Punjab

ਆਰ.ਐਸ.ਐਸ. ਦੀ ਫਿਰਕੂ ਵਿਚਾਰਧਾਰਾ ਦਾ ਅਨੁਸਰਨ ਕਰਦੀ ਹੈ ਮੋਦੀ ਸਰਕਾਰ: ਪਰਗਟ ਸਿੰਘ ਜਾਮਾਰਾਏ

‘ਮਹਾਂ ਰੈਲੀ’ ਪੰਜਾਬ ਅੰਦਰ ਇਕ ਲੋਕ ਪੱਖੀ ਰਾਜਸੀ ਮੁਤਬਾਦਲ ਉਸਾਰਨ ਲਈ ਮੀਲ ਪੱਥਰ ਦਾ ਕੰਮ ਕਰੇਗਾ।
ਜਲੰਧਰ, (ਪਰਮਿੰਦਰ ਸਿੰਘ) – ‘‘ਦੇਸ਼ ਦੇ ਧਰਮ ਨਿਰਪੱਖ, ਜਮਹੂਰੀ ਤੇ ਫੈਡਰਲ ਢਾਂਚੇ ਨੂੰ ਤਬਾਹ ਕਰਕੇ ਆਰ.ਐਸ.ਐਸ. ਦੀ ਫਿਰਕੂ ਵਿਚਾਰਧਾਰਾ ਦਾ ਅਨੁਸਰਨ ਕਰਦੀ ਹੋਈ ਮੋਦੀ ਸਰਕਾਰ ਦੇਸ਼ ਅੰਦਰ ਇਕ ਧਰਮ ਅਧਾਰਤ (ਹਿੰਦੂਤਵੀ) ਰਾਜ ਸਥਾਪਤ ਕਰਨ ਦੀ ਹਰ ਚਾਲ ਨੂੰ ਅਸਫਲ ਕਰਨ ਲਈ ਪੰਜਾਬ ਦੇ ਜੁਝਾਰੂ ਲੋਕ ਪੂਰਾ ਤਾਣ ਲਾ ਦੇਣਗੇ। ਮੋਦੀ ਸਰਕਾਰ ਦੀਆਂ ਸਾਮਰਾਜੀ ਲੁਟੇਰੀਆਂ ਤੇ ਦੇਸ਼ ਦੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰਨ ਵਾਲੀਆਂ ਆਰਥਿਕ ਨੀਤੀਆਂ ਮਿਹਨਤਕਸ਼ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਗਰੀਬੀ, ਕੁਪੋਸ਼ਨ ਦੀ ਦਲਦਲ ’ਚ ਸੁੱਟ ਰਹੀਆਂ ਹਨ, ਜਿਨ੍ਹਾਂ ਦਾ ਟਾਕਰਾ ਕਰਨ ਲਈ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਜਨਤਕ ਸੰਘਰਸ਼ਾਂ ਦਾ ਨਵਾਂ ਇਤਿਹਾਸ ਲਿਖਣ ਜਾ ਰਹੀਆਂ ਹਨ। ਬੇਜ਼ਮੀਨੇ ਲੋਕ ਦੋ ਡੰਗ ਦੀ ਰੋਟੀ ਤੋਂ ਅਵਾਜ਼ਾਰ ਹਨ,ਖੇਤੀਬਾੜੀ ਦੇ ਸੰਕਟ ਕਾਰਨ ਮਜ਼ਦੂਰ ਤੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਤੇ ਬੇਰੁਜ਼ਗਾਰੀ ਦੀ ਮਾਰ ਝੇਲ ਰਹੇ ਨੌਜਪਾਨ ਲੱਖਾਂ ਰੁਪਏ ਖਰਚ ਕਰਕੇ ਵਿਦੇਸ਼ਾਂ ਵੱਲ ਨੂੰ ਵਤੀਰਾਂ ਘੱਤ ਰਹੇ ਹਨ। ਅਜਿਹੇ ਨੌਜਵਾਨਾਂ ਨੂੰ ਅਮਰੀਕਾ ਦਾ ਟਰੰਪ ਪ੍ਰਸ਼ਾਸ਼ਨ, ਜਿਸ ਤਰ੍ਹਾਂ ਗੁਲਾਮਾਂ ਵਾਂਗ ਸੰਗਲਾਂ ’ਚ ਨੂੜ ਕੇ ਭਾਰਤ ਨੂੰ ਵਾਪਸ ਭੇਜ ਰਿਹਾ ਹੈ, ਉਹ ਬਹੁਤ ਹੀ ਨਿੰਦਣਯੋਗ ਹੈ। ਪ੍ਰੰਤੂ ਪ੍ਰਧਾਨ ਮੰਤਰੀ ਇਸ ਸਾਰੇ ਘਟਨਾਕ੍ਰਮ ਬਾਰੇ ਮੂਕ ਦਰਸ਼ਕ ਬਣੀ ਬੈਠਾ ਹੈ ਤੇ ਟਰੰਪ ਸਰਕਾਰ ਦੇ ਸੋਹਲੇ ਗਾਉਣ ’ਚ ਗੁਲਤਾਨ ਹੈ। ’’
