ਨਵੀਂ ਦਿੱਲੀ – ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ ਮੈਚ ਵਿੱਚ, ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਸਾਹਮਣਾ ਸ੍ਰੀਲੰਕਾ ਦੀ ਮਹਿਲਾ ਕ੍ਰਿਕਟ ਟੀਮ ਨਾਲ ਹੋਇਆ। ਇਸ ਮੈਚ ‘ਚ ਸ੍ਰੀਲੰਕਾ ਦੇ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਖੇਡਦਿਆਂ ਸ੍ਰੀਲੰਕਾ ਦੀ ਟੀਮ ਭਾਰਤੀ ਗੇਂਦਬਾਜ਼ੀ ਦੇ ਸਾਹਮਣੇ ਪੂਰੀ ਤਰ੍ਹਾਂ ਢਹਿ ਗਈ ਅਤੇ 20 ਓਵਰਾਂ ‘ਚ 9 ਵਿਕਟਾਂ ‘ਤੇ 65 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੂੰ ਜਿੱਤ ਲਈ 66 ਦੌੜਾਂ ਦਾ ਟੀਚਾ ਮਿਲਿਆ। ਭਾਰਤ ਨੇ ਜਿੱਤ ਦਾ ਟੀਚਾ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਅਤੇ ਇਹ ਮੈਚ ਜਿੱਤ ਕੇ ਏਸ਼ੀਆ ਕੱਪ 2022 ਦਾ ਖ਼ਿਤਾਬ ਆਪਣੇ ਨਾਂ ਕਰ ਲਿਆ।
ਭਾਰਤੀ ਮਹਿਲਾ ਟੀਮ ਨੇ ਰਿਕਾਰਡ 7ਵੀਂ ਵਾਰ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਭਾਰਤ ਨੇ 2022 ਤੋਂ ਪਹਿਲਾਂ 2004, 2005-06, 2006, 2008, 2012 ਅਤੇ 2016 ਵਿੱਚ ਏਸ਼ੀਆ ਕੱਪ ਖਿਤਾਬ ਜਿੱਤਿਆ ਸੀ। ਇਸ ਦੇ ਨਾਲ ਹੀ ਸਾਲ 2018 ਯਾਨੀ ਪਿਛਲੇ ਸੀਜ਼ਨ ‘ਚ ਭਾਰਤੀ ਟੀਮ ਫਾਈਨਲ ‘ਚ ਪਹੁੰਚੀ ਸੀ ਪਰ ਬੰਗਲਾਦੇਸ਼ ਨੇ ਉਸ ਨੂੰ ਹਰਾ ਕੇ ਪਹਿਲੀ ਵਾਰ ਇਹ ਖਿਤਾਬ ਜਿੱਤਿਆ ਸੀ। ਯਾਨੀ ਕਿ ਲਗਾਤਾਰ 6 ਵਾਰ ਖਿਤਾਬ ਜਿੱਤਣ ਤੋਂ ਬਾਅਦ ਭਾਰਤ ਦਾ ਸਿਲਸਿਲਾ ਟੁੱਟ ਗਿਆ ਪਰ ਹਰਮਨਪ੍ਰੀਤ ਦੀ ਕਪਤਾਨੀ ‘ਚ ਭਾਰਤ ਨੇ ਪਿਛਲੀ ਸਫਲਤਾ ਨੂੰ ਦੁਹਰਾਇਆ।
