India

ਸਰਾਵਾਂ ਤੇ ਧਰਮਸ਼ਾਲਾਵਾਂ ’ਤੇ ਨਹੀਂ ਲੱਗੇਗਾ GST, ਵਿੱਤ ਮੰਤਰਾਲੇ ਨੇ ਕਿਹਾ- SGPC ਆਪਣੀ ਮਰਜ਼ੀ ਨਾਲ ਵਸੂਲ ਰਹੀ ਜੀਐੱਸਟੀ

ਨਵੀਂ ਦਿੱਲੀ – ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਕਿਸੇ ਵੀ ਧਾਰਮਿਕ ਟਰੱਸਟ ਜਾਂ ਸੰਸਥਾ ਵੱਲੋਂ ਚਲਾਈ ਜਾ ਰਹੀ ਸਰਾਂ ਜਾਂ ਧਰਮਸ਼ਾਲਾ ’ਤੇ ਜੀਐੱਸਟੀ ਲਾਗੂ ਨਹੀਂ ਹੋਵੇਗਾ। ਵੀਰਵਾਰ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨਾਲ ਮੁਲਾਕਾਤ ਕਰਕੇ ਸ੍ਰੀ ਹਰਿਮੰਦਰ ਸਾਹਿਬ ਦੇ ਨੇਡ਼ੇ ਬਣੀਆਂ ਸਰਾਵਾਂ ’ਤੇ 12 ਪ੍ਰਤੀਸ਼ਤ ਜੀਐੱਸਟੀ ਲਗਾਉਣ ਦੇ ਫ਼ੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਸੀ। ਚੱਢਾ ਨੇ ਵਿੱਤ ਮੰਤਰੀ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਸੀ।

ਵਿੱਤ ਮੰਤਰਾਲੇ ਵੱਲੋਂ ਵੀਰਵਾਰ ਦੇਰ ਸ਼ਾਮ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਬੀਤੀ 18 ਜੁਲਾਈ ਤੋਂ ਹੋਟਲਾਂ ਦੇ 1000 ਰੁਪਏ ਤੋਂ ਘੱਟ ਕਿਰਾਏ ਵਾਲੇ ਕਮਰਿਆਂ ’ਤੇ 12 ਪ੍ਰਤੀਸ਼ਤ ਜੀਐੱਸਟੀ ਲਗਾ ਦਿੱਤਾ ਗਿਆ ਹੈ, ਪਰ ਧਾਰਮਿਕ ਟਰੱਸਟ ਜਾਂ ਸੰਸਥਾ ਦੀ ਸਰਾਂ ਦੇ ਕਮਰੇ ਜਿਨ੍ਹਾਂ ਦਾ ਇਕ ਦਿਨ ਦਾ ਕਿਰਾਇਆ 1000 ਰੁਪਏ ਤੋਂ ਘੱਟ ਹੈ, ਉਨ੍ਹਾਂ ’ਤੇ ਪਹਿਲਾਂ ਵਾਂਗ ਕੋਈ ਜੀਐੱਸਟੀ ਨਹੀਂ ਲੱਗੇਗਾ। ਵਿੱਤ ਮੰਤਰਾਲੇ ਨੇ ਕਿਹਾ ਕਿ ਐੱਸਜੀਪੀਸੀ ਵੱਲੋਂ ਚਲਾਈਆਂ ਜਾ ਰਹੀਆਂ ਅੰਮ੍ਰਿਤਸਰ ਦੀਆਂ ਤਿੰਨਾਂ ਸਰਾਵਾਂ ’ਚ 18 ਜੁਲਾਈ ਤੋਂ ਜੀਐੱਸਟੀ ਲਾਗੂ ਕਰ ਦਿੱਤਾ ਗਿਆ ਹੈ ਪਰ ਉਹ ਆਪਣੀ ਮਰਜ਼ੀ ਨਾਲ ਅਜਿਹਾ ਕਰ ਰਹੇ ਹਨ। ਉਹ ਜੀਐੱਸਟੀ ਨੂੰ ਵਾਪਸ ਲੈ ਸਕਦੇ ਹਨ। ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਧਾਰਮਿਕ ਟਰੱਸਟ ਦੀ ਸਰਾਂ ਨੂੰ ਜੀਐੱਸਟੀ ਦੇ ਲਈ ਨੋਟਿਸ ਜਾਰੀ ਨਹੀਂ ਕੀਤਾ ਗਿਆ ਹੈ। ਅੰਮ੍ਰਿਤਸਰ ਦੀਆਂ ਜਿੰਨ੍ਹਾਂ ਤਿੰਨ ਸਰਾਵਾਂ ਨੇ 1000 ਰੁਪਏ ਤੋਂ ਘੱਟ ਕਿਰਾਏ ਵਾਲੇ ਕਮਰਿਆਂ ’ਤੇ ਜੀਐੱਸਟੀ ਲੈਣਾ ਸ਼ੁਰੂ ਕੀਤਾ ਹੈ, ਉਨ੍ਹਾਂ ’ਚ ਗੁਰੂ ਗੋਬਿੰਦ ਸਿੰਘ ਐੱਨਆਰਆਈ ਨਿਵਾਸ, ਬਾਬਾ ਦੀਪ ਸਿੰਘ ਨਿਵਾਸ ਅਤੇ ਮਾਤਾ ਭਾਗ ਕੌਰ ਨਿਵਾਸ ਦੀ ਸਰਾਂ ਸ਼ਾਮਲ ਹੈ। ਮੰਤਰਾਲੇ ਨੇ ਕਿਹਾ ਕਿ ਧਾਰਮਿਕ ਸਥਾਨ ਦੀ ਚਾਰਦੀਵਾਰੀ ਦੇ ਬਾਹਰ ਚਲਾ ਜਾ ਰਹੀ ਸਰਾਂ ’ਤੇ ਵੀ ਜੀਐੱਸਟੀ ਨਹੀਂ ਲੱਗੇਗਾ।

Related posts

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !

admin

ਜਾਅਲੀ ਵੋਟ ਪਾਉਣ ਦੀਆਂ ਕੋਸ਼ਿਸ਼ਾਂ ‘ਤੇ ਜੇਲ੍ਹ ਦੀ ਸਜ਼ਾ ਹੋਵੇਗੀ !

admin

ਭਾਰਤੀ ਮੌਸਮ ਵਿਭਾਗ ਵਲੋਂ ਗਰਮੀ ਦੇ ਦੌਰਾਨ ਸਾਵਧਾਨੀ ਵਰਤਣ ਦੀ ਅਪੀਲ !

admin