Punjab

ਵਿਧਾਇਕਾ ਮਾਣੂੰਕੇ ਨੇ ਸ਼ਹਿਰ ਦੇ ਸੀਵਰੇਜ ਦੀ ਸਫਾਈ ਲਈ ਕਰੋੜਾਂ ਰੁਪਏ ਦੀ ਜੈਟਿੰਗ ਮਸ਼ੀਨ ਸੜਕ ‘ਤੇ ਉਤਾਰੀ

ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਇਹ ਜੈਟਿੰਗ ਮਸ਼ੀਨ ਸ਼ਹਿਰ ਦੇ 23 ਵਾਰਡਾਂ ਵਿੱਚ ਸੀਵਰੇਜ ਦੀ ਸਫਾਈ ਕਰੇਗੀ ਅਤੇ ਦੋ ਦਿਨਾਂ ਵਿੱਚ ਇੱਕ ਵਾਰਡ ਮੁਕੰਮਲ ਕੀਤਾ ਜਾਵੇਗਾ।

ਜਗਰਾਉਂ – ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਬੀਤੇ ਕੱਲ ਐਸ.ਡੀ.ਐਮ. ਦਫਤਰ ਵਿਖੇ ਸ਼ਹਿਰ ਦੀਆਂ ਸਮੱਸਿਆਵਾਂ ਸਬੰਧੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਅੱਜ ਐਕਸ਼ਨ ਮੋਡ ਵਿੱਚ ਨਜ਼ਰ ਆਏ ਅਤੇ ਉਹਨਾਂ ਨੇ ਨਗਰ ਕੌਂਸਲ ਦਫਤਰ ਜਗਰਾਉਂ ਵਿਖੇ ਖੁਦ ਪਹੁੰਚਕੇ ਕਾਰਜ ਸਾਧਕ ਅਫ਼ਸਰ ਅਤੇ ਹੋਰ ਅਧਿਕਾਰੀਆਂ ਨੂੰ ਸ਼ਹਿਰ ਦੇ ਸੀਵਰੇਜ ਅਤੇ ਸੜਕਾਂ ਦੀ ਸਫਾਈ ਲਈ ਪਿਛਲੇ ਲੰਮੇ ਸਮੇਂ ਤੋਂ ਨਗਰ ਕੌਂਸਲ ਦਫਤਰ ਵਿੱਚ ਰੋਕ ਕੇ ਰੱਖੀਆਂ ਸਵਾਈਪਿੰਗ ਤੇ ਜੈਟਿੰਗ ਮਸ਼ੀਨਾਂ ਚਾਲੂ ਕਰਨ ਲਈ ਕਿਹਾ, ਤਾਂ ਮੌਕੇ ‘ਤੇ ਕਾਂਗਰਸੀ ਕੌਂਸਲਰ ਤੇ ਪ੍ਰਧਾਨ ਰਾਣਾ ਦੇ ਭਰਾ ਕਾਮਰੇਡ ਰਵਿੰਦਰਪਾਲ ਰਾਜੂ ਨੇ ਸੋਸ਼ਲ ਮੀਡੀਆ ਉਪਰ ਲਾਈਵ ਹੋ ਕੇ ਮਸ਼ੀਨਾਂ ਚਲਾਉਣ ਦਾ ਵਿਰੋਧ ਕਰਨਾਂ ਸ਼ੁਰੂ ਕਰ ਦਿੱਤਾ ਅਤੇ ਮਸ਼ੀਨਾਂ ਦੇ ਅੱਗੇ ਰਸਤੇ ਵਿੱਚ ਗੱਡੀਆਂ ਆਦਿ ਖੜਾ ਦਿੱਤੀਆਂ। ਵਿਧਾਇਕਾ ਮਾਣੂੰਕੇ ਨੇ ਸਿਆਣਪ ਤੇ ਸਲੀਕੇ ਨਾਲ ਕਾਮਰੇਡ ਰਾਜੂ ਦੇ ਲਾਈਵ ਵਿੱਚ ਜਾ ਕੇ ਜਗਰਾਉਂ ਸ਼ਹਿਰ ਦੇ ਵਾਸੀਆਂ ਨੂੰ ਹੱਥ ਜੋੜ ਕੇ ਬੇਨਤ਼ੀ ਕੀਤੀ ਕਿ ‘ਜੇਕਰ ਸ਼ਹਿਰ ਵਾਸੀ ਜਗਰਾਉਂ ਦੀ ਸਫ਼ਾਈ ਅਤੇ ਵਿਕਾਸ ਚਾਹੁੰਦੇ ਹਨ, ਤਾਂ ਸਾਡਾ ਸਾਥ ਦਿਓ, ਨਹੀਂ ਤਾਂ ਮਸ਼ੀਨਾਂ ਨਾ ਚਲਾਉਣ ਦੇਣ ਵਾਲੇ ਕਾਂਗਰਸੀ ਕੌਂਸਲਰਾਂ ਦੀ ਸੁਣੋ’। ਇਸ ਮੌਕੇ ਇਕੱਠੇ ਹੋਏ ਸ਼ਹਿਰ ਵਾਸੀਆਂ ਨੇ ‘ਬੀਬੀ ਮਾਣੂੰਕੇ ਜ਼ਿੰਦਾਬਾਦ’ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ ਅਤੇ ਅਤੇ ਮਹੌਲ ਗਰਮਾ ਗਿਆ। ਵਿਧਾਇਕਾ ਮਾਣੂੰਕੇ ਨੇ ਸਰਕਾਰ ਦੀਆਂ ਹਦਾਇਤਾਂ ਅਤੇ ਸ਼ਹਿਰ ਵਿੱਚ ਫੈਲੀ ਗੰਦਗੀ ਤੇ ਬੰਦ ਪਏ ਸੀਵਰੇਜ ਨੂੰ ਧਿਆਨ ਵਿੱਚ ਰੱਖਦੇ ਹੋਏ ਅਧਿਕਾਰੀਆਂ ਨੂੰ ਸਵਾਈਪਿੰਗ ਤੇ ਜੈਟਿੰਗ ਮਸ਼ੀਨਾਂ ਚਾਲੂ ਕਰਨ ਲਈ ਕਿਹਾ, ਤਾਂ ਅਧਿਕਾਰੀਆਂ ਨੇ ਸੀਵਰੇਜ ਦੀ ਵੱਡੀ ਸਮੱਸਿਆ ਨੂੰ ਵੇਖਦੇ ਹੋਏ ਜੈਟਿੰਗ ਮਸ਼ੀਨ ਸੜਕ ਉਪਰ ਉਤਾਰ ਦਿੱਤੀ ਅਤੇ ਇਕੱਠੇ ਹੋਏ ਲੋਕਾਂ ਨੇ ਤਾੜੀਆਂ ਮਾਰਕੇ ਸਵਾਗਤ ਕੀਤਾ।