ਇਹ ਸ਼ਬਦ ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ’ਚ ਸ਼ਾਮਲ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਤੇ ਐਮ.ਸੀ.ਪੀ.ਆਈ.(ਯੂ.) ਵੱਲੋਂ ਆਯੋਜਿਤ ‘ਮਹਾਂ ਰੈਲੀ’ ’ਚ ਜੁੜੇ ਹਜ਼ਾਰਾਂ ਲੋਕਾਂ ਦੇ ਠਾਠਾਂ ਮਾਰਦੇ ਇਕੱਠ ’ਚ ਕਾਮਰੇਡ ਮੰਗਤ ਰਾਮ ਪਾਸਲਾ ਤੇ ਕਾਮਰੇਡ ਅਸ਼ੋਕ ਓਂਕਾਰ ਨੇ ਕਹੇ। ਭਰਵੀਂ ਰੈਲੀ ’ਚ ਕਮਿਊਨਿਸਟ ਆਗੂਆਂ ਨੇ ਭਾਸ਼ਣ ਕਰਦਿਆਂ ਅੱਗੇ ਕਿਹਾ ਕਿ ‘‘ਅੱਜ ਦੀ ‘‘ਸੰਵਿਧਾਨ ਬਚਾਓ, ਦੇਸ਼ ਬਚਾਓ, ਪੰਜਾਬ ਬਚਾਓ’’  ਦੇ ਨਾਅਰੇ ਹੇਠਾਂ ਕੀਤੀ ਜਾ ਰਹੀ ‘ਮਹਾਂ ਰੈਲੀ’ ਪੰਜਾਬ ਅੰਦਰ ਇਕ ਲੋਕ ਪੱਖੀ ਰਾਜਸੀ ਮੁਤਬਾਦਲ ਉਸਾਰਨ ਲਈ ਮੀਲ ਪੱਥਰ ਦਾ ਕੰਮ ਕਰੇਗਾ। ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ਕਾਰਪੋਰੇਟੀ ਲੁੱਟ ਤੇ ਫਿਰਕੂ ਫਾਸ਼ੀ ਸ਼ਕਤੀਆਂ ਖਿਲਾਫ਼ ਜਨ ਸਧਾਰਨ ਅੰਦਰ ਵਿਚਾਰਧਾਰਕ ਤੇ ਰਾਜਸੀ ਚੇਤਨਾ ਦਾ ਸੰਚਾਰ ਕਰਕੇ ਦੇਸ਼ ਦੀ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਵਿਰੁੱਧ ਵਿਸ਼ਾਲ ਜਨਤਕ ਲਾਮਬੰਦੀ ਕਰੇਗੀ।’’
ਇਕ ਮਤੇ ਰਾਹੀਂ ਮੰਗ ਕੀਤੀ ਗਈ ਕਿ ਕੇਂਦਰ ਵੱਲੋਂ ਪੰਜਾਬ ਨਾਲ ਕੀਤੇ ਜਾਂਦੇ ਧੱਕਿਆਂ ਨੂੰ ਬੰਦ ਕਰਕੇ  ਚੰਡੀਗੜ੍ਹ ਪੰਜਾਬ ਦੇ ਹਵਾਲੇ ਕੀਤਾ ਜਾਵੇ, ਦਰਿਆਈ ਪਾਣੀਆਂ ਦੀ ਨਿਆਂਈਂ ਵੰਡ ਕੀਤੀ ਜਾਵੇ ਤੇ ਮਾਤ ਭਾਸ਼ਾ ਪੰਜਾਬੀ ਨੂੰ ਪੰਜਾਬ ਤੇ ਦੂਸਰੇ ਪ੍ਰਾਂਤਾਂ ਅੰਦਰ ਬਣਦਾ ਸਥਾਨ ਦਿੱਤਾ ਜਾਵੇ।
‘ਆਪ’ ਦੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਥਾਂ ਸਿਰਫ ਝੂਠਾ ਪ੍ਰਚਾਰ ਤੇ ਡਰਾਮੇਬਾਜ਼ੀ ਦਾ ਸਹਾਰਾ ਲੈਂਦਿਆਂ ਹੋਇਆਂ ਨਸ਼ਾ ਤਸਕਰਾਂ, ਖਨਣ ਮਾਫੀਆ ਤੇ ਸਮਾਜ ਵਿਰੋਧੀ ਤੱਤਾਂ ਦੀ ਪੁਸ਼ਤਪਨਾਹੀ ਕਰਕੇ ਭਰਿਸ਼ਟਾਚਾਰ ਦੇ ਨਵੇਂ ਕੀਰਤੀਮਾਨ ਸਥਾਪਤ ਕਰ ਰਹੀ ਹੈ। ਪ੍ਰਾਂਤ ਅੰਦਰ ਕਾਨੂੰਨ ਪ੍ਰਬੰਧ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ। ਲੁੱਟਾਂ, ਖੋਹਾਂ, ਕਤਲਾਂ, ਫਿਰੌਤੀਆਂ ਦਾ ਬੋਲਬਾਲਾ ਹੈ। ਕੇਂਦਰੀ ਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਆਰਥਿਕ ਨੀਤੀਆਂ, ਜਿਨ੍ਹਾਂ ਕਾਰਨ ਮਜ਼ਦੂਰਾਂ, ਕਿਸਾਨਾਂ, ਦਲਿਤਾਂ, ਔਰਤਾ, ਨੌਜਵਾਨਾਂ ਤੇ ਹਰ ਵਰਗ ਦੇ ਲੋਕ ਪੀੜਤ ਹਨ, ਵਿਰੁੱਧ ਸਾਂਝੇ ਜਨਤਕ ਘੋਲ ਵਿੱਢਣ ਦਾ ਸੱਦਾ ਦਿੱਤਾ ਗਿਆ।
ਰੈਲੀ ਦੀ ਪ੍ਰਧਾਨਗੀ ਸਰਵ ਸਾਥੀ ਰਤਨ ਸਿੰਘ ਰੰਧਾਵਾ ਤੇ ਮੰਗਤ ਰਾਮ ਲੌਂਗੋਵਾਲ ਨੇ ਕੀਤੀ। ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ਦੇ ਨੇਤਾਵਾਂ ਸਰਵ ਸਾਥੀ ਪਰਗਟ ਸਿੰਘ ਜਾਮਾਰਾਏ, ਨੱਥਾ ਸਿੰਘ ਢਡਵਾਲ, ਗੁਰਨਾਮ ਸਿੰਘ ਦਾਊਦ, ਕੁਲਵੰਤ ਸਿੰਘ ਸੰਧੂ, ਸੱਜਣ ਸਿੰਘ, ਡਾਕਟਰ ਸਤਨਾਮ ਸਿੰਘ ਅਜਨਾਲਾ, ਕਿਰਨਜੀਤ ਸੇਖੋਂ, ਕਾਮਰੇਡ ਸੁਰਿੰਦਰ ਜੈਪਾਲ ਤੋਂ ਬਿਨਾਂ ਭਰਾਤਰੀ ਪਾਰਟੀਆਂ ਦੇ ਸਾਥੀ ਜਗਰੂਪ ਸਿੰਘ (ਸੀ.ਪੀ.ਆਈ.), ਗੁਰਮੀਤ ਸਿੰਘ ਬਖਤਪੁਰ (ਸੀ.ਪੀ.ਆਈ. (ਐਮ.ਐਲ.)) ਲਿਬਰੇਸ਼ਨ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਡਿਊਟੀ ਪ੍ਰੋ. ਜੈਪਾਲ ਸਿੰਘ ਨੇ ਨਿਭਾਈ।
