ਸੋਫੀਆ – ਤੇਲ ਅਵੀਵ ਤੋਂ ਵਿਯੇਨਾ ਜਾ ਰਹੀ ਆਸਟ੍ਰੀਅਨ ਏਅਰਲਾਈਨਜ਼ ਦੀ ਇੱਕ ਉਡਾਣ ਨੂੰ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਬੁਲਗਾਰੀਆ ਦੀ ਰਾਜਧਾਨੀ ਸੋਫੀਆ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਜਹਾਜ਼ ਵਿੱਚ ਸਵਾਰ ਸਾਰੇ ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਤੋਂ ਬਾਅਦ ਸੁਰੱਖਿਆ ਏਜੰਸੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਰਿਪੋਰਟਾਂ ਮੁਤਾਬਕ, ਏਅਰਬੱਸ ਏ320 ਜਹਾਜ਼ ਤੇਲ ਅਵੀਵ ਤੋਂ ਵਿਯੇਨਾ ਲਈ ਰਵਾਨਾ ਹੋਇਆ ਸੀ। ਜਦੋਂ ਜਹਾਜ਼ ਰੋਮਾਨੀਆ ਦੀ ਸਰਹੱਦ ਨੇੜੇ ਪਹੁੰਚਿਆ, ਤਾਂ ਚਾਲਕ ਦਲ ਨੂੰ ਬੰਬ ਦੀ ਧਮਕੀ ਬਾਰੇ ਜਾਣਕਾਰੀ ਮਿਲੀ। ਇਸ ਤੋਂ ਬਾਅਦ ਜਹਾਜ਼ ਨੂੰ ਸੋਫੀਆ ਵੱਲ ਮੋੜ ਦਿੱਤਾ ਗਿਆ। ਰਿਪੋਰਟਾਂ ਅਨੁਸਾਰ, ਬੁਲਗਾਰੀਆ ਦੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੇ ਵੀ ਉਡਾਣ ਭਰੀ ਅਤੇ ਜਹਾਜ਼ ਦੀ ਸੁਰੱਖਿਅਤ ਲੈਂਡਿੰਗ ਯਕੀਨੀ ਬਣਾਉਣ ਵਿੱਚ ਮਦਦ ਕੀਤੀ। ਜਹਾਜ਼ ਵਿੱਚ 51 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਸੋਫੀਆ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਇਜ਼ਰਾਈਲੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਯਾਤਰੀਆਂ ਨੂੰ ਕਿਸੇ ਅਣਜਾਣ ਸਰੋਤ ਤੋਂ ਬੰਬ ਦੀ ਧਮਕੀ ਮਿਲਣ ਬਾਰੇ ਪਤਾ ਲੱਗਾ ਸੀ। ਇਸ ਦੌਰਾਨ ਜਹਾਜ਼ ਵਿੱਚ ਇੱਕ ਸ਼ੱਕੀ ਵਸਤੂ ਦੇਖੇ ਜਾਣ ਦੀ ਗੱਲ ਵੀ ਸਾਹਮਣੇ ਆਈ। ਇਸ ਤੋਂ ਬਾਅਦ ਸੁਰੱਖਿਆ ਚੇਤਾਵਨੀ ਜਾਰੀ ਕੀਤੀ ਗਈ ਅਤੇ ਐਮਰਜੈਂਸੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸੋਫੀਆ ਹਵਾਈ ਅੱਡੇ ‘ਤੇ ਐਮਰਜੈਂਸੀ ਟੀਮ ਤਾਇਨਾਤ ਕੀਤੀ ਗਈ। ਧਮਕੀ ਦੀ ਸੱਚਾਈ ਅਤੇ ਸ਼ੱਕੀ ਵਸਤੂ ਬਾਰੇ ਜਾਂਚ ਕੀਤੀ ਜਾ ਰਹੀ ਹੈ।
ਇਸ ਘਟਨਾ ਦੇ ਨਾਲ ਹੀ ਦੁਬਈ ਤੋਂ ਤੇਲ ਅਵੀਵ ਜਾ ਰਹੀ ਫਲਾਈਦੁਬਈ ਦੀ ਉਡਾਣ ਨਾਲ ਜੁੜੀ ਇੱਕ ਪੁਰਾਣੀ ਘਟਨਾ ਵੀ ਚਰਚਾ ਵਿੱਚ ਹੈ। ਰਿਪੋਰਟ ਮੁਤਾਬਕ, 30 ਸਤੰਬਰ ਨੂੰ ਇਸ ਉਡਾਣ ਦੌਰਾਨ ਸਹਿ-ਪਾਇਲਟ ਵੱਲੋਂ ਜਹਾਜ਼ ਨੂੰ ਹਾਦਸੇ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਭਾਰਤੀ ਕੈਪਟਨ ਸਮਿਤ ਮਾਚਰ ਨੇ ਇਸ ਕੋਸ਼ਿਸ਼ ਨੂੰ ਨਾਕਾਮ ਕਰਨ ਦੀ ਕੋਸ਼ਿਸ਼ ਕੀਤੀ ਅਤੇ ਗੰਭੀਰ ਜ਼ਖ਼ਮੀ ਹੋ ਗਏ ਸਨ। ਉਸ ਜਹਾਜ਼ ਵਿੱਚ 174 ਯਾਤਰੀ ਅਤੇ ਚਾਲਕ ਦਲ ਦੇ 6 ਮੈਂਬਰ ਸਵਾਰ ਸਨ। ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜ਼ੋਗ ਨੇ ਭਾਰਤੀ ਪਾਇਲਟ ਸਮਿਤ ਮਾਚਰ ਨੂੰ ਨਾਗਰਿਕ ਬਹਾਦਰੀ ਲਈ ਰਾਸ਼ਟਰਪਤੀ ਪੁਰਸਕਾਰ ਦੇਣ ਵਾਸਤੇ ਇਜ਼ਰਾਈਲ ਸੱਦਿਆ ਹੈ। ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, ਹਰਜ਼ੋਗ ਨੇ ਕਿਹਾ ਕਿ ਕੈਪਟਨ ਮਾਚਰ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਨਮਾਨਿਤ ਕਰਨਾ ਮਾਣ ਵਾਲੀ ਗੱਲ ਹੋਵੇਗੀ। ਉਨ੍ਹਾਂ ਨੇ ਕੈਪਟਨ ਮਾਚਰ ਦੀ ਹਿੰਮਤ ਅਤੇ ਦ੍ਰਿੜਤਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਜਹਾਜ਼ ਵਿੱਚ ਸਵਾਰ ਲੋਕਾਂ ਦੀ ਜਾਨ ਬਚਾਉਣ ਅਤੇ ਵੱਡੇ ਹਾਦਸੇ ਨੂੰ ਟਾਲਣ ਲਈ ਅਸਾਧਾਰਨ ਬਹਾਦਰੀ ਦਿਖਾਈ।