ਵਿਧਾਇਕਾ ਮਾਣੂੰਕੇ ਨੇ ਕਿਹਾ ਕਿ ਇਹ ਜੈਟਿੰਗ ਮਸ਼ੀਨ ਸ਼ਹਿਰ ਦੇ 23 ਵਾਰਡਾਂ ਵਿੱਚ ਸੀਵਰੇਜ ਦੀ ਸਫਾਈ ਕਰੇਗੀ ਅਤੇ ਦੋ ਦਿਨਾਂ ਵਿੱਚ ਇੱਕ ਵਾਰਡ ਮੁਕੰਮਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਬੰਦ ਸੀਵਰੇਜ ਕਾਰਨ ਬਰਸਾਤ ਦੇ ਦਿਨਾਂ ਦੌਰਾਨ ਕਮਲ ਚੌਂਕ ਅਤੇ ਪੁਰਾਣੀ ਸਬਜੀ ਮੰਡੀ ਤੇ ਦਾਣਾ ਮੰਡੀ ਵਿੱਚ ਬਰਸਾਤੀ ਪਾਣੀ ਇਕੱਠਾ ਹੋ ਜਾਂਦਾ ਹੈ ਅਤੇ ਲੋਕਾਂ ਲਈ ਆਫ਼ਤ ਆ ਜਾਂਦੀ ਹੈ, ਜਿਸ ਵੱਲ ਪਿਛਲੀਆਂ ਅਕਾਲੀ ਤੇ ਕਾਂਗਰਸ ਦੀਆਂ ਸਰਕਾਰਾਂ ਕਦੇ ਧਿਆਨ ਨਹੀਂ ਦਿੱਤਾ, ਪਰੰਤੂ ਉਹਨਾਂ ਨੂੰ ਸ਼ਹਿਰ ਵਾਸੀਆਂ ਨੇ ਦੂਜੀ ਵਾਰ ਵਿਧਾਇਕ ਚੁਣਿਆਂ ਹੈ ਅਤੇ ਉਹ ਲੋਕਾਂ ਨੂੰ ਹਰ ਹਾਲਤ ਵਿੱਚ ਇਸ ਵੱਡੀ ਸਮੱਸਿਆ ਤੋਂ ਨਿਯਾਤ ਦਿਵਾਉਣਾ ਚਾਹੁੰਦੇ ਹਨ, ਭਾਵੇਂ ਕਿਸੇ ਵੀ ਹੱਦ ਤੱਕ ਜਾਣਾ ਪਵੇ। ਉਹਨਾਂ ਕਿਹਾ ਕਿ ਜਗਰਾਉਂ ਸ਼ਹਿਰ ਅਤੇ ਹਲਕੇ ਦੇ ਵਿਕਾਸ ਲਈ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਬਹੁਤ ਅੜਿੱਕੇ ਡਾਹੇ ਹਨ, ਪਰੰਤੂ ਉਹ ਜਗਰਾਉਂ ਹਲਕੇ ਦੀ ਨੁਹਾਰ ਬਦਲਣ ਲਈ ਦਿਨ-ਰਾਤ ਇੱਕ ਕਰ ਦੇਣਗੇ।

