦੂਜੀ ਵਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣ ਕੇ ਆਏ ਹਨ। ਹਰਪਾਲ ਚੀਮਾ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਆਪਣਾ ਕਰੀਅਰ ਵਿਦਿਆਰਥੀ ਕਾਰਕੁਨ ਵਜੋਂ ਸ਼ੁਰੂ ਕੀਤਾ ਸੀ। ਚੀਮਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਵੀ ਰਹੇ ਹਨ। ਹਰਪਾਲ ਸਿੰਘ ਚੀਮਾ ਧੂਰੀ ਦੇ ਚੀਮਾ ਪਿੰਡ ਦੇ ਰਹਿਣ ਵਾਲੇ ਹਨ।

2. ਗੁਰਮੀਤ ਸਿੰਘ ਮੀਤ ਹੇਅਰ

ਗੁਰਮੀਤ ਸਿੰਘ ਮੀਤ ਹੇਅਰ ਬਰਨਾਲਾ ਤੋਂ ਆਮ ਆਦਮੀ ਪਾਰਟੀ ਦੇ ਦੂਜੀ ਵਾਰ ਵਿਧਾਇਕ ਬਣੇ ਹਨ। ਇਸ ਵਾਰ ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਅਕਾਲੀ ਦਲ ਦੇ ਕੁਲਵੰਤ ਸਿੰਘ ਨੂੰ ਹਰਾਇਆ ਹੈ। ਉਨ੍ਹਾਂ ਨੇ ਵਿਵੇਕਾਨੰਦ ਇੰਸਟੀਚਿਊਟ ਆਫ਼ ਟੈਕਨੌਲੋਜੀ ਤੋਂ ਬੀਟੈਕ ਦੀ ਪੜ੍ਹਾਈ ਕੀਤੀ ਹੈ। ਸਿਵਲ ਸੇਵਾ ਦੀ ਪ੍ਰੀਖਿਆ ਦੀ ਤਿਆਰੀ ਕਰਨ ਵਾਲੇ ਮੀਤ ਹੇਅਰ ਅੰਨਾ ਹਜ਼ਾਰੇ ਅੰਦੋਲਨ ਤੋਂ ਬਾਅਦ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ।

3. ਡਾ. ਵਿਜੇ ਸਿੰਗਲਾ

ਵਿਜੇ ਸਿੰਗਲਾ ਆਪਣੀਆਂ ਪਹਿਲੀ ਚੋਣ ਵਿੱਚ ਹੀ ਜਿੱਤ ਦਰਜ ਕਰਕੇ ਮਾਨਸਾ ਹਲਕੇ ਤੋਂ ਵਿਧਾਨ ਸਭਾ ਪਹੁੰਚੇ ਹਨ। ਉਨ੍ਹਾਂ ਨੇ ਹੌਟ ਸੀਟ ਮਾਨਸਾ ਤੋਂ ਗਾਇਕ ਤੋਂ ਸਿਆਸਤ ਵਿੱਚ ਆਏ ਕਾਂਗਰਸ ਉਮੀਦਵਾਰ ਸਿੱਧੂ ਮੂਸੇਵਾਲਾ ਨੂੰ ਹਰਾਇਆ ਸੀ। ਡਾæ ਵਿਜੇ ਸਿੰਗਲਾ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ।