ਇਸ ਮਹਾਂ ਰੈਲੀ ਅੰਦਰ ਲਾਲ ਝੰਡੇ ਲੈ ਕੇ ਪੰਜਾਬ ਦੇ ਕੋਨੇ ਕੋਨੇ ਤੋਂ ਸ਼ਾਮਿਲ ਹੋਏ ਹਜ਼ਾਰਾਂ ਲੋਕ ਇਕ ਵੱਖਰਾ ਇਨਕਲਾਬੀ ਮਹੌਲ ਸਿਰਜ ਰਹੇ ਸਨ, ਜੋ ਪਿਛਲੇ ਕਈ ਸਾਲਾਂ ਤੋਂ ਗਾਇਬ ਹੋਇਆ ਜਾਪਦਾ ਸੀ।
ਰੈਲੀ ਨੇ ਐਲਾਨ ਕੀਤਾ ਕਿ ਕਮਿਊਨਿਸਟ ਕੋਆਰਡੀਨੇਸ਼ਨ ਕਮੇਟੀ ਅਗਲੇ ਮਹੀਨੇ ਤੋਂ ਪੰਜਾਬ ’ਚ ਪਿੰਡਾਂ ਤੇ ਸ਼ਹਿਰਾਂ ਅੰਦਰ ਜਥਾ ਮਾਰਚ ਕਰੇਗੀ, ਜੋ ਲੋਕਾਂ ਅੰਦਰ ਰਾਜਨੀਤਕ ਤੇ ਵਿਚਾਰਧਾਰਕ ਚੇਤਨਾ ਪੈਦਾ ਕਰਕੇ ਫਿਰਕੂ ਫਾਸ਼ੀ ਸ਼ਕਤੀਆਂ ਤੇ ਕਾਰਪੋਰੇਟੀ ਲੁੱਟ ਖਸੁੱਟ ਵਿਰੁੱਧ ਬਦਲਵਾਂ ਲੋਕ ਪੱਖੀ ਮੁਤਬਾਦਲ ਖੜਾ ਕਰਨ ਦਾ ਸੁਨੇਹਾ ਦਿੱਤਾ ਜਾਵੇਗਾ। 23 ਮਾਰਚ ਨੂੰ ਸ਼ਹੀਦ-ਇ-ਆਜ਼ਮ ਸ. ਭਗਤ ਸਿੰਘ ਦਾ ਸ਼ਹੀਦੀ ਦਿਵਸ, 13 ਅਪ੍ਰੈਲ ਨੂੰ ਜਲ੍ਹਿਆਂਵਾਲੇ ਬਾਗ ਦੇ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਸਮਰਪਿਤ ਦਿਨ ਤੇ 14 ਅਪ੍ਰੈਲ ਨੂੰ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਵੱਡੀ ਪੱਧਰ ’ਤੇ ਮਨਾਇਆ ਜਾਵੇਗਾ। ਇਹ ਵੀ ਐਲਾਨ ਕੀਤਾ ਗਿਆ ਕਿ ਜਲੰਧਰ ਦੀ ਤਰਜ਼ ’ਤੇ ਹਰ ਜ਼ਿਲ੍ਹੇ ਅੰਦਰ ਮੋਦੀ ਸਰਕਾਰ ਦੇਸ਼ ਦੇ ਫੈਡਰਲ ਢਾਂਚੇ ’ਤੇ ਕੀਤੇ ਜਾ ਰਹੇ ਹੱਲਿਆਂ ਵਿਰੁੱਧ ਜਨਤਕ ਕਨਵੈਨਸ਼ਨਾਂ ਕੀਤੀਆਂ ਜਾਣਗੀਆਂ।

Related posts

ਪੰਜਾਬ ਸਰਕਾਰ ਵੱਲੋਂ ਹਰੇਕ ਨਾਗਰਿਕ ਨੂੰ ਮਿਆਰੀ ਤੇ ਮੁਫ਼ਤ ਸਿਹਤ ਸੇਵਾਵਾਂ ਲਈ ਉਪਰਾਲੇ

admin

ਬੰਦੀ ਸਿੰਘਾਂ ਦੀ ਰਿਹਾਈ ਲਈ ਹਵਾਰਾ ਕਮੇਟੀ ਵੱਲੋਂ ਸਰਕਾਰਾਂ ਨੂੰ 2 ਮਾਰਚ ਤੱਕ ਦਾ ਸਮਾਂ ਦਿੱਤਾ

admin

ਵਿਦਿਆਰਥੀਆਂ ’ਚ ਖੇਡ-ਏਕਤਾ ਭਾਵਨਾ ਦੇ ਮਕਸਦ ਤਹਿਤ 11ਵੀਂ ਸਾਲਾਨਾ ਐਥਲੈਟਿਕ ਮੀਟ ਕਰਵਾਈ

admin