
ਕੰਧਾਂ, ਛੱਤਾਂ ਅਤੇ ਚਾਰਦੀਵਾਰੀ ਨਾਲ ‘ਮਕਾਨ’ ਤਾਂ ਖੜ੍ਹੇ ਕੀਤੇ ਜਾ ਸਕਦੇ ਹਨ, ਪਰ ਇੱਕ ‘ਘਰ’ ਸਿਰਫ਼ ਜੀਆਂ ਦੇ ਹਾਸਿਆਂ, ਆਪਸੀ ਸਾਂਝ ਅਤੇ ਮੌਜੂਦਗੀ ਨਾਲ ਹੀ ਜਿਊਂਦਾ ਰਹਿੰਦਾ ਹੈ। ਅੱਜ ਪੰਜਾਬ ਦੇ ਦੋਆਬਾ ਖੇਤਰ, ਖਾਸ ਕਰਕੇ ਜਲੰਧਰ ਦੇ ਸ਼ੰਕਰ, ਜੰਡਿਆਲਾ, ਕਪੂਰਥਲਾ ਦੀ ਛੋਟੀ ਮਿਆਨੀ ਅਤੇ ਨਵਾਂਸ਼ਹਿਰ ,ਬੰਗਾ, ਕਪੂਰਥਲਾ ਵਰਗੇ ਇਲਾਕਿਆਂ ਦੇ ਪਿੰਡਾਂ ਵਿੱਚ ਆਲੀਸ਼ਾਨ ਕੋਠੀਆਂ ਤਾਂ ਬਹੁਤ ਹਨ, ਪਰ ਉਹਨਾਂ ਦੀਆਂ ਬਰੂਹਾਂ ‘ਤੇ ਰੌਣਕਾਂ ਦੀ ਥਾਂ ਚੁੱਪ ਦਾ ਪਹਿਰਾ ਹੈ। ਨੌਜਵਾਨ ਪੀੜ੍ਹੀ ਦੀ ਗੈਰ-ਮੌਜੂਦਗੀ ਨੇ ਇਹਨਾਂ ਘਰਾਂ ਨੂੰ ਸਿਰਫ਼ ਇੱਟਾਂ-ਪੱਥਰਾਂ ਦੇ ਢਾਂਚੇ ਬਣਾ ਕੇ ਰੱਖ ਦਿੱਤਾ ਹੈ।
ਅਸੀਂ ਜਿਸ ਨੂੰ ਤਰੱਕੀ ਸਮਝ ਕੇ ਅਪਣਾਇਆ, ਉਹ ਅਸਲ ਵਿੱਚ ਪਦਾਰਥਵਾਦ ਦਾ ਇੱਕ ਅਜਿਹਾ ‘ਨਰਕ’ ਸਾਬਤ ਹੋ ਰਿਹਾ ਹੈ ਜਿੱਥੇ ਰਿਸ਼ਤਿਆਂ ਦੀ ਨਿੱਘ ਖ਼ਤਮ ਹੋ ਗਈ ਹੈ। ਮਾਇਆ, ਜਿਸ ਨੂੰ ਗੁਰਬਾਣੀ ਵਿੱਚ ‘ਨਾਗਣੀ’ ਕਿਹਾ ਗਿਆ ਹੈ, ਅੱਜ ਮਨੁੱਖ ਨੂੰ ਇਸ ਕਦਰ ਡੰਗ ਰਹੀ ਹੈ ਕਿ ਅਸੀਂ ਪੈਸੇ ਦੀ ਦੌੜ ਵਿੱਚ ਆਪਣਿਆਂ ਤੋਂ ਹੀ ਦੂਰ ਹੋ ਗਏ ਹਾਂ। ਪਰਦੇਸਾਂ ਵਿੱਚ ਜਾ ਕੇ ਅਸੀਂ ‘ਮਸ਼ੀਨਾਂ’ ਤਾਂ ਬਣ ਗਏ, ਸੁੱਖ-ਸਹੂਲਤਾਂ ਵੀ ਇਕੱਠੀਆਂ ਕਰ ਲਈਆਂ, ਪਰ ਉਸ ਸਕੂਨ ਨੂੰ ਗੁਆ ਲਿਆ ਜੋ ਕਦੇ ਪਿੰਡ ਦੀ ਸੱਥ ਅਤੇ ਪਰਿਵਾਰ ਦੇ ਵਿਹੜੇ ਵਿੱਚ ਮਿਲਦਾ ਸੀ।