4. ਡਾ. ਬਲਜੀਤ ਕੌਰ

ਮਲੋਟ ਸੀਟ ‘ਤੇ ਡਾ. ਬਲਜੀਤ ਕੌਰ ਨੇ ਅਕਾਲੀ ਦਲ ਦੇ ਹਰਪ੍ਰੀਤ ਸਿੰਘ ਨੂੰ 40 ਹਜ਼ਾਰ ਤੋਂ ਵੀ ਵੱਧ ਵੋਟਾਂ ਦੇ ਫਰਕ ਨਾਲ ਹਰਾਇਆ ਹੈ। ਡਾ.ਬਲਜੀਤ ਕੌਰ ਫਰੀਦਕੋਟ ਤੋਂ ਸੰਸਦ ਮੈਂਬਰ ਰਹਿ ਚੁੱਕੇ ਸਾਧੂ ਸਿੰਘ ਦੀ ਧੀ ਹਨ ਤੇ ਉਨਾਂ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਪਿਤਾ ਲਈ ਪ੍ਰਚਾਰ ਵੀ ਕੀਤਾ ਸੀ। ਡਾ.ਬਲਜੀਤ ਕੌਰ ਨੇ ਕਰੀਬ 4 ਸਾਲ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਤੇ ਪਹਿਲੀ ਵਾਰ ਵਿਧਾਨ ਸਭਾ ਚੋਣ ਲੜੀ ਹੈ। ਡਾ.ਬਲਜੀਤ ਕੌਰ ਅੱਖਾਂ ਦੇ ਡਾਕਟਰ ਹਨ। ਉਨ੍ਹਾਂ ਨੂੰ ਭਾਰਤ ਸਰਕਾਰ ਵੱਲੋਂ ਬੈਸਟ ਸਰਜਨ ਦਾ ਐਵਾਰਡ ਵੀ ਮਿਲਿਆ ਸੀ। ਸਿਵਿਲ ਹਸਪਤਾਲ ਮੁਕਤਸਰ ਵਿੱਚ ਅੱਖਾਂ ਦੀ ਮਾਹਿਰ ਡਾਕਟਰ ਵਜੋਂ ਡਿਊਟੀ ਨਿਭਾ ਰਹੇ ਬਲਜੀਤ ਕੌਰ ਨੇ 4 ਮਹੀਨੇ ਪਹਿਲਾਂ ਪ੍ਰੀ-ਰਿਟਾਇਰਮੈਂਟ ਲੈ ਲਈ ਸੀ। ਸੇਵਾ ਮੁਕਤ ਹੋਣ ਮਗਰੋਂ ਉਹ ਪ੍ਰਾਈਵੇਟ ਕਲੀਨਿਕ ਸ਼ੁਰੂ ਕਰਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਚੋਣਾਂ ਦੌਰਾਨ ਉਨ੍ਹਾਂ ਬਾਰੇ ਇਹ ਗੱਲ ਚਰਚਿਤ ਰਹੀ ਕਿ ਉਹ ਰੋਜ਼ ਚੋਣ ਪ੍ਰਚਾਰ ਸ਼ੁਰ ਕਰਨ ਤੋਂ ਪਹਿਲਾ ਮਰੀਜ਼ਾਂ ਦਾ ਚੈੱਕਅੱਪ ਕਰਦੇ ਸਨ।

5. ਹਰਜੋਤ ਸਿੰਘ ਬੈਂਸ

ਹਰਜੋਤ ਸਿੰਘ ਬੈਂਸ ਜ਼ਿਲ੍ਹਾ ਰੂਪਨਗਰ ਦੇ ਪਿੰਡ ਗੰਭੀਰਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਆਨੰਦਪੁਰ ਸਾਹਿਬ ਹਲਕੇ ਤੋਂ ਚੋਣ ਜਿੱਤੀ ਹੈ। ਉਨ੍ਹਾਂ ਕਾਂਗਰਸ ਦੇ ਕੰਵਰਪਾਲ ਸਿੰਘ ਅਤੇ ਭਾਜਪਾ ਦੇ ਡਾ. ਪਰਮਿੰਦਰ ਸ਼ਰਮਾ ਨੂੰ ਹਰਾਇਆ ਸੀ। ਹਰਜੋਤ ਸਿੰਘ ਪੇਸ਼ੇ ਵਜੋਂ ਵਕੀਲ ਹਨ ਅਤੇ ਉਨ੍ਹਾਂ ਬੀਏ ਐਲਐਲਬੀ ਦੀ ਪੜ੍ਹਾਈ ਕੀਤੀ ਹੈ।