ਇਸ ਮੌਕੇ ਉਹਨਾਂ ਦੇ ਨਾਲ ਪ੍ਰੋਫੈਸਰ ਸੁਖਵਿੰਦਰ ਸਿੰਘ, ਐਸ.ਐਚ.ਓ.ਸਿਟੀ ਵਰਿੰਦਰਪਾਲ ਸਿੰਘ ਉਪਲ, ਐਸ.ਡੀ.ਐਮ. ਦਫਤਰ ਤੋਂ ਸੁਖਵਿੰਦਰ ਸਿੰਘ ਗਰੇਵਾਲ, ਈ.ਓ. ਸੁਖਦੇਵ ਸਿੰਘ ਰੰਧਾਵਾ, ਫਾਇਰ ਬ੍ਰਗੇਡ ਅਫ਼ਸਰ ਸਤਿੰਦਰਪਾਲ ਸਿੰਘ, ਅਮਰਦੀਪ ਸਿੰਘ ਟੂਰੇ, ਸਾਬਕਾ ਕਾਰਜਕਾਰੀ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਗੋਪੀ ਸ਼ਰਮਾਂ, ਸਤੀਸ਼ ਕੁਮਾਰ ਪੱਪੂ, ਫੀਨਾਂ ਸੱਭਰਵਾਲ, ਅਜੀਤ ਸਿੰਘ ਠੁਕਰਾਲ, ਰਾਜ ਭਾਰਦਵਾਜ, ਜਗਜੀਤ ਸਿੰਘ ਜੱਗੀ, ਗੁਰਪ੍ਰੀਤ ਸਿੰਘ ਨੋਨੀ, ਵਰਿੰਦਰ ਸਿੰਘ ਕਲੇਰ, ਕੰਵਰਪਾਲ ਸਿੰਘ, ਮੇਹਰ ਸਿੰਘ, ਕਾਮਰੇਡ ਨਿਰਮਲ ਸਿੰਘ, ਸਾਜਨ ਮਲਹੋਤਰਾ, ਕਰਮਜੀਤ ਕੈਂਥ ਆਦਿ ਵੀ ਹਾਜ਼ਰ ਸਨ।

Related posts

ਹੁਣ ਡੋਰ ਟੂ ਡੋਰ ਵੋਟਾਂ ਮੰਗਣਗੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੇ ਉਮੀਦਵਾਰ !

admin

ਖਾਲਸਾ ਕਾਲਜ ਤੇ ਹਰਿਆਣਾ ਗਿਆਨ ਨਿਗਮ ਲਿਮਟਿਡ ਦਰਮਿਆਨ ਸਮਝੌਤਾ !

admin

ਅਸ਼ਲੀਲ ਤੇ ਇਹੋ ਜਿਹੇ ਕੰਟੈਂਟ ਪਾਉਣੇ ਬੰਦ ਕਰੋ: ਐਮ ਪੀ ਸਰਬਜੀਤ ਸਿੰਘ ਖਾਲਸਾ

admin