ਪਿੰਡਾਂ ਵਿੱਚ “ਤਾਲੇ ਲੱਗੇ ਘਰ” ਜਾਂ “ਪਰਵਾਸੀ ਮਜ਼ਦੂਰਾਂ ਦੀ ਨਿਗਰਾਨੀ” ਇਸ ਗੱਲ ਦਾ ਪ੍ਰਤੀਕ ਹਨ ਕਿ ਅਸੀਂ ਵਿਦੇਸ਼ੀ ਡਾਲਰਾਂ ਨਾਲ ਕੰਧਾਂ ਤਾਂ ਉੱਚੀਆਂ ਕਰ ਲਈਆਂ, ਪਰ ਉਹਨਾਂ ਕੰਧਾਂ ਦੇ ਅੰਦਰ ਰਹਿਣ ਵਾਲੇ ‘ਜੀਅ’ ਗੁਆ ਲਏ।ਪਦਾਰਥਵਾਦ ਨੇ ਸਾਨੂੰ ਇਹ ਭਰਮ ਪਾ ਦਿੱਤਾ ਕਿ ਜਿੰਨੀ ਵੱਡੀ ਗੱਡੀ ਜਾਂ ਕੋਠੀ ਹੋਵੇਗੀ, ਓਨੀ ਹੀ ਵੱਧ ਇੱਜ਼ਤ ਹੋਵੇਗੀ। ਇਸ ‘ਦਿਖਾਵੇ’ ਦੀ ਦੌੜ ਨੇ ਸੰਤੁਸ਼ਟੀ ਖਤਮ ਕਰ ਦਿੱਤੀ। ਹੱਥੀਂ ਕਿਰਤ ਕਰਨ ਦੀ ਬਜਾਏ ਅਸੀਂ ਸ਼ਾਰਟਕੱਟ ਅਤੇ ਬਾਹਰਲੇ ਮੁਲਕਾਂ ਨੂੰ ਹੀ ਇੱਕੋ-ਇੱਕ ਹੱਲ ਮੰਨ ਲਿਆ।
ਅਸੀਂ ਪੈਸੇ ਕਮਾਉਣ ਲਈ ‘ਮਸ਼ੀਨ’ ਬਣ ਗਏ ਅਤੇ ਇਹ ਭੁੱਲ ਗਏ ਕਿ ਬਜ਼ੁਰਗਾਂ ਨੂੰ ਪੈਸਿਆਂ ਦੀ ਨਹੀਂ, ਸਾਡੇ ‘ਵਕਤ’ ਦੀ ਲੋੜ ਸੀ।
ਸਭ ਤੋਂ ਵੱਧ ਚਿੰਤਾ ਵਾਲੀ ਗੱਲ ਸਾਡੀ ਅਗਲੀ ਪੀੜ੍ਹੀ ਹੈ। ਜੇਕਰ ਅਸੀਂ ਅੱਜ ਆਪਣੇ ਬਜ਼ੁਰਗਾਂ ਦੀਆਂ ਗੱਲਾਂ ਸੁਣਨ ਲਈ ਵਕਤ ਨਹੀਂ ਕੱਢ ਸਕਦੇ, ਉਹਨਾਂ ਦੇ ਤਜ਼ਰਬਿਆਂ ਤੋਂ ਸਿੱਖਣ ਲਈ ਕੰਨ ਨਹੀਂ ਧਰ ਸਕਦੇ, ਤਾਂ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਸਿਰਫ਼ ‘ਕੱਲੇਪਣ’ ਦਾ ਅੰਧਕਾਰ ਦੇ ਕੇ ਜਾਵਾਂਗੇ। ਸਾਡੇ ਬੱਚੇ ਪੱਛਮੀ ਵਾਤਾਵਰਨ ਵਿੱਚ ਇਸ ਕਦਰ ਰਚ-ਮਿਚ ਗਏ ਹਨ ਕਿ ਉਹ ਆਪਣੀਆਂ ਜੜ੍ਹਾਂ ਨਾਲੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਹਨ।ਜਦੋਂ ਨੌਜਵਾਨ ਪੀੜ੍ਹੀ ਆਪਣੇ ਵਿਰਸੇ, ਬੋਲੀ ਅਤੇ ਬਜ਼ੁਰਗਾਂ ਦੇ ਤਜ਼ਰਬਿਆਂ ਤੋਂ ਦੂਰ ਹੁੰਦੀ ਹੈ, ਤਾਂ ਉਹ ਸਿਰਫ਼ ਆਪਣੀ ਪਛਾਣ ਹੀ ਨਹੀਂ ਗੁਆਉਂਦੀ, ਸਗੋਂ ਮਾਨਸਿਕ ਤੌਰ ‘ਤੇ ਵੀ ਇਕੱਲੀ ਹੋ ਜਾਂਦੀ ਹੈ। ਵਿਦੇਸ਼ੀ ਵਾਤਾਵਰਨ ਵਿੱਚ ਰਚੇ-ਮਿਚੇ ਬੱਚੇ ਸ਼ਾਇਦ ਆਰਥਿਕ ਤੌਰ ‘ਤੇ ਮਜ਼ਬੂਤ ਹੋਣ, ਪਰ ਉਹ ਉਸ ‘ਰੂਹਾਨੀ ਅਮੀਰੀ’ ਤੋਂ ਵਾਂਝੇ ਰਹਿ ਜਾਂਦੇ ਹਨ ਜੋ ਸਾਂਝੇ ਪਰਿਵਾਰਾਂ ਵਿੱਚ ਮਿਲਦੀ ਸੀ।
ਰੁਜ਼ਗਾਰ ਅਤੇ ਸੁਰੱਖਿਆ ਦੇ ਮੌਕੇ ਪੈਦਾ ਕਰਨ ਵਿੱਚ ਸਿਸਟਮ ਦੀ ਨਾਕਾਮੀ ਨੇ ਨੌਜਵਾਨਾਂ ਨੂੰ ਹਿਜਰਤ ਲਈ ਮਜਬੂਰ ਕੀਤਾ। ਪੰਜਾਬੀ ਦੀ ਇਹ ਸਥਿਤੀ ਕੋਈ ਕੁਦਰਤੀ ਆਫ਼ਤ ਨਹੀਂ, ਸਗੋਂ ਦਹਾਕਿਆਂ ਤੋਂ ਰਹੀਆਂ ਸੱਤਾਧਾਰੀ ਪਾਰਟੀਆਂ ਦੀ ਨਾਕਾਮੀ ਅਤੇ ਜਾਣ-ਬੁੱਝ ਕੇ ਕੀਤੀ ਗਈ ਅਣਦੇਖੀ ਦਾ ਨਤੀਜਾ ਹੈ।
ਕਿਸੇ ਵੀ ਸੂਬੇ ਦੀ ਤਰੱਕੀ ਲਈ ਉੱਥੋਂ ਦੇ ਉਦਯੋਗ (Business) ਅਤੇ ਸਨਅਤ ਦਾ ਵਧਣਾ ਲਾਜ਼ਮੀ ਹੈ। ਪਰ ਪੰਜਾਬ ਵਿੱਚ ਹਾਲਾਤ ਉਲਟ ਰਹੇ ਹਨ। ਭ੍ਰਿਸ਼ਟਾਚਾਰ, ਗੁੰਝਲਦਾਰ ਸਰਕਾਰੀ ਨੀਤੀਆਂ ਅਤੇ ਸਭ ਤੋਂ ਵੱਡਾ ਕਾਰਨ—ਅਸੁਰੱਖਿਆ। ਜਿਸ ਰਾਜ ਵਿੱਚ ‘ਗੈਂਗਸਟਰਵਾਦ’ ਅਤੇ ‘ਫਿਰੌਤੀਆਂ’ ਦਾ ਜਾਲ ਵਿਛਿਆ ਹੋਵੇ, ਉੱਥੇ ਨਵਾਂ ਨਿਵੇਸ਼ਕ ਪੈਸਾ ਲਗਾਉਣ ਤੋਂ ਡਰਦਾ ਹੈ। ਸੱਤਾਧਾਰੀ ਪਾਰਟੀਆਂ ਨੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਦੀ ਬਜਾਏ, ਸਥਾਪਿਤ ਉਦਯੋਗਾਂ ਨੂੰ ਗੁਆਂਢੀ ਰਾਜਾਂ ਵੱਲ ਹਿਜਰਤ ਕਰਨ ਲਈ ਮਜਬੂਰ ਕਰ ਦਿੱਤਾ। ਨਤੀਜਾ ਇਹ ਨਿਕਲਿਆ ਕਿ ਪੜ੍ਹੀ-ਲਿਖੀ ਜਵਾਨੀ ਲਈ ਪੰਜਾਬ ਵਿੱਚ ‘ਭਵਿੱਖ’ ਧੁੰਦਲਾ ਹੋ ਗਿਆ।ਨਸ਼ਿਆਂ ਅਤੇ ਡਰੱਗਜ਼ ਦੇ ਜਾਲ ਨੇ ਪੰਜਾਬ ਦੀ ਅਣਖੀਲੀ ਜਵਾਨੀ ਨੂੰ ਅੰਦਰੋਂ ਖੋਖਲਾ ਕਰ ਦਿੱਤਾ। ਗੈਂਗਸਟਰਵਾਦ ਨੇ ਸਮਾਜ ਵਿੱਚ ਅਰਾਜਕਤਾ ਫੈਲਾਈ, ਜਿਸ ਨਾਲ ਆਮ ਬੰਦੇ ਦਾ ਸਿਸਟਮ ਤੋਂ ਵਿਸ਼ਵਾਸ ਉੱਠ ਗਿਆ। ਜਦੋਂ ਸੜਕਾਂ ‘ਤੇ ਸੁਰੱਖਿਆ ਨਾ ਹੋਵੇ, ਤਾਂ ਕੋਈ ਬਿਜਨਿਸ ਕਿਵੇਂ ਵਧ ਸਕਦਾ ਹੈ? ਇਹ ਸਭ ਇੱਕ ਅਜਿਹਾ ‘ਨਰਕ’ ਬਣ ਚੁੱਕਾ ਹੈ ਜਿਸ ਵਿੱਚੋਂ ਨਿਕਲਣ ਲਈ ਨੌਜਵਾਨਾਂ ਨੂੰ ਸਿਰਫ਼ ਵਿਦੇਸ਼ ਦਾ ਰਾਹ ਹੀ ਨਜ਼ਰ ਆਉਂਦਾ ਹੈ।
ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਪੰਜਾਬ ਦੀਆਂ ਚੋਣਾਂ ਵਿੱਚ ‘ਮੁਫ਼ਤ ਦੀਆਂ ਰੇਵੜੀਆਂ’ ਤਾਂ ਏਜੰਡਾ ਬਣਦੀਆਂ ਹਨ, ਪਰ ਇਹ ‘ਦਰਦ’ ਕਦੇ ਚਰਚਾ ਦਾ ਵਿਸ਼ਾ ਨਹੀਂ ਬਣਦਾ। ਰਾਜਨੀਤਿਕ ਪਾਰਟੀਆਂ ਜਾਣਦੀਆਂ ਹਨ ਕਿ ਇਸ ਮਸਲੇ ਦਾ ਹੱਲ ਡੂੰਘੀ ਸੁਧਾਰਵਾਦੀ ਨੀਤੀ ਮੰਗਦਾ ਹੈ, ਜੋ ਉਹਨਾਂ ਦੇ ਵੋਟ-ਬੈਂਕ ਦੀ ਰਾਜਨੀਤੀ ਵਿੱਚ ਫਿੱਟ ਨਹੀਂ ਬੈਠਦਾ। ਉਹਨਾਂ ਲਈ ਜਵਾਨੀ ਦਾ ਬਾਹਰ ਜਾਣਾ ਇੱਕ ‘ਸੇਫਟੀ ਵਾਲਵ’ ਦੀ ਤਰ੍ਹਾਂ ਹੈ—ਜੇ ਜਵਾਨੀ ਇੱਥੇ ਰਹੇਗੀ ਤਾਂ ਰੁਜ਼ਗਾਰ ਮੰਗੇਗੀ, ਜੇ ਬਾਹਰ ਚਲੀ ਗਈ ਤਾਂ ਡਾਲਰ ਭੇਜੇਗੀ।
ਕੀ ਅਸੀਂ ਇੱਕ ਅਜਿਹਾ ਸਮਾਜ ਸਿਰਜਣ ਵਿੱਚ ਫੇਲ੍ਹ ਹੋ ਗਏ ਜਿੱਥੇ ਨੌਜਵਾਨਾਂ ਨੂੰ ਆਪਣੇ ਦੇਸ਼ ਵਿੱਚ ਭਵਿੱਖ ਨਜ਼ਰ ਆ ਸਕੇ?
ਵਿਦੇਸ਼ ਪ੍ਰਵਾਸ ਕਰ ਗਈ ਜਵਾਨੀ ਦੇ ਸੁੰਨੇ ਘਰ ਸਾਨੂੰ ਪੁੱਛ ਰਹੇ ਹਨ ਕਿ ਕੀ ਇਹ ਵੱਡੀਆਂ ਕੋਠੀਆਂ ਸਾਡੇ ਮਾਨਸਿਕ ਸਕੂਨ ਦਾ ਬਦਲ ਹੋ ਸਕਦੀਆਂ ਹਨ? ਜੇਕਰ ਅਸੀਂ ਹੁਣ ਵੀ ਨਾ ਸੰਭਲੇ, ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਪਿੰਡ ਸਿਰਫ਼ “ਪਰਵਾਸੀਆਂ ਦੇ ਅਜਾਇਬ ਘਰ” ਬਣ ਕੇ ਰਹਿ ਜਾਣਗੇ। ਜੇਕਰ ਸਿਆਸੀਜਵਾਨੀ ਪਾਰਟੀਆਂ ਨੇ ਹੁਣ ਵੀ ਆਪਣੀ ਜ਼ਿੰਮੇਵਾਰੀ ਨਾ ਪਛਾਣੀ ਅਤੇ ਸਨਅਤੀ ਵਿਕਾਸ ਦੇ ਨਾਲ-ਨਾਲ ਅਮਨ-ਕਾਨੂੰਨ ਦੀ ਸਥਿਤੀ ਨੂੰ ਨਾ ਸੁਧਾਰਿਆ, ਤਾਂ ਪੰਜਾਬ ਦੀ ਰੂਹ ਪੂਰੀ ਤਰ੍ਹਾਂ ਖਿੰਡ ਜਾਵੇਗੀ। ਇਹ ਸਿਰਫ਼ ਆਰਥਿਕ ਘਾਟਾ ਨਹੀਂ, ਸਗੋਂ ਇੱਕ ਪੂਰੀ ਸੱਭਿਅਤਾ ਦਾ ਉਜਾੜਾ ਹੈ।