6. ਕੁਲਦੀਪ ਸਿੰਘ ਧਾਲੀਵਾਲ

ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਜਗਦੇਵ ਕਲਾਂ ਦੇ ਰਹਿਣ ਵਾਲੇ ਹਨ। ਉਨ੍ਹਾਂ ਆਮ ਆਦਮੀ ਪਾਰਟੀ ਵੱਲੋਂ ਅਜਨਾਲਾ ਸੀਟ ਤੋਂ ਚੋਣ ਜਿੱਤੀ ਹੈ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਪੰਜਾਬ ਲੋਕ ਕਾਂਗਰਸ ਦੇ ਸੁਰਜੀਤ ਸਿੰਘ ਨਾਲ ਸੀ। ਕੁਲਦੀਪ ਸਿੰਘ 10ਵੀਂ ਪਾਸ ਹਨ। ਕੁਲਦੀਪ ਸਿੰਘ ਪੁਰਾਣੇ ਕਾਂਗਰਸੀ ਪਰਿਵਾਰ ਵਿੱਚੋਂ ਹਨ ਅਤੇ ਉਨ੍ਹਾਂ ਦੇ ਭਰਾ ਕਾਂਗਰਸ ਦੇ ਸਰਪੰਚ ਰਹੇ ਹਨ।

7. ਲਾਲ ਚੰਦ ਕਟਾਰੂਚੱਕ

ਲਾਲ ਚੰਦ ਪਠਾਨਕੋਟ ਦੇ ਪਿੰਡ ਕਟਾਰੂਚੱਕ ਦੇ ਰਹਿਣ ਵਾਲੇ ਹਨ। ਆਮ ਆਦਮੀ ਪਾਰਟੀ ਵੱਲੋਂ ਉਹ ਭੋਆ ਵਿਧਾਨਸਭਾ ਸੀਟ ਤੋਂ ਚੋਣ ਜਿੱਤੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਜੋਗਿੰਦਰ ਪਾਲ ਅਤੇ ਭਾਜਪਾ ਦੀ ਸੀਮਾ ਕੁਮਾਰੀ ਨਾਲ ਸੀ। ਲਾਲ ਚੰਦ 10ਵੀਂ ਪਾਸ ਹਨ।

8. ਬ੍ਰਹਮ ਸ਼ੰਕਰ ਸ਼ਰਮਾ

ਬ੍ਰਹਮ ਸ਼ੰਕਰ ਸ਼ਰਮਾ ਹੋਸ਼ਿਆਰਪੁਰ ਦੇ ਹੀ ਰਹਿਣ ਵਾਲੇ ਹਨ। ਆਮ ਆਦਮੀ ਪਾਰਟੀ ਵੱਲੋਂ ਉਹ ਹੋਸ਼ਿਆਰਪੁਰ ਵਿਧਾਨਸਭਾ ਸੀਟ ਤੋਂ ਚੋਣ ਜਿੱਤੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਸੁੰਦਰ ਸ਼ਾਮ ਅਰੋੜਾ ਅਤੇ ਭਾਜਪਾ ਦੇ ਤੀਕਸ਼ਣ ਸੂਦ ਨਾਲ ਸੀ। ਬ੍ਰਮ ਸ਼ੰਕਰ 12ਵੀਂ ਪਾਸ ਹਨ

9. ਲਾਲਜੀਤ ਸਿੰਘ ਭੁੱਲਰ

ਲਾਲਜੀਤ ਸਿੰਘ ਭੁੱਲਰ ਪੱਟੀ ਦੇ ਹੀ ਰਹਿਣ ਵਾਲੇ ਹਨ। ਆਮ ਆਦਮੀ ਪਾਰਟੀ ਵੱਲੋਂ ਉਹ ਪੱਟੀ ਵਿਧਾਨਸਭਾ ਸੀਟ ਤੋਂ ਚੋਣ ਜਿੱਤੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਹਰਮਿੰਦਰ ਸਿੰਘ ਗਿੱਲ ਅਤੇ ਪੰਜਾਬ ਲੋਕ ਕਾਂਗਰਸ ਦੇ ਜਸਕਰਨ ਤੂਤ ਗਿੱਲ ਨਾਲ ਸੀ। ਲਾਲਜੀਤ 12ਵੀਂ ਪਾਸ ਹਨ।

10. ਹਰਭਜਨ ਸਿੰਘ ਈਟੀਓ

ਹਰਭਜਨ ਸਿੰਘ ਈਟੀਓ ਜੰਡਿਆਲਾ ਰਾਖਵੀਂ ਸੀਟ ਤੋਂ ਜਿੱਤ ਕੇ ਵਿਧਾਨ ਸਭਾ ਵਿੱਚ ਪਹੁੰਚੇ ਹਨ। ਹਰਭਜਨ ਸਿੰਘ ਦਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਸਤਿੰਦਰਜੀਤ ਸਿੰਘ ਛੱਜਲਵੱਡੀ ਅਤੇ ਕਾਂਗਰਸ ਦੇ ਸੁਖਵਿੰਦਰ ਸਿੰਘ ਡੈਨੀ ਨਾਲ ਸੀ। ਹਰਭਜਨ ਸਿੰਘ ਈਟੀਓ ਪੇਸ਼ੇ ਵਜੋਂ ਵਕੀਲ ਹਨ। ਉਨ੍ਹਾਂ ਦੀ ਪਤਨੀ ਇੱਕ ਸਰਕਾਰੀ ਮੁਲਾਜ਼ਮ ਹੈ।

11. ਪੰਜਾਬ ਦੇ ਨਵੇਂ ਸਪੀਕਰ ਕੁਲਤਾਰ ਸਿੰਘ ਸੰਧਵਾਂ

ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ ਦੂਜੀ ਵਾਰ ਜਿੱਤੇ ਕੇ ਵਿਧਾਇਕ ਬਣੇ ਹਨ। ਕੁਲਤਾਰ ਸਿੰਘ ਨੇ ਆਪਣੇ ਵਿਰੋਧ ਵਿੱਚ ਖੜ੍ਹੇ ਕਾਂਗਰਸੀ ਉਮੀਦਵਾਰ ਅਜੀਤਪਾਲ ਸਿੰਘ ਸੰਧੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਨਤਾਰ ਸਿੰਘ ਬਰਾੜ ਨੂੰ ਹਰਾਇਆ। ਉਨ੍ਹਾਂ ਦੀ ਇੱਕ ਬੇਟੀ ਅਤੇ ਇੱਕ ਬੇਟਾ ਹੈ ਅਤੇ ਪੇਸ਼ੇ ਵਜੋਂ ਖੇਤੀਬਾੜੀ ਤੇ ਹੋਰ ਕਾਰੋਬਾਰ ਕਰਦੇ ਹਨ। ਸੰਧਵਾਂ 16ਵੀਂ ਵਿਧਾਨ ਸਭਾ ਦੇ ਲਈ ਸਪੀਕਰ ਵਜੋਂ ਅੱਜ ਸਹੁੰ ਚੁੱਕਣ ਜਾ ਰਹੇ ਹਨ।

Related posts

ਸ਼੍ਰੋਮਣੀ ਅਕਾਲੀ ਦਲ ਮੇਰੇ ਲਈ ਕੋਈ ਨਵੀਂ ਪਾਰਟੀ ਨਹੀਂ

Bunty

ਨਵਜੋਤ ਸਿੱਧੂ ਕਿਉਂ ਕਰ ਰਹੇ ਆਪਣੀ ਹੀ ਸਰਕਾਰ ‘ਤੇ ਹਮਲਾ

Bunty

ਖਤਮ ਨਹੀਂ ਹੋ ਰਿਹਾ ਪੰਜਾਬ ਕਾਂਗਰਸ ‘ਚ ਵਿਵਾਦ !

